ਨਸ਼ਿਆਂ ਦੀ ਭੱਠ ਵਿੱਚ ਤਪਦੇ ਪੰਜਾਬ ਦਾ ਵਹਿ ਤੁਰਿਆ ਦਰਦ

ਨਸ਼ਿਆਂ ਦੀ ਭੱਠ ਵਿੱਚ ਤਪਦੇ ਪੰਜਾਬ ਦਾ ਵਹਿ ਤੁਰਿਆ ਦਰਦ

ਜੁਪਿਦਰਜੀਤ ਸਿੰਘ ਕੋਟਕਪੂਰਾ/ ਤਰਨ ਤਾਰਨ/ ਅੰਮ੍ਰਿਤਸਰ, 28 ਜੂਨ

ਕੋਟਕਪੂਰਾ ਦੇ ਜੀਵਨ ਨਗਰ ਦੀ ਕਸ਼ਮੀਰ ਕੌਰ ਤੇ ਉਸ ਦਾ ਪਤੀ ਮਦਨ ਲਾਲ ਆਪਣੇ ਪੁੱਤ ਬਲਵਿੰਦਰ ਕੁਮਾਰ ਦੇ ਗ਼ਮ ਵਿੱਚ ਡੁੱਬੇ ਹੋਏ। ਕੋਟਕਪੂਰਾ ਦੇ ਜੀਵਨ ਨਗਰ ਦੀ ਕਸ਼ਮੀਰ ਕੌਰ ਤੇ ਉਸ ਦਾ ਪਤੀ ਮਦਨ ਲਾਲ ਆਪਣੇ ਪੁੱਤ ਬਲਵਿੰਦਰ ਕੁਮਾਰ ਦੇ ਗ਼ਮ ਵਿੱਚ ਡੁੱਬੇ ਹੋਏ।

ਮੈਂ ਉਠ ਕੇ ਉਹਦੇ ਲਈ ਰੋਟੀ ਬਣਾਉਣਾ ਚਾਹੁੰਦੀ ਹਾਂ। ਪਰ ਉਹ ਕਿੱਥੇ ਹੈ? ਉਹ ਤਾਂ ਮੈਨੂੰ ਛੱਡ ਕੇ ਚਲਿਆ ਗਿਆ। ਮੇਰੀ ਪਿੱਠ ਲੁਆ ਗਿਆ। ਮੈਂ ਤੇਰੇ ਲਈ ਰੋਟੀ ਬਣਾਵਾਂ। ਮੈਂ ਸੋਚਾਂਗੀ ਕਿ ਮੇਰੇ ਪੁੱਤ ਨੇ ਖਾ ਲਈ ਹੈ।’’ ਇਹ ਉਸ ਔਰਤ ਦੇ ਬੋਲ ਹਨ ਜਿਸ ਨੂੰ ਤੁਸੀਂ ਵਾਇਰਲ ਹੋਈ ਇਕ ਬਹੁਤ ਹੀ ਭਾਵੁਕ ਵੀਡੀਓ ਵਿੱਚ ਦੇਖਿਆ ਹੋ ਸਕਦਾ ਹੈ ਜੋ ਕੋਟਕਪੂਰਾ ਦੇ ਜੀਵਨ ਨਗਰ ਇਲਾਕੇ ਵਿੱਚ ਫ਼ੌਤ ਹੋਏ ਆਪਣੇ ਪੁੱਤ ਦੀ ਲਾਸ਼ ਕੋਲ ਬੈਠੀ ਕੁਰਲਾ ਰਹੀ ਹੈ। ਮੌਤ ਵੇਲੇ ਵੀ ਇਕ ਸਰਿੰਜ ਉਸ ਨੌਜਵਾਨ ਦੀਆਂ ਨਾੜਾਂ ਵਿੱਚ ਫਸੀ ਰਹਿ ਗਈ ਸੀ। ਅੰਮ੍ਰਿਤਸਰ ਜ਼ਿਲੇ ਦੇ ਛੇਹਰਟਾ ਵਿੱਚ ਇਕ ਪਿਓ ਆਪਣੇ 23 ਸਾਲਾ ਪੁੱਤ ਦੀ ਮੌਤ ’ਤੇ ਵਿਰਲਾਪ ਕਰਦਾ ਕਹਿੰਦਾ ਹੈ ‘‘ਮੇਰਾ ਬੀਜ ਨਾਸ ਹੋ ਗਿਆ।’’ ਮੋਤੀ ਲਾਲ ਕਲਸੀ ਦਾ ਪੁੱਤਰ ਕਰਨ ਕਲਸੀ ਉਸ ਦੇ ਇਕ ਨਵੇਂ ਬਣੇ ਦੋਸਤ ਦੇ ਘਰ ਵਿੱਚ ਮਰਿਆ ਪਿਆ ਮਿਲਿਆ ਸੀ। ਕਰਨ ਕਦੇ ਗੋਰਾ ਨਿਛੋਹ ਗੱਭਰੂ ਸੀ ਪਰ ਫਿਰ ਉਸ ਦਾ ਰੰਗ ਯਕਦਮ ਸਿਆਹ ਕਾਲਾ ਹੋ ਗਿਆ। ਉਸ ਦੀ ਲਾਸ਼ ਕੋਲੋਂ ਵੀ ਸਰਿੰਜਾਂ ਮਿਲੀਆਂ ਸਨ ਤੇ ਸੱਜੇ ਹੱਥ ਵਿੱਚ ਘੁੱਟਿਆ ਮੋਬਾਈਲ ਫੋਨ ਮਿਲਿਆ ਸੀ। ਕੋਈ ਦੋ-ਚਾਰ ਮਾਮਲੇ ਨਹੀਂ, ਸਗੋਂ ਪਿਛਲੇ ਇਕ ਮਹੀਨੇ ਦੌਰਾਨ ਹੈਰੋਇਨ ਦੀ ਓਵਰਡੋਜ਼ ਜਾਂ ਮਿਲਾਵਟੀ ਡੋਜ਼ ਜਿਸ ਨੂੰ ਨਸ਼ੇੜੀ ਭਾਸ਼ਾ ਵਿੱਚ ‘ਕੱਟ’ ਕਿਹਾ ਜਾਂਦਾ ਹੈ, ਕਾਰਨ 25 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ’ਚੋਂ ਅੱਠ ਤਰਨ ਤਾਰਨ ਤੇ ਸੱਤ ਅੰਮ੍ਰਿਤਸਰ, ਚਾਰ ਫ਼ਰੀਦਕੋਟ, ਫਿਰੋਜ਼ਪੁਰ ’ਚ ਤਿੰਨ, ਦੋ ਗੁਰਦਾਸਪੁਰ ਤੇ ਇਕ ਲੁਧਿਆਣੇ ਵਿੱਚ ਹੋਈਆਂ ਹਨ। ਸ੍ਰੀ ਕਲਸੀ ਆਮ ਆਦਮੀ ਪਾਰਟੀ ਦੀ ਸਰਕਲ ਕਮੇਟੀ ਦੇ ਮੁਖੀ ਵੀ ਹਨ ਤੇ ਉਹ ਪੁੱਛਦੇ ਹਨ ‘‘ ਜੇ ਪੰਜਾਬ ਅਤਿਵਾਦ ਖ਼ਿਲਾਫ਼ ਲੜਾਈ ਜਿੱਤ ਸਕਦਾ ਹੈ ਤਾਂ ਕੀ ਕਾਰਨ ਹੈ ਕਿ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਹਾਰ ਰਿਹਾ ਹੈ।’’ ਇਹ ਉਹ ਮੌਤਾਂ ਹਨ ਜਿਨ੍ਹਾਂ ਨੂੰ ਕੋਈ ਝੁਠਲਾਅ ਨਹੀਂ ਸਕਦਾ। ਕਿਸੇ ਨੇ ਇਨ੍ਹਾਂ ਦੀਆਂ ਤਸਵੀਰਾਂ ਖਿੱਚ ਕੇ ਜਾਂ ਵੀਡਿਓ ਬਣਾ ਪਾ ਦਿੱਤੀ ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਪਹਿਲਾਂ ਮਾਪੇ ਜਾਂ ਰਿਸ਼ਤੇਦਾਰ ਅਜਿਹੀਆਂ ਮੌਤਾਂ ਬਾਰੇ ਸ਼ਰਮੋ-ਸ਼ਰਮੀਂ ਬੋਲਣ ਤੋਂ ਝਿਜਕਿਆ ਕਰਦੇ ਸਨ ਪਰ ਹੁਣ ਪੀੜਤਾਂ ਲਈ ਜ਼ਬਤ ਰੱਖਣਾ ਔਖਾ ਹੋ ਗਿਆ ਹੈ ਤੇ ਉਨ੍ਹਾਂ ਅੰਦਰਲਾ ਦਰਦ ਵਹਿ ਤੁਰਿਆ ਹੈ ਪਰ ਪੁਲੀਸ ਜਾਂ ਪ੍ਰਸ਼ਾਸਨ ਕੋਲ ਆਪਣੀ ਨਾਅਹਿਲੀਅਤ ਨੂੰ ਛੁਪਾਉਣ ਦਾ ਕੋਈ ਬਹਾਨਾ ਨਹੀਂ ਰਹਿ ਗਿਆ। ਇਨ੍ਹਾਂ ਲਗਪਗ ਸਾਰੇ ਕੇਸਾਂ ਵਿੱਚ ਭਾਣਾ ਵਾਪਰਨ ਵੇਲੇ ਉਨ੍ਹਾਂ ਕੋਲ ਦੋ ਜਾਂ ਇਸ ਤੋਂ ਵੱਧ ਨਸ਼ੇ ਦੇ ਆਦੀ ਨੌਜਵਾਨ ਪਾਏ ਗਏ ਸਨ। ਪੁਲੀਸ ਨੇ ਕਿਸੇ ਇਕ ਨੂੰ ਵੀ ਡੱਕ ਕੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਣ ਦੀ ਜ਼ਹਿਮਤ ਨਹੀਂ ਕੀਤੀ।

ਐਮਾਖੁਰਦ ਵਿੱਚ ਸੋਗ ’ਚ ਡੁੱਬਿਆ ਮਰਹੂਮ ਗੁਰਜੰਟ ਸਿੰਘ ਦਾ ਪਰਿਵਾਰ।  ਐਮਾਖੁਰਦ ਵਿੱਚ ਸੋਗ ’ਚ ਡੁੱਬਿਆ ਮਰਹੂਮ ਗੁਰਜੰਟ ਸਿੰਘ ਦਾ ਪਰਿਵਾਰ।

ਸੁਪਨਿਆਂ ਦੀ ਹੋਣੀ: ਸ੍ਰੀ ਕਲਸੀ ਦਾ ਪੁੱਤਰ ਕਰਨ ਨਿਊਜ਼ੀਲੈਂਡ ਜਾਣ ਦੀ ਤਿਆਰੀ ਕਰ ਰਿਹਾ ਸੀ ਜਿੱਥੇ ਉਸ ਦੀ ਲੁਧਿਆਣੇ ਦੀ ਜੰਮਪਲ ਪਤਨੀ ਪਹਿਲਾਂ ਤੋਂ ਵਸ ਰਹੀ ਸੀ। ਉਨ੍ਹਾਂ ਦੱਸਿਆ ‘‘ ਬਤੌਰ ਆਪ ਕਾਰਕੁਨ ਮੈਂ ਨਸ਼ਿਆਂ ਦੀ ਅਲਾਮਤ ਦੇ ਖਾਤਮੇ ਲਈ 8500 ਵਿਅਕਤੀਆਂ ਤੋਂ ਫਾਰਮ ਭਰਵਾਏ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਕਿ ਇਹ ਸੂਬਾ ਰਹਿਣ ਲਾਇਕ ਨਹੀਂ ਰਿਹਾ ਤੇ ਮੈਂ ਪਹਿਲਾਂ ਆਪਣੀ ਨੂੰਹ ਨੂੰ ਵਿਦੇਸ਼ ਭਿਜਵਾਇਆ। ਮੇਰੇ ਪੁੱਤਰ ਦੇ ਕਾਗ਼ਜ਼ ਤਿਆਰ ਹੋ ਗਏ ਸਨ। ਉਨ੍ਹਾਂ ਆਪਣੇ ਬੱਚੇ ਦੇ ਜਨਮ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦੇ ਭਵਿੱਖ ਦੀ ਖਾਤਰ ਮੈਂ 30 ਲੱਖ ਰੁਪਏ ਦਾ ਕਰਜ਼ ਲਿਆ ਸੀ। ਹੁਣ ਮੈਂ ਕੀ ਕਰਾਂਗਾ?’’ ਕੋਟਕਪੂਰਾ ਨੇੜਲੇ ਪਿੰਡ ਨਾਨਕਸਰ ਦਾ ਗੁਰਜਿੰਦਰ ਸਿੰਘ ਕਹਿੰਦਾ ਹੈ, ‘‘ਮੇਰੇ ਭਰਾ ਬੂਟਾ ਸਿੰਘ ਦਾ ਵਿਆਹ ਹੋਣ ਵਾਲਾ ਸੀ। ਉਹ ਛੇ ਮਹੀਨਿਆਂ ਤੋਂ ਨਸ਼ੇ ਛੱਡ ਚੁੱਕਾ ਸੀ। ਉਹ ਟਰਾਲੀ ਵਿੱਚ ਟਾਇਲਾਂ ਲੱਦਣ ਲਈ ਮੱਦਦ ਲੈਣ ਘਰੋਂ ਨਿਕਲਿਆ ਤੇ ਮੁੜ ਜ਼ਿੰਦਾ ਘਰ ਨਹੀਂ ਪਰਤਿਆ।’’ ਤਰਨ ਤਾਰਨ ਦੇ ਪਿੰਡ ਢੋਟੀਆਂ ਦਾ ਇਤਿਹਾਸ ਵਿੱਚ ਵੱਡਾ ਨਾਂ ਹੈ। ਦੱਸਿਆ ਜਾਂਦਾ ਹੈ ਕਿ ਇਸ ਪਿੰਡ ਨੇ 1920ਵਿਆਂ ਦੌਰਾਨ ਰੱਸਾਕਸ਼ੀ ਵਿੱਚ ਅੰਗਰੇਜ਼ਾਂ ਨੂੰ ਹਰਾਇਆ ਸੀ। ਉਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਉਨ੍ਹਾਂ ਨੂੰ ਕੀ ਇਨਾਮ ਦਿੱਤਾ ਜਾਵੇ, ਤਾਂ ਉਨ੍ਹਾਂ ਮੰਗ ਕੀਤੀ ਸੀ ਕਿ ਪਿੰਡ ਵਿੱਚ ਕੁਝ ਸਮਾਂ ਪਹਿਲਾਂ ਖੁੱਲ੍ਹਾ ਸ਼ਰਾਬ ਦਾ ਠੇਕਾ ਬੰਦ ਕਰ ਦਿੱਤਾ ਜਾਵੇ ਤਾਂ ਕਿ ਮੌਜੂਦਾ ਤੇ ਭਵਿੱਖੀ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੀ ਮੰਗ ਮੰਨ ਲਈ ਗਈ, ਪਰ ਹੁਣ ਕਰੀਬ 100 ਸਾਲਾਂ ਬਾਅਦ ਇਹ ਪਿੰਡ ਨਸ਼ੇ ਕਾਰਨ ਮੌਤਾਂ ਦੀ ਵਜ੍ਹਾ ਨਾਲ ਖ਼ਬਰਾਂ ਵਿੱਚ ਹੈ। ਨਸ਼ੇ ਦਾ ਹਾਲੀਆ ਸ਼ਿਕਾਰ ਗੁਰਭੇਜ ਸਿੰਘ ਬਣਿਆ। ਉਸ ਦੇ ਨਿੱਕੇ ਪੁੱਤ ਦੀ ਖ਼ੁਦ ਨੂੰ ਸਕੂਲ ਛੱਡ ਆਉਣ ਲਈ ਮਰੇ ਪਏ ਗੁਰਭੇਜ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਦੀ ਵੀਡੀਓ ਨੇ ਮਜ਼ਬੂਤ ਤੋਂ ਮਜ਼ਬੂਤ ਜੇਰੇ ਵਾਲਿਆਂ ਨੂੰ ਵੀ ਰੋਣ ਲਾ ਦਿੱਤਾ। ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਕਿਹਾ, ‘‘ਇਸ ਦੇ ਬਾਵਜੂਦ ਇਸ ਮੌਤ ਨੂੰ ਕਿਸੇ ਨੇ ਸੰਜੀਦਗੀ ਨਾਲ ਨਹੀਂ ਲਿਆ।’’ ਦਲਿਤਾਂ ਦੀ ਬਹੁਗਿਣਤੀ ਵਾਲੇ ਪਿੰਡ ਐਮਾ ਖ਼ੁਰਦ ਵਿੱਚ ਵੀ ਨਸ਼ੇ ਕਾਰਨ ਨੌਜਵਾਨ ਗੁਰਜੰਟ ਸਿੰਘ ਦੀ ਮੌਤ ਹੋ ਗਈ। ਉਸ ਦੇ ਭਰਾ ਹਰਜੀਤ ਸਿੰਘ ਦਾ ਕਹਿਣਾ ਸੀ, ‘‘ਅਸੀਂ ਦਿਹਾੜੀਦਾਰ ਕਾਮੇ ਹਾਂ। ਉਹ ਘਰ ਦਾ ਮੁੱਖ ਕਮਾਊ ਜੀਅ ਸੀ। ਝੋਨਾ ਲਾਉਣ ਦੇ ਇਸ ਸੀਜ਼ਨ ਦੌਰਾਨ ਸਾਨੂੰ ਉਸ ਦੀ ਲੋੜ ਸੀ, ਕਿਉਂਕਿ ਇਹ ਸਾਡੇ ਚਾਰ ਪੈਸੇ ਕਮਾਉਣ ਦਾ ਸਮਾਂ ਸੀ। ਹੁਣ ਅਸੀਂ ਕੀ ਕਰੀਏ?’’ ਕਤਲ ਦਾ ਪਹਿਲਾ ਮਾਮਲਾ: ਐਮਾ ਖ਼ੁਰਦ ਵਿੱਚ ਹੋਈ ਮੌਤ ਅਜਿਹਾ ਪਹਿਲਾ ਮਾਮਲਾ ਹੈ ਜਦੋਂ ਪੰਜਾਬ ਪੁਲੀਸ ਨੇ ਨਸ਼ਾ ਸਪਲਾਈ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਹੈ। ਪੁਲੀਸ ਰੋਜ਼ਨਾਮਚੇ ਮੁਤਾਬਕ ਮੁਲਜ਼ਮ ਨੇ ਮ੍ਰਿਤਕ ਨੂੰ ਮਹਿਜ਼ 300 ਰੁਪਏ ਵਿੱਚ ਇਹ ਨਸ਼ਾ ਵੇਚਿਆ ਸੀ। ਜ਼ਿੰਮੇਵਾਰ ਕੌਣ?: ਰੂੜੀ ’ਤੇ ਮ੍ਰਿਤਕ ਮਿਲੇ ਬਲਵਿੰਦਰ ਕੁਮਾਰ ਦੇ ਪਿਤਾ ਮਦਨ ਲਾਲ ਕਹਿੰਦੇ ਹਨ, ‘‘ਜੋ ਇਕ ਪਿਉ ਕਰ ਸਕਦਾ ਸੀ, ਮੈਂ ਕੀਤਾ। ਉਸ ਨੂੰ ਬੜਾ ਸਮਝਾਇਆ ਤੇ ਮਾਰ-ਕੁੱਟ ਵੀ ਕੀਤੀ। ਉਸ ਨੂੰ ਦਿੱਲੀ ਉਸ ਦੀ ਭੈਣ ਦੇ ਕੋਲ ਵੀ ਭੇਜਿਆ ਤਾਂ ਕਿ ਉਹ ਮਾੜੀ ਸੰਗਤ ਤੋਂ ਬਚ ਜਾਵੇ। ਤਾਂ ਵੀ ਉਸ ਦੀ ਲਾਸ਼ ਹੀ ਮਿਲੀ।’’ ਉਹ ਭਰੇ ਗਲੇ ਨਾਲ ਆਖਦੇ ਹਨ, ‘‘ਹੁਣ ਸਭ ਨੂੰ ਮੇਰੇ ਘਰ ਦਾ ਰਾਹ ਲੱਭ ਗਿਆ, ਤੁਹਾਨੂੰ ਵੀ ਤੇ ਸਿਆਸਤਦਾਨਾਂ ਨੂੰ ਵੀ। ਪਹਿਲਾਂ ਸਰਕਾਰ ਕਿਥੇ ਸੀ? ਆਖ਼ਰ ਕੌਣ ਰੋਕੇਗਾ ਨਸ਼ਿਆਂ ਦਾ ਇਹ ਹੜ੍ਹ?’’ ਪਿੰਡ ਨਾਨਕਸਰ ਦੇ ਗੁਰਜਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਨਸ਼ੇੜੀ ਭਰਾ ਬੂਟਾ ਸਿੰਘ ਨੂੰ ਬੀਤੇ ਸਾਲ ਨਸ਼ੇ ਛੱਡਣ ਦੀ ਸਹੁੰ ਖਵਾਉਣ ਹੇਮਕੁੰਟ ਸਾਹਿਬ ਵੀ ਲੈ ਕੇ ਗਿਆ ਸੀ। ਉਹ ਦੱਸਦਾ ਹੈ, ‘‘ਉਸ ਵਚਨ ’ਤੇ ਡਟਿਆ ਰਿਹਾ ਤੇ ਨਸ਼ਾ ਛੱਡ ਦਿੱਤਾ। ਪਰ ਪਿੰਡ ਦੇ ਦੋ ਨਸ਼ੇੜੀ ਉਸ ਨੂੰ ਮੁੜ ਉਸੇ ਰਾਹ ਤੋਰਨ ਲਈ ਪਿੱਛੇ ਪਏ ਹੋਏ ਸਨ। ਉਨ੍ਹਾਂ ਨੇ ਉਸ ਨੂੰ ਜਬਰੀ ਨਸ਼ੇ ਦਾ ਟੀਕਾ ਲਾ ਦਿੱਤਾ ਤੇ ਬਾਅਦ ਵਿੱਚ ਉਸ ਦੀ ਲਾਸ਼ ਸਮੇਤ ਕਾਰ ਨੂੰ ਨਹਿਰ ਵੱਲ ਲੈ ਗਏ ਤਾਂ ਕਿ ਇਸ ਨੂੰ ਹਾਦਸੇ ਦਾ ਰੂਪ ਦਿੱਤਾ ਜਾ ਸਕੇ। ਪੁਲੀਸ ਫ਼ਾਰੈਂਸਿਕ ਰਿਪੋਰਟਾਂ ਉਡੀਕ ਰਹੀ ਹੈ ਤੇ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ।’’ ਡੀਜੀਪੀ ਪੰਜਾਬ ਸੁਰੇਸ਼ ਅਰੋੜਾ: ‘‘ਰੇਂਜਾਂ ਦੇ ਸਾਰੇ ਆਈਜੀ/ਡੀਆਈਜੀਜ਼ ਅਤੇ ਸੀਪੀਜ਼ ਨੂੰ ਨਸ਼ਾਖ਼ੋਰੀ ਕਾਰਨ ਹੋਈਆਂ ਹਾਲੀਆ ਮੌਤਾਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੂੰ ਨਸ਼ਿਆਂ ਦੀ ਉਪਲਬਧਤਾ ਬੰਦ ਕਰਨ ਲਈ ਸਮਗਲਰਾਂ/ਸਪਲਾਇਰਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਲਈ ਕਿਹਾ ਗਿਆ ਹੈ। ਐਨਡੀਪੀਐਸ ਕੇਸਾਂ ਤਹਿਤ ਮੁਕੱਦਮੇ ਦੀ ਕਾਰਵਾਈ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ।’’ ਅਜਿਹੀਆਂ ਘਟਨਾਵਾਂ ਨੂੰ ਰੋਕਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਨਸ਼ੇੜੀਆਂ ਦੀ ਨਸ਼ੇ ਦੀ ਲਤ ਛੁਡਵਾਉਣ ਤੇ ਉਨ੍ਹਾਂ ਦੇ ਮੁੜਵਸੇਬੇ ਲਈ ਸਿਹਤ ਵਿਭਾਗ ਅਤੇ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਏਡੀਜੀਪੀ ਤੇ ਨਸ਼ਿਆਂ ਖ਼ਿਲਾਫ਼ ਸਪੈਸ਼ਲ ਟਾਸਕ ਫੋਰਸ ਦੇ ਡਾਇਰੈਕਟਰ ਹਰਪ੍ਰੀਤ ਸਿੱਧੂ ਦਾ ਬਿਆਨ ਇਹ ਮੌਤਾਂ ਸੰਭਵ ਤੌਰ ’ਤੇ ਬਿਲਕੁਲ ਹੇਠਲੇ ਪੱਧਰ ’ਤੇ ਨਸ਼ਿਆਂ ਦੀ ਘੱਟ ਮਿਕਦਾਰ ਵਾਲੀ ਸਮਗਲਿੰਗ ਕਾਰਨ ਹੋਈਆਂ ਹਨ। ਇਸ ਸਮਗਲਿੰਗ ਨੂੰ ਰੋਕਣਾ ਮੁੱਖ ਤੌਰ ’ਤੇ ਜ਼ਿਲ੍ਹਾ ਪੁਲੀਸ ਦੀ ਜ਼ਿੰਮੇਵਾਰੀ ਹੈ। ਜਿਥੋਂ ਤੱਕ ਐਸਟੀਐਫ਼ ਦਾ ਸਵਾਲ ਹੈ, ਅਸੀਂ ਮੁੱਖ ਸਪਲਾਈ ਲਾਈਨਾਂ ਕੱਟ ਦਿੱਤੀਆਂ ਹਨ, ਜਿਸ ਕਾਰਨ ਹੈਰੋਇਨ ਤੇ ਹੋਰ ਨਸ਼ਿਆਂ ਦੀ ਸਪਲਾਈ ਵਿੱਚ ਕਮੀ ਆਈ ਹੈ। ਅਸੀਂ ਹਰੇਕ ਮੌਤ ਦਾ ਅਧਿਐਨ ਕਰ ਰਹੇ ਹਾਂ। ਪਿੱਛੇ ਜਿਹੇ ਅੰਮ੍ਰਿਤਸਰ ’ਚ ਇਕ ਗਰੋਹ ਦਾ ਪਰਦਾਫ਼ਾਸ਼ ਕੀਤਾ ਸੀ ਜਿਸ ਨੂੰ ਦਿੱਲੀ ਦੇ ਅਫ਼ਰੀਕੀ ਗਰੋਹ ਤੋਂ ਮਿਲਾਵਟ ਵਾਲੀ ਹੈਰੋਇਨ ‘ਕੱਟ’ ਮਿਲ ਰਹੀ ਸੀ। ਉਨ੍ਹਾਂ ਨਸ਼ੇੜੀਆਂ ਨੂੰ ਅਪੀਲ ਕੀਤੀ ਕਿ ਉਹ ਇਲਾਜ ਲਈ ਅੱਗੇ ਆਉਣ ਕਿਉਂਕਿ ਸਰਕਾਰ ਨੇ ਨਸ਼ਾ ਛੁਡਾਊ ਕੇਂਦਰਾਂ ਸਮੇਤ ਹੋਰ ਕਈ ਪ੍ਰਬੰਧ ਕੀਤੇ ਹਨ। ਨਸ਼ੇ ਨਾਲ ਹੋਈਆਂ ਕੁੱਲ 25 ਮੌਤਾਂ ਜ਼ਿਲ੍ਹਾ ਤਰਨ ਤਾਰਨ: 7 ਜੂਨ: ਫਤਿਹਬਾਦ ਦੇ ਸੁਖਜਿੰਦਰ ਸਿੰਘ (25) ਦੀ ਗੋਇੰਦਵਾਲ ਸਾਹਿਬ ’ਚ ਸਰਿੰਜ ਰਾਹੀਂ ਨਸ਼ਾ ਲੈਣ ’ਤੇ ਮੌਤ ਹੋਈ। ਸਪਲਾਇਰ ਜੀਵਨ ਸਿੰਘ ਖਿਲਾਫ਼ ਪੁਲੀਸ ਨੇ ਧਾਰਾ 304 ਤਹਿਤ ਕੇਸ ਦਰਜ ਕੀਤਾ। 8 ਜੂਨ: ਫਤਿਹਬਾਦ ਦੇ ਅਵਤਾਰ ਸਿੰਘ (24) ਦੀ ਟੀਕੇ ਰਾਹੀਂ ਨਸ਼ਾ ਲੈਣ ’ਤੇ ਮੌਤ ਹੋਈ। ਉਸ ਦੀ ਲਾਸ਼ ਰੇਲਵੇ ਕਰਾਸਿੰਗ ਤੋਂ ਬਰਾਮਦ ਹੋਈ। ਰੇਲਵੇ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ। 9 ਜੂਨ: ਬਲੇਰ ਪਿੰਡ ਦੇ ਗੁਰਜੀਤ ਸਿੰਘ (25) ਦੀ ਸਰਿੰਜ ਰਾਹੀਂ ਨਸ਼ਾ ਲੈਣ ’ਤੇ ਮੌਤ ਹੋਈ। ਪੁਲੀਸ ਨੇ ਪਰਿਵਾਰ ਦੀ ਸ਼ਿਕਾਇਤ ’ਤੇ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ। 11 ਜੂਨ: ਬਕੀਪੁਰ ਪਿੰਡ ਦੇ ਜਗਜੀਤ ਸਿੰਘ (19) ਦੀ ਮੌਤ ਨਸ਼ੇ ਦਾ ਇੰਜੈਕਸ਼ਨ ਲੈਣ ਕਾਰਨ ਹੋਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 21 ਜੂਨ: ਭਾਈ ਢਾਈ ਵਾਲਾ ਦੇ ਨਵਨੀਤ ਸਿੰਘ (23) ਦੀ ਮੌਤ ਨਸ਼ੇ ਦਾ ਇੰਜੈਕਸ਼ਨ ਲੈਣ ਕਾਰਨ ਹੋਈ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ। 23 ਜੂਨ: ਗੁਰਕਵਿੰਡ ਪਿੰਡ ਦੇ ਗੁਰਲਾਲ ਸਿੰਘ (27) ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 24 ਜੂਨ: ਐਮਾ ਖੁਰਦ (ਝਬਾਲ) ਦੇ ਗੁਰਜੰਟ ਸਿੰਘ (29) ਦੀ ਮੌਤ ਨਸ਼ੇ ਦੇ ਇੰਜੈਕਸ਼ਨ ਕਰਕੇ ਹੋਈ। ਪੁਲੀਸ ਨੇ ਨੇੜਲੇ ਜਗਤਪੁਰ ਪਿੰਡ ਦੇ ਸਾਹਿਬ ਸਿੰਘ ਅਤੇ ਉਸ ਦੀ ਪਤਨੀ ਬਬਲੀ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। 25 ਜੂਨ: ਢੋਟੀਆਂ ਪਿੰਡ ਦੇ ਗੁਰਭੇਜ ਸਿੰਘ ਭੇਜਾ (33) ਦੀ ਮੌਤ ਨਸ਼ੇ ਦੇ ਇੰਜੈਕਸ਼ਨ ਕਰਕੇ ਹੋਈ। ਪੁਲੀਸ ਵੱਲੋਂ ਜਾਂਚ ਜਾਰੀ ਹੈ। ਜ਼ਿਲ੍ਹਾ ਅੰਮ੍ਰਿਤਸਰ: 10 ਜੂਨ: ਅਜਨਾਲਾ ਦੇ ਪਿੰਡ ਧੁਦਰਾਲਾ ’ਚ ਨਸ਼ੀਲਾ ਟੀਕਾ ਲਾਉਣ ਕਾਰਨ ਸਾਇਪਰਸ ਤੋਂ ਆਏ ਪਰਵਾਸੀ ਪੰਜਾਬੀ  ਯੁਵਰਾਜ ਸਿੰਘ ਦੀ ਮੌਤ ਹੋ ਗਈ। ਪੁਲੀਸ ਵੱਲੋਂ ਜਾਂਚ ਜਾਰੀ ਹੈ। 18 ਜੂਨ: ਗੁਮਟਾਲਾ ਦੇ ਵਸਨੀਕ ਅਨਿਲ ਸਿੰਘ ਦੀ ਨਸ਼ੀਲੇ ਟੀਕੇ ਕਾਰਨ ਮੌਤ ਹੋ ਗਈ। ਇਸ ਮਗਰੋਂ ਮ੍ਰਿਤਕ ਦੇ ਵਾਰਸਾਂ ਨੇ ਸੰਸਦ ਮੈਂਬਰ ਦੀ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਵੀ ਕੀਤਾ ਸੀ। ਪੁਲੀਸ ਜਾਂਚ ਕਰ ਰਹੀ ਹੈ। 23 ਜੂਨ: ਪਲਵਿੰਦਰ ਸਿੰਘ ਦੀ ਸ਼ੱਕੀ ਹਾਲਤਾਂ ’ਚ ਮੌਤ ਹੋ ਗਈ। ਉਸ ਦੀ ਮੌਤ ਨਸ਼ਿਆਂ ਕਾਰਨ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਪੁਲੀਸ ਨੂੰ ਉਸ ਦੇ ਵਿਸਰੇ ਦੀ ਰਿਪੋਰਟ ਆਉਣ ਦੀ ਉਡੀਕ ਹੈ। 23 ਜੂਨ: ਪ੍ਰੇਮ ਨਗਰ ’ਚ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ। ਉਸ ਦੀ ਮੌਤ ਨਸ਼ਿਆਂ ਕਾਰਨ ਹੋਣ ਦਾ ਸ਼ੱਕ ਹੈ। 24 ਜੂਨ: ਮਜੀਠਾ ਰੋਡ ਦੇ ਵਸਨੀਕ ਹਰਭੇਜ ਸਿੰਘ ਦੀ ਲਾਸ਼ ਵੇਰਕਾ ’ਚ ਰੇਲਵੇ ਲਾਈਨਾਂ ਨੇੜੇ ਮਿਲੀ। ਉਸ ਦੀ ਲਾਸ਼ ਨੇੜਿਓਂ ਇੱਕ ਸਰਿੰਜ ਤੇ ਖਾਲੀ ਸ਼ੀਸ਼ੀ ਬਰਾਮਦ ਹੋਈ। ਉਸ ਦੇ ਪਿਤਾ ਨੇ ਪੁਲੀਸ ਨੂੰ ਕਿਹਾ ਕਿ ਉਹ ਕੋਈ ਵੀ ਪੁਲੀਸ ਕਾਰਵਾਈ ਨਹੀਂ ਚਾਹੁੰਦੇ। ਰੇਲਵੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਲ੍ਹਾ ਫਰੀਦਕੋਟ: 21 ਜੂਨ: ਕੋਟਰਪੂਰਾ ਨੇੜਲੇ ਪਿੰਡ ਨਾਨਕਸਰ ’ਚ ਨਸ਼ਿਆਂ ਕਾਰਨ ਬੂਟਾ ਸਿੰਘ (26) ਦੀ ਮੌਤ। ਉਸ ਦੇ ਵਾਰਸਾਂ ਨੇ ਦੋਸ਼ ਲਾਇਆ ਕਿ ਦੋ ਨਸ਼ੇੜੀਆਂ ਨੇ ਜ਼ਬਰਦਸਤੀ ਉਨ੍ਹਾਂ ਦੇ ਲੜਕੇ ਨੂੰ ਟੀਕਾ ਲਾਇਆ ਤੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਕਾਰ ’ਚ ਰੱਖ ਕੇ ਨਹਿਰ ’ਚ ਧੱਕਾ ਦੇ ਦਿੱਤਾ ਜਾਂ ਤੋਂ ਇਸ ਨੂੰ ਹਾਦਸੇ ਵਜੋਂ ਦਿਖਾਇਆ ਜਾ ਸਕੇ। ਪਰਿਵਾਰ ਤੱਕ ਰਜ਼ਾਮੰਦੀ ਲਈ ਪਹੁੰਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਕਾਰਵਾਈ ਦੀ ਉਡੀਕ ਹੈ। 23 ਜੂਨ: ਕੋਟਰਪੂਰਾ ਦੇ ਕੂੜਾ ਡੰਪ ਨੇੜਿਓਂ ਬਲਵਿੰਦਰ ਕੁਮਾਰ (22) ਦੀ ਲਾਸ਼ ਮਿਲੀ। ਨਸ਼ੇ ਦਾ ਟੀਕਾ ਉਸ ਦੀ ਨਸ ’ਚ ਫਸਿਆ ਹੋਇਆ ਮਿਲਿਆ। ਪੁਲੀਸ ਜਾਂਚ ਕਰ ਰਹੀ ਹੈ। 25-26 ਜੂਨ: ਦੋ ਗੁਆਂਢੀਆਂ ਸਵੀਟੀ ਤੇ ਸੁਮਿਤ ਦੀ ਨਸ਼ਿਆਂ ਕਾਰਨ ਮੌਤ ਹੋ ਗਈ, ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜ਼ਿਲ੍ਹਾ ਲੁਧਿਆਣਾ: 5 ਜੂਨ: ਹਰਗੋਬਿੰਦ  ਕਲੋਨੀ ’ਚ ਹੈੱਡ ਕਾਂਸਟੇਬਲ ਦੇ ਪੁੱਤ ਸਿਮਰਨਜੀਤ ਸਿੰਘ (24) ਦੀ ਨਸ਼ਿਆਂ ਕਾਰਨ ਮੌਤ। ਉਸ ਦੀ ਲਾਸ਼ ਨੇੜਿਓਂ ਇੱਕ ਟੀਕਾ ਬਰਾਮਦ ਹੋਇਆ। ਜ਼ਿਲ੍ਹਾ ਫਿਰੋਜ਼ਪੁਰ: 28 ਜੂਨ: ਪਿੰਡ ਖਾਈ ਫੇਮੇ ਕੀ ਦੇ ਵਸਨੀਕ ਅਵਤਾਰ (30) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। 26 ਜੂਨ: ਪਿੰਡ ਸਤੀੲਵਾਲਾ ਦੇ ਵਸਨੀਕ ਮੱਖਣ ਸਿੰਘ (26) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਸ ਤੋਂ ਕੁਝ ਦਿਨ ਪਹਿਲਾਂ ਪਿੰਡ ਕਮੱਗਰ ਦੇ ਅਮਰੀਕ ਸਿੰਘ (45) ਦੀ ਨਸ਼ਿਆਂ ਦੇ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਗਈ। ਜ਼ਿਲ੍ਹਾ ਗੁਰਦਾਸਪੁਰ: 28 ਜੂਨ: ਡੇਰਾ ਬਾਬਾ ਨਾਨਕ ਦੇ ਪਿੰਡ ਦੋਸਤਪੁਰ ਵਿੱਚ 21 ਸਾਲਾ ਚਰਨਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ। ਕਾਹਨੂੰਵਾਨ ਦੇ ਪਿੰਡ ਭੱਟੀਆਂ ਦੇ ਕੁਲਵੀਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।

ਕੀ ਹੈ ਹੈਰੋਇਨ ‘ਕੱਟ’ ਏਡੀਜੀਪੀ ਹਰਪ੍ਰੀਤ ਸਿੱਧੂ ਨੇ ਕਿਹਾ ਕਿ ਡਾਕਟਰਾਂ ਮੁਤਾਬਕ ‘ਕੱਟ’ ਕੋਈ ਨਵਾਂ ਨਸ਼ਾ ਨਹੀਂ ਹੈ ਸਗੋਂ ਇਹ ਮਿਲਾਵਟ ਵਾਲੀ ਹੈਰੋਇਨ ਹੈ ਜਿਸ ਨੂੰ ਟੀਕੇ ਨਾਲ ਲੈਣ ’ਤੇ ਇਹ ਸਰੀਰ ’ਚ ਸੀਮਿੰਟ ਵਾਂਗ ਜੰਮ ਜਾਂਦੀ ਹੈ। ਉਨ੍ਹਾਂ ਮੁਤਾਬਕ ਨਸ਼ਾ ਬੜੀ ਤੇਜ਼ੀ ਨਾਲ ਆਪਣਾ ਅਸਰ ਦਿਖਾਉਂਦਾ ਹੈ ਅਤੇ ਕਈ ਵਾਰ ਨਸ਼ੇੜੀ ਸਰਿੰਜ ਨੂੰ ਬਾਹਰ ਨਹੀਂ ਕੱਢ ਪਾਉਂਦਾ ਅਤੇ ਉਸ ਦੀ ਥਾਂ ’ਤੇ ਹੀ ਮੌਤ ਤਕ ਹੋ ਜਾਂਦੀ ਹੈ। ਮਾਨਸਿਕ ਰੋਗਾਂ ਦੇ ਕਾਊਂਸਲਰ ਡਾਕਟਰ ਰਾਜੀਵ ਗੁਪਤਾ ਨੇ ਦੱਸਿਆ ਕਿ ਸ਼ੁੱਧ ਹੈਰੋਇਨ ਮਿਲਣਾ ਮੁਸ਼ਕਲ ਹੈ। ‘ਇਸ ਨੂੰ ਤਿਆਰ ਕਰਨ ’ਚ ਕਈ ਤਰ੍ਹਾਂ ਦੀ ਸਮੱਗਰੀ ਮਿਲਾਈ ਜਾਂਦੀ ਹੈ। ‘ਕੱਟ’ ਸਭ ਤੋਂ ਬੁਰਾ ਨਸ਼ਾ ਹੈ ਅਤੇ ਚਿੱਟੇ ਪਾਊਡਰ ਨਾਲ ਫ਼ੌਰੀ ਥੱਕੇ ਜੰਮ ਜਾਂਦੇ ਹਨ ਅਤੇ ਅਚਾਨਕ ਹੀ ਮੌਤ ਹੋ ਜਾਂਦੀ ਹੈ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All