ਨਾਮੁਰਾਦ ਰੋਗ ਖ਼ਿਲਾਫ਼ ਪਲਸ ਪੋਲੀਓ ਮੁਹਿੰਮ

ਲਾਲ ਚੰਦ ਸਿੰਘ

ਕੋਈ ਵੀ ਮਾਂ-ਬਾਪ ਇਹ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਬੱਚੇ ਕਮਜ਼ੋਰ ਜਾਂ ਬਿਮਾਰ ਹੋਣ ਸਗੋਂ ਹਰ ਮਾਂ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਅਤੇ ਤੰਦਰੁਸਤ ਹੋਣ। ਹਰ ਮਾਂ-ਪਿਓ ਬੱਚਿਆਂ ਦੀ ਸਲਾਮਤੀ/ਤੰਦਰੁਸਤੀ ਵਿੱਚ ਹੀ ਆਪਣੀ ਸਲਾਮਤੀ ਸਮਝਦਾ ਹੈ। ਦਰਅਸਲ ਤੰਦਰੁਸਤ/ਅਰੋਗ ਅਤੇ ਰਿਸ਼ਟ ਪੁੱਸ਼ਟ ਬੱਚੇ ਕਿਸੇ ਦੇਸ਼, ਕੌਮ ਅਤੇ ਸਮਾਜ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਇਹੀ ਬੱਚੇ ਅੱਗੇ ਜਾ ਕੇ ਭਵਿੱਖ ਦੇ ਵਾਰਿਸ ਅਤੇ ਉਸ ਦੇਸ਼, ਕੌਮ ਅਤੇ ਸਮਾਜ ਦੇ ਸਰਬਪੱਖੀ ਵਿਕਾਸ ਦਾ ਆਧਾਰ ਬਣਦੇ ਹਨ। ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਹਰ ਮਾਂ-ਬਾਪ ਦਾ ਸਭ ਤੋਂ ਅਹਿਮ ਤੇ ਮੁੱਢਲਾ ਫਰਜ਼ ਹੁੰਦਾ ਹੈ ਕਿਉਂਕਿ ਜੇਕਰ ਬਚਪਨ ਹੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਤਾਂ ਬਾਅਦ ਦੀ ਉਮਰ ਵਿੱਚ ਵੀ ਲਗਾਤਾਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਡਰ ਅਕਸਰ ਬਣਿਆਂ ਰਹਿੰਦਾ ਹੈ। ਲਾਇਲਾਜ ਛੂਤ ਰੋਗ ਪੋਲੀਓ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੱਗਣ ਵਾਲਾ ਬਹੁਤ ਹੀ ਗੰਭੀਰ/ਘਾਤਕ ਰੋਗ ਹੈ। ਪੋਲੀਓ ਵਰਗੇ ਨਾਮੁਰਾਦ ਰੋਗ ਦਾ ਕੋਈ ਇਲਾਜ ਨਹੀਂ ਸਗੋਂ ਪੋਲੀਓ ਦਾ ਸ਼ਿਕਾਰ ਹੋਣ ਉਪਰੰਤ ਬੱਚਾ ਉਮਰ ਭਰ ਲਈ ਅੰਗਹੀਣ ਬਣ ਕੇ ਜਿਉਂਣ ਲਈ ਮਜਬੂਰ ਹੋ ਜਾਂਦਾ ਹੈ, ਜਿਸ ਦਾ ਸੰਤਾਪ ਉਸ ਨੂੰ ਅਨੇਕਾਂ ਤਰ੍ਹਾਂ ਦੀਆਂ ਸਰੀਰਕ, ਸਮਾਜਿਕ, ਮਾਨਸਿਕ ਅਤੇ ਆਰਥਿਕ ਸਮੱਸਿਆਵਾਂ ਕਾਰਨ ਉਮਰ ਭਰ ਲਈ ਆਪਣੇ ਤਨ-ਮਨ ’ਤੇ ਹੰਢਾਉਂਣਾ ਪੈਂਦਾ ਹੈ। ਸਿਰਫ਼ ਇਹ ਹੀ ਨਹੀਂ ਪੋਲੀਓ ਦੇ ਸ਼ਿਕਾਰ ਕਈ ਬੱਚਿਆਂ ਨੂੰ ਪਸ਼ੂਆਂ ਦੀ ਤਰ੍ਹਾਂ ਚਾਰੇ ਲੱਤਾਂ-ਬਾਹਾਂ ਘੜੀਸ ਕੇ ਤੁਰਦੇ ਫਿਰਦੇ ਭਾਵ ਬਹੁਤ ਹੀ ਤਰਾਸ਼ਦਿਕ ਸਥਿਤੀ ਵਿੱਚ ਜਿਉਂਦਿਆਂ ਆਮ ਵੇਖਿਆ ਜਾ ਸਕਦਾ ਹੈ, ਜਿਸ ਨੂੰ ਵੇਖ ਕੇ ਹਰ ਕਿਸੇ ਸੰਵੇਦਨਸ਼ੀਲ ਇਨਸਾਨ ਦੀ ਰੂਹ ਧੁਰ ਅੰਦਰ ਤੱਕ ਕੰਬ ਜਾਂਦੀ ਹੈ। ਪੋਲੀਓ ਬਹੁਤ ਹੀ ਸੂਖਮ ਕਿਸਮ ਦੇ ਕੀਟਾਣੂਆਂ (Wild Polio Virus) ਕਾਰਨ ਹੋਣ ਵਾਲਾ ਬਹੁਤ ਹੀ ਗੰਭੀਰ ਛੂਤ ਰੋਗ ਹੈ। ਪੋਲੀਓ ਦੇ ਕੀਟਾਣੂ ਤਿੰਨ ਕਿਸਮਾਂ (ਪੀ-1, ਪੀ-2, ਪੀ-3 ) ਦੇ ਹੁੰਦੇ ਹਨ ਜੋ ਕਿ ਬਾਹਰੀ ਵਾਤਾਵਰਨ ਵਿੱਚ 48 ਘੰਟਿਆਂ ਤੱਕ ਜਿਉਂਦੇ ਰਹਿ ਸਕਦੇ ਹਨ। ਹੁਣ ਤੱਕ ਪੁਰੀ ਦੁਨੀਆਂ ਦੇ ਡਾਕਟਰੀ ਵਿਗਿਆਨ ਵਿੱਚ ਪੋਲੀਓ ਦਾ ਕੋਈ ਇਲਾਜ ਨਹੀਂ ਪਰ ਇਸ ਪੋਲੀਓ ਵਰਗੀ ਘਾਤਕ ਬਿਮਾਰੀ ਤੋਂ ਸਾਡੀ ਇਸ ਧਰਤੀ ’ਤੇ ਜਨਮ ਲੈਣ ਵਾਲੇ ਹਰ ਬੱਚੇ ਨੂੰ ਅਸਾਨੀ ਨਾਲ ਬਚਾਇਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਨਵ-ਜੰਮੇ ਬੱਚੇ ਨੂੰ ਪੋਲੀਓ ਬੂੰਦਾਂ ਦੀ ਪਹਿਲੀ ਖੁਰਾਕ ( Zero-Dose ) ਜਨਮ ਤੋਂ ਕੁੱਝ ਸਮੇਂ ਬਾਅਦ, ਫੇਰ ਡੇਢ ਮਹੀਨੇ, ਢਾਈ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ ’ਤੇ ਇੱਕ-ਇੱਕ ਖੁਰਾਕ, ਫਿਰ 16 ਤੋਂ 24 ਮਹੀਨੇ ਉਮਰ ਵਿਚਕਾਰ ਇੱਕ (Booster Dose ) ਖੁਰਾਕ ਅਤੇ ਸਾਢੇ ਤਿੰਨ ਤੇ ਸਾਢੇ ਚਾਰ ਸਾਲ ਦੀ ਉਮਰ ’ਤੇ ਇੱਕ-ਇੱਕ ਖੁਰਾਕ ਹੋਰ ਜ਼ਰੂਰ ਪਿਆਈ ਜਾਣੀ ਚਾਹੀਦੀ ਹੈ। ਇੱਥੇ ਇਹ ਵਿਸ਼ੇਸ਼ ਤੌਰ ’ਤੇ ਜਿਕਰਯੋਗ ਹੈ ਕਿ ਪੋਲੀਓ ਬੂੰਦਾਂ ਦੀ ਤੀਜੀ ਖੁਰਾਕ ਦੇ ਨਾਲ ਹੁਣ (ਸਾਢੇ ਤਿੰਨ ਮਹੀਨੇ ਦੀ ਉਮਰ ’ਤੇ) ਪੋਲੀਓ ਦਾ ਟੀਕਾ (ਆਈਪੀਵੀ) ਵੀ ਲਾਇਆ ਜਾਂਦਾ ਹੈ। ਜੋ ਕਿ ਬੱਚੇ ਦੇ ਸਰੀਰ ਵਿੱਚ ਪੋਲੀਓ ਦੇ ਕੀਟਾਣੂਆਂ ਨਾਲ ਲੜਨ ਦੀ ਸ਼ਕਤੀ/ਸਮਰੱਥਾ ਦੁੱਗਣੀ ਕਰ ਦਿੰਦਾ ਹੈ। ਯਾਦ ਰਹੇ ਕਿ ਪੋਲੀਓ ਦੀ ਦਵਾਈ ਦੀਆਂ ਇਹ ਬੂੰਦਾਂ ਸਾਰੀਆਂ ਸਰਕਾਰੀ ਪੇਂਡੂ/ਸ਼ਹਿਰੀ ਸਿਹਤ ਸੰਸਥਾਵਾਂ ਵਿੱਚ ਬਕਾਇਦਾ ਦਿਨ, ਸਮਾਂ ਅਤੇ ਸਥਾਨ ਨਿਸ਼ਚਿਤ ਕਰ ਕੇ ਬਿਨਾਂ ਕੋਈ ਪੈਸਾ ਲਏ ਮੁਫ਼ਤ ਪਿਆਈਆਂ ਜਾਂਦੀਆਂ ਹਨ। ਇਸ ਸਾਰੀ ਕਾਰਵਾਈ ਦਾ ਬਕਾਇਦਾ ਲਿਖਤੀ ਹਿਸਾਬ ਕਿਤਾਬ ਵੀ ਰੱਖਿਆ ਜਾਂਦਾ ਹੈ। ਪੋਲੀਓ ਦੇ ਕੀਟਾਣੂ, ਪਾਣੀ ਆਦਿ ਨੂੰ ਦੂਸ਼ਿਤ ਕਰ ਕੇ ਮੂੰਹ ਰਾਹੀਂ ਬੱਚੇ ਦੇ ਹਿਰਦੇ ਵਿੱਚ ਪਹੁੰਚ ਜਾਂਦੇ ਹਨ ਅਤੇ ਬੱਚੇ ਦੀਆਂ ਆਤੜੀਆਂ ਵਿੱਚ ਵਧਦੇ ਫੁਲਦੇ ਰਹਿੰਦੇ ਹਨ, ਜਿਸ ਦਾ ਆਖਰੀ ਨਤੀਜਾ ਇਹ ਹੁੰਦਾ ਹੈ ਕਿ ਪੋਲੀਓ ਦਾ ਸ਼ਿਕਾਰ ਹੋਣ ਉਪਰੰਤ ਬੱਚੇ ਦਾ ਕੋਈ ਅੰਗ ( ਲੱਤ-ਬਾਂਹ ਜਾਂ ਫਿਰ ਦੋਵੇਂ ਲੱਤਾਂ-ਬਾਹਾਂ) ਮਾਰੀਆਂ ਜਾਂਦੀਆ ਹਨ। ਪੋਲੀਓ ਦੇ ਕੀਟਾਣੂ ਬੱਚੇ ਦੇ ਦਿਮਾਗ ਅਤੇ ਦਿਮਾਗ ਰਸਤੇ ਆਉਂਦੀ ਮੁੱਖ ਨਸ (ਸਪਾਈਨਲ/ਕੌਰਡ) ’ਤੇ ਹਮਲਾ ਕਰ ਕੇ ਸਰੀਰ ਦੇ ਪੱਠਿਆਂ ਨੂੰ ਕੰਟਰੋਲ ਕਰਨ ਵਾਲੀਆਂ ਨਸਾਂ ਦੇ ਕੰਮ ਕਰਨ ਦੀ ਤਾਕਤ/ਸਮਰੱਥਾ ਘਟਾ ਦਿੰਦੇ ਹਨ ਭਾਵ ਪੋਲੀਓ ਦਾ ਸ਼ਿਕਾਰ ਹੋਣ ਉਪਰੰਤ ਬੱਚੇ ਦੀਆਂ ਲੱਤਾਂ-ਬਾਹਾਂ ਸੁੱਕ ਜਾਂਦੀਆਂ ਹਨ। ਪੋਲੀਓ ਕਾਰਨ ਬੱਚੇ ਦੇ ਦਿਮਾਗ ’ਤੇ ਮਾੜਾ ਅਸਰ ਪੈਣ ਤੋਂ ਇਲਾਵਾ ਸਾਹ ਕਿਰਿਆ ਫੇਲ੍ਹ ਹੋਣ ਕਰ ਕੇ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਅਜਿਹੇ ਕੇਸਾਂ ਦੀ ਮੌਤ ਦਰ 5 ਤੋਂ 10 ਫੀਸਦੀ ਤੱਕ ਹੈ। ਡਾ. ਜੋਨਾਸ ਸਾਲਕ ਜਿਸ ਦਾ ਜਨਮ 28 ਅਕਤੂਬਰ, 1914 ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਹੋਇਆ ਸੀ, (ਡਾ. ਸਾਲਕ ਦੀ ਮੌਤ 23 ਜੂਨ 1995 ਨੂੰ ਅਮਰੀਕਾ ਦੇ ਲਾਜੋਲਾ ਸਿਟੀ ਦੇ ਇੱਕ ਹਸਪਤਾਲ ਵਿੱਚ 80 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ) ਨੇ ਸਨ 1953 ਵਿੱਚ ਸਭ ਤੋਂ ਪਹਿਲੀ ਵਾਰ ਪੋਲੀਓ ਵੈਕਸੀਨ ਦੀ ਖੋਜ ਕੀਤੀ ਸੀ, ਜਿਸ ਨੂੰ 1955 ਵਿੱਚ ਮਾਨਤਾ ਮਿਲੀ ਸੀ। ਪੋਲੀਓ ਰੋਗ ਦਾ ਸ਼ਿਕਾਰ ਹੋਣ ਉਪਰੰਤ ਬੱਚਾ ਪਹਿਲੇ ਤਿੰਨ ਦਿਨਾਂ ਤੱਕ ਰੋਂਦਾ ਰਹਿੰਦਾ ਹੈ। ਉਸ ਨੂੰ ਲਗਾਤਾਰ ਬੁਖਾਰ ਚੜ੍ਹਿਆ ਰਹਿੰਦਾ ਹੈ ਅਤੇ ਤਿੰਨ ਤੋਂ ਪੰਜ ਦਿਨਾਂ ਤੱਕ ਬੱਚੇ ਦਾ ਸਿਰ ਦੁੱਖਦਾ ਰਹਿੰਦਾ ਹੈ ਅਤੇ ਗਰਦਨ ਆਕੜਨ ਤੋਂ ਇਲਾਵਾ ਲਗਾਤਾਰ ਪੱਠਿਆਂ ਵਿੱਚ ਦਰਦ ਰਹਿੰਦਾ ਹੈ। ਪੰਜਵੇਂ ਤੋਂ ਸੱਤਵੇਂ ਦਿਨ ਬੱਚੇ ਨੂੰ ਮਾਮੂਲੀ ਅਧਰੰਗ ਜਿਵੇਂ ਕਿ ਇੱਕ ਲੱਤ ਜਾਂ ਬਾਂਹ ਦਾ ਅਧਰੰਗ ਜਾਂ ਫਿਰ ਇਸ ਤੋਂ ਵੱਧ ਵਿਗੜਿਆ ਅਧਰੰਗ ਭਾਵ ਦੋਵੇਂ ਲੱਤਾਂ-ਬਾਹਾਂ ਅਤੇ ਛਾਤੀ ਦਾ ਅਧਰੰਗ ਹੋ ਸਕਦਾ ਹੈ। ਜੇਕਰ ਕਿਸੇ ਨੂੰ ਵੀ ਆਪਣੇ ਆਸ ਪਾਸ ਅਜਿਹੇ ਲੱਛਣਾਂ ਵਾਲਾ ਕੋਈ ਕੇਸ ਪਤਾ ਲੱਗੇ ਤਾਂ ਉਸ ਦੀ ਸੂਚਨਾ ਬਿਨਾਂ ਕਿਸੇ ਦੇਰੀ ਦੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਜਾਂ ਫਿਰ ਸਬੰਧਤ ਬਲਾਕ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਜਾਂ ਫਿਰ ਸਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਜਾਂ ਜ਼ਿਲ੍ਹਾ ਸਿਵਲ ਸਰਜਨ ਨੂੰ ਜ਼ਰੂਰ ਦਿੱਤੀ ਜਾਵੇ। ਕਿਉਂਕਿ ਅਜਿਹੀ ਬਿਮਾਰੀ ਦੇ ਲੱਛਣਾਂ ਵਾਲੇ ਕੇਸ ਵਿੱਚ, ਟੱਟੀ ਟੈਸਟ ਕਰਾਉਣ ਉਪਰੰਤ ਇਹ ਪਤਾ ਲਾਇਆ ਜਾਂਦਾ ਹੈ ਕਿ ਉਸ ਦਾ ਕਾਰਨ ਕਿਤੇ ਪੋਲੀਓ ਰੋਗ ਤਾਂ ਨਹੀਂ, ਤਾਂ ਜੋ ਅਜਿਹੇ ਲੱਛਣਾਂ ਨਾਲ ਸਬੰਧਤ ਕੇਸ ਵਾਲੇ ਇਲਾਕੇ ਵਿੱਚ ਬਿਨਾਂ ਕਿਸੇ ਦੇਰੀ ਦੇ ਜਨਮ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ (ਟੱਟੀ ਟੈਸਟ ਦੀ ਰਿਪੋਰਟ ਦਾ ਨਤੀਜਾ ਉਡੀਕੇ ਬਗੈਰ ਹੀ) ਪਿਆ ਕੇ ਕੀਟਾਣੂਆਂ ਦੇ ਫੈਲਾਅ ਨੂੰ ਰੋਕਿਆ ਜਾਵੇ। ਕਿਉਂਕਿ ਪੋਲੀਓ ਦਾ ਸ਼ਿਕਾਰ ਇੱਕ ਬੱਚਾ ਅੱਗੋਂ ਸੌ ਤੋਂ ਇੱਕ ਹਜ਼ਾਰ ਬੱਚਿਆਂ ਨੂੰ ਪੋਲੀਓ ਰੋਗ ਦੀ ਛੂਤ ਫੈਲਾਉਣ ਦੇ ਯੋਗ ਬਣਾ ਸਕਦਾ ਹੈ। ਪੋਲੀਓ ਬੂੰਦਾਂ ਪਿਆਉਣ ਨਾਲ ਬੱਚੇ ਦੇ ਸਰੀਰ ਵਿੱਚ ਪੋਲੀਓ ਦੀ ਬਿਮਾਰੀ ਫੈਲਾਉਣ ਵਾਲੇ ਕੀਟਾਣੂਆਂ ਨਾਲ ਲੜਨ ਦੀ ਤਾਕਤ ਪੈਦਾ ਹੋ ਜਾਂਦੀ ਹੈ। ਭਾਵ ਪੋਲੀਓ ਦੇ ਕੀਟਾਣੂਆਂ ਦੇ ਹਮਲੇ ਦਾ ਬੱਚੇ ਦੇ ਸਰੀਰ ’ਤੇ ਕੋਈ ਬੁਰਾ ਅਸਰ ਨਹੀਂ ਪੈਂਦਾ। ਪੋਲੀਓ ਬੂੰਦਾਂ ਬੱਚੇ ਦੇ ਸਰੀਰ ਵਿੱਚ ਪਹਿਲਾਂ ਤੋਂ ਹੀ ਮੌਜੂਦ ਪੋਲੀਓ ਦੇ ਹਾਨੀਕਾਰਕ ਕੀਟਾਣੂ਼ਆਂ ਨੂੰ ਹਾਨੀ ਰਹਿਤ ਕੀਟਾਣੂਆਂ ਵਿੱਚ ਤਬਦੀਲ ਕਰ ਦਿੰਦੀਆਂ ਹਨ। ਅਜਿਹੇ ਹਾਨੀ ਰਹਿਤ ਕੀਟਾਣੂ ਜਦੋਂ ਟੱਟੀ-ਪਿਸ਼ਾਬ ਰਾਹੀਂ ਬਾਹਰ ਆਉਂਦੇ ਹਨ ਤਾਂ ਹੋਰਾਂ ਬੱਚਿਆਂ ਵਿੱਚ ਪਹੁੰਚ ਕੇ ਉਹੀ ਕੰਮ ਕਰਦੇ ਹਨ, ਜੋ ਪੋਲੀਓ ਬੂੰਦਾਂ ਕਰਦੀਆਂ ਹਨ। ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਪੋਲੀਓ ਦੀ ਬਿਮਾਰੀ ਦਾ ਖਾਤਮਾ ਹੋ ਚੁੱਕਾ ਹੈ। ਸਿਰਫ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਨਾਈਜੀਰੀਆ ਮੁਲਕਾਂ ਵਿੱਚ ਇਸ ਬਿਮਾਰੀ ਦਾ ਪਰਕੋਪ ਅਜੇ ਵੀ ਜਾਰੀ ਹੈ। ਸੰਸਾਰ ਸਿਹਤ ਸੰਸਥਾ ਵਲੋਂ ਭਾਰਤ ਨੂੰ ਵੀ 27 ਫ਼ਰਵਰੀ 2014 ਵਿੱਚ ਪੋਲੀਓ ਮੁਕਤ ਦੇਸ਼ ਐਲਾਨ ਦਿੱਤਾ ਗਿਆ ਸੀ। ਯਾਦ ਰਹੇ ਸੰਨ 1995 ਤੋਂ ਸੰਸਾਰ ਸਿਹਤ ਸੰਸਥਾ ਵਲੋਂ ਦੁਨੀਆਂ ਦੇ ਸਭ ਦੇਸ਼ਾਂ ਦੀਆਂ ਸਰਕਾਰਾਂ ਸਮੇਤ ਲਾਇਨਜ਼ ਇੰਟਰਨੈਸ਼ਨਲ, ਰੋਟਰੀ ਇੰਟਰਨੈਸ਼ਨਲ, ਯੂਨੀਸੇਫ਼ ਅਤੇ ਹੋਰਨਾਂ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਵ ਵਿਆਪੀ ਪੱਧਰ ’ਤੇ ਪੋਲੀਓ ਦੇ ਕੀਟਾਣੂਆਂ ਦਾ ਮੁਕੰਮਲ ਸਫਾਇਆ ਕਰਨ ਲਈ ਆਖਰੀ ਲੜਾਈ ਵਜੋਂ ਤੀਬਰ ਪਲਸ ਪੋਲੀਓ ਮੁਹਿੰਮ (Intensified Pulse Polio Immunization Program) ਸ਼ੁਰੂ ਕੀਤੀ ਹੋਈ ਹੈ। 1995 ਤੋਂ ਪਹਿਲਾਂ ਦੁਨੀਆਂ ਭਰ ਦੇ ਕੁੱਲ ਪੋਲੀਓ ਦੇ ਕੇਸਾਂ ਵਿੱਚੋਂ 60 ਤੋਂ 70 ਪ੍ਰਤੀਸ਼ਤ ਕੇਸ ਭਾਰਤ ਵਿੱਚ ਹੁੰਦੇ ਸਨ। ਇਸ ਵਾਰੀ 19 ਜਨਵਰੀ 2020 ਨੂੰ ਇਸ ਮੁਹਿੰਮ ਦੌਰਾਨ ਜਨਮ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਸਮੂਹਿਕ ਰੂਪ ਵਿੱਚ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ. ਜ਼ਿਕਰਯੋਗ ਹੈ ਕਿ ਪਲਸ ਪੋਲੀਓ ਮੁਹਿੰਮ ਦੌਰਾਨ ਪਿਆਈਆਂ ਜਾਣ ਵਾਲੀਆਂ ਪੋਲੀਓ ਬੂੰਦਾਂ ਦਾ ਰੁਟੀਨ ਟੀਕਾਕਰਨ ਦੌਰਾਨ ਪਿਆਈਆਂ ਜਾਣ ਵਾਲੀਆਂ ਬੂੰਦਾਂ ਨਾਲ ਕੋਈ ਸਬੰਧ ਨਹੀਂ। ਭਾਵੇਂ ਕੋਈ ਬੱਚਾ ਪਹਿਲਾਂ ਕਿੰਨੇ ਵਾਰੀ ਵੀ ਪੋਲੀਓ ਬੂੰਦਾਂ ਪੀ ਚੁੱਕਾ ਹੋਵੇ, ਭਾਵੇਂ ਕੋਈ ਬੱਚਾ ਕਮਜ਼ੋਰ ਜਾਂ ਬਿਮਾਰ ਵੀ ਕਿਉਂ ਨਾ ਹੋਵੇ, ਭਾਵੇਂ ਕੋਈ ਬੱਚਾ ਸਫਰ ਕਰ ਰਿਹਾ ਹੋਵੇ ਅਤੇ ਜਾਂ ਫਿਰ ਕਿਸੇ ਬੱਚੇ ਦਾ ਜਨਮ ਹੋਏ ਨੂੰ ਇੱਕ ਮਿੰਟ ਵੀ ਹੋਇਆ ਹੋਵੇ, ਉਸ ਨੂੰ ਪੋਲੀਓ ਬੂੰਦਾਂ ਦੀ ਖੁਰਾਕ ਹਰ ਹਾਲਤ ਲਾਜ਼ਮੀ ਪਿਆਈ ਜਾਵੇ ਤਾਂ ਜੋ ਪੂਰੀ ਦੁਨੀਆਂ ’ਚੋਂ ਪੋਲੀਓ ਦੇ ਕੀਟਾਣੂਆਂ ਦਾ ਜੜ੍ਹੋ ਮੁਕੰਮਲ ਖਾਤਮਾ ਹੋ ਸਕੇ। ਸਿਹਤ ਵਿਭਾਗ ਦੇ ਅਧਿਕਾਰੀਆਂ-ਕਰਮਚਾਰੀਆਂ ਦਾ ਫ਼ਰਜ਼ ਬਣਦਾ ਹੈ ਕਿ ਪੋਲੀਓ ਦੀ ਦਵਾਈ ( ਵੈਕਸੀਨ) ਦੀ ਸਾਂਭ ਸੰਭਾਲ ਭਾਵ ਕੋਲਡ ਚੈਨ ਵੱਲ ਖਾਸ ਧਿਆਨ ਦੇਣ ਤਾਂ ਜੋ ਹਰ ਬੱਚੇ ਨੂੰ ਸਹੀ ਵੈਕਸੀਨ ਪਿਆਈ ਜਾਵੇ। ਸਭ ਦੇਸ਼ਾਂ ਦੀਆਂ ਸਰਕਾਰਾਂ ਦਾ ਸਾਂਝਾ ਫਰਜ਼ ਬਣਦਾ ਹੈ ਕਿ ਪੋਲੀਓ ਵਰਕਰਾਂ ਨੂੰ ਅਜਿਹੇ ਹਮਲਿਆਂ ਤੋਂ ਬਚਾਇਆ ਜਾਵੇ। ਦਰਅਸਲ ਸੱਚ ਤਾਂ ਇਹ ਹੈ ਕਿ ਪੋਲੀਓ ਦਾ ਜੜ੍ਹੋਂ ਖਾਤਮਾ ਸਾਡੇ ਸਭ ਦੇ ਹੱਥ ਵੱਸ ਹੈ। ਸੋ ਕੌਮਾਂਤਰੀ ਮਹੱਤਵ ਦੀ ਅਤੇ ਆਖਰੀ ਦੌਰ ’ਚ ਪਹੁੰਚ ਚੁੱਕੀ ਪੋਲੀਓ ਵਿਰੋਧੀ ਜੰਗ ਵਿੱਚ ਸ਼ਾਮਲ ਹੋਈਏ ਤਾਂ ਜੋ ਸਾਡੀ ਇਸ ਧਰਤੀ ਤੋਂ ਪੋਲੀਓ ਦੇ ਕੀਟਾਣੂਆਂ ਦਾ ਜੜ੍ਹੋਂ ਖਾਤਮਾ ਹੋ ਸਕੇ ਅਤੇ ਭਵਿੱਖ ਵਿੱਚ ਕੋਈ ਵੀ ਬੱਚਾ ਪੋਲੀਓ ਦਾ ਸ਼ਿਕਾਰ ਹੋ ਕੇ ਉਮਰ ਭਰ ਲਈ ਅੰਗਹੀਣ ਬਣ ਕੇ ਜਿਉਂਣ ਲਈ ਮਜਬੂਰ ਨਾ ਹੋਵੇ। ਇਹੀ ਪੋਲੀਓ ਵੈਕਸੀਨ ਦੇ ਪਿਤਾਮਾ ਡਾ. ਜੋਨਾਸ ਸਾਲਕ ਨੂੰ ਸਹੀ ਅਰਥਾਂ ਵਿੱਚ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ।

ਸੰਪਰਕ: 75894-27462

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਨੇ ਉਪ ਚੇਅਰਮੈਨ ਤੋਂ ਖੋਹ ਕੇ ਰੂਲ ਬੁੱਕ...

ਮੋਦੀ ਵੱਲੋਂ ਖੇਤੀ ਬਿੱਲ ਕਿਸਾਨੀ ਲਈ ਇਤਿਹਾਸਕ ਕਰਾਰ

ਮੋਦੀ ਵੱਲੋਂ ਖੇਤੀ ਬਿੱਲ ਕਿਸਾਨੀ ਲਈ ਇਤਿਹਾਸਕ ਕਰਾਰ

ਪੰਜਾਬ ਦੇ ਕਿਸਾਨਾਂ ਲਈ ਪੰਜਾਬੀ ’ਚ ਕੀਤਾ ਟਵੀਟ

ਇਰਾਨ ਖਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਬਹਾਲ ਹੋਈਆਂ: ਅਮਰੀਕਾ

ਇਰਾਨ ਖਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਬਹਾਲ ਹੋਈਆਂ: ਅਮਰੀਕਾ

ਕਈ ਮੁਲਕਾਂ ਨੇ ਅਮਰੀਕਾ ਦੇ ਕਦਮ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ

ਸ਼ਹਿਰ

View All