ਨਾ ਪੀਣ ਲਈ, ਨਾ ਨਹਾਉਣ ਲਈ, ਸਾਰਾ ਪ੍ਰਬੰਧ ਸੰਘ ਸੁਕਾਉਣ ਲਈ

ਮੁਕਤਸਰ ਦੇ ਜਲਘਰ ਦੇ ਸੁੱਕੇ ਪਏ ਟੈਂਕ।

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 11 ਜੂਨ ਇੱਥੇ ਅੱਤ ਦੀ ਗਰਮੀ ‘ਚ ਵੀ ਪਾਣੀ ਦਾ ਕਾਲ ਪਿਆ ਹੋਇਆ ਹੈ। ਗਰਮੀ ਦੀ ਰੁੱਤ ਵਿੱਚ ਜਦੋਂ ਪਾਣੀ ਦੀ ਪੂਰਤੀ ਲਈ ਜਲਘਰ ਦੇ ਟੈਂਕ ਭਰੇ ਹੋਣੇ ਚਾਹੀਦੇ ਹਨ ਤਾਂ ਜਲਘਰ ਦੇ ਅਧਿਕਾਰੀਆਂ ਨੇ ਟੈਂਕਾਂ ਦੀ ਸਫਾਈ ਸ਼ੁਰੂ ਕਰ ਦਿੱਤੀ। ਹਾਲਾਂ ਕਿ ਸਫਾਈ ਦਾ ਕੰਮ ਸਰਦੀਆਂ ’ਚ ਹੋਣਾ ਚਾਹੀਦਾ ਹੈ ਜਦੋਂ ਪਾਣੀ ਦੀ ਖਪਤ ਘੱਟ ਹੁੰਦੀ ਹੈ। ਹੁਣ ਮੁੱਖ ਜਲਘਰ ਦੇ ਪਾਣੀ ਵਾਲੇ ਵੱਡੇ ਚਾਰੇ ਟੈਂਕ ਸੁੱਕੇ ਪਏ ਹਨ। ਪਿਛਲੇ ਸਮੇਂ ‘ਚ ਲੱਗੇ ਸਬਮਰਸੀਬਲ ਪੰਪ ਵੀ ਠੱਪ ਹੋ ਗਏ ਜਾਪਦੇ ਹਨ। ਜਲਘਰ ਵੱਲੋਂ ਹਫਤੇ ‘ਚ ਮਸਾਂ ਇਕ ਦਿਨ ਪਾਣੀ ਦਿੱਤਾ ਜਾ ਰਿਹਾ ਹੈ ਉਹ ਵੀ ਕਦੇ ਅੱਧੀ ਰਾਤ ਨੂੰ ਤੇ ਕਦੇ ਅੱਧਾ ਘੰਟਾ। ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਮਜਬੂਰ ਲੋਕ ਮੁੱਲ ਦਾ ਪਾਣੀ ਲੈ ਕੇ ਕੱਪੜੇ ਧੌਂਦੇ ਤੇ ਨਹਾਉਂਦੇ ਹਨ। ਨਾਮਦੇਵ ਨਗਰ ਦੇ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਤੀਹ ਰੁਪਏ ਦਾ ਪੀਣ ਵਾਲਾ ਪਾਣੀ ਲੈਂਦੇ ਹਨ ਤੇ ਤੀਜੇ ਦਿਨ ਦੋ ਸੌ ਰੁਪਏ ਵਿੱਚ ਨਹਾਉਣ-ਧੋਣ ਵਾਸਤੇ ਪਾਣੀ ਦੀ ਟੈਂਕੀ ਭਰਾਉਂਦੇ ਹਨ। ਦੱਸਣਯੋਗ ਹੈ ਕਿ ਮੁੱਖ ਜਲਘਰ ‘ਚ ਪਾਣੀ ਦੀ ਇਕ ਤਿੱਪ ਵੀ ਨਹੀਂ ਹੈ ਤੇ ਉਤੋਂ ਪਾਣੀ ਦੀ ਬੰਦੀ ਹੋਣ ਕਰਕੇ ਹਫਤਾ ਭਰ ਹੋਣ ਪਾਣੀ ਦੀ ਕਿੱਲਤ ਰਹੇਗੀ। ਥਾਂਦੇਵਾਲਾ ਰੋਡ ਦੇ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਹਫਤੇ ‘ਚ ਇਕ ਦਿਨ ਪਾਣੀ ਆਉਂਦਾ ਹੈ ਤਾਂ ਉਸ ਵਿੱਚ ਵੀ ਸੀਵਰੇਜ ਦਾ ਗੰਦਾ ਪਾਣੀ ਮਿਲਿਆ ਹੁੰਦਾ ਹੈ। ਇਹੀ ਹਾਲ ਬਠਿੰਡਾ ਰੋਡ ਦਾ ਹੈ। ਡਾ. ਸੁਰਿੰਦਰ ਗਰੋਵਰ ਨੇ ਦੱਸਿਆ ਕਿ ਉਹ ਹਰ ਮਹੀਨੇ ਮੋਟਾ ਬਿੱਲ ਦੇਣ ਦੇ ਬਾਵਜੂਦ ਉਨ੍ਹਾਂ ਦੇ ਘਰ ਪਾਣੀ ਨਹੀਂ ਪੁੱਜਦਾ ਤੇ ਜੇ ਥੋੜ੍ਹਾ ਬਹੁਤ ਆਉਂਦਾ ਹੈ ਉਹ ਗੰਦਾ ਹੋਣ ਕਰਕੇ ਵਰਤੋਂ ਦੇ ਕਾਬਲ ਨਹੀਂ। ਲੋਕਾਂ ਦੀ ਮੰਗ ਹੈ ਕਿ ਜਲਘਰ ਦੇ ਅਧਿਕਾਰੀ ਪਾਣੀ ਦੀ ਗੰਭੀਰ ਸਮੱਸਿਆ ਨੂੰ ਧਿਆਨ ਵਿੱਚ ਰਖਦਿਆਂ ਤੁਰੰਤ ਪੁਖਤਾ ਪ੍ਰਬੰਧ ਕਰਨ। ਮੁਕਤਸਰ ਦੇ ਜਲਘਰ ਨੂੰ ਪਾਣੀ ਦੀ ਸਪਲਾਈ ਮੁਕਤਸਰ ਰਜਬਾਹੇ ਵਿਚੋਂ ਦਿੱਤੀ ਜਾਂਦੀ ਹੈ ਜਿਹੜਾ ਅਕਸਰ ਸਾਲ ਵਿੱਚ ਚਾਰ ਮਹੀਨੇ ਬੰਦ ਰਹਿੰਦਾ ਹੈ। ਬੰਦੀ ਦੌਰਾਨ ਜਲਘਰ ਵਿੱਚ ਪਾਣੀ ਨਹੀਂ ਜਾਂਦਾ ਤੇ ਪਾਣੀ ਦੀ ਕਿੱਲਤ ਪੈਦਾ ਹੋ ਜਾਂਦੀ ਹੈ। ਸ਼ਹਿਰ ਵਾਸੀਆਂ ਦੀ ਮੰਗ ‘ਤੇ ਮੁਕਤਸਰ ਨੂੰ ਕੇਂਦਰ ਸਰਕਾਰ ਵੱਲੋਂ ‘ਅੰਮ੍ਰਿਤ ਪ੍ਰਾਜੈਕਟ’ ਲਿਆਂਦਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਮੁਕਤਸਰ ਦੇ ਜਲਘਰ ਨੂੰ 10 ਕਿਲੋਮੀਟਰ ਦੂਰ ਸਰਹੰਦ ਫੀਡਰ ਨਾਲ ਜੋੜਿਆ ਜਾਣਾ ਹੈ ਤਾਂ ਜੋ ਬੰਦੀ ਦਾ ਸੰਕਟ ਖਤਮ ਹੋ ਸਕੇ ਪਰ ਇਸ ਦੌਰਾਨ ਪੰਜਾਬ ਦੇ ਸਬੰਧਤ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲਣ ਕਾਰਣ ਇਹ ਪ੍ਰਾਜੈਕਟ ਹਾਲ ਦੀ ਘੜੀ ਠੰਢੇ ਬਸਤੇ ਵਿੱਚ ਪੈ ਗਿਆ ਹੈ।

ਕੀ ਕਹਿੰਦੇ ਨੇ ਅਧਿਕਾਰੀ

ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਪ੍ਰਭਲੀਨ ਸਿੰਘ ਧੰਜੂ ਨੇ ਦੱਸਿਆ ਕਿ ਸਿਆਲਾਂ ‘ਚ ਸਿੱਲਟ ਸੁੱਕਦੀ ਨਹੀਂ, ਇਸ ਕਰਕੇ ਇਸ ਵਾਰ ਗਰਮੀ ਵਿੱਚ ਸਫਾਈ ਦਾ ਕੰਮ ਕੀਤਾ ਗਿਆ ਹੈ ਪਰ ਇਸ ਦੌਰਾਨ ਅਚਨਚੇਤ ਬੰਦੀ ਆ ਗਈ ਜਿਸ ਕਾਰਨ ਪਾਣੀ ਦੀ ਕਿੱਲਤ ਪੈਦਾ ਹੋ ਗਈ। ਉਨ੍ਹਾਂ ਦੱਸਿਆ ਕਿ ਜਿੰਨਾ ਕੁ ਪਾਣੀ ਹੈ, ਉਹ ਵਾਰੀ ਸਿਰ ਸ਼ਹਿਰ ਵਿੱਚ ਦਿੱਤਾ ਜਾਂਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All