ਨਾਟਕਾਂ ਰਾਹੀਂ ਜਾਗਰੂਕਤਾ ਦਾ ਹੋਕਾ

ਲੜਕੀਆਂ ਦੇ ਨਾਟਕਾਂ/ਥੀਏਟਰ ਵਿੱਚ ਕੰਮ ਕਰਨ ਨੂੰ ਭਾਵੇਂ ਸਮਾਜ ਵਿੱਚ ਬਹੁਤਾ ਚੰਗਾ ਨਹੀਂ ਸਮਝਿਆਂ ਜਾਂਦਾ ਪਰ ਲੜਕੀਆਂ ਨੂੰ ਥੀਏਟਰ ਨਾਲ ਜੁੜ ਕੇ ਹੀ ਆਪਣੇ ਆਪ ਅਤੇ ਸਮਾਜ ਨੂੰ ਨੇੜਿਓਂ ਜਾਨਣ ਦਾ ਮੌਕਾ ਮਿਲਦਾ ਹੈ। ਇਸ ਸੋਚ ਨੂੰ ਲੈ ਕੇ ਪਿਛਲੇ ਦਸ ਸਾਲ ਤੋਂ ਥੀਏਟਰ ਨਾਲ ਜੁੜੀ ਸੁਪ੍ਰੀਤ ਨੇ ਨਾਟਕ ਕਲਾ ਵਿੱਚ ਆਪਣਾ ਵੱਖਰਾ ਸਥਾਨ ਬਣਾਇਆ ਹੈ। ਇਸ ਦੇ ਬਾਵਜੂਦ ਸੁਪ੍ਰੀਤ ਇਸ ਨੂੰ ਪੇਸ਼ੇ ਦੀ ਬਜਾਏ ਸ਼ੌਕ ਵਜੋਂ ਹੀ ਲੈ ਰਹੀ ਹੈ, ਜਦੋਂ ਕਿ ਅਧਿਆਪਕ ਬਣ ਕੇ ਸਿੱਖਿਆ ਪ੍ਰਣਾਲੀ ਵਿੱਚ ਤਬਦੀਲੀ ਕਰਨਾ ਉਸ ਦਾ ਮੁੱਖ ਟੀਚਾ ਹੈ। ਲਹਿਰਾਗਾਗਾ ਦੇ ਵੈਟਰਨਰੀ ਇੰਸਪੈਕਟਰ ਬਿਹਾਰੀ ਮੰਡੇਰ ਦੇ ਘਰ 23 ਵਰ੍ਹੇ ਪਹਿਲਾਂ ਜੰਮੀ ਸੁਪ੍ਰੀਤ ਨੂੰ ਕਲਾ ਦੀ ਗੁੜ੍ਹਤੀ ਆਪਣੇ ਦਾਦਾ ਅਤੇ ਗਵਾਲੀਅਰ ਘਰਾਣੇ ਦੇ ਉਸਤਾਦ ਪੰਡਤ ਜੇਠੂ ਰਾਮ ਤੋਂ ਮਿਲੀ। ਉਸ ਨੂੰ ਉਸ ਦੇ ਦਾਦਾ ਨੇ ਬਚਪਨ ਵਿੱਚ ਹੀ ਰਾਗ, ਮੰਤਰ ਉਚਾਰਨ ਅਤੇ ਧਾਰਮਿਕ ਸਿੱਖਿਆ ਦਿੱਤੀ। ਸੁਪ੍ਰੀਤ ਦੇ ਪਿਤਾ ਦਾ ਲੋਕ ਪੱਖੀ ਸਭਿਆਚਾਰਕ ਮੇਲਿਆਂ ਪ੍ਰਤੀ ਰੁਝਾਨ ਹੋਣ ਕਰਕੇ ਉਸ ਨੂੰ ਛੋਟੀ ਉਮਰ ਵਿੱਚ ਹੀ ਤਰਕਸ਼ੀਲਾਂ ਅਤੇ ਗਦਰੀ ਬਾਬਿਆਂ ਦੇ ਮੇਲੇ ’ਤੇ ਜਾਣ ਦਾ ਮੌਕਾ ਮਿਲਿਆ। ਡੀ.ਏ.ਵੀ. ਸਕੂਲ ਮੂਨਕ ਵਿੱਚ ਪੜ੍ਹਦੇ ਸਮੇਂ ਉਸ ਨੇ ਡਾਂਸ, ਗੀਤ, ਕਵਿਤਾ ਅਤੇ ਭਾਸ਼ਨ ਕਲਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਪਹਿਲੀ ਵਾਰ ਚੰਡੀਗੜ੍ਹ ਵਿਖੇ 2001 ਵਿੱਚ ਹੋਏ ਆਲ ਇੰਡੀਆ ਇੰਟਰ ਡੀ.ਏ.ਵੀ. ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਲਗਭਗ 13 ਸਾਲ ਦੀ ਉਮਰ ਵਿੱਚ ਉੱਘੇ ਕਲਾ ਪਾਰਖੂ ਸੈਮੂਅਲ ਜੋਹਨ ਦੇ ਪੀਪਲਜ਼ ਥੀਏਟਰ ਨਾਲ ਜੁੜ ਕੇ ਨਾਟਕਾਂ ਦਾ ਸਫ਼ਰ ਸ਼ੁਰੂ ਕੀਤਾ ਅਤੇ ਉਸ ਦੇ ਸ਼ੋਆਂ ਦੀ ਗਿਣਤੀ ਤਿੰਨ ਸੌ ਤੋਂ ਟੱਪ ਚੁੱਕੀ ਹੈ। ਉਹ 100 ਤੋਂ ਵੱਧ ਇਕ ਪਾਤਰੀ/ਸੋਲੋ ਨਾਟਕ ਪੰਜਾਬ ਦੀਆਂ ਨਾਮੀਂ ਸਟੇਜ਼ਾਂ ’ਤੇ ਕਰ ਚੁੱਕੀ ਹੈ। ਸਭ ਤੋਂ ਪਹਿਲਾਂ ਰੋਲ ਉਸ ਨੇ ਬਲਰਾਮ ਭਾਅ ਦੇ ਗੁਜਰਾਤ ਦੰਗਿਆਂ ਬਾਰੇ ਲਿਖੇ ਨਾਟਕ ‘ਤੈਂ ਕੀ ਦਰਦ ਨਾ ਆਇਆ’ ਵਿੱਚ ਕੀਤਾ। ਉਸ ਮਗਰੋਂ ‘ਮਿੱਟੀ ਰੁਦਨ ਕਰੇ, ਮਿੱਟੀ ਨਾ ਹੋਏ ਮਤਰੇਈ, ਬਾਲ ਭਗਵਾਨ, ਘਸਿਆ ਹੋਇਆ ਆਦਮੀ, ਨਦੀਆਂ ਨੂੰ ਤਾਪ ਚੜ੍ਹੇ’ ਵਰਗੇ ਦੋ ਸੌ ਤੋਂ ਵੱਧ ਸ਼ੋਅ ਕਰ ਚੁੱਕੀ ਹੈ। ਸੁਪ੍ਰੀਤ ਨੇ ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ’ਤੇ ਆਧਾਰਿਤ ਨਾਟਕ ‘ਬਾਗਾਂ ਦਾ ਰਾਖਾ’ ਨੂੰ ਮੁਕਤਸਰ ਮੇਲੇ, ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਪੰਜਾਬ ਦੇ ਹਰੇਕ ਕੋਨੇ ਦੇ ਮਜ਼ਦੂਰਾਂ ਦੇ ਵੇਹੜਿਆਂ ਵਿੱਚ ਖੇਡਣ ਤੋਂ ਇਲਾਵਾ ਅਲਾਹਾਬਾਦ ਦੇ ਸੰਗਮ ਮੇਲੇ ’ਤੇ ਖੇਡ ਕੇ ਸੈਂਕੜੇ ਦਰਸ਼ਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ। ਸਾਲ 2009-10 ਦੌਰਾਨ ਬੀ.ਐੱਡ ਕਰਦੇ ਸਮੇਂ ਸੁਪ੍ਰੀਤ ਨੇ ਆਪਣੇ ਕਾਲਜ ਦੀ ਟੀਮ ਤਿਆਰ ਕਰਵਾਈ, ਜਿਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਹਿਮਦਗੜ੍ਹ ਦੇ ਸ਼ਾਂਤੀ ਤਾਰਾ ਕਾਲਜ ਵਿੱਚ ਕਰਵਾਏ ਜ਼ੋਨਲ ਪੱਧਰ ਦੇ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ ਅਤੇ ਸੁਪ੍ਰੀਤ ਨੂੰ ‘ਬਿਹਤਰੀਨ ਅਦਾਕਾਰ’ ਐਲਾਨਿਆ ਗਿਆ। ਇਸ ਮੁਕਾਬਲੇ ਦੀ ਜੱਜ ਡਾ. ਜਸਪਾਲ ਦਿਓਲ ਨੇ ਉਸ ਨੂੰ ਜੂਨੀਅਰ ਸੈਮੂਅਲ ਜੋਹਨ ਦਾ ਖਿਤਾਬ ਦਿੱਤਾ। ਆਪਣੇ ਤਜਰਬੇ ਸਾਂਝੇ ਕਰਦੀ ਸੁਪ੍ਰੀਤ ਦੱਸਦੀ ਹੈ ਕਿ ਨਾਟਕ ਦੇ ਪਾਤਰ ਨੂੰ ਬਹੁਤ ਵਾਰ ਲੋਕ ਆਪਣੀ ਜ਼ਿੰਦਗੀ ਦੇ ਨਾਲ ਜੁੜਿਆਂ ਸਮਝ ਕੇ ਉਸ ਲਈ ਕੁਝ ਕਰਨ ਲਈ ਅੱਗੇ ਆਉਂਦੇ ਹਨ। ਪਟਿਆਲਾ ਦੇ ਪਿੰਡ ਦੁਲਬਾ ਵਿੱਚ ਨਾਟਕ ਖੇਡਣ ਮਗਰੋਂ ਤਿੰਨ ਔਰਤਾਂ ਵੱਲੋਂ ਦਿੱਤੇ ਸੂਟਾਂ ਨੂੰ ਉਹ ਅਸਲ ਸਨਮਾਨ ਸਮਝਦੀ ਹੈ। ਸੁਪ੍ਰੀਤ ਸੋਚਦੀ ਹੈ ਕਿ ਅਨਪੜ੍ਹਤਾ ਅਤੇ ਹੱਕਾਂ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਸਰਕਾਰ ਦੀਆਂ ਸਕੀਮਾਂ ਅਸਲ ਹੱਕਦਾਰਾਂ ਤੱਕ ਨਹੀਂ ਪਹੁੰਦੀਆਂ। ਨਾਟਕ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਉਸਾਰੂ ਭੂਮਿਕਾ ਨਿਭਾਅ ਸਕਦੇ ਹਨ।

-ਰਮੇਸ਼ ਭਾਰਦਵਾਜ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਦਾ ਸੱ...

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਡਿਪਟੀ ਕਮਿਸ਼ਨਰ ਨੇ ਸ਼ਰਾਬ ਜ਼ਹਿਰੀਲੀ ਹੋਣ ਦਾ ਖਦਸ਼ਾ ਪ੍ਰਗਟਾਇਆ

ਸ਼ਹਿਰ

View All