ਨਵੀਆਂ ਮਾਂਵਾਂ ਦੇ ਮਾਨਸਿਕ ਰੋਗ

ਨਵੀਆਂ ਮਾਂਵਾਂ ਦੇ ਮਾਨਸਿਕ ਰੋਗ

ਡਾ. ਸੰਦੀਪ ਕੁਮਾਰ ਐਮ. ਡੀ. 11412767CD _14DECਮਾਂ ਬਣਨਾ ਕੁਦਰਤੀ ਪ੍ਰਕਿਰਿਆ ਹੈ, ਇਸੇ ਲਈ ਲਗਪਗ ਹਰੇਕ ਔਰਤ ਮਾਂ ਬਣਨ ਦੀ ਇੱਛਾ ਰੱਖਦੀ ਹੈ। ਕੁਦਰਤੀ ਹੋਣ ਦੇ ਬਾਵਜੂਦ ਇਹ ਸੌਖੀ ਪ੍ਰਕਿਰਿਆ ਨਹੀਂ। ਇਸ ਪ੍ਰਕਿਰਿਆ ਦੌਰਾਨ ਔਰਤ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਗੁਜ਼ਰਦੀ ਹੈ। ਬੱਚਾ ਪੈਦਾ ਹੋਣ ਬਾਅਦ, ਪਹਿਲੇ ਛੇ ਹਫ਼ਤਿਆਂ ਦਾ ਸਮਾਂ ਬਹੁਤ ਨਾਜ਼ੁਕ ਹੁੰਦਾ ਹੈ ਜਿਸ ਦੌਰਾਨ ਔਰਤ ਨੂੰ ਕਈ ਕਿਸਮ ਦੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਰਪੇਸ਼ ਹੋ ਸਕਦੀਆਂ ਹਨ। ਇਸੇ ਕਾਰਨ ਇਨ੍ਹਾਂ ਦਿਨਾਂ ਨੂੰ ਚਲੀਹਾ (40 ਦਿਨ) ਜਾਂ ਛਿਲਾ ਆਖਿਆ ਗਿਆ ਹੈ ਜੋ ਇੱਕ ਕਿਸਮ ਦੀ ਤਪੱਸਿਆ ਦਾ ਸੂਚਕ ਵੀ ਹੈ। ਇਨ੍ਹਾਂ ਦਿਨਾਂ ਵਿੱਚ ਕੁੱਝ ਮਾਨਸਿਕ ਰੋਗ ਹੋਣ ਦਾ ਖ਼ਤਰਾ ਰਹਿੰਦਾ ਹੈ। ਇਨ੍ਹਾਂ ਵਿੱਚੋਂ ਕਈ ਬਿਮਾਰੀਆਂ ਆਪਣੇ ਆਪ ਠੀਕ ਹੋ ਜਾਂਦੀਆਂ ਹਨ, ਬਾਕੀਆਂ ਦਾ ਵੀ ਕਾਰਗਾਰ ਇਲਾਜ ਹੋ ਸਕਦਾ ਹੈ। ਇਹ ਮਾਨਸਿਕ ਰੋਗ ਤਿੰਨ ਤਰ੍ਹਾਂ ਦੇ ਹੋ ਸਕਦੇ ਹਨ- ਹਲਕੀ ਉਦਾਸੀ, ਗੰਭੀਰ ਉਦਾਸੀ, ਤੇ ਨੀਮ ਪਾਗਲਪਣ। ਹਲਕੀ ਉਦਾਸੀ: ਲਗਪਗ 40 ਤੋਂ 60 ਪ੍ਰਤੀਸ਼ਤ ਔਰਤਾਂ ਬੱਚਾ ਪੈਦਾ ਹੋਣ ਤੋਂ ਬਾਅਦ ਹਲਕੀ ਉਦਾਸੀ ਮਹਿਸੂਸ ਕਰਦੀਆਂ ਹਨ। ਉਨ੍ਹਾਂ ਨੂੰ ਥੋੜ੍ਹੀ ਜਿਹੀ ਘਬਰਾਹਟ ਹੋ ਜਾਂਦੀ ਹੈ ਤੇ ਰੋਣਾ ਵੀ ਆਉਂਦਾ ਹੈ। ਕਈ ਵਾਰੀ ਬੱਚੇ ਦਾ ਧਿਆਨ ਰੱਖਣ ਦੀ ਆਪਣੀ ਸਮਰੱਥਾ ਉੱਪਰ ਵੀ ਸ਼ੱਕ ਹੋ ਜਾਂਦਾ ਹੈ। ਕਦੇ-ਕਦਾਈਂ ਮਨ ਵਿੱਚ ਨਮੋਸ਼ੀ ਆ ਜਾਂਦੀ ਹੈ ਅਤੇ ਥੋੜ੍ਹੀਆਂ ਬਹੁਤ ਨਕਾਰਾਤਮਕ ਸੋਚਾਂ ਆਉਂਦੀਆਂ ਹਨ। ਇਹ ਲੱਛਣ ਬੱਚਾ ਹੋਣ ਤੋਂ 2 ਜਾਂ 3 ਦਿਨ ਬਾਅਦ ਸ਼ੁਰੂ ਹੁੰਦੇ ਅਤੇ ਆਮ ਤੌਰ ’ਤੇ ਇੱਕ ਹਫ਼ਤੇ ਵਿੱਚ ਆਪਣੇ-ਆਪ ਠੀਕ ਹੋ ਜਾਂਦੇ ਹਨ। ਇਨ੍ਹਾਂ ਨੂੰ ਠੀਕ ਹੋਣ ਨੂੰ ਵੱਧ ਤੋਂ ਵੱਧ 2 ਹਫ਼ਤੇ ਦਾ ਸਮਾਂ ਲੱਗਦਾ ਹੈ। ਗੰਭੀਰ ਉਦਾਸੀ: ਲਗਪਗ 5 ਤੋਂ 10 ਪ੍ਰਤੀਸ਼ਤ ਔਰਤਾਂ ਨੂੰ ਜਣੇਪੇ ਤੋਂ ਬਾਅਦ ਗੰਭੀਰ ਉਦਾਸੀ ਰੋਗ ਹੋ ਸਕਦਾ ਹੈ। ਇਸ ਬਿਮਾਰੀ ਵਿੱਚ ਉਨ੍ਹਾਂ ਦਾ ਮਨ ਹਰ ਸਮੇਂ ਉਦਾਸ ਰਹਿੰਦਾ ਹੈ। ਆਤਮ-ਵਿਸ਼ਵਾਸ ਬਹੁਤ ਘਟ ਜਾਂਦਾ ਹੈ। ਹਰ ਸਮੇਂ ਰੋਣ ਨੂੰ ਜੀਅ ਕਰਦਾ ਰਹਿੰਦਾ ਹੈ। ਉਨ੍ਹਾਂ ਦੇ ਮਨ ਵਿੱਚ ਆਪਣੇ ਨਵ-ਜਨਮੇ ਬੱਚੇ ਲਈ ਪਿਆਰ ਘੱਟ ਹੀ ਉਮੜਦਾ ਹੈ। ਬੱਚੇ ਦਾ ਧਿਆਨ ਰੱਖਣ ਤੇ ਹੋਰ ਕੰਮਾਂ-ਕਾਰਾਂ ਵਿੱਚ ਉਨ੍ਹਾਂ ਦੀ ਰੁਚੀ ਅਤੇ ਸਮਰੱਥਾ ਵੀ ਘਟ ਜਾਂਦੀ ਹੈ। ਇਸ ਸਮੇਂ ਵਿੱਚ ਉਨ੍ਹਾਂ ਦੀ ਭੁੱਖ ਅਤੇ ਨੀਂਦ, ਦੋਵੇਂ ਘਟ ਜਾਂਦੇ ਹਨ। ਕੋਈ ਵੀ ਕੰਮ ਕਰਨ ਨੂੰ ਉਨ੍ਹਾਂ ਦਾ ਮਨ ਨਹੀਂ ਕਰਦਾ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਨੂੰ ਮਿਲਣ-ਗਿਲਣ ਦੀ ਇੱਛਾ ਹੁੰਦੀ ਹੈ। ਕਈ ਵਾਰੀ ਆਤਮਹੱਤਿਆ ਵਰਗੀਆਂ ਸੋਚਾਂ ਵੀ ਮਨ ਵਿੱਚ ਆਉਣ ਲੱਗਦੀਆਂ ਹਨ। ਨੀਮ ਪਾਗਲਪਣ: ਹਜ਼ਾਰ ਵਿੱਚੋਂ ਲਗਪਗ ਇੱਕ ਔਰਤ ਜਣੇਪੇ ਤੋਂ ਬਾਅਦ ਗੰਭੀਰ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ, ਜਿਸ ਨੂੰ ਨੀਮ-ਪਾਗਲਪਣ ਕਿਹਾ ਜਾਂਦਾ ਹੈ। ਇਸ ਹਾਲਾਤ ਵਿੱਚ ਔਰਤ ਦਾ ਅਸਲੀਅਤ ਨਾਲੋਂ ਰਿਸ਼ਤਾ ਟੁੱਟ ਜਾਂਦਾ ਹੈ। ਉਹ ਬਹਿਕੀਆਂ-ਬਹਿਕੀਆਂ ਗੱਲਾਂ ਕਰਦੀ ਹੈ। ਉਸਨੂੰ ਬੱਚੇ ਦਾ ਧਿਆਨ ਰੱਖਣ ਜਾਂ ਕੰਮਾਂ-ਕਾਰਾਂ ਦੀ ਸੁੱਧ ਨਹੀਂ ਰਹਿੰਦੀ। ਨੀਂਦ ਬੁਰੀ ਤਰ੍ਹਾਂ ਖ਼ਰਾਬ ਹੋ ਜਾਂਦੀ ਹੈ। ਇੱਥੋਂ ਤੱਕ ਕਿ ਔਰਤ ਨੂੰ ਆਪਣੇ ਖਾਣ-ਪੀਣ ਜਾਂ ਸਰੀਰ ਦਾ ਧਿਆਨ ਰੱਖਣ ਦੀ ਵੀ ਕੋਈ ਸਮਝ ਨਹੀਂ ਰਹਿੰਦੀ। ਕਈ ਵਾਰੀ ਇਹ ਵੱਡੀਆਂ-ਵੱਡੀਆਂ ਗੱਲਾਂ ਕਰਦੀਆਂ, ਤੇਜ਼ ਬੋਲਦੀਆਂ ਅਤੇ ਬਹੁਤ ਜ਼ਿਆਦਾ ਰੌਲਾ ਪਾਉਂਦੀਆਂ ਹਨ। ਉਨ੍ਹਾਂ ਦਾ ਮਿਜਾਜ਼ ਬਦਲਦਾ ਰਹਿੰਦਾ ਹੈ; ਕਦੇ ਬਹੁਤ ਗੁੱਸਾ ਅਤੇ ਕਦੇ ਬਹੁਤ ਉਦਾਸੀ। ਇਸ ਬਿਮਾਰੀ ਵਿੱਚ ਉਨ੍ਹਾਂ ਨੂੰ ਓਪਰੀਆਂ ਅਵਾਜ਼ਾਂ ਸੁਣਨ ਜਾਂ ਬੇਲੋੜੀਆਂ ਸ਼ਕਲਾਂ ਦਿਖਾਈ ਦੇਣ ਲੱਗ ਸਕਦੀਆਂ ਹਨ। ਅਜਿਹੀ ਮਰੀਜ਼ ਔਰਤ ਬੇਲੋੜੇ ਸ਼ੱਕ ਕਰਨ ਲੱਗਦੀ ਹੈ। ਜਦੋਂ ਬਿਮਾਰੀ ਬਹੁਤ ਗੰਭੀਰ ਹੋ ਜਾਵੇ ਤਾਂ ਇਹ ਮਰੀਜ਼ ਆਪਣੇ ਬੱਚੇ ਨੂੰ ਵੀ ਆਪਣਾ ਨਹੀਂ ਸਮਝਦੇ, ਇੱਥੋਂ ਤੱਕ ਉਸ ਦਾ ਵੀ ਨੁਕਸਾਨ ਕਰ ਸਕਦੇ ਹਨ। ਇਹ ਲੱਛਣ ਇੱਕ ਕਿਸਮ ਦੀ ਮੈਡੀਕਲ ਐਮਰਜੈਂਸੀ ਦੇ ਹੁੰਦੇ ਹਨ, ਜਿਨ੍ਹਾਂ ਦਾ ਤੁਰੰਤ ਇਲਾਜ ਬਹੁਤ ਲਾਜ਼ਮੀ ਹੁੰਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਹੁੰਦੀਆਂ ਮਾਨਸਿਕ ਬਿਮਾਰੀਆਂ ਬਾਰੇ ਸਿਹਤ ਮਾਹਿਰਾਂ ਨੂੰ ਹਾਲੇ ਤੱਕ ਕੋਈ ਇੱਕ ਕਾਰਨ ਨਹੀਂ ਲੱਭਿਆ। ਇਹ ਰੋਗ ਕਿਸੇ ਵੀ ਔਰਤ ਨੂੰ ਹੋ ਸਕਦਾ ਹੈ। ਪੈਦਾ ਹੋਇਆ ਬੱਚਾ ਲੜਕਾ ਹੈ ਜਾਂ ਲੜਕੀ, ਇਸ ਗੱਲ ਦਾ ਇਨ੍ਹਾਂ ਬਿਮਾਰੀਆਂ ਨਾਲ ਕੋਈ ਸੰਬੰਧ ਨਹੀਂ। ਜੇ ਪਹਿਲੇ ਬੱਚੇ ਤੋਂ ਬਾਅਦ ਮਾਨਸਿਕ ਬਿਮਾਰੀ ਦੇ ਲੱਛਣ ਹੋਏ ਹਨ ਤਾਂ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਵੀ ਅਜਿਹੀ ਬਿਮਾਰੀ ਹੋਣ ਦੇ ਬਹੁਤ ਚਾਂਸ ਰਹਿੰਦੇ ਹਨ। ਮੁੱਖ ਤੌਰ ’ਤੇ ਇਹ ਬਿਮਾਰੀਆਂ ਦਿਮਾਗ ਵਿਚਲੇ ਰਸਾਇਣਿਕ ਪਦਾਰਥਾਂ ਦੇ ਉਤਾਰ-ਚੜਾਅ ਕਾਰਨ ਹੁੰਦੀਆਂ ਹਨ। ਗਰਭ ਸੰਬੰਧੀ ਇੱਕ ਹੋਰ ਸਮੱਸਿਆ ਵੀ ਔਰਤ ਵਿੱਚ ਮਾਨਸਿਕ ਸਮੱਸਿਆ ਨੂੰ ਜਨਮ ਦੇ ਸਕਦੀ ਹੈ। ਇਹ ਸਮੱਸਿਆ ਹੈ, ਗਰਭ ਦੌਰਾਨ ਬੱਚੇ ਦੀ ਮੌਤ ਜਾਂ ਨਵ-ਜਾਤ ਬੱਚੇ ਦੀ ਮੌਤ। ਮਾਂ ਦਾ ਆਪਣੇ ਬੱਚੇ ਲਈ ਪਿਆਰ ਉਦੋਂ ਸ਼ੁਰੂ ਹੋ ਜਾਂਦਾ, ਜਦੋਂ ਬੱਚਾ ਹਾਲੇ ਪੇਟ ਵਿੱਚ ਹੀ ਹੁੰਦਾ ਹੈ। ਗਰਭ ਵਿੱਚ ਪਲ ਰਹੇ ਬੱਚੇ ਦੀ ਮੌਤ ਜਾਂ ਨਵ-ਜਾਤ ਬੱਚੇ ਦੀ ਮੌਤ ਕਿਸੇ ਵੀ ਮਾਦਾ ਲਈ ਉਸੇ ਤਰ੍ਹਾਂ ਸੋਗਮਈ ਹੁੰਦੀ ਹੈ ਜਿਵੇਂ ਜ਼ਿੰਦਗੀ ਵਿੱਚ ਆਪਣੇ ਕਿਸੇ ਪਰਿਵਾਰਿਕ ਮੈਂਬਰ ਦੀ ਮੌਤ ਹੋਵੇ। ਇਸੇ ਦੁੱਖ ਕਾਰਨ ਅੰਦਰੋਂ ਤਾਂ ਲਗਪਗ ਹਰ ਔਰਤ ਰੋਂਦੀ ਹੀ ਹੈ ਪਰ ਬਹੁਤ ਸਾਰੀਆਂ ਔਰਤਾਂ ਬਾਹਰੋਂ ਰੋ ਕੇ ਵੀ ਇਸ ਦੁੱਖ ਦਾ ਇਜ਼ਹਾਰ ਕਰਦੀਆਂ ਹਨ। ਅਜਿਹੇ ਹਾਲਾਤਾਂ ਵਿੱਚ ਔਰਤ ਨੂੰ ਬਹੁਤ ਹੀ ਸੰਵੇਦਨਾ ਭਰੇ ਵਤੀਰੇ ਦੀ ਲੋੜ ਹੁੰਦੀ ਹੈ। ਨਵੀਆਂ ਬਣੀਆਂ ਮਾਂਵਾ ਦੀਆਂ ਮਾਨਸਿਕ ਬਿਮਾਰੀਆਂ ਦਾ ਅੱਜ ਦੇ ਮੈਡੀਕਲ ਵਿਗਿਆਨ ਕੋਲ ਬਹੁਤ ਯੋਗ ਅਤੇ ਉੱਤਮ ਇਲਾਜ ਹੈ। ਜਿਵੇਂ ਪਹਿਲਾਂ ਦੱਸਿਆ ਹੈ, ਹਲਕੀ ਉਦਾਸੀ ਤਾਂ ਆਪਣੇ-ਆਪ ਹੀ ਠੀਕ ਹੋ ਜਾਂਦੀ ਹੈ, ਜਿਸ ਲਈ ਕਿਸੇ ਬਹੁਤੇ ਡਾਕਟਰੀ ਇਲਾਜ ਦੀ ਜ਼ਰੂਰਤ ਨਹੀਂ ਪੈਂਦੀ। ਜੇ ਉਦਾਸੀ ਜ਼ਿਆਦਾ ਗੰਭੀਰ ਹੋਵੇ ਤਾਂ ਯੋਗ ਡਾਕਟਰ ਦੀ ਰਾਇ ਨਾਲ ਕੁਝ ਦਵਾਈਆਂ ਜਿਵੇਂ ਐਂਟੀਡਿਪਰੈਂਸਟ (ਉਦਾਸੀ ਠੀਕ ਕਰਨ ਦੀਆਂ ਦਵਾਈਆਂ) ਲਈਆਂ ਜਾ ਸਕਦੀਆਂ ਹਨ। ਜਣੇਪੇ ਤੋਂ ਬਾਅਦ ਉਪਜੇ ਨੀਮ-ਪਾਗਲਪਣ ਦੀ ਬਿਮਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੁੰਦੀ ਹੈ। ਅਜਿਹੀ ਹਾਲਾਤ ਵਿੱਚ ਮਰੀਜ਼ ਆਪਣੇ-ਆਪ ਨੂੰ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ, ਇੱਥੋਂ ਤੱਕ ਕਿ ਨਵ-ਜਾਤ ਬੱਚੇ ਨੂੰ ਵੀ ਨੁਕਸਾਨ ਕਰ ਸਕਦੇ ਹਨ। ਇਨ੍ਹਾਂ ਵਿੱਚੋਂ ਕੁੱਝ ਨੂੰ ਤਾਂ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਜ਼ਰੂਰਤ ਵੀ ਪੈ ਜਾਂਦੀ ਹੈ। ਇਨ੍ਹਾਂ ਦਾ ਇਲਾਜ ਐਂਟੀਸਾਇਕੋਟਿਕ ਦਵਾਈਆਂ ਅਤੇ ਕੁੱਝ ਹੋਰ ਲੋੜੀਂਦੀਆਂ ਦਵਾਈਆਂ ਨਾਲ ਕੀਤਾ ਜਾਂਦਾ ਹੈ। ਦਵਾਈ ਕਾਰਨ ਸ਼ੁਰੂ ਵਿੱਚ ਮਰੀਜ਼ ਨੂੰ ਨੀਂਦ ਜ਼ਿਆਦਾ ਆ ਸਕਦੀ ਹੈ ਪਰ ਹੌਲੀ-ਹੌਲੀ ਇਹ ਠੀਕ ਹੋ ਜਾਂਦੀ ਹੈ। ਇਸ ਸਮੇਂ ਦੌਰਾਨ ਬੱਚੇ ਦਾ ਧਿਆਨ ਵੀ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਰੱਖਣਾ ਚਾਹੀਦਾ ਹੈ। ਅਜਿਹੀ ਹਾਲਤ ਵਿੱਚ ਇਹ ਮਰੀਜ਼ ਆਪਣੇ ਬੱਚੇ ਨੂੰ ਦੁੱਧ ਵੀ ਸਹੀ ਤਰੀਕੇ ਨਾਲ ਨਹੀਂ ਪਿਲਾ ਸਕਦੇ, ਇਸ ਲਈ ਜ਼ਰੂਰਤ ਹੁੰਦੀ ਹੈ ਕਿ ਪਰਿਵਾਰ ਦਾ ਕੋਈ ਹੋਰ ਮੈਂਬਰ ਇਸ ਚੀਜ਼ ਦੀ ਜ਼ਿੰਮੇਵਾਰੀ ਲੈ ਲਵੇ ਅਤੇ ਬੱਚੇ ਨੂੰ ਦੁੱਧ ਪਿਲਾ ਦੇਵੇ। ਇਸ ਤਰ੍ਹਾਂ ਦੇ ਨੀਮ ਪਾਗਲਪਣ ਤੋਂ ਪ੍ਰਭਾਵਿਤ ਜ਼ਿਆਦਾਤਰ ਮਰੀਜ਼ ਦਵਾਈਆਂ ਨਾਲ ਹੀ ਠੀਕ ਹੋ ਜਾਂਦੇ ਹਨ। ਬਹੁਤ ਹੀ ਥੋੜ੍ਹੇ ਮਰੀਜਾਂ ਵਿੱਚ ਬਿਜਲੀ ਵਾਲਾ ਇਲਾਜ (ਈਸੀਟੀ) ਕਰਨ ਦੀ ਜ਼ਰੂਰਤ ਪੈਂਦੀ ਹੈ। ਮਾਹਿਰ ਡਾਕਟਰ ਦੁਆਰਾ ਸਲਾਹ ਦਿੱਤੇ ਜਾਣ ਦੀ ਸੂਰਤ ਵਿੱਚ ਲੋੜ ਅਨੁਸਾਰ ਇਹ ਇਲਾਜ ਵੀ ਕਰਵਾਇਆ ਜਾ ਸਕਦਾ ਹੈ। 11210744CD _DR_SANDEEP KAMAR*ਮਾਨਸਿਕ ਰੋਗਾਂ ਦੇ ਮਾਹਿਰ ਸੰਪਰਕ: 98144-44267

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All