ਨਸ਼ੇੜੀ ਵੱਲੋਂ ਨਸ਼ਾ ਰੋਕੂ ਕਮੇਟੀ ਦੇ ਆਗੂ ’ਤੇ ਫਾਇਰਿੰਗ

ਹਸਪਤਾਲ ’ਚ ਦਾਖ਼ਲ ਨਸ਼ਾ ਰੋਕੂ ਕਮੇਟੀ ਕੋਟਲੀ ਦਾ ਆਗੂ ਸਤਨਾਮ ਸਿੰਘ।

ਜਸਵੀਰ ਸਿੰਘ ਭੁੱਲਰ ਦੋਦਾ, 11 ਅਗਸਤ ਇਸ ਖੇਤਰ ਵਿਚ ਅੱਜ ਉਸ ਸਮੇਂ ਸਹਿਮ ਫੈਲ ਗਿਆ ਜਦੋਂ ਸੰਤ ਮਹੇਸ਼ ਮੁਨੀ ਬੋਰੇਵਾਲੇ ਕਲੱਬ ਦੇ ਪ੍ਰਧਾਨ ਅਤੇ ਨਸ਼ਾ ਰੋਕੂ ਕਮੇਟੀ ਕੋਟਲੀ ਦੇ ਆਗੂ ਸਤਨਾਮ ਸਿੰਘ ਬੱਬਾ ਪੁੱਤਰ ਮੋਹਨ ਸਿੰਘ ਨੂੰ ਇਥੋਂ ਦੇ ਹੀ ਨਸ਼ੇੜੀ ਕਰਨ ਸਿੰਘ ਉਰਫ ਹੈਪੀ ਸੰਧੂ ਪੁੱਤਰ ਬਲਰਾਜ ਸਿੰਘ ਸੰਧੂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਕਮੇਟੀ ਆਗੂ ਸ਼ਮਿੰਦਰ ਸਿੰਘ ਕੋਟਲੀ, ਗੁਰਪ੍ਰੀਤ ਸਿੰਘ, ਬਲਕਰਨ ਸਿੰਘ, ਕਰਮਵੀਰ ਗੋਸ਼ਾ ਅਤੇ ਗੁਰਦੀਪ ਸਿੰਘ ਗਰੀਬੂ ਆਦਿ ਨੇ ਜ਼ਖਮੀ ਨੂੰ ਮੁੱਢਲਾ ਸਿਹਤ ਕੇਂਦਰ ਦੋਦਾ ਵਿਖੇ ਲਿਆਂਦਾ। ਉਨਾਂ ਦੱਸਿਆ ਕਿ ਨਸ਼ਾ ਰੋਕੂ ਕਮੇਟੀ ਬਣਾਉਂਦਿਆਂ ਹੀ ਇਸ ਵਿਅਕਤੀ ਨੂੰ ਚਿੱਟਾ ਸੇਵਨ ਕਰਦੇ ਨੂੰ ਫੜ ਕੇ ਚਿਤਾਵਨੀ ਦੇ ਛੱਡ ਦਿੱਤਾ ਸੀ, ਜਿਸ ਦੀ ਉਹ ਰੰਜਿਸ਼ ਰੱਖਦਾ ਸੀ ਅਤੇ ਕਮੇਟੀ ਵਾਲਿਆਂ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ। ਦੋਦਾ ਵਿਖੇ ਹਾਜ਼ਰ ਮੈਡੀਕਲ ਅਫਸਰ ਡਾ. ਰਮਨਦੀਪ ਕੌਰ ਵੱਲੋਂ ਮੁੱਢਲੀ ਸਹਾਇਤਾ ਉਪਰੰਤ ਸਤਨਾਮ ਸਿੰਘ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ। ਜ਼ਖਮੀ ਵਿਅਕਤੀ ਦੇ ਪੱਟ ਵਿਚ ਗੋਲੀ ਅਪ੍ਰੇਸ਼ਨ ਕਰਕੇ ਕੱਢੀ ਜਾਵੇਗੀ। ਸੂਚਨਾ ਮਿਲਦਿਆਂ ਹੀ ਥਾਣਾ ਕੋਟਭਾਈ ਮੁਖੀ ਅੰਗਰੇਜ ਸਿੰਘ ਫੋਰਸ ਸਮੇਤ ਪਹਿਲਾਂ ਹਸਪਤਾਲ ਪੁੱਜ ਗਏ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਬਿਆਨਾਂ ਦੇ ਅਧਾਰ ’ਤੇ ਮੁਲਜ਼ਮ ਖਿਲਾਫ ਇਰਾਦਾ ਕਤਲ ਅਧੀਨ ਕੇਸ ਕੀਤਾ ਜਾਵੇਗਾ, ਜਖਮੀ ਦੀ ਹਾਲਤ ਸਥਿਰ ਹੋਣ ’ਤੇ ਪੁਲੀਸ ਨੂੰ ਫੜਨ ਲਈ ਛਾਪਾ ਮਾਰੇਗੀ। ਇਸ ਮੌਕੇ ਨਸ਼ਾ ਰੋਕੂ ਕਮੇਟੀ ਦੋਦਾ ਦੇ ਆਗੂ ਬੇਅੰਤ ਸਿੰਘ ਖਾਲਸਾ, ਪ੍ਰਧਾਨ ਅਮਰੀਕ ਸਿੰਘ ਵਕੀਲ ਅਤੇ ਵੱਡੀ ਗਿਣਤੀ ਵਿਚ ਨੌਜਾਵਾਨ ਵਿਅਕਤੀ ਪੁੱਜ ਗਏ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All