ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ...

ਵਾਹਗਿਓਂ ਪਾਰ

ਕਰੋਨਾ ਵਾਇਰਸ ਸੰਕਟ ਤੋਂ ਉਪਜੀ ਨਾਉਮੀਦੀ ਨੂੰ ਉਮੀਦ ਵਿਚ ਬਦਲਣ ਅਤੇ ਸਮੁੱਚੀ ਮਾਨਵਤਾ ਨੂੰ ਨਜ਼ਦੀਕ ਲਿਆਉਣ ਲਈ ਗੀਤ-ਸੰਗੀਤ ਦਾ ਸਹਾਰਾ ਲਏ ਜਾਣ ਦਾ ਸਿਲਸਿਲਾ ਪਿਛਲੇ ਤਿੰਨ ਮਹੀਨਿਆਂ ਤੋਂ ਆਲਮੀ ਪੱਧਰ ’ਤੇ ਜਾਰੀ ਹੈ। ਇਸੇ ਸਿਲਸਿਲੇ ਦੀ ਤਾਜ਼ਾਤਰੀਨ ਕੜੀ ਪਾਕਿਸਤਾਨੀ ਸੰਗੀਤਕਾਰ ਕਾਸ਼ਾਨ ਅਡਮਾਨੀ ਵੱਲੋਂ ਅੰਗਰੇਜ਼ੀ ਤੇ ਉਰਦੂ ਵਿਚ ਰਚਿਆ ਗੀਤ ਹੈ ਜਿਸ ਨੂੰ ‘ਉਮੀਦ ਦੇ ਨਗ਼ਮੇ’ ਵਿਚ ਬਦਲਣ ਲਈ ਸੱਤ ਮੁਲਕਾਂ ਦੇ 40 ਨਾਮਵਰ ਸਾਜ਼ਿੰਦਿਆਂ ਤੇ ਗਾਇਕਾਂ ਨੇ ਸਹਿਯੋਗ ਦਿੱਤਾ ਹੈ। ਪਾਕਿਸਤਾਨੀ ਰੋਜ਼ਨਾਮੇ ‘ਡਾਅਨ’ ਦੀ ਰਿਪੋਰਟ ਅਨੁਸਾਰ ਉਮੀਦ ਦੇ ਇਸ ਗੀਤ ‘ਵੀ ਆਰ ਵਨ, ਟੂਗੈਦਰ... ਐ ਖ਼ੁਦਾ, ਤੂੰ ਹੀ ਸਭ ਕਾ ਪਾਸਬਾਂ’ ਵਾਸਤੇ ਸਹਿਯੋਗ ਜੁਟਾਉਣ ਲਈ ਅਡਮਾਨੀ ਨੂੰ ਸਿਰਫ਼ ਤਿੰਨ ਦਿਨ ਲੱਗੇ। ਅਡਮਾਨੀ ਨੇ ‘ਡਾਅਨ’ ਨੂੰ ਦੱਸਿਆ, ‘‘ਇਹ ਗੀਤ ਉਮੀਦ, ਸਾਂਝੀਵਾਲਤਾ, ਰੂਹਾਨੀਅਤ ਤੇ ਸਮਾਜਿਕ ਸਦਭਾਵ ਦਾ ਸੁਨੇਹਾ ਹੈ। ਸੰਗੀਤ ਵਿਚ ਨਾਉਮੀਦੀ ਮਿਟਾਉਣ ਅਤੇ ਸਾਰਥਿਕ ਊਰਜਾ ਫੈਲਾਉਣ ਦੀ ਤਾਕਤ ਸਦਾ ਮੌਜੂਦ ਰਹੀ ਹੈ। ਗ਼ਮਗੀਨ ਹਾਲਾਤ ਵਿਚ ਵੀ ਇਹ ਆਸਵੰਦੀ ਜਗਾਉਣ ਦਾ ਪੁਖ਼ਤਾ ਵਸੀਲਾ ਸਾਬਤ ਹੁੰਦਾ ਆਇਆ ਹੈ। ਇਸ ਗੀਤ ਰਾਹੀਂ ਅਸੀਂ ਦਰਸਾਇਆ ਹੈ ਕਿ ਇਨਸਾਨੀਅਤ ਅਜੇ ਵੀ ਬਲਸ਼ਾਲੀ ਹੈ। ਇਸ ਨੂੰ ਜੱਦੋਜਹਿਦ ਕਰਨੀ ਆਉਂਦੀ ਹੈ ਅਤੇ ਇਹ ਦੇਰ-ਸਵੇਰ ਵਿਜਯੀ ਹੋ ਕੇ ਦਿਖਾਏਗੀ।’’ ਗੀਤ ਵਿਚ ਸਹਿਯੋਗ ਕਰਨ ਵਾਲੇ ਅੱਧੇ ਤੋਂ ਵੱਧ ਸਾਜ਼ਿੰਦੇ/ਗਾਇਕ ਗਰੈਮੀ ਪੁਰਸਕਾਰ ਜੇਤੂ ਹਨ। ਇਨ੍ਹਾਂ ਵਿਚ ਮੁੱਖ ਤੌਰ ’ਤੇ ਚਾਰਲਸ ਬਿਸ਼ਾਰਤ, ਸਾਇਮਨ ਫਿਲਿਪਸ ਤੇ ਸਟੂ ਹੈਮ (ਅਮਰੀਕਾ), ਉੱਘਾ ਆਲਮੀ ਗਿਟਾਰਵਾਦਕ ਰੌਕਨ ਮੀਰੋਸ਼ਿਨੀਚੈਂਕੋ (ਰੂਸ), ਲਿਲੀ ਕੈਸਿਲੀ (ਗ੍ਰੇਟ ਬ੍ਰਿਟੇਨ), ਡਾ. ਪਲਾਸ਼ ਸੇਨ (ਭਾਰਤ), ਮੈਟ ਲੌਰੈਂਟ (ਕੈਨੇਡਾ) ਅਤੇ ਲੁਇਜ਼ਾ ਪਰੋਸ਼ੈੱਟ (ਬ੍ਰਾਜ਼ੀਲ) ਸ਼ਾਮਲ ਹਨ। ਪਾਕਿਸਤਾਨੀ ਕਲਾਕਾਰਾਂ ਵਿਚੋਂ ਨਜ਼ਮ ਸ਼ੀਰਾਜ਼, ਫਾਖ਼ਿਰ ਤੇ ਫ਼ਾਰੂਕ ਅਹਿਮਦ  (ਤਿੰਨੋਂ ‘ਆਰੋਹ’ ਗਰੁੱਪ ਤੋਂ), ਨਤਾਸ਼ਾ ਖ਼ਾਨ, ਨਤਾਸ਼ਾ ਬੇਗ਼, ਦੀਨੋ ਅਲੀ ਅਤੇ ਖ਼ਾਲਿਦ ਅਨਾਮ ਦੇ ਨਾਮ ਵਰਨਣਯੋਗ ਹਨ। * * *

ਮਾਸਕ ਬਣਾਏ ਲਾਜ਼ਮੀ ਭਾਰਤ ਵਾਂਗ ਪਾਕਿਸਤਾਨ ਵਿਚ ਵੀ ਕਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ ਧੜਾਧੜ ਵਧਦੀ ਜਾ ਰਹੀ ਹੈ। ਐਤਵਾਰ ਨੂੰ ਇਹ ਗਿਣਤੀ 70 ਹਜ਼ਾਰ ਦਾ ਅੰਕੜਾ ਪਾਰ ਕਰ ਗਈ। ਇਸ ਮੁਲਕ ਵਿਚ ਲੌਕਡਾਊਨ ਭਾਰਤ ਤੋਂ ਪਹਿਲੇ ਨਰਮ ਬਣਾ ਦਿੱਤੀ ਗਈ ਸੀ ਅਤੇ ਇਹ ਤਵੱਕੋ ਕੀਤੀ ਜਾਂਦੀ ਸੀ ਕਿ ਵਾਇਰਸ ਦੀ ਲਾਗ ਵਿਚ ਕਮੀ ਆਉਣ ਦਾ ਅਮਲ ਜਲਦ ਸ਼ੁਰੂ ਹੋ ਜਾਵੇਗਾ, ਪਰ ਇਹ ਉਮੀਦ ਪੂਰੀ ਨਹੀਂ ਹੋਈ। ਪਿਛਲੇ ਇਕ ਹਫ਼ਤੇ ਤੋਂ ਮੁਲਕ ਵਿਚ ਕੇਸ 2700 ਦੀ ਰੋਜ਼ਾਨਾ ਔਸਤ ਨਾਲ ਵਧਦੇ ਜਾ ਰਹੇ ਹਨ। ਇਸੇ ਲਈ ਮਰਕਜ਼ੀ ਸਰਕਾਰ ਨੇ ਘਰਾਂ ’ਚੋਂ ਬਾਹਰ ਨਿਕਲਣ ਵਾਲਿਆਂ ਲਈ ਮਾਸਕ ਪਹਿਨਣਾ ਲਾਜ਼ਮੀ ਕਰਾਰ ਦੇ ਦਿੱਤਾ ਹੈ। ਵਜ਼ੀਰੇ ਆਜ਼ਮ ਦੇ ਵਿਸ਼ੇਸ਼ ਸਹਾਇਕ ਡਾ. ਜ਼ਫ਼ਰ ਮਿਰਜ਼ਾ ਨੇ ਸ਼ਨਿੱਚਰਵਾਰ ਨੂੰ ਇਕ ਵੀਡੀਓ ਕਾਨਫਰੰਸ ਰਾਹੀਂ ਮਾਸਕ ਦੀ ਉਪਯੋਗਤਾ ਦੇ ਨੁਕਤੇ ਗਿਣਾਏ ਅਤੇ ਕਿਹਾ ਕਿ ਮਾਰਕੀਟਾਂ, ਸ਼ਾਪਿੰਗ ਮਾਲਜ਼, ਕਾਰੋਬਾਰੀ ਅਦਾਰਿਆਂ, ਸਰਕਾਰੀ ਦਫ਼ਤਰਾਂ ਆਦਿ ਤੋਂ ਇਲਾਵਾ ਮਸਜਿਦਾਂ ਦੇ ਅੰਦਰ ਵੀ ਮਾਸਕ ਜਾਂ ਨਕਾਬ ਪਹਿਨਣੀ ਲਾਜ਼ਮੀ ਹੋਵੇਗੀ। ਰੋਜ਼ਨਾਮਾ ‘ਡੇਲੀ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਿਕ ਪਾਕਿਸਤਾਨ ਵਿਚ ਮਾਸਕ ਨਾ ਪਹਿਨਣਾ ਬਰਿਆੜੀ ਤੇ ਜਾਂਬਾਜ਼ੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਸੀਨੀਅਰ ਸਿਆਸਤਦਾਨ, ਆਲ੍ਹਾ ਅਫ਼ਸਰ ਤੇ ਸੀਨੀਅਰ ਜੱਜ ਵੀ ਮੂੰਹ-ਨੱਕ ਢਕੇ ਬਿਨਾਂ ਜਨਤਕ ਤੌਰ ’ਤੇ ਵਿਚਰਦੇ ਆਏ ਹਨ। ‘‘ਹੁਣ ਕਈ ਨਾਮਵਰਾਂ ਦੀਆਂ ਵਿਕਟਾਂ ਕਰੋਨਾ ਦੀ ਬੱਲੇਬਾਜ਼ੀ ਅੱਗੇ ਝੜਨ ਤੋਂ ਬਾਅਦ ਮਰਕਜ਼ੀ ਸਰਕਾਰ ਨੂੰ ਸੁਰਤ ਆਈ ਹੈ ਕਿ ਆਮ ਜਨਤਾ ਦੇ ਨਾਲ ਨਾਲ ‘ਵਡੇਰਿਆਂ’ ਨੂੰ ਵੀ ਸਹੀ ਸੁਨੇਹਾ ਦੇਣਾ ਜ਼ਰੂਰੀ ਹੈ। ਇਸੇ ਲਈ ‘ਵਡੇਰਿਆਂ’ ਲਈ ਜੁਰਮਾਨੇ ਦੀ ਦਰ ਵੀ ਮੁਫ਼ਲਿਸੀਆਂ ਤੋਂ ਦੁੱਗਣੀ ਰੱਖੀ ਗਈ ਹੈ।’’ ਜ਼ਿਕਰਯੋਗ ਹੈ ਕਿ ਕਰੋਨਾ ਪੀੜਤਾਂ ਦੀ ਫਹਿਰਿਸਤ ਵਿਚ ਤਾਜ਼ਾਤਰੀਨ ਇਜ਼ਾਫ਼ਾ ਮਰਕਜ਼ੀ ਵਜ਼ੀਰ ਸ਼ਹਰਯਾਰ ਅਫ਼ਰੀਦੀ ਵੱਲੋਂ ਕੀਤਾ ਗਿਆ ਹੈ। ਪਹਿਲਾਂ ਕੌਮੀ ਅਸੈਂਬਲੀ ਦੇ ਸਪੀਕਰ, ਅਸਦ ਕੈਸਰ ਕੋਵਿਡ-19 ਦੇ ਮਰੀਜ਼ ਨਿਕਲੇ ਸਨ। ਇੰਜ ਹੀ, ਸਿੰਧ ਸੂਬੇ ਦੇ ਗਵਰਨਰ ਇਮਰਾਨ ਇਸਮਾਈਲ ਵੀ ਇਲਾਜ ਦਾ ਵਕਫ਼ਾ ਪੂਰਾ ਹੋਣ ਮਗਰੋਂ ਹੁਣ 14 ਦਿਨਾਂ ਲਈ ਇਕਾਂਤਵਾਸ ਹਨ। ਪੀੜਤ ਵਿਧਾਇਕਾਂ ਦੀ ਗਿਣਤੀ 11 ਹੋ ਚੁੱਕੀ ਹੈ। ਇਨ੍ਹਾਂ ਵਿਚ ਪੰਜਾਬ ਅਸੈਂਬਲੀ ਵਿਚ ਪੀਐੱਮਐੱਲ-ਐੱਨ ਦੇ ਚੀਫ ਵ੍ਹਿਪ ਰਾਣਾ ਆਰਿਫ਼ ਇਕਬਾਲ ਅਤੇ ਸੂਬਾ ਸਿੰਧ ਵਿਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਹਿੰਦੂ ਆਗੂ ਤੇ ਵਿਧਾਨਕਾਰ ਰਾਣਾ ਹਮੀਰ ਸਿੰਘ ਦੇ ਨਾਮ ਖ਼ਾਸ ਤੌਰ ’ਤੇ ਜ਼ਿਕਰਯੋਗ ਹਨ। ਰੋਜ਼ਨਾਮਾ ‘ਦੁਨੀਆਂ’ ਦੇ ਸ਼ਨਿੱਚਰਵਾਰ ਦੇ ਅਦਾਰੀਏ (ਸੰਪਾਦਕੀ) ਮੁਤਾਬਿਕ ‘‘ਪਾਕਿਸਤਾਨ ਵਿਚ ਕੋਵਿਡ-19 ਦੇ ਪਸਾਰੇ ਦੀ ਦਰ ਭਾਰਤ, ਇਰਾਨ ਤੇ ਅਫ਼ਗਾਨਿਸਤਾਨ ਦੇ ਮੁਕਾਬਲੇ ਘੱਟ ਹੈ। ਇਸੇ ਕਾਰਨ ਸਿਹਤ ਸਹੂਲਤਾਂ ਉਪਰ ਓਨਾ ਬੋਝ ਨਹੀਂ ਪਿਆ ਜਿੰਨੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਸਨ। ਇਸ ਦੇ ਬਾਵਜੂਦ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਮਹਿਜ਼ 36 ਫ਼ੀਸਦੀ ਹੈ। ਇਹ ਆਪਣੇ ਆਪ ਵਿਚ ਚਿੰਤਾ ਵਾਲੀ ਗੱਲ ਹੈ। ਜ਼ਾਹਿਰ ਹੈ ਕਿ ਮਰੀਜ਼ ਜਿੰਨੀ ਤੇਜ਼ੀ ਨਾਲ ਆ ਰਹੇ ਹਨ, ਓਨੀ ਤੇਜ਼ੀ ਨਾਲ ਠੀਕ ਨਹੀਂ ਹੋ ਰਹੇ।’’ * * *

ਟਿੱਡੀ ਦਲ ਤੋਂ ਦੁਖੀ ਕਿਸਾਨੀ ਟਿੱਡੀ ਦਲਾਂ ਦੇ ਹਮਲਿਆਂ ਨਾਲ ਸਿੱਝਣ ਲਈ ਭਾਰਤ ਤੇ ਪਾਕਿਸਤਾਨ ਤਾਂ ਆਪਸੀ ਸਹਿਯੋਗ ਦੇ ਰਾਹ ਤੁਰ ਪਏ ਹਨ, ਪਰ ਇਹ ਸਹਿਯੋਗ ਪਾਕਿਸਤਾਨੀ ਸੂਬਿਆਂ ਦੀਆਂ ਸਰਕਾਰਾਂ ਦਰਮਿਆਨ ਨਜ਼ਰ ਨਹੀਂ ਆ ਰਿਹਾ। ਅਜਿਹੇ ਤਾਅਵੁੱਨ ਦੀ ਕਮੀ ਤੋਂ ਕਾਸ਼ਤਕਾਰ ਤਬਕਾ ਨਿਹਾਇਤ ਦੁਖੀ ਹੈ। ਅੰਗਰੇਜ਼ੀ ਰੋਜ਼ਨਾਮਾ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਟਿੱਡੀ ਦਲ ਪਿਛਲੇ ਦੋ ਸਾਲਾਂ ਤੋਂ ਕਾਸ਼ਤਕਾਰਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ। ‘‘ਪਿਛਲੇ ਸਾਲ ਟਿੱਡੀ ਦਲਾਂ ਦੀ ਯਮਨ ਤੇ ਸੂਡਾਨ ਤੋਂ ਆਮਦ ਨੇ ਸੂਬਾ ਸਿੰਧ ਵਿਚ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਹੁਣ 2020 ਦੇ ਮੁੱਢ ਤੋਂ ਹੀ ਸਿੰਧ ਤੇ ਜਨੂਬੀ (ਦੱਖਣੀ) ਪੰਜਾਬ ਵਿਚ ਛੋਟੇ-ਵੱਡੇ ਟਿੱਡੀ ਦਲ ਲਗਾਤਾਰ ਹਮਲੇ ਕਰਦੇ ਆ ਰਹੇ ਹਨ, ਪਰ ਨਾ ਤਾਂ ਮਰਕਜ਼ੀ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਿੰਧ ਸਰਕਾਰ ਨਾਲ ਤਾਲਮੇਲ ਬਿਠਾਉਣਾ ਵਾਜਬ ਸਮਝਿਆ ਹੈ। ਮਰਕਜ਼ੀ ਸਰਕਾਰ ਨੇ ਦਿਹਾਤੀ ਇਲਾਕਿਆਂ ਵਿਚ ਦਵਾਈਆਂ ਦੇ ਹਵਾਈ ਛਿੜਕਾਅ ਲਈ ਜਹਾਜ਼ ਮੁਹੱਈਆ ਕਰਵਾਉਣੇ ਵਾਜਬ ਨਹੀਂ ਸਮਝੇ। ਦੂਜੇ ਪਾਸੇ ਪੰਜਾਬ ਸਰਕਾਰ ਦਾ ਰੁਖ਼ ਇਹ ਹੈ ਕਿ ਉਸ ਨੂੰ ਇਹ ਸਮੱਸਿਆ ਆਪਣੇ ਸੂਬੇ ਦੀ ਨਾ ਹੋ ਕੇ ਸਿਰਫ਼ ਸਿੰਧ ਸੂਬੇ ਦੀ ਹੀ ਜਾਪਦੀ ਹੈ। ਉਸ ਨੂੰ ਨਾ ਬਹਾਵਲਪੁਰ ਡਿਵੀਜ਼ਨ ਵਿਚ ਹੋਏ ਨੁਕਸਾਨ ਦਾ ਫ਼ਿਕਰ ਹੈ ਅਤੇ ਨਾ ਹੀ ਸਾਹੀਵਾਲ ਡਿਵੀਜ਼ਨ ਦਾ। ਪੰਜਾਬ ਨੂੰ ਸਿਰਫ਼ ਮਾਝੇ ਜਾਂ ਬਾਰਾਂ ਤੱਕ ਦਾ ਹੀ ਸੂਬਾ ਮੰਨਣ ਦੀ ਨੀਤੀ ਸਮੁੱਚੇ ਪਾਕਿਸਤਾਨ ਲਈ ਖੇਤੀ ਸੰਕਟ, ਅਤੇ ਖ਼ਾਸ ਕਰਕੇ ਖੁਰਾਕੀ ਸੰਕਟ ਖੜ੍ਹਾ ਕਰ ਸਕਦੀ ਹੈ।’’ * * *

ਮੀਡੀਆ ਨਾਲ ਧੱਕੇਸ਼ਾਹੀ ਅੰਗਰੇਜ਼ੀ ਰੋਜ਼ਨਾਮਾ ‘ਡੇਲੀ ਟਾਈਮਜ਼’ ਨੇ ਇਕ ਮਜ਼ਮੂਨ ਰਾਹੀਂ ਸਰਕਾਰ ਉਪਰ ਮੀਡੀਆ ਨਾਲ ਧੱਕਾ ਕਰਨ ਅਤੇ ਨੁਕਤਾਚੀਨੀ ਨੂੰ ਰੋਕਣ ਲਈ ਅਦਾਇਗੀਆਂ ਨੂੰ ਹਥਿਆਰ ਵਜੋਂ ਵਰਤਣ ਦਾ ਦੋਸ਼ ਲਾਇਆ ਹੈ। ਮਜ਼ਮੂਨ ਅਨੁਸਾਰ, ‘‘ਮੀਡੀਆ ਅਦਾਰਿਆਂ ਨੂੰ ਕਰੋਨਾ ਸੰਕਟ ਕਾਰਨ ਆਪਣੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇਣੀਆਂ ਔਖੀਆਂ ਹੋ ਗਈਆਂ ਹਨ। ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਸਰਕਾਰੀ ਇਸ਼ਤਿਹਾਰਾਂ ਦੀਆਂ ਅਦਾਇਗੀਆਂ ਤੇ ਹੋਰ ਬਕਾਏ ਇਕ ਮਹੀਨੇ ਦੇ ਅੰਦਰ-ਅੰਦਰ ਚੁਕਤਾ ਕਰ ਦੇਵੇਗੀ, ਪਰ ਉਸ ਨੇ ਅਜਿਹਾ ਕੁਝ ਨਹੀਂ ਕੀਤਾ। ਅਦਾਇਗੀਆਂ ਸਿਰਫ਼ ਉਨ੍ਹਾਂ ਅਦਾਰਿਆਂ ਨੂੰ ਕੀਤੀਆਂ ਜਾ ਰਹੀਆਂ ਹਨ ਜੋ ਸਿਰਫ਼ ਸਰਕਾਰੀ ਬੋਲੀ ਬੋਲਦੇ ਹਨ। ਇਹ ਨੀਤੀ, ਮੀਡੀਆ ਦੀ ਆਜ਼ਾਦੀ ਉਪਰ ਸਿੱਧਾ ਵਾਰ ਹੈ।’’ ਮਜ਼ਮੂਨ ਵਿਚ ਮੀਡੀਆ ਘਰਾਣਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਸਰਕਾਰੀ ਨੀਤੀ ਖ਼ਿਲਾਫ਼ ਇਕਮੁੱਠਤਾ ਦਾ ਇਜ਼ਹਾਰ ਕਰਨ। ਨਾਲ ਹੀ ਮਾਮਲਾ ਸੁਪਰੀਮ ਕੋਰਟ ਵਿਚ ਲਿਜਾਣ ਦੀ ਧਮਕੀ ਵੀ ਦਿੱਤੀ ਗਈ ਹੈ। ਦੂਜੇ ਪਾਸੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੇ ਮੀਡੀਆ ਸਲਾਹਕਾਰ ਆਸ਼ਿਮ ਸਲੀਮ ਬਾਜਵਾ (ਸਾਬਕਾ ਲੈਫਟੀ. ਜਨਰਲ) ਨੇ ਇਸ ਵਿਸ਼ੇ ਉੱਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। - ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All