ਨਾਗਰਿਕਤਾ ਸੋਧ ਬਿੱਲ ਲੋਕ ਸਭਾ ’ਚ ਅੱਜ ਹੋਵੇਗਾ ਪੇਸ਼

ਨਵੀਂ ਦਿੱਲੀ, 8 ਦਸੰਬਰ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ਵਿੱਚ ਧਾਰਮਿਕ ਵਧੀਕੀਆਂ ਦਾ ਸ਼ਿਕਾਰ ਗ਼ੈਰ-ਮੁਸਲਿਮ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਮੰਗ ਕਰਦਾ ਨਾਗਰਿਕਤਾ (ਸੋਧ) ਬਿੱਲ ਸੋਮਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਅਦ ਦੁਪਹਿਰ ਇਸ ਬਿੱਲ ਨੂੰ ਹੇਠਲੇ ਸਦਨ ਵਿੱਚ ਰੱਖਣਗੇ। ਐੱਨਡੀਏ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਇਹ ਬਿੱਲ ਲੋਕ ਸਭਾ ਵਿੱਚ ਤਾਂ ਪਾਸ ਹੋ ਗਿਆ ਸੀ, ਪਰ ਉੱਤਰ ਪੂਰਬ ਰਾਜਾਂ ਦੇ ਵਿਰੋਧ ਕਰ ਕੇ ਰਾਜ ਸਭਾ ਵਿੱਚ ਸਰਕਾਰ ਨੂੰ ਹੱਥ ਪਿਛਾਂਹ ਖਿੱਚਣੇ ਪਏ ਸੀ। ਲੋਕ ਸਭਾ ਭੰਗ ਹੋਣ ਦੇ ਨਾਲ ਬਿੱਲ ਖੁਦ ਬਖ਼ੁਦ ਰੱਦ ਹੋ ਗਿਆ ਸੀ। ਉਧਰ ਉੱਤਰ-ਪੂਰਬ ਰਾਜਾਂ ਵਿੱਚ ਇਸ ਬਿੱਲ ਖ਼ਿਲਾਫ਼ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵੱਡੀ ਗਿਣਤੀ ਲੋਕ ਤੇ ਸੰਸਥਾਵਾਂ ਇਹ ਕਹਿੰਦਿਆਂ ਬਿੱਲ ਦਾ ਵਿਰੋਧ ਕਰ ਰਹੀਆਂ ਹਨ ਕਿ ਇਸ ਸੋਧ ਬਿੱਲ ਨਾਲ 1985 ਦੇ ਅਸਾਮ ਸਮਝੌਤੇ ਵਿਚਲੀਆਂ ਵਿਵਸਥਾਵਾਂ ਮਨਸੂਖ ਹੋ ਜਾਣਗੀਆਂ। ਸਮਝੌਤੇ ਤਹਿਤ ਕਿਸੇ ਵੀ ਧਰਮ ਨਾਲ ਸਬੰਧਤ ਗੈਰਕਾਨੂੰਨੀ ਪਰਵਾਸੀ ਨੂੰ ਜਲਾਵਤਨ ਕਰਨ ਲਈ 24 ਮਾਰਚ 1971 ਦੀ ਤਰੀਕ ਮਿੱਥੀ ਗਈ ਸੀ। ਨਾਰਥ ਈਸਟ ਵਿਦਿਆਰਥੀ ਜਥੇਬੰਦੀ (ਨੈਸੋ) ਨੇ ਬਿੱਲ ਦੇ ਵਿਰੋਧ ਵਿੱਚ 10 ਦਸੰਬਰ ਨੂੰ 11 ਘੰਟੇ ਬੰਦ ਦਾ ਸੱਦਾ ਦਿੱਤਾ ਹੈ। ਨਾਗਰਿਕਤਾ ਸੋਧ ਬਿੱਲ 2019 ਮੁਤਾਬਕ ਹਿੰਦੂ, ਸਿੱਖ, ਬੁੱਧ, ਜੈਨ, ਪਾਰਸੀ ਤੇ ਈਸਾਈ ਭਾਈਚਾਰੇ ਨਾਲ ਸਬੰਧਤ ਮੈਂਬਰਾਂ, ਜਿਨ੍ਹਾਂ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਜਿਹੇ ਮੁਲਕਾਂ ਵਿੱਚ ਧਾਰਮਿਕ ਵਧੀਕੀਆਂ ਕਰਕੇ 31 ਦਸੰਬਰ 2014 ਤਕ ਭਾਰਤ ਵਿੱਚ ਸ਼ਰਣ ਲਈ ਸੀ, ਨੂੰ ਗੈਰਕਾਨੂੰਨੀ ਪਰਵਾਸੀ ਨਾ ਮੰਨਦਿਆਂ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ। ਉਂਜ ਇਸ ਤਜਵੀਜ਼ਤ ਬਿੱਲ ਵਿਚਲੀ ਸੋਧ ਅਸਾਮ, ਮੇਘਾਲਿਆ, ਮਿਜ਼ੋਰਮ ਜਾਂ ਤ੍ਰਿਪੁਰਾ ਵਿੱਚ ਲਾਗੂ ਨਹੀਂ ਹੋਵੇਗੀ। -ਪੀਟੀਆਈ

ਨਾਗਰਿਕਤਾ ਸੋਧ ਬਿਲ ਦਾ ਪਾਸ ਹੋਣਾ ਜਿਨਾਹ ਦੀ ਜਿੱਤ ਹੋਵੇਗੀ: ਥਰੂਰ ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਦਾ ਸੰਸਦ ਵਿੱਚ ਪਾਸ ਹੋਣਾ ਯਕੀਨੀ ਤੌਰ ’ਤੇ ਮਹਾਤਮਾ ਗਾਂਧੀ ਦੀ ਨਹੀਂ ਬਲਕਿ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦੀ ਸੋਚ ਦੀ ਜਿੱਤ ਹੋਵੇਗੀ। ਥਰੂਰ ਨੇ ਕਿਹਾ ਕਿ ਧਰਮ ਅਧਾਰਿਤ ਨਾਗਰਿਕਤਾ ਦੇਣ ਦਾ ਅਮਲ ਭਾਰਤ ਨੂੰ ‘ਪਾਕਿਸਤਾਨ ਦੇ ਹਿੰਦੂਤਵ ਤਰਜਮੇ’ ਤਕ ਸੀਮਤ ਕਰ ਦੇਵੇਗਾ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਕਥਿਤ ‘ਇਕ ਭਾਈਚਾਰੇ’ ਨੂੰ ਦੇਸ਼ ’ਚੋਂ ਬਾਹਰ ਕੱਢਣਾ ਚਾਹੁੰਦੀ ਹੈ। ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਥਰੂਰ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਜੇਕਰ ਇਹ ਬਿੱਲ ਸੰਸਦ ਦੇ ਦੋਵਾਂ ਸਦਨਾਂ ਵਿੱਚ ਪਾਸ ਵੀ ਹੋ ਜਾਵੇ, ਤਾਂ ਵੀ ਸਿਖਰਲੀ ਅਦਾਲਤ ਭਾਰਤੀ ਸੰਵਿਧਾਨ ਦੇ ਮੌਲਿਕ ਸਿਧਾਂਤਾਂ ਦੀ ਅਜਿਹੀ ‘ਗੰਭੀਰ ਉਲੰਘਣਾ’ ਦੀ ਇਜਾਜ਼ਤ ਨਹੀਂ ਦੇਵੇਗੀ। -ਪੀਟੀਆਈ

ਘੱਟਗਿਣਤੀਆਂ ਨੇ ਵੰਡ ਦਾ ਸੰਤਾਪ ਹੰਢਾਿੲਆ: ਮਾਧਵ ਨਵੀਂ ਦਿੱਲੀ: ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਨਾਗਰਿਕਤਾ ਸੋਧ ਬਿੱਲ ਦਾ ਬਚਾਅ ਕਰਦਿਆਂ ਕਿਹਾ ਕਿ ਭਾਰਤ, ਗੁਆਂਢੀ ਮੁਲਕਾਂ ਵਿੱਚ ਧਾਰਮਿਕ ਵਧੀਕੀਆਂ ਹੰਢਾਉਣ ਵਾਲੇ ‘ਪੀੜਤਾਂ’ ਨੂੰ ਨਿਰਧਾਰਿਤ ਸਮੇਂ ’ਚ ਨਾਗਰਿਕਤਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਗੁਆਂਂਢੀ ਮੁਲਕਾਂ ਵਿੱਚ ਧਾਰਮਿਕ ਵਧੀਕੀਆਂ ਦੇ ਸ਼ਿਕਾਰ ਘੱਟਗਿਣਤੀਆਂ ਨੇ ਅਸਲ ਵਿੱਚ ਦੇਸ਼ ਵੰਡ ਦਾ ਸੰਤਾਪ ਹੰਢਾਇਆ ਹੈ। ਉਨ੍ਹਾਂ ਬਿੱਲ ਨੂੰ ਲੈ ਕੇ ਹੋ ਰਹੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਕਿਹਾ ਕਿ ਜਵਾਹਰਲਾਲ ਨਹਿਰੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ 1950 ਵਿੱਚ ਅਜਿਹਾ ਹੀ ਇਕ ਕਾਨੂੰਨ ‘ਇਮੀਗ੍ਰੈਂਟਸ (ਅਸਾਮ ’ਚੋਂ ਦੇਸ਼ ਨਿਕਾਲਾ) ਐਕਟ’ ਅਮਲ ਵਿੱਚ ਲਿਆਂਦਾ ਸੀ। -ਪੀਟੀਆਈ

ਕਾਂਗਰਸ ਬਿੱਲ ਦਾ ਡੱਟਵਾਂ ਵਿਰੋਧ ਕਰੇਗੀ ਨਵੀਂ ਦਿੱਲੀ: ਕਾਂਗਰਸ ਦੇ ਲੋਕ ਸਭਾ ਵਿੱਚ ਆਗੂ ਅਧੀਰ ਰੰਜਨ ਚੌਧਰੀ ਨੇ ਅੱਜ ਕਿਹਾ ਹੈ ਕਿ ਪਾਰਟੀ ਨਾਗਰਿਕਤਾ ਸੋਧ ਬਿੱਲ ਦਾ ਸੰਸਦ ਵਿੱਚ ਸਖਤ ਵਿਰੋਧ ਕਰੇਗੀ ਕਿਉਂਕਿ ਇਹ ਦੇਸ਼ ਦੇ ਸੰਵਿਧਾਨ ਅਤੇ ਇਸ ਦੀ ਜਮਹੂਰੀ ਭਾਵਨਾ ਦੇ ਵਿਰੁੱਧ ਹੈ। ਸ੍ਰੀ ਚੌਧਰੀ ਨੇ ਇਹ ਪ੍ਰਗਟਾਵਾ ਇੱਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਕਾਂਗਰਸ ਸੰਸਦੀ ਪਾਰਟੀ ਦੀ ਰਣਨੀਤੀ ਘੜਨ ਵਾਲੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕੀਤਾ। ਮੀਟਿੰਗ ਵਿੱਚ ਰਾਜ ਸਭਾ ਵਿੱਚ ਕਾਂਗਰਸ ਦੇ ਆਗੂ ਗੁਲਾਮ ਨਬੀ ਆਜ਼ਾਦ, ਲੋਕ ਸਭਾ ਵਿੱਚ ਚੀਫ਼ ਵ੍ਹਿਪ ਕੇ ਸੁਰੇਸ਼ ਅਤੇ ਵ੍ਹਿਪ ਗੌਰਵ ਗੋਗੋਈ ਵੀ ਸ਼ਾਮਲ ਹੋਏ। ਇਸ ਬਿਲ ਵਿੱਚ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਭਾਰਤ ਪੁੱਜੇ ਗੈਰ-ਮੁਸਲਮਾਨਾਂ ਨੂੰ ਦੇਸ਼ ਦੀ ਨਾਗਰਿਕਤਾ ਦੇਣ ਦੀ ਵਿਵਸਥਾ ਹੈ। -ਪੀਟੀਆਈ

ਅਕਾਲੀ ਦਲ ਕਰੇਗਾ ਹਮਾਇਤ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਨਾਗਰਿਕਤਾ ਸੋਧ ਬਿੱਲ ਨੂੰ ਸਰਕਾਰ ਵੱਲੋਂ ਸੰਸਦ ਵਿੱਚ ਪੇਸ਼ ਕਰਨ ਦੀ ਹਮਾਇਤ ਕੀਤੀ ਹੈ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕਿਹਾ ਹੈ ਕਿ ਪਾਰਟੀ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋ ਰਹੀ ਹੈ। ਪਾਰਟੀ ਨੇ ਕਿਹਾ ਹੈ ਕਿ ਇਹ ਲਾਭ ਬਿਨਾਂ ਧਰਮ ਦੇਖਿਆ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ਅਤੇ ਮੁਸਲਮਾਨਾਂ ਨੂੰ ਲਾਭ ਤੋਂ ਵਾਂਝੇ ਨਹੀਂ ਰੱਖਣਾ ਚਾਹੀਦਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All