ਨਾਰੀਵਾਦ ਦੀ ਝੰਡਾਬਰਦਾਰ ਜੂਲੀਆ ਕ੍ਰਿਸਤੇਵਾ : The Tribune India

ਨਾਰੀਵਾਦ ਦੀ ਝੰਡਾਬਰਦਾਰ ਜੂਲੀਆ ਕ੍ਰਿਸਤੇਵਾ

ਨਾਰੀਵਾਦ ਦੀ ਝੰਡਾਬਰਦਾਰ ਜੂਲੀਆ ਕ੍ਰਿਸਤੇਵਾ

ਜੋਗਿੰਦਰ ਸਿੰਘ ਕੈਰੋਂ

ਜੂਲੀਆ ਕ੍ਰਿਸਤੇਵਾ ਸਾਡੇ ਸਮਿਆਂ ਦੀ ਬਹੁਤ ਹੀ ਗਹਿਰ ਗੰਭੀਰ ਅਤੇ ਵਿਚਾਰਸ਼ੀਲ ਦਾਰਸ਼ਨਿਕ ਵਿਦਵਾਨ ਹੈ। ਉਸ ਦਾ ਜਨਮ 24 ਜੂਨ 1942 ਨੂੰ ਸਲਾਈਵੇਨ ਬੁਲਗਾਰੀਆ ਵਿਚ ਹੋਇਆ। ਉਸ ਦੇ ਪਿਤਾ ਚਰਚ ਵਿਚ ਲੇਖਾਕਾਰ ਸਨ। ਇਸ ਲਈ ਇਨ੍ਹਾਂ ਦੇ ਪਰਿਵਾਰ ਨੂੰ ਧਰਮ ਨਾਲ ਜੁੜਿਆ ਹੋਇਆ ਪਰਿਵਾਰ ਮੰਨਿਆ ਜਾਂਦਾ ਸੀ। ਇਹੋ ਕਾਰਨ ਸੀ ਕਿ ਜੂਲੀਆ ਨੂੰ ਕਾਫੀ ਦੇਰ ਕਮਿਊਨਿਸਟ ਪਾਰਟੀ ਦਾ ਮੈਂਬਰ ਵੀ ਨਹੀਂ ਸੀ ਬਣਾਇਆ ਗਿਆ ਅਤੇ ਨਾ ਹੀ ਉਸ ਨੂੰ ਗੌਰਮਿੰਟ ਸਪਾਂਸਰਡ ਫ੍ਰੈਂਚ ਸਕੂਲ ਵਿਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ। ਨਾ ਹੀ ਉਸ ਨੂੰ ਕਿਸੇ ਪਰੇਡ ਵਿਚ ਝੰਡਾ ਚੁੱਕ ਕੇ ਅਗਵਾਈ ਕਰਨ ਦੀ ਆਗਿਆ ਮਿਲੀ, ਜਿਵੇਂ ਕਿ ਪਹਿਲੇ ਦਰਜੇ ਵਿਚ ਰਹਿਣ ਵਾਲੇ ਬੱਚਿਆਂ ਨੂੰ ਮਿਲਦੀ ਹੈ। ਇਹੋ ਕਾਰਨ ਸੀ ਕਿ ਕ੍ਰਿਸਤੇਵਾ ਅਤੇ ਉਸ ਦੀ ਭੈਣ ਨੂੰ ਫਰਾਂਕੋਫੋਨ ਦੇ ਸਕੂਲ ਵਿਚ ਦਾਖ਼ਲ ਕਰਵਾਇਆ ਗਿਆ, ਜਿਸ ਨੂੰ ਨੱਨਜ਼ ਚਲਾਉਂਦੀਆਂ ਸਨ। ਜਿਥੇ ਉਸ ਨੇ ਫ੍ਰੈਂਚ ਭਾਸ਼ਾ ਵਿਚ ਮੁਹਾਰਤ ਹਾਸਲ ਕਰ ਲਈ। ਇਹ ਇਕ ਤਰ੍ਹਾਂ ਉਸ ਨਾਲ ਵਿਤਕਰਾ ਹੀ ਸੀ। ਜਿਸ ਦਾ ਉਸ ਦੇ ਬਾਲ ਮਨ ਉੱਪਰ ਗਹਿਰਾ ਪ੍ਰਭਾਵ ਪਿਆ। ਇਸੇ ਬਾਲ ਮਨ ਦੇ ਪ੍ਰਭਾਵ ਵਿਚੋਂ ਹੀ ਉਸ ਦੇ ਵਿਤਕਰੇ ਸਬੰਧੀ ਪ੍ਰਭਾਵਾਂ ਨੇ ਉਸ ਦੀ ਖੋਜ ਨੂੰ ਨਵੇਂ ਅੰਜ਼ਾਮ ਦਿੱੱਤੇ। ਅੱੱਗੇ ਚਲ ਕੇ ਇਸੇ ਵਿਤਕਰੇ ਨੇ ਹੀ, ਉਸ ਨੂੰ ਔਰਤ ਮਰਦ ਦੇ ਰਿਸ਼ਤੇ ਵਿਚ ਪਾਏ ਜਾਂਦੇ ਵਿਤਕਰੇ ਸਬੰਧੀ ਸੋਚਣ ਲਈ ਮਜਬੂਰ ਕੀਤਾ ਅਤੇ ਉਸ ਨੇ ਔਰਤ ਮਰਦ ਦੇ ਰਿਸ਼ਤੇ ਨੂੰ ਨਵੇਂ ਅਰਥ ਪ੍ਰਦਾਨ ਕਰਨ ਦਾ ਯਤਨ ਕੀਤਾ, ਜਿਸ ਵਿਚ ਉਹ ਕਾਮਯਾਬ ਵੀ ਹੋਈ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਕ੍ਰਿਸਤੇਵਾ ਨੇ ਬਰਾਬਰੀ ਦੇ ਧਰਾਤਲ ਉੱਪਰ ਮਾਰਕਸ ਤੋਂ ਵੀ ਵੱਧ ਕੰਮ ਕੀਤਾ ਹੈ। ਮਾਰਕਸ ਨੇ ਜੋ ਸਮਾਜ ਦੀ ਵੰਡ ਕੀਤੀ ਸੀ, ਉਹ ਵੀ ਬੜੀ ਮਹਾਨ ਹੈ। ਪਰੰਤੂ, ਕ੍ਰਿਸਤੇਵਾ ਨੇ ਜਿਹੜੀ ਮਾਨਸਿਕਤਾ ਦੀ ਖੋਜ ਕੀਤੀ ਹੈ, ਉਹ ਆਪਣੇ ਆਪ ਵਿਚ ਇਕ ਮੀਲ ਪੱਥਰ ਹੈ। ਜਦ ਉਹ ਸੰਸਾਰ ਜੰਗ ਬਾਰੇ ਲਿਖੇ ਸਾਹਿਤ ਉਪਰ ਖੋਜ ਕਰ ਰਹੀ ਸੀ ਤਾਂ ਉਸ ਨੂੰ ਪਤਾ ਲੱÎਗਿਆ ਕਿ ਜਿਹੜੇ ਵਿਦਿਆਰਥੀ ਫਰਾਂਸ ਵਿਚ ਪੜ੍ਹਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਫਰਾਂਸ ਸਰਕਾਰ ਕੁਝ ਵਜ਼ੀਫੇ ਦੇ ਰਹੀ ਹੈ। ਉਸ ਦੀ ਖੋਜ ਦਾ ਡਾਇਰੈਕਟਰ ਉਸ ਨੂੰ ਫਰਾਂਸ ਦੀ ਅੰÎਬੈਸੀ ਵਿਚ ਲੈ ਗਿਆ, ਜਿਥੇ ਉਸ ਨੇ ਦਿੱਤਾ ਹੋਇਆ ਟੈਸਟ ਪਾਸ ਕਰ ਲਿਆ। ਹੁਣ ਉਸ ਨੂੰ ਫਰਾਂਸ ਸਰਕਾਰ ਵੱÎਲੋਂ ਦਿੱਤਾ ਜਾਣ ਵਾਲਾ ਵਜ਼ੀਫਾ ਪੱਕਾ ਸੀ। ਪਰੰਤੂ, ਇਸ ਵਜ਼ੀਫੇ ਦੀ ਰਕਮ ਜਨਵਰੀ ਤੋਂ ਪਹਿਲਾਂ ਨਹੀਂ ਸੀ ਮਿਲ ਸਕਦੀ। ਇਸੇ ਸਮੇਂ ਹੀ ਉਸ ਦੇ ਕਾਲਜ ਦਾ ਡਾਇਰੈਕਟਰ ਜੋ ਕਿ ਪੱਕਾ ਕਮਿਊਨਿਸਟ ਸੀ, ਮਾਸਕੋ ਗਿਆ ਹੋਇਆ ਸੀ ਤਾਂ ਉਸ ਨੂੰ ਇਹ ਵੀ ਖ਼ਤਰਾ ਸੀ ਕਿ ਜਦੋਂ ਉਸ ਦੇ ਕਾਲਜ ਦਾ ਡਾਇਰੈਕਟਰ ਮਾਸਕੋ ਤੋਂ ਪਰਤ ਆਇਆ ਤਾਂ ਉਸ ਨੇ ਉਸ ਨੂੰ ਫਰਾਂਸ ਜਾਣ ਤੋਂ ਰੋਕ ਦੇਣਾ ਹੈ ਜਾਂ ਹੋਰ ਬਹੁਤ ਸਾਰੀਆਂ ਉਲਝਣਾਂ  ਖੜ੍ਹੀਆਂ ਕਰ ਦੇਣੀਆਂ ਹਨ। ਇਸ ਲਈ ਉਸ ਨੇ ਡਾਇਰੈਕਟਰ ਦੇ ਆਉਣ ਤੋਂ ਪਹਿਲਾਂ ਹੀ 1965 ਵਿਚ ਫਰਾਂਸ ਜਾਣ ਦਾ ਫੈਸਲਾ ਕਰ ਲਿਆ। ਜਦੋਂ ਉਹ ਫਰਾਂਸ ਜਾਣ ਲਈ ਰਵਾਨਾ ਹੋਈ ਤਾਂ ਉਸ ਸਮੇਂ ਉਸ ਦੀ ਉਮਰ ਤੇਈ ਸਾਲ ਦੀ ਸੀ ਅਤੇ ਉਸ ਦੀ ਜੇਬ ਵਿਚ ਕੇਵਲ ਪੰਜ ਡਾਲਰ ਹੀ ਸਨ। ਫਰਾਂਸ ਪਹੁੰਚਣ 'ਤੇ ਉਸ ਦੀ ਮੁਲਾਕਾਤ ਇਕ ਪਰਵਾਸੀ ਬੁਲਗਾਰੀਅਨ ਪੱਤਰਕਾਰ ਨਾਲ ਹੋ ਗਈ ਅਤੇ ਉਹ ਉਸ ਦਾ ਉਸ ਸਮੇਂ ਤੱਕ ਆਸਰਾ ਬਣਿਆ ਰਿਹਾ। ਜਦੋਂ ਤਕ ਉਸ ਦਾ ਵਜ਼ੀਫਾ ਨਹੀਂ ਸੀ ਲੱਗ ਗਿਆ। ਏਨੀ ਦੇਰ ਤੱਕ ਉਸ ਦਾ ਮੇਲ-ਮਿਲਾਪ ਉਥੋਂ ਦੇ ਬਹੁਤ ਸਾਰੇ ਬੁੱਧੀਜੀਵੀਆਂ ਦੀ ਨਵੀਂ ਪੀੜ੍ਹੀ ਨਾਲ ਹੋ ਚੁੱਕਾ ਸੀ। ਖਾਸ ਤੌਰ 'ਤੇ ਉਹ ਰੋਲਾਂ ਬਾਰਤ ਅਤੇ ਲੂਸੀਅਨ ਗੋਲਡਮਾਨ ਦੇ ਕੰਮ ਤੋਂ ਬਹੁਤ ਪ੍ਰਭਾਵਤ ਹੋਈ। ਗੋਲਡਮਾਨ ਜਿਹੜਾ ਕਿ ਰੋਮਾਨੀਆ ਤੋਂ ਭੱÎਜਿਆ ਹੋਇਆ ਪਰਵਾਸੀ ਸੀ। ਉਸ ਨੇ ਵੀ ਜੂਲੀਆ ਦੀ ਬੜੀ ਮਦਦ ਕੀਤੀ। ਜਿਸ ਬਾਰੇ ਜੂਲੀਆ ਲਿਖਦੀ ਹੈ: ''ਇਹ ਉਸ ਕਿਸਮ ਦੀ ਮਦਦ ਸੀ, ਜਿਸ ਬਾਰੇ ਉਹੋ ਪਰਵਾਸੀ ਜਲਾਵਤਨੀ ਹੀ ਜਾਣਦੇ ਹਨ ਕਿ ਇਹੋ ਜਿਹੀ ਹਾਲਤ ਵਿਚ ਕਿਹੋ ਜਿਹੀ ਮਦਦ ਕਰਨੀ ਚਾਹੀਦੀ ਹੈ।'' ਗੋਲਡਮਾਨ ਨੇ ਉਸ ਦੀ ਖੋਜ ਦੀ ਦਿਸ਼ਾ ਇਸ ਖੇਤਰ ਵੱਲ ਮੋੜੀ ਜਿਸ ਨੂੰ ਨਾਵਲ ਦੀ ਉਤਪਤੀ ਦਾ ਖੇਤਰ ਕਿਹਾ ਜਾ ਸਕਦਾ ਹੈ। 'ਕਾਵਿ ਭਾਸ਼ਾ ਵਿਚ ਇਨਕਲਾਬ' 1984 ਵਿਚ ਕੋਲੰਬੀਆ ਯੂਨੀਵਰਸਿਟੀ ਪ੍ਰੈੱਸ ਤੋਂ ਪ੍ਰਕਾਸ਼ਿਤ ਹੋਈ ਸੀ । ਵਿਦਵਾਨਾਂ ਦਾ ਦਾਅਵਾ ਹੈ ਕਿ ਇਸ ਕਿਤਾਬ ਨੂੰ ਸਮਝਣ ਲਈ ਮਨੋਵਿਗਿਆਨ, ਅਰਥ ਸ਼ਾਸਤਰ, ਮਾਨਵ-ਵਿਗਿਆਨ, ਭਾਸ਼ਾ-ਵਿਗਿਆਨ, ਸਾਹਿਤ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ। ਜੂਲੀਆ ਦੇ ਚੀਨ ਦੌਰੇ ਤੋਂ ਬਾਅਦ ਤਾਂ ਉਸ ਨੇ ਆਪਣੀ ਲਿਖਤ ਵਿਚ ਇਕ ਤਰ੍ਹਾਂ ਨਾਲ ਹੜ੍ਹ ਹੀ ਲਿਆ ਦਿੱਤਾ । ਬਾਅਦ ਵਿਚ ਉਹ ਪੈਰਿਸ ਯੂਨੀਵਰਸਿਟੀ ਦੀ ਭਾਸ਼ਾ ਵਿਗਿਆਨਕ ਚੇਅਰ ਦੀ ਚੇਅਰਪਰਸਨ ਬਣ ਗਈ। ਜੂਲੀਆ ਦੇ ਪਿਛੋਕੜ ਵੱਲ ਧਿਆਨ ਮਾਰਿਆ ਜਾਵੇ ਤਾਂ ਸਮਝ ਪੈਂਦੀ ਹੈ ਕਿ ਉਹ ਇਕ ਅਜਿਹੀ ਵਿਦੇਸ਼ੀ ਔਰਤ ਸੀ ਜੋ ਫਰਾਂਸ ਦੇ ਮਰਦ ਪ੍ਰਧਾਨ ਬੁੱਧੀਜੀਵੀਆਂ ਦੇ ਨਾਲ ਕੰਮ ਕਰ ਰਹੀ ਸੀ। ਬੁਲਗਾਰੀਆ ਵਿਚ ਉਸ ਦੇ ਕਮਿਊਨਿਸਟਾਂ ਨਾਲ ਹੋਏ ਤਜਰਬਿਆਂ ਤੋਂ ਉਸ ਨੇ ਮਾਰਕਸਿਜ਼ਮ ਦੀ ਸਮਝ ਹਾਸਲ ਕੀਤੀ। ਇਹੋ ਜਿਹੀ ਪ੍ਰਕਿਰਿਆ ਵਿਚੋਂ ਗੁਜ਼ਰਦਿਆਂ ਉਸ ਨੇ ਬੋਲ-ਪ੍ਰਾਣੀ ਨੂੰ ਮੁੜ ਭਾਸ਼ਾ ਵਿਗਿਆਨ ਅਤੇ ਫਿਨੋਮਨੋਲੋਜੀ ਵਿਚ ਸ਼ਾਮਲ ਕੀਤਾ। ਉਹ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਸਿਧਾਂਤਾਂ ਦਾ ਵਿਰੋਧ ਕਰਦਿਆਂ ਇਸ ਨੂੰ ਕੇਵਲ ਪੁਰਾਤੱਤਵ, ਪੁਰਾ ਲੇਖਕ ਅਤੇ ਸ਼ਵਪ੍ਰੇਮੀ ਕਹਿੰਦੀ ਹੈ। ਉਸ ਨੇ ਇਕ ਨਵੀਂ ਸਾਇੰਸ ਅਰਥ-ਵਿਸ਼ਲੇਸ਼ਣ ਨੂੰ ਸਿਰਜਿਆ। ਇੰਜ ਕਰਦਿਆਂ ਉਸ ਨੇ ਦੇਹੀ ਨੂੰ ਉਸ ਦੀਆਂ ਸੰਚਾਲੂ ਸ਼ਕਤੀਆਂ ਨਾਲ ਜੋੜਿਆ । ਇਸੇ ਪ੍ਰਭਾਵ ਅਧੀਨ ਹੀ ਕ੍ਰਿਸਤੇਵਾ ਨੇ ਮਨੋਵਿਸ਼ਲੇਸ਼ਣ ਦੇ ਅਧਿਐਨ ਵਿਚ ਮੁਹਾਰਤ ਹਾਸਿਲ ਕੀਤੀ ਅਤੇ 1979 ਵਿਚ ਉਸ ਨੇ ਆਪਣੀ ਪੀਐÎੱਚ.ਡੀ. ਦੀ ਡਿਗਰੀ ਪ੍ਰਾਪਤ ਕਰ ਲਈ । ਉਸ ਦਾ ਖੋਜ ਕਾਰਜ ਉੱਤਰ-ਸੰਰਚਨਾਵਾਦੀ ਆਲੋਚਨਾ ਦਾ ਮਨੋ-ਵਿਸ਼ਲੇਸ਼ਣਾਤਮਕ ਅਧਿਐਨ ਕਰਨ ਨਾਲ ਸਬੰਧਤ ਹੈ। ਉਸ ਦਾ ਕਰਤਾ ਬਾਰੇ ਅਧਿਐਨ ਤੇ ਵਿਚਾਰ ਸਿਗਮੰਡ ਫਰਾਇਡ ਅਤੇ ਜੈਕ ਲਾਕਾਂ ਨਾਲ ਮੇਲ ਖਾਂਦਾ ਹੈ। ਜੈਕ ਲਾਕਾਂ ਨੇ 6 ਤੋਂ 18 ਮਹੀਨੇ ਦੇ ਬੱÎਚੇ ਨੂੰ ਆਰਸੀ-ਉਮਰ ਕਿਹਾ ਹੈ ਜਿਸ ਵਿਚ ਬੱੱਚੇ ਦੀ ਡਿਵੈਲਪਮੈਂਟ ਹੁੰਦੀ ਹੈ। ਇਸ ਉਮਰ ਵਿਚ ਬੱਚਾ ਸੰਗਠਿਤ 'ਮੈਂ' ਵਿਚ ਮਸਤ ਰਹਿੰਦਾ ਹੈ। ਇਸ ਸਮੇਂ ਉਹ ਆਪਣੇ ਆਪ ਨੂੰ ਸÉੈਪ੍ਰਸ਼ਾਸਿਤ ਹਸਤੀ ਵਜੋਂ ਵੇਖਦਾ ਹੈ। ਬੱÎਚੇ ਦੀ ਇਹ ਸੰਗਠਿਤ 'ਮੈਂ' ਉਦੋਂ ਟੁੱਟਦੀ ਹੈ ਜਦੋਂ ਉਸ ਦਾ ਵਾਹ ਭਾਸ਼ਾ ਅਤੇ ਸੱਭਿਆਚਾਰ ਦੇ ਹੋਰ ਰੂਪਾਂ ਨਾਲ ਪੈਂਦਾ ਹੈ। ਇੰਜ ਉਸ ਦੀ 'ਮੈਂ' ਹੋਰਨਾਂ ਦੀ ਹੋਂਦ ਕਾਰਨ ਖੰÎਡਿਤ ਹੋ ਜਾਂਦੀ ਹੈ। ਕ੍ਰਿਸਤੇਵਾ ਇਸ ਨੂੰ ਇੰਜ ਲੈਂਦੀ ਹੈ ਕਿ ਆਤਮ 'ਮੈਂ' ਉਸ ਸਮੇਂ ਖੰਡਿਤ ਹੋ ਜਾਂਦੀ ਹੈ ਜਦੋਂ ਉਸ ਦਾ ਵਾਹ ਪੁਰਸ਼-ਪ੍ਰਧਾਨ ਪ੍ਰਬੰਧ, ਭਾਸ਼ਾ ਜਾਂ ਪ੍ਰਤੀਕ ਨਾਲ ਪੈਂਦਾ ਹੈ। ਪ੍ਰਤੀਕ ਨੂੰ ਉਹ ਉਸ ਮਰਦ ਪ੍ਰਧਾਨ ਸਮਾਜ, ਸੱਭਿਆਚਾਰ ਵੱੱਲੋਂ ਨਿਸਚਿਤ ਸੀਮਤ ਪ੍ਰਕਿਰਿਆਵਾਂ ਅਤੇ ਸਥਿਤੀਆਂ ਦੇ ਅਰਥਾਂ ਵਿਚ ਲੈਂਦੀ ਹੈ। ਪਰੰਤੂ, ਉਹ ਸਾਰਥਿਕਤਾ ਨੂੰ ਗਤੀਸ਼ੀਲ ਪ੍ਰਕਿਰਿਆ ਵਿਚ ਦੇਖਦੀ ਹੈ। ਇਸ ਸਬੰਧ ਵਿਚ ਕ੍ਰਿਸਤੇਵਾ ਠੀਕ ਕਹਿ ਰਹੀ ਹੈ ਬੰਦਾ ਭਾਸ਼ਾ ਨਾਲ ਹੀ ਬਣਦਾ ਹੈ ਉਹ ਚਿਹਨ ਅਤੇ ਪ੍ਰਤੀਕ ਦੀ ਗੱਲ ਕਰ ਰਹੀ ਹੈ ਕਿਉਂਕਿ ਜਦੋਂ ਬੱੱਚੇ ਕੋਲ ਭਾਸ਼ਾ ਨਹੀਂ ਹੁੰਦੀ ਤਾਂ ਉਹ ਚਿੰਨ੍ਹਾਂ ਅਤੇ ਪ੍ਰਤੀਕਾਂ ਰਾਹੀਂ ਆਪਣਾ ਸੰਦੇਸ਼ ਭੇਜ ਰਿਹਾ ਹੁੰਦਾ ਹੈ ਜਿਵੇਂ ਜਦ ਉਸ ਨੂੰ ਭੁੱਖ ਲੱਗਦੀ ਹੈ ਤਾਂ ਉਹ ਰੋਂਦਾ ਹੈ ਜਦ ਉਹ ਪਿਸ਼ਾਬ ਕਰਕੇ ਗਿੱਲਾ ਹੋ ਜਾਂਦਾ ਹੈ ਤਾਂ ਵੀ ਉਹ ਰੋਂਦਾ ਹੈ ਜਦ ਉਸ ਨੂੰ ਕੋਈ ਪੀੜ ਹੁੰਦੀ ਹੈ ਤਾਂ ਵੀ ਉਹ ਰੋਂਦਾ ਹੈ ਇੰਜ ਨਿੱਕਾ ਬੱਚਾ ਆਪਣੀ ਹਰ ਲੋੜ ਨੂੰ ਇਕੋ ਹੀ ਚੀਕ ਨਾਲ ਜੇਕਰ ਆਪਣਾ ਪੂਰਾ ਸੰਚਾਰ ਕਰ ਸਕਦਾ ਹੈ ਤਾਂ ਇਸ ਦਾ ਅਰਥ ਕੀ ਹੈ? ਮਤਲਬ ਭਾਸ਼ਾ ਲੋੜ ਦੀ ਹੀ ਪੂਰਤੀ ਹੈ। ਇੰਜ ਪਹਿਲਾਂ ਘਾਟ ਪੈਦਾ ਹੋਈ, ਫਿਰ ਉਸ ਦੀ ਪੂਰਤੀ ਲਈ ਭਾਸ਼ਾ ਪੈਦਾ ਹੋਈ। ਭਾਸ਼ਾ ਹੀ ਲੋੜ ਦੀ ਪੂਰਤੀ ਹੈ। ਇਸ ਦਾ ਅਰਥ ਇਹ ਹੋਇਆ ਜੇਕਰ ਤੁਹਾਡੀ ਲੋੜ ਦੀ ਤੁਹਾਡੇ ਕੋਲ ਭਾਸ਼ਾ ਹੀ ਨਹੀਂ ਤਾਂ ਉਹ ਪੂਰਤੀ ਕਦੀ ਵੀ ਨਹੀਂ ਹੋ ਸਕਦੀ। ਪ੍ਰੇਮ ਸਬੰਧਾਂ ਵਿਚ ਫੇਲ੍ਹ ਹੋਣ ਵਾਲੇ ਪ੍ਰੇਮੀਆਂ ਦੀ ਇਹੋ ਹੀ ਦਸ਼ਾ ਹੁੰਦੀ ਹੈ ਕਿ ਉਨ੍ਹਾਂ ਕੋਲ ਆਪਣੇ ਪ੍ਰੇਮ ਦੇ ਪ੍ਰਗਟਾਅ ਲਈ ਭਾਸ਼ਾਈ ਚਿਹਨ ਨਹੀਂ ਹੁੰਦੇ। ਪੰਛੀ ਆਪਣੀ ਲੋੜ ਲਈ ਬੋਲਦੇ ਹਨ, ਆਵਾਜ਼ਾਂ ਕੱਢਦੇ ਹਨ, ਪਹਿਲਾਂ ਪੰਛੀਆਂ ਦੇ ਬੱੱਚੇ ਭੁੱਖ ਲਈ ਚਿਚਲਾਉਂਦੇ ਹਨ। ਫਿਰ ਆਪਣੀ ਕਾਮੁਕਤਾ ਲਈ ਖ਼ਾਸ ਖ਼ਾਸ ਆਵਾਜ਼ਾਂ ਕੱਢ ਕੇ ਆਪਣੇ ਆਪਣੇ ਸਾਥੀ ਦੀ ਭਾਲ ਕਰਦੇ ਹਨ। ਕ੍ਰਿਸਤੇਵਾ ਇਸ ਨੂੰ ਸਪੀਕਿੰਗ ਬੀਅੰਗ ਕਹਿੰਦੀ ਹੈ। ਸਪੀਕਿੰਗ ਬੀਅੰਗ ਲਈ ਮੈਂ ਪੰਜਾਬੀ ਵਿਚ ਬੜੇ ਪਰਿਭਾਸ਼ਕ ਅਰਥ ਲੱਭਣ ਦੀ ਕੋਸ਼ਿਸ਼ ਕੀਤੀ ਸੀ। ਪਰੰਤੂ, ਮੈਨੂੰ ਕੋਈ ਢੁੱਕਵਾਂ ਸ਼ਬਦ ਨਹੀਂ ਲੱਭ ਸਕਿਆ। ਜੇਕਰ ਮੈਂ ਬੋਲਦਾ ਬੰਦਾ ਰੱਖਾਂ ਤਾਂ ਬਾਕੀ ਜੀਵਤ ਜਗਤ ਇਸ ਵਿਚੋਂ ਬਾਹਰ ਰਹਿ ਜਾਂਦਾ ਸੀ। ਇਸ ਲਈ ਮੈਂ ਸਪੀਕਿੰਗ ਬੀਅੰਗ ਲਈ ਬੋਲ ਪ੍ਰਾਣੀ ਸ਼ਬਦ ਵਰਤਣ ਦੀ ਖੁੱਲ੍ਹ ਲੈ ਰਿਹਾ ਹਾਂ, ਕਿਉਂਕਿ ਪ੍ਰਾਣੀ ਸਾਡੇ ਕੋਲ ਐਸਾ ਵਧੀਆ ਸ਼ਬਦ ਹੈ ਜੋ ਸਾਹ ਲੈ ਰਿਹਾ ਹੈ। ਕ੍ਰਿਸਤੇਵਾ ਦਾ ਭਾਵ ਵੀ ਬੀਅੰਗ ਤੋਂ ਪ੍ਰਾਣੀ ਦੇ ਅਰਥਾਂ ਵਿਚ ਹੀ ਆਉਂਦਾ ਹੈ। ਜਿਸ ਤੋਂ ਭਾਵ ਇਹ ਹੈ ਕਿ ਬੋਲ ਆਪਣੀ ਲੋੜ ਦੀ ਪੂਰਤੀ ਦਾ ਚਿਹਨ ਜਾਂ ਪ੍ਰਤੀਕ ਹੈ। ਉਸ ਦਾ ਵਿਚਾਰ ਹੈ ਕਿ ਅਵਚੇਤਨ ਖਾਹਿਸ਼ਾਂ, ਚਿੰਤਾਵਾਂ, ਐਨਰਜੀ ਅਤੇ ਦਬਾਵਾਂ ਦਾ ਖੇਤਰ ਹੈ। ਇਹ ਭਾਵਨਾਵਾਂ ਚੇਤਨਾ ਦੇ ਵਿਚ ਨਹੀਂ ਹੁੰਦੀਆਂ । ਜੂਲੀਆ ਕ੍ਰਿਸਤੇਵਾ ਜਿਸ ਨਾਰੀਵਾਦ ਦੀ ਗੱਲ ਕਰਦੀ ਹੈ ਸਾਨੂੰ ਉਸ ਦੇ ਪਿਛੋਕੜ ਵੱਲ ਵੀ ਇਕ ਝਾਤ ਮਾਰ ਲੈਣੀ ਚਾਹੀਦੀ ਹੈ। ਨਾਰੀਵਾਦ ਦੇ ਇਤਿਹਾਸ ਨੂੰ ਵਿਦਵਾਨ ਤਿੰਨ ਭਾਗਾਂ ਵਿਚ ਵੰਡਦੇ ਹਨ। ਪਹਿਲੇ ਭਾਗ ਵਿਚ ਉਹ ਉਨੀਵੀਂ ਸਦੀ ਦੇ ਪਹਿਲੇ ਹਿੱਸੇ ਨੂੰ ਰੱਖਦੇ ਹਨ, ਜਦ ਬਰਤਾਨੀਆ ਅਤੇ ਅਮਰੀਕਾ ਵਿਚ ਵਿਦਵਾਨ; ਔਰਤਾਂ ਦੇ ਸ਼ਾਦੀ ਵਿਆਹ, ਜਾਇਦਾਦ ਅਤੇ ਔਲਾਦ ਦੇ ਹੱਕਾਂ ਦੀ ਬਰਾਬਰੀ ਦੀ ਗੱਲ ਕਰਦੇ ਸਨ । ਦੂਜੇ ਭਾਗ ਵਿਚ ਜੋ ਉਨ੍ਹੀਵੀਂ ਸਦੀ ਦੇ ਅੰਤ ਵਿਚ ਸ਼ੁਰੂ ਹੁੰਦਾ ਹੈ, ਵਿਚ ਔਰਤ ਦੇ ਰਾਜਨੀਤਕ ਹੱਕਾਂ ਦੀ ਗੱਲ ਕਰਦਿਆਂ ਔਰਤਾਂ ਨੂੰ ਰਾਜਨੀਤਕ ਸ਼ਕਤੀ ਦੇ ਤੌਰ 'ਤੇ ਖ਼ਾਸ ਕਰਕੇ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਅਤੇ ਆਰਥਿਕ ਬਰਾਬਰੀ ਦੇ ਅਧਿਕਾਰਾਂ ਦੀ ਗੱਲ ਤੁਰੀ। 1893-1895 ਵਿਚ ਔਰਤ ਦੇ ਵੋਟ ਦੇ ਅਧਿਕਾਰ ਨੂੰ ਬਰਤਾਨੀਆ ਦੀਆਂ ਬਸਤੀਆਂ ਵਿਚ ਪ੍ਰਾਪਤ ਕਰ ਲਿਆ ਗਿਆ। ਆਸਟ੍ਰੇਲੀਆ ਵਿਚ ਪਹਿਲੀ ਵਾਰ ਔਰਤਾਂ ਨੂੰ ਪਾਰਲੀਮੈਂਟਰੀ ਅਹੁਦਿਆਂ ਉੱਪਰ ਖੜ੍ਹੇ ਹੋਣ ਦੀ ਆਗਿਆ ਵੀ ਮਿਲ ਗਈ ਸੀ। ਉਸ ਤੋਂ ਬਾਅਦ 1918 ਵਿਚ ਬਰਤਾਨੀਆ ਵਿਚ ਉਹ ਔਰਤ ਜਿਹੜੀ 30 ਸਾਲ ਦੀ ਅਤੇ ਸ਼ਾਦੀ-ਸ਼ੁਦਾ ਹੋਵੇ, ਨੂੰ ਵੋਟ ਪਾਉਣ ਦੇ ਅਧਿਕਾਰ ਦਾ ਬਿੱਲ ਪਾਸ ਕਰ ਦਿੱਤਾ ਗਿਆ। ਪਰੰਤੂ 1928 ਵਿਚ ਇਹ ਉਮਰ ਘਟਾ ਕੇ ਇੱਕੀ ਸਾਲ ਕਰ ਦਿੱਤੀ ਗਈ। ਅਮਰੀਕਾ ਵਿਚ ਵੀ ਕੁਐਕਰਜ਼ ਫਿਰਕੇ ਦੇ ਅਧਿਆਤਮਕ ਪ੍ਰਭਾਵ ਅਧੀਨ ਕਿ ਔਰਤ ਅਤੇ ਮਰਦ ਸਭ ਰੱਬ ਦੀ ਨਿਗਾਹ ਵਿਚ ਬਰਾਬਰ ਹਨ, 1919 ਵਿਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਗਿਆ। ਹੁਣ ਜ਼ਰਾ ਕੁਐਕਰਜ਼ ਫਿਰਕੇ ਬਾਰੇ ਵੀ ਜਾਣ ਲਈਏ। ਕੂਐਕਰ ਸ਼ਬਦ ਪਹਿਲੀ ਵਾਰ ਸੋਲਾਂ ਸੌ ਚਾਲੀ ਦੇ ਨੇੜੇ ਤੇੜੇ ਇਕ ਜੱਜ ਨੇ ਜਾਰਜ ਫੌਕਸ ਲਈ ਵਰਤਿਆ ਸੀ। ਜਾਰਜ ਫੌਕਸ ਉਸ ਸਮੇਂ ਬਰਤਾਨੀਆ ਵਿਚ ਇਕ ਅਜਿਹੇ ਫਿਰਕੇ ਦੀ ਨੀਂਹ ਰੱਖ ਰਿਹਾ ਸੀ ਜਿਹੜਾ ਪੂੰਜੀਵਾਦੀ ਪੱਛਮੀ ਤਾਕਤਾਂ ਨੂੰ ਸੁਖੌਂਦਾ ਨਹੀਂ ਸੀ ਕਿਉਂਕਿ ਇਹ ਫਿਰਕਾ ਸਭ ਦੀ ਬਰਾਬਰੀ ਦੀ ਮੰਗ ਕਰਦਾ ਸੀ ਅਤੇ ਜੰਗਾਂ-ਯੁੱਧਾਂ ਤੋਂ ਨਫ਼ਰਤ ਕਰਦਾ ਸੀ। ਜਦੋਂ ਇਕ ਵਾਰ ਜਾਰਜ ਫੌਕਸ ਉਪਰ ਮੁਕੱਦਮਾ ਚੱਲ ਰਿਹਾ ਸੀ ਤਾਂ ਉਸ ਨੇ ਉਸ ਅੰਗਰੇਜ਼ ਜੱਜ ਨੂੰ ਕਿਹਾ ਸੀ, ''ਰੱਬ ਦੇ ਨਾਮ ਤੋਂ ਡਰ'' ਤਾਂ ਉਸ ਜੱਜ ਨੇ ਉਸ ਨੂੰ ਸ਼ੱਟਅੱਪ ਕੁਐਕਰ ਕਹਿ ਦਿੱਤਾ ਸੀ। ਪਹਿਲਾਂ ਪਹਿਲ ਇਸ ਸ਼ਬਦ ਦੇ ਅਰਥ ਬੜੇ ਨਫ਼ਰਤ ਭਰੇ ਸਨ। ਪਰੰਤੂ, ਜਾਰਜ ਫੌਕਸ ਦੇ ਸ਼ਰਧਾਲੂ ਆਪਣੇ ਆਪ ਨੂੰ ਕੁਐਕਰਜ਼ ਅਖਵਾਉਣ ਲੱਗ ਪਏ ਸਨ। ਉਸ ਤੋਂ ਬਾਅਦ ਤਾਂ ਇਸ ਸ਼ਬਦ ਦੇ ਅਰਥਾਂ ਵਿਚ ਤਬਦੀਲੀ ਆਉਣੀ ਸ਼ੁਰੂ ਹੋ ਗਈ, ਕੁਐਕਰਜ਼ ਲੋਕ ਅੰਤਰ-ਆਤਮਾ ਉਪਰ ਜ਼ੋਰ ਦੇਂਦੇ ਹਨ। ਇਨ੍ਹਾਂ ਲੋਕਾਂ ਨੂੰ ਜਦੋਂ ਵੀ ਸਮਾਂ ਜਾਂ ਮਾਨਸਿਕ ਸ਼ਾਂਤੀ ਮਿਲੇ ਇਹ ਉਥੇ ਹੀ ਸਮਾਧੀ ਲਗਾ ਕੇ ਬੈਠ ਜਾਂਦੇ ਸਨ ਅਤੇ ਆਪਣੇ ਆਪ ਵਿਚ ਅੰਤਰ-ਧਿਆਨ ਹੋ ਜਾਂਦੇ ਸਨ। ਇਹ ਲੋਕ ਸੰਸਾਰ ਦੇ ਸਾਰੇ ਦੁੱਖਾਂ ਕਲੇਸ਼ਾਂ ਦਾ ਭਾਰ ਆਪਣੇ ਉੱਪਰ ਲੈਣਾ ਚਾਹੁੰਦੇ ਹਨ। ਇਨ੍ਹਾਂ ਲੋਕਾਂ ਵਿਚੋਂ ਜਿਹੜਾ ਵੀ ਸਮਾਧੀ ਵਿਚੋਂ ਉਠਿਆ ਹੋਵੇ ਉਹ ਸਮਾਧੀ ਵਿਚ ਹੋਏ ਆਪਣੇ ਅਨੁਭਵ ਨੂੰ ਲੋਕਾਂ ਨਾਲ ਸਾਂਝੇ ਕਰਦਾ ਸੀ। ਜਿਸ ਨੂੰ ਸੁਣਨ ਵਾਲਿਆਂ ਵੱÎਲੋਂ ਧਿਆਨ ਨਾਲ ਸੁਣਿਆ ਜਾਂਦਾ ਸੀ ਅਤੇ ਬੜੇ ਗਹਿਰੇ ਅਰਥਾਂ ਵਿਚ ਲਿਆ ਜਾਂਦਾ ਸੀ । ਇਹ ਲੋਕ ਜ਼ਿੰਦਗੀ ਨੂੰ ਪਵਿੱਤਰ ਸਮਝਦੇ ਸਨ ਅਤੇ ਇਸ ਸੰਸਾਰਿਕ ਕਿਰਿਆ ਨੂੰ ਬੜੀ ਵਚਨਬੱਧਤਾ ਨਾਲ ਪਵਿੱਤਰ ਮੰÎਨਦੇ ਸਨ। ਉਹ ਸੰਸਾਰਿਕ ਕਿਰਿਆ ਨੂੰ ਬੜੀ ਵਚਨਬੱਧਤਾ ਨਾਲ ਨਿਭਾਉਂਦੇ ਵੀ ਹਨ। ਇਹ ਲੋਕ ਜੰਗਾਂ ਯੁੱਧਾਂ ਨੂੰ ਨਫ਼ਰਤ ਕਰਦੇ ਹਨ ਅਤੇ ਹਮੇਸ਼ਾ ਹੀ ਸ਼ਾਂਤੀ ਚਾਹੁੰਦੇ ਹਨ। ਕੁਐਕਰ ਲੋਕ ਵਿਦਿਆ ਦੇਣ ਨੂੰ ਬੜਾ ਮਾਣ ਸਮਝਦੇ ਸਨ ਤੇ ਸਭ ਨੂੰ ਵਿੱÎਦਿਆ ਹਾਸਲ ਕਰਨ ਤੇ ਬੜਾ ਜ਼ੋਰ ਦੇਂਦੇ ਸਨ, ਉਹ ਸਾਰੀ ਮਨੁੱਖਤਾ ਨੂੰ ਬਰਾਬਰ ਸਮਝਦੇ ਸਨ। ਉਨ੍ਹਾਂ ਦੇ ਇਸੇ ਬਰਾਬਰਤਾ ਦੇ ਸਿਧਾਂਤ ਅਨੁਸਾਰ ਹੀ ਔਰਤਾਂ ਨੂੰ ਇਹ ਅਧਿਕਾਰ ਪ੍ਰਾਪਤ ਹੋਇਆ ਸੀ।  ਇਸੇ ਤਰ੍ਹਾਂ ਚੀਨ ਵਿਚ ਵੀ ਕਮਿਊਨਿਸਟ ਪਾਰਟੀ ਦੇ ਇਨਕਲਾਬ ਤੋਂ ਬਾਅਦ ਔਰਤਾਂ ਨੂੰ ਬਰਾਬਰੀ ਦੇ ਕਈ ਅਧਿਕਾਰ ਦੇ ਦਿੱਤੇ ਗਏ ਅਤੇ ਉਨ੍ਹਾਂ ਨੂੰ ਇਕ ਕਿਰਤ-ਸ਼ਕਤੀ ਦੇ ਰੂਪ ਵਿਚ ਵਧਣ-ਫੁਲਣ ਦਾ ਮੌਕਾ ਦੇ ਦਿੱਤਾ ਗਿਆ । ਫਰਾਂਸ ਦੀ ਫਿਲਾਸਫਰ ਸੀਮੋਨ ਦ ਬੌਏ ਨੇ ਆਪਣੀ ਪੁਸਤਕ ਸੈਕੰਡ-ਸੈਕਸ ਨਾਲ ਦੁਨੀਆਂ ਨੂੰ ਮਾਰਕਸਵਾਦੀ ਅਤੇ ਅਸਤਿਤਵਾਦੀ ਸਿਧਾਂਤਾਂ ਨਾਲ ਔਰਤ ਸਬੰਧੀ ਬਹੁਤ ਸਾਰੇ ਮਸਲਿਆਂ ਨੂੰ ਸੁਲਝਾਉਣ ਦਾ ਰਾਹ ਖੋਲ੍ਹ ਦਿੱਤਾ। ਇਹ ਦੂਜੀ ਪੱਧਰ ਦੀ ਲਹਿਰ ਦਾ ਸਬੰਧ ਔਰਤ ਦੇ ਵੋਟ ਦੇ ਅਧਿਕਾਰਾਂ ਨਾਲੋਂ ਔਰਤ ਦੀ ਬਰਾਬਰੀ ਨਾਲ ਜ਼ਿਆਦਾ ਦੋ-ਚਾਰ ਹੁੰਦਾ ਹੈ। ਇਸ ਵਿਚ ਮੁੱਢਲਾ ਮਸਲਾ ਔਰਤ ਨਾਲ ਹੋ ਰਹੇ ਵਿਤਕਰੇ ਦਾ ਖੁੱਲ੍ਹ ਕੇ ਸਾਹਮਣੇ ਆਉਂਦਾ ਹੈ। ਇਸ ਸਮੇਂ ਭਾਵੇਂ ਪੱਛਮ ਦੇ ਬਹੁਤ ਸਾਰੇ ਅਤੇ ਏਸ਼ੀਆ ਦੇ ਕਈ ਮੁਲਕਾਂ ਵਿਚ ਔਰਤ ਦੇ ਅਧਿਕਾਰ, ਉਸ ਦੀ ਪਛਾਣ ਅਤੇ ਉਸ ਵਿਤਕਰੇ ਜਿਹੇ ਸੁਆਲਾਂ ਨੂੰ ਕਾਫੀ ਹੱਦ ਤੱਕ ਸੁਲਝਾਅ ਲਿਆ ਗਿਆ ਹੈ। ਪਰੰਤੂ, ਇਸਲਾਮੀ ਮੁਲਕਾਂ ਦੀ ਸਮੱੱਸਿਆ ਇਸ ਤੋਂ ਕੁਝ ਵੱਖਰੀ ਹੀ ਰਹੀ ਹੈ ਅਤੇ ਉਨ੍ਹਾਂ ਮੁਲਕਾਂ ਵਿਚ ਇਸਲਾਮ ਅਤੇ ਨਾਰੀਵਾਦ ਦਾ ਸੁਆਲ ਖੜ੍ਹਾ ਹੋ ਗਿਆ ਹੈ। ਭਾਵੇਂ ਪੱਛਮੀ ਉੱਨਤ ਦੇਸ਼ਾਂ ਵਿਚ ਵੀ ਕਈ ਤਰੀਕਿਆਂ ਨਾਲ ਔਰਤ ਨਾਲ ਅਜੇ ਵੀ ਵਿਤਕਰਾ ਕੀਤਾ ਜਾਂਦਾ ਹੈ ਜੋ ਕਿ ਅਦ੍ਰਿਸ਼ਟ ਹੈ। ਬਾਹਰ ਵੇਖਣ ਜਾਂ ਝਾਕਣ ਨੂੰ ਭਾਵੇਂ ਇਨ੍ਹਾਂ ਮੁਲਕਾਂ ਵਿਚ ਔਰਤ ਅਤੇ ਮਰਦ ਨੂੰ ਹਰ ਖੇਤਰ ਵਿਚ ਬਰਾਬਰ ਦਿਖਾਇਆ ਜਾਂਦਾ ਹੈ ਫਿਰ ਵੀ ਘੱਟ ਗਿਣਤੀ ਨਾਲ ਸਬੰਧਿਤ ਲੋਕਾਂ ਅਤੇ ਔਰਤਾਂ ਨਾਲ ਅਦ੍ਰਿਸ਼ਟ ਵਿਤਕਰਾ ਗਲਾਸ ਸੀਲਿੰਗ ਵਾਲਾ ਵਿਵਹਾਰ ਕੀਤਾ ਜਾਂਦਾ ਹੈ। ਸ਼ੀਸ਼ਾ ਰੋਕ, ਕੱਚ ਰੋਕ, (ਅਦ੍ਰਿਸ਼ਟ ਰੋਕ) ਜਿਸ ਤਰ੍ਹਾਂ ਜਾਨਵਰਾਂ ਜਾਂ ਪੰਛੀਆਂ ਨੂੰ ਆਜ਼ਾਦ ਹੋਣ ਤੋਂ ਰੋਕਣ ਲਈ ਸ਼ੀਸ਼ੇ ਦੀ ਛੱਤ ਪਾ ਦਿੱਤੀ ਜਾਂਦੀ ਹੈ ਜਿਹੜੀ ਦੇਖਣ ਨੂੰ ਤਾਂ ਇੰਜ ਲਗਦੀ ਹੈ ਕਿ ਇਹ ਸਭ ਆਜ਼ਾਦ ਹਨ, ਇਹ ਜਿਧਰ ਚਾਹੇ ਆ ਜਾ ਸਕਦੇ ਹਨ। ਇਹ ਸ਼ੀਸ਼ੇ ਦੀ ਛੱਤ ਅਦ੍ਰਿਸ਼ਟ ਹੋਣ ਕਰਕੇ ਦਿਸਦੀ ਤਾਂ ਨਹੀਂ। ਪਰੰਤੂ, ਉਹ ਉਨ੍ਹਾਂ ਜੀਵਾਂ ਨੂੰ ਆਜ਼ਾਦ ਹੋਣ ਤੋਂ ਰੋਕ ਰੱਖਦੀ ਹੈ। ਇਹ ਵਰਤਾਰਾ ਅਗਾਂਹਵਧੂ ਮੁਲਕਾਂ ਵਿਚ ਵੀ ਆਮ ਵੇਖਣ ਨੂੰ ਮਿਲਦਾ ਹੈ। ਜਿਵੇਂ ਪੱਛਮੀ ਦੇਸ਼ਾਂ ਵਿਚ ਦੂਜੇ ਧਰਮਾਂ ਦੀਆਂ ਰਹੁ ਰੀਤਾਂ ਅਤੇ ਪਹਿਰਾਵਾ ਉਨ੍ਹਾਂ ਨੂੰ ਨੌਕਰੀਆਂ ਤੋਂ ਵਿਰਵਾ ਕਰ ਦੇਂਦਾ ਹੈ। ਇਸ ਤਰ੍ਹਾਂ ਔਰਤਾਂ ਨਾਲ ਅਜੇ ਵੀ ਦੂਜੇ ਦਰਜੇ ਦੇ ਸ਼ਹਿਰੀ ਵਰਗਾ ਸਲੂਕ ਕੀਤਾ ਜਾਂਦਾ ਹੈ। ਜੂਲੀਆ ਕ੍ਰਿਸਤੇਵਾ ਨੇ ਬਹੁਤ ਸਾਰੇ ਭਾਸ਼ਾ-ਵਿਗਿਆਨੀਆਂ, ਪਮਾਨਵ-ਵਿਗਿਆਨੀਆਂ, ਸੰਰਚਨਾਵਾਦੀਆਂ ਦੇ ਕੰਮ ਦਾ ਅਧਿਐਨ ਵੀ ਕੀਤਾ ਅਤੇ ਉਨ੍ਹਾਂ ਦੇ ਨਾਲ ਵੀ ਕੰਮ ਕੀਤਾ। ਉਹ ਸੀਮੋਨ ਬੋਏ ਇਨਾਮ ਦੀ ਫਾਊਂਡਰ ਅਤੇ ਉਸ ਦੀ ਮੁਖੀ ਵੀ ਹੈ। ਇਸ ਇਨਾਮ ਨੂੰ 9 ਜਨਵਰੀ, 2008 ਵਿਚ ਉਨ੍ਹਾਂ ਲੋਕਾਂ ਲਈ ਸਥਾਪਤ ਕੀਤਾ ਗਿਆ ਸੀ, ਜਿਹੜੇ ਲਿੰਗ-ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ਸ਼ੀਲ ਹਨ। 2008 ਵਿਚ ਇਹ ਇਨਾਮ ਬੰਗਲਾਦੇਸ਼ ਦੀ ਲੇਖਿਕਾ ਤਸਲੀਮਾ ਨਸਰੀਨ ਅਤੇ ਡੱਚ ਨਾਰੀਵਾਦੀ ਲੇਖਕ ਅਤੇ ਰਾਜਨੇਤਾ ਅਯਾਨ ਹਿਰਸੀ ਅਲੀ ਨੂੰ ਦਿੱਤਾ ਗਿਆ ਹੈ। 2009 ਵਿਚ ਇਹ ਇਨਾਮ ਇਰਾਨ ਵਿਚ ਔਰਤਾਂ ਦੇ ਅਧਿਕਾਰਾਂ ਲਈ ਵਿੱਢੀ ਮੁਹਿੰਮ ਜਿਸ ਵਿਚ ਇਕ ਮਿਲੀਅਨ ਹਸਤਾਖ਼ਰ ਕਰਵਾਏ ਗਏ, ਉਸ ਸੰਸਥਾ ਨੂੰ ਦਿੱਤਾ ਗਿਆ ਸੀ। 2010 ਵਿਚ ਚੀਨ ਦੇ ਅਈ ਐਕਸਵਿਓਮਿੰਗ ਜੋ ਕਿ ਵੀਡਿਓਗ੍ਰਾਫਰ ਅਤੇ ਯੂਨੀਵਰਸਿਟੀ ਦਾ ਪ੍ਰੋਫੈਸਰ ਸੀ, ਨੂੰ ਦਿੱਤਾ ਗਿਆ। 2011 ਵਿਚ ਰੂਸੀ ਨਾਵਲਕਾਰ ਮਨੁੱਖੀ ਅਧਿਕਾਰਾਂ ਲਈ ਕਾਰਜਸ਼ੀਲ ਲੋਦਮਿਲਾ ਯੂਲੀਆਸਕਾਇਆ ਨੂੰ ਦਿੱਤਾ ਗਿਆ।ਜੂਲੀਆ ਕ੍ਰਿਸਤੇਵਾ ਨੂੰ ਅੱਜ ਕੱਲ੍ਹ ਉੱਤਰ-ਸੰਰਚਨਾਵਾਦੀ ਵਿਦਵਾਨ ਵਜੋਂ ਪਛਾਣਿਆ ਜਾਂਦਾ ਹੈ। ਜੂਲੀਆ ਕ੍ਰਿਸਤੇਵਾ ਆਧੁਨਿਕ ਚਿੰਤਨ ਵਿਚ ਨਵੇਂ ਗਿਆਨ ਅਤੇ ਅੰਤਰ-ਦ੍ਰਿਸ਼ਟੀਆਂ ਨਾਲ ਲੈਸ ਇਕ ਜੀਵੰਤ ਚਿੰਤਕ ਹੈ। ਜੂਲੀਆ ਦਾ ਆਧੁਨਿਕ ਚਿੰਤਨ ਜਾਂ ਕਹਿ ਲਿਆ ਜਾਵੇ ਕਿ ਉਤਰ-ਸੰਰਚਨਾਵਾਦੀਆਂ ਵਿਚ ਵਿਸ਼ੇਸ਼ ਮਹੱਤਵਪੂਰਨ ਸਥਾਨ ਹੈ। ਕਿਉਂਕਿ ਉਸ ਨੇ ਦੇਹੀ, ਨਾਰੀਵਾਦ ਅਤੇ ਸਾਹਿਤ ਪਾਠ ਵਿਚ ਆਉਂਦੀਆਂ ਦ੍ਰਿਸ਼ਟੀਆਂ ਦੇ ਨਵੇਂ ਅੰਜਾਮ ਦੇ ਰਾਹ ਖੋਲ੍ਹੇ ਹਨ। ਜੇਕਰ ਦੇਖਿਆ ਜਾਵੇ ਤਾਂ ਲੋਕ ਗ਼ਲਪ ਨੂੰ ਪੜ੍ਹਨਾ ਜ਼ਿਆਦਾ ਪਸੰਦ ਕਰਦੇ ਹਨ। ਦੋਹਾਂ ਵਿਧਾਵਾਂ ਵਿਚੋਂ ਸਾਨੂੰ ਇਕ ਨੂੰ ਤਾਂ ਚੁਣਨਾ ਹੀ ਪਵੇਗਾ। ਜਦ ਅਸੀਂ ਅਜੋਕੇ ਲੇਖਕਾਂ ਵੱਲ ਧਿਆਨ ਮਾਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸਾਰਤਰ ਵੀ 'ਹੋਂਦ ਅਤੇ ਅਣਹੋਂਦ' ਲਿਖਣ ਤੋਂ ਬਾਅਦ ਵੀ 'ਨੌਸੀਆ' ਨਾਵਲ ਲਿਖਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਅਤੇ ਮਾਰਲੀਓ ਪੋਂਟੀ ਵੀ ਨਾਵਲ ਲਿਖਣ ਵੱਲ ਰੁਚਿੱਤ ਹੋਇਆ ਸੀ ਭਾਵੇਂ ਕਿ ਉਹ ਲਿਖ ਨਹੀਂ ਸਕਿਆ। ਉਸ ਦਾ ਵਿਚਾਰ ਹੈ ਕਿ ਕਲਪਨਾ ਰਾਹੀਂ ਗਹਿਨ ਸੰਰਚਨਾ ਦੇ ਸੰਕਲਪਾਂ ਨੂੰ ਉਸ ਦੇ ਆਂਤ੍ਰਿਕ ਪ੍ਰਬੰਧ ਕਰਕੇ ਵਧੇਰੇ ਠੀਕ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਪ੍ਰਤੀਕ ਦਾ ਧੁਰਾ ਚਿਹਨਤ ਦੇ ਬੁਨਿਆਦੀ ਸੰਚਾਲਨ ਸੰਵੇਦਨਾ, ਗਿਆਨ ਬੋਧ ਅਤੇ ਭਾਵਨਾਵਾਂ ਉੱਪਰ ਟਿੱਕਿਆ ਹੁੰਦਾ ਹੈ। ਜਦੋਂ ਅਸੀਂ ਉਸ ਨੂੰ ਪੇਸ਼ ਕਰਦੇ ਹਾਂ ਤਾਂ ਅਸੀਂ ਵਿਚਾਰਾਂ ਦੇ ਜਗਤ ਨੂੰ ਛੱਡ ਕੇ ਗ਼ਲਪ ਦੇ ਸੰਸਾਰ ਵਿਚ ਪ੍ਰਵੇਸ਼ ਕਰਦੇ ਹਾਂ। ਕ੍ਰਿਸਤੇਵਾ ਦਾ ਦੂਜਾ ਨਾਵਲ 'ਬੁੱਢਾ ਅਤੇ ਬਘਿਆੜ' ਹੈ। ਜਿਹੜਾ ਕਿ ਅਜੋਕੇ ਰਾਜਨੀਤਕ ਅਤੇ ਸਭਿਆਚਾਰਕ ਸੰਵਾਦ ਨਾਲ ਸਬੰਧਤ ਹੈ ਜਿਸ ਵਿਚ ਉਹ ਅਜੋਕੀ ਸਭਿਅਤਾ ਦੇ ਦੁਖਾਂਤ/ਸੰਕਟ ਵਿਚ ਆਪਣੇ ਵਿਚਾਰਾਂ ਦਾ ਬਚਾਅ ਕਰਦੀ ਨਜ਼ਰ ਆਉਂਦੀ ਹੈ। ਉਹ ਆਪਣੇ ਮਾਸਕੋ ਦੇ ਦੌਰੇ ਦਾ ਸਹਾਰਾ ਵੀ ਲੈਂਦੀ ਹੈ। ਉਹ ਅਜੋਕੇ ਬੌਧਿਕ ਜੀਵਨ ਉੱਪਰ ਵੀ ਆਪਣੀਆਂ ਟਿੱਪਣੀਆਂ ਕਰਦੀ ਹੈ। ਉਹ ਦਾਅਵਾ ਕਰਦੀ ਹੈ ਕਿ ਸਾਨੂੰ ਆਪਣੀ ਸੰਵੇਦਨਸ਼ੀਲਤਾ ਨੂੰ ਵਿਚਾਰਧਾਰਾ ਤੋਂ ਆਜ਼ਾਦ ਕਰਨਾ ਚਾਹੀਦਾ ਹੈ। ਉਸ ਦਾ ਵਿਚਾਰ ਹੈ ਕਿ ਮਨੋਵਿਗਿਆਨਕ-ਅਧਿਐਨ ਨੂੰ ਵੀ ਕਈ ਧਰਾਤਲਾਂ ਉੱਪਰ ਵਿਰੋਧ ਜ਼ਾਹਿਰ ਕਰਨਾ ਪਿਆ ਸੀ।

* ਮੋਬਾਈਲ:97804-51372

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਸ਼ਹਿਰ

View All