ਨਵੀਂ ਪੀੜ੍ਹੀ ਪੰਜਾਬੀ ਮਾਂ-ਬੋਲੀ ਤੋਂ ਬੇਮੁਖ ਕਿਉਂ ?

ਗੁਰਮੀਤ ਕੌਰ

ਪਿਛਲੇ ਪੰਜ-ਛੇ ਵਰ੍ਹਿਆਂ ਤੋਂ ਮੈਂ ਅਮਰੀਕਾ, ਕੈਨੇਡਾ ਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਪੰਜਾਬੀ-ਅੰਗਰੇਜ਼ੀ ਵਿਚ ਛਪਵਾਈਆਂ ਆਪਣੀਆਂ ਬਾਲ-ਕਹਾਣੀਆਂ ਦੀਆਂ ਕਿਤਾਬਾਂ ਵੇਚਣ ਵਾਸਤੇ ਥਾਂ-ਥਾਂ ਫੋਨ ਕਰਦੀ ਤੇ ਈਮੇਲਾਂ ਭੇਜਦੀ ਰਹਿੰਦੀ ਹਾਂ। ਇਸ ਤੋਂ ਬਿਨਾਂ ਹੋਰ ਰਸਤਾ ਵੀ ਨਹੀਂ ਦਿਸਦਾ। ਸਾਡਾ ਆਨਲਾਈਨ ਸਟੋਰ ਵੀ ਹੈ, ਫੇਸਬੁੱਕ ’ਤੇ ਹਾਜ਼ਰ ਰਹੀਦਾ ਹੈ, ਪਰ ਮਹੀਨੇ ਵਿਚ ਮਸਾਂ ਇਕ-ਦੋ ਗਾਹਕ ਹੀ ਦਿਸਦੇ ਹਨ। ਇਹਦਾ ਕਾਰਨ ਵੀ ਪਤਾ ਹੀ ਹੈ। ਬਹੁਤੀਆਂ ਕੌਮਾਂ ਦੇ ਘਰੀਂ ਲਾਇਬ੍ਰੇਰੀਆਂ ਹੁੰਦੀਆਂ ਹਨ, ਪਰ ਪੰਜਾਬੀਆਂ ਵਿਚ ਇਹ ਸੱਂਭਿਆਚਾਰ ਪ੍ਰਫੁੱਲਿਤ ਨਹੀਂ ਹੋ ਸਕਿਆ। ਸਾਡੇ ਘਰੀਂ ਕਈ ਵਾਰ ਚਾਰ-ਕੁ ਕਿਤਾਬਾਂ ਰੱਖਣ ਦੀ ਥਾਂ ਵੀ ਨਹੀਂ ਹੁੰਦੀ। ਮੈਂ ਸੋਚਦੀ ਹਾਂ, ਸਾਡੇ ਲੋਕ ਭਲਾ ਕਿਤਾਬਾਂ ਖ਼ਰੀਦਣ ਵੀ ਕਿਉਂ? ਤੇ ਉਹ ਵੀ ਪੰਜਾਬੀ ਵਿਚ ਲਿਖੀਆਂ! ਮੋਬਾਈਲ ਫੋਨਾਂ ਨਾਲ ਚਿੰਬੜੇ ਸਾਡੇ ਬੱਚਿਆਂ ਨੇ ਪੰਜਾਬੀ ਤੋਂ ਭਲਾ ਕੀ ਲੈਣਾ ਏ? ਕਿਸੇ ਬੋਲੀ ਨੂੰ ਉਹਦਾ ਸਾਹਿਤ ਹੀ ਜਿਊਂਦਾ ਰੱਖਦਾ ਹੈ। ਕੀ ਕੋਈ ਸੋਚ ਸਕਦਾ ਹੈ ਕਿ ਜੇ ਸਾਡਾ ਸਰਵੋਤਮ ਸਾਹਿਤ-ਲੋਕਬਾਣੀ, ਸੂਫ਼ੀਬਾਣੀ, ਗੁਰਬਾਣੀ-ਸ਼ਬਦਲਿਪੀ ਵਿਚ ਲਿਖਿਆ ਨਾ ਹੁੰਦਾ ਤਾਂ ਸਾਡੇ ਤੇ ਸਾਡੀ ਬੋਲੀ ਦੇ ਪੱਲੇ ਕੀ ਹੋਣਾ ਸੀ? ਤੇ ਸਾਡੀ ਅਗਲੀ ਪੀੜ੍ਹੀ ਦਾ ਕੀ ਹਸ਼ਰ ਹੋਣ ਵਾਲੇ ਏ, ਜੋ ਪੰਜਾਬੀ ਨਹੀਂ ਬੋਲਦੀ। ਉਸ ਪੀੜ੍ਹੀ ਨੇ ਪੜ੍ਹਨੀ ਅਤੇ ਲਿਖਣੀ ਤਾਂ ਕੀ, ਉਸ ਨੂੰ ਤਾਂ ਚੱਜ ਨਾਲ ਬੋਲਣੀ ਵੀ ਨਹੀਂ ਆਉਂਦੀ। ਉਹ ਸਾਡੇ ਸਾਹਿਤ ਦੇ ਅਮੀਰ ਵਿਰਸੇ ਨੂੰ ਅਗਾਂਹ ਕੀ ਤੋਰਨਗੇ ? ਬੱਚਿਆਂ ਦੇ ਮਾਪਿਆਂ ਨਾਲ ਮੇਰੀ ਗੱਲਬਾਤ ਅਕਸਰ ਇੰਜ ਮੁੱਕਿਆ ਕਰਦੀ ਏ: ਬੱਚੇ ਆਪਣੇ ਦਾਦੇ ਦਾਦੀ, ਨਾਨੇ ਨਾਨੀ ਨਾਲ ਪੰਜਾਬੀ ਬੋਲ ਲੈਂਦੇ ਨੇ ਜਾਂ ਬੱਚੇ ਵੱਡਿਆਂ ਦੀ ਪੰਜਾਬੀ ’ਚ ਕੀਤੀ ਗੱਲ ਸਮਝ ਲੈਂਦੇ ਨੇ। ਉਨ੍ਹਾਂ ਵਾਸਤੇ ਪੰਜਾਬੀ ਏਨੀ ਹੀ ਬਹੁਤ ਹੈ। ਫੇਰ ਮੈਂ ਉਨ੍ਹਾਂ ਨੂੰ ਪੁੱਛਦੀ ਹਾਂ: ਕੀ ਬੱਚੇ ਆਪਣੇ ਦਿਲ ਦੀ, ਜ਼ਿੰਦਗੀ ਦੀ, ਆਲੇ-ਦੁਆਲੇ ਦੀ ਗੱਲ ਪੰਜਾਬੀ ’ਚ ਕਰ ਲੈਂਦੇ ਨੇ? ਉਨ੍ਹਾਂ ਆਪਣੇ ਹਾਣ ਦੀ ਕੋਈ ਪੰਜਾਬੀ ਕਿਤਾਬ ਕਦੇ ਪੜ੍ਹੀ ਹੈ? ਕੋਈ ਬੱਚਾ ਵੱਡਾ ਹੋ ਕੇ ਪੰਜਾਬੀ ਵਿਚ ਕਿਤਾਬਾਂ ਲਿਖੇਗਾ ਵੀ? ਜਦੋਂ ਪਿੱਛੇ ਜਿਹੇ ਕੈਨੇਡਾ ਦੇ ਸ਼ਹਿਰ ਬ੍ਰੈਂਟਫਰਡ ਦੇ ਗੁਰਦੁਆਰੇ ਵਿਚ ਨੌਜਵਾਨਾਂ ਨੂੰ ਪੁੱਛਿਆ ਕਿ ਅੰਗਰੇਜ਼ੀ ਸਾਹਿਤ ਦੀ ਸ਼ਾਹਕਾਰ ਰਚਨਾ ਕਿਸ ਦੀ ਹੈ ਤਾਂ ਉਨ੍ਹਾਂ ਸ਼ੇਕਸਪੀਅਰ ਦਾ ਨਾਂ ਲਿਆ। ਫੇਰ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਸ਼ੈਕਸਪੀਅਰ ਨੂੰ ਪੜ੍ਹਨ ਤੇ ਸਮਝਣ ਲਈ ਉਨ੍ਹਾਂ ਕਿੰਨੀਆਂ ਕਿਤਾਬਾਂ ਪੜ੍ਹੀਆਂ ਹਨ। ਅੱਗੋਂ ਜਵਾਬ ਮਿਲਿਆ, ਘੱਟੋ-ਘੱਟ ਸੌ ਕਿਤਾਬਾਂ, ਪਰ ਉਹ ਪੰਜਾਬੀ ਦੀ ਇਕ ਵੀ ਸ਼ਾਹਕਾਰ ਲੇਖਕ ਜਾਂ ਰਚਨਾ ਦਾ ਨਾਂ ਨਹੀਂ ਦੱਸ ਸਕੇ। ਜਿਸ ਬੱਚੇ ਨੇ ਸਾਰੀ ਉਮਰ ਆਪਣੇ ਮਾਂ-ਪਿਉ ਦੇ ਹੱਥ ਵਿਚ ਕਦੇ ਪੰਜਾਬੀ ਦੀ ਕਿਤਾਬ ਨਾ ਵੇਖੀ ਹੋਵੇ, ਉਹ ਵੱਡੇ ਹੋ ਕੇ ਲਿਖਾਰੀ ਕਿਵੇਂ ਬਣਨਗੇ? ਉਨ੍ਹਾਂ ਦੀ ਪੰਜਾਬੀ ਦੀ ਸ਼ਬਦਾਵਲੀ ਪੰਜਾਬੀ ਗਾਣਿਆਂ ’ਚ ਵਰਤੇ ਜਾਂਦੇ ਕੁੱਲ ਚਾਲੀ-ਪੰਜਾਹ ਸ਼ਬਦਾਂ ਵਾਲੀ ਹੀ ਹੈ। ਉਂਜ ਮੇਰਾ ਕੁਝ ਸਾਲਾਂ ਦਾ ਤਜਰਬਾ ਤੇ ਖੁਸ਼ਨਸੀਬੀ ਇਹ ਵੀ ਰਹੀ ਹੈ ਕਿ ਕਈ ਮਾਪਿਆਂ ਦੀ ਸੋਚ ਬਦਲੀ ਹੈ। ਉਨ੍ਹਾਂ ਆਪਣੇ ਘਰਾਂ ਵਿਚ ਕਿਤਾਬਾਂ ਰੱਖਣ ਦੀ ਥਾਂ ਬਣਾਈ ਹੈ ਤੇ ਉਹ ਆਪਣੇ ਬੱਚਿਆਂ ਨਾਲ ਰਲ ਕੇ ਬਾਲ ਕਹਾਣੀਆਂ ਪੜ੍ਹਦੇ-ਮਾਣਦੇ ਹਨ। ਹੁਣ ਜਦੋਂ ਨਵੀਂ ਪੀੜ੍ਹੀ ਦੇ ਬੱਚੇ ਹਰ ਵੇਲੇ ਕੰਪਿਊਟਰਾਂ-ਮੋਬਾਈਲਾਂ ਨਾਲ ਚਿੰਬੜੇ ਰਹਿੰਦੇ ਹਨ ਤਾਂ ਉਸ ਹਾਲਾਤ ਵਿਚ ਮਾਪਿਆਂ ਦਾ ਆਪਣੇ ਬੱਚਿਆਂ ਨਾਲ ਬੈਠ ਕੇ ਕਿਤਾਬਾਂ ਪੜ੍ਹਨਾ, ਚੰਗਾ ਸੰਕੇਤ ਹੈ। ਜਦੋਂ ਮਾਪੇ ਪੰਜਾਬੀ ਦੀ ਕੋਈ ਕਿਤਾਬ ਘਰ ਵਿਚ ਲਿਆ ਕੇ ਰੱਖਦੇ ਹਨ ਤਾਂ ਇੰਜ ਲੱਗਦਾ ਹੈ ਕਿ ਘਰ ਵਿਚ ਪੰਜਾਬੀ ਬੋਲਦਾ ਕੋਈ ਨਵਾਂ ਜੀਅ ਆ ਗਿਆ ਹੋਵੇ। ਮਾਪਿਆਂ ਦੇ ਉਦਮ ਕਾਰਨ ਹੀ ਅਜਿਹੇ ਬੱਚੇ ਵੀ ਵੇਖੇ ਨੇ, ਜਿਨ੍ਹਾਂ ਨੂੰ ਮੇਰੀਆਂ ਕਿਤਾਬਾਂ ਅੱਖਰ-ਅੱਖਰ ਜ਼ੁਬਾਨੀ ਚੇਤੇ ਹੁੰਦੀਆਂ ਨੇ। ਬੱਚੇ ਕਿਤਾਬਾਂ ’ਤੇ ਮੇਰੇ ਦਸਤਖ਼ਤ ਕਰਵਾਉਣ ਲਈ ਕਿੰਨਾ-ਕਿੰਨਾ ਚਿਰ ਆਪਣੀ ਵਾਰੀ ਉਡੀਕਦਿਆਂ ਕਤਾਰ ਵਿਚ ਖਲੋਤੇ ਹੁੰਦੇ ਨੇ। ਮਾਵਾਂ ਮੇਰੇ ਗਲੇ ਮਿਲਣ ਤੇ ਥੈਂਕ-ਯੂ ਆਖਣ ਲਈ ਖੜ੍ਹੀਆਂ ਹੁੰਦੀਆਂ ਨੇ। ਮੈਨੂੰ ਬੜੇ ਮਾਪੇ ਚਿੱਠੀਆਂ ਲਿਖ ਕੇ ਦੱਸਦੇ ਨੇ ਕਿ ਉਨ੍ਹਾਂ ਦੇ ਬੱਚੇ ਰਾਤ ਨੂੰ ਸੌਣ ਤੋਂ ਪਹਿਲੋਂ ਅੰਗਰੇਜ਼ੀ ਦੀਆਂ ਨਹੀਂ, ਮੇਰੀਆਂ ਕਿਤਾਬਾਂ ਪੜ੍ਹਦੇ ਨੇ। ਉਦੋਂ ਠੰਢਾ ਬੁੱਲਾ ਆਉਂਦਾ ਜਾਪਦਾ ਹੈ। ਦੁਨੀਆਂ ਭਰ ਦੇ ਪੰਜਾਬੀਆਂ ਵਿਚ ਵਿਚਰ ਕੇ ਇਸ ਗੱਲ ਦਾ ਮਤਲਬ ਸਮਝ ਆਉਂਦਾ ਹੈ ਕਿ ਸਾਡੀ ਬੋਲੀ ਮਰ ਕਿਉਂ ਰਹੀ ਹੈ। ਇਹ ਵੀ ਪਤਾ ਹੈ ਕਿ ਇਹ ਜੀਉਂਦੀ ਕਿਵੇਂ ਰਹਿਣੀ ਹੈ। ਪੰਜਾਬੀ ਮਰ ਇਸ ਲਈ ਰਹੀ ਹੈ ਕਿ ਸਾਡੇ ਘਰਾਂ ਵਿਚ ਕਿਤਾਬਾਂ ਦਾ ਵਾਸਾ ਨਹੀਂ ਹੈ ਅਤੇ ਦੂਸਰੀ ਵੱਡੀ ਗੱਲ ਕਿ ਸਾਡੇ ਘਰਾਂ ਵਿਚ ਪੁਰਸ਼ਾਂ ਤੇ ਔਰਤਾਂ ਦੀ ਇਕ ਦੂਜੇ ਨਾਲ ਸੁਰ ਨਹੀਂ ਰਲਦੀ। ਵਿਸ਼ਵ-ਵਿਆਪੀ ਪੂੰਜੀਵਾਦ ਖੇਤਰੀ ਬੋਲੀਆਂ ਦਾ ਗਲ ਘੁੱਟ ਰਿਹਾ ਹੈ। ਰਾਸ਼ਟਰੀ ਬੋਲੀ ਖੇਤਰੀ ਬੋਲੀ ਨੂੰ ਨਿਗਲੀ ਜਾਂਦੀ ਹੈ। ਪੰਜਾਬੀ ਪੰਜ ਹਜ਼ਾਰ ਵਰ੍ਹੇ ਪੁਰਾਣੀ ਦੱਸੀ ਜਾਂਦੀ ਹੈ ਤੇ ਇਹਨੂੰ ਇਸ ਵੇਲੇ ਦੁਨੀਆਂ ਭਰ ਵਿਚ 12 ਕਰੋੜ ਲੋਕ ਬੋਲਦੇ ਹਨ। ਹਾਏ, ਇਹ ਏਨੀ ਛੇਤੀ ਮੁੱਕ ਜਾਵੇਗੀ! ਦਿਲ ਮੰਨਦਾ ਨਹੀਂ। ਆਨਲਾਈਨ ਅੰਗਰੇਜ਼ੀ ਰਸਾਲੇ ‘ਸਿੱਖਸ਼ਿਕ’ ਦੇ ਸੰਜੋਗੀ ਸ਼ੇਰ ਸਿੰਘ ਨੇ ਮੇਰੀਆਂ ਕਿਤਾਬਾਂ ਦੇਖ ਕੇ ਆਖਿਆ ਸੀ: ਬੜਾ ਸੋਹਣਾ ਕੰਮ ਏ। ਢੇਰ ਸਾਰੀਆਂ ਕਿਤਾਬਾਂ ਛਾਪੋ, ਇਹ ਕਿਤਾਬਾਂ ਘਰ-ਘਰ ਪੁੱਜਣ! ਸਿਰਫ਼ ਤਿੰਨ ਕਿਤਾਬਾਂ ਸੰਜੋਣ ਲਈ ਮੈਨੂੰ ਕਿੰਨੀ ਮਿਹਨਤ ਕਰਨੀ ਪਈ, ਕਿੰਨਾ ਪੈਸਾ ਖ਼ਰਚ ਹੋਇਆ, ਮੈਂ ਆਪਣੀ ਨੌਕਰੀ ਛੱਡੀ-ਪਰ ਢੇਰ ਸਾਰੀਆਂ ਕਿਤਾਬਾਂ ਛਾਪਣ ਦਾ ਆਹਰ ਮੈਂ ਕਿਵੇਂ ਕਰ ਸਕਾਂਗੀ, ਇਹਦਾ ਜਵਾਬ ਕਿਸੇ ਕੋਲ ਨਹੀਂ ਸੀ। ਹੁਣ ਸੋਚਦੀ ਹਾਂ ਤਾਂ ਲੱਗਦਾ ਹੈ ਕਿ ਸ਼ੇਰ ਸਿੰਘ ਹੁਰੀਂ ਸਹੀ ਆਖਦੇ ਸਨ। ਹੁਣ ਮੇਰੀਆਂ ਕਿਤਾਬਾਂ ਦੀ ਗਿਣਤੀ ਵਧ ਕੇ ਨੌਂ ਹੋ ਗਈ ਹੈ ਅਤੇ ਮਾਪੇ ਤੇ ਬੱਚੇ ਹੋਰ ਨਵੀਂਆਂ ਕਿਤਾਬਾਂ ਛਾਪਣ ਲਈ ਆਖ ਰਹੇ ਨੇ। ਕੈਨੇਡਾ ਰਹਿੰਦੀ ਕਿਸੇ ਪੰਜਾਬੀ ਮਾਂ ਨੇ ਮੈਨੂੰ ਦੱਸਿਆ ਕਿ ਮੇਰੀਆਂ ਕਿਤਾਬਾਂ ਖ਼ਰੀਦਣ ਦਾ ਮੁੱਲ ਓਦਣ ਹੀ ਮੁੜ ਆਇਆ ਸੀ, ਜਦੋਂ ਉਸ ਨੇ ਆਪਣੇ ਬੱਚਿਆਂ ਨੂੰ ਟੀਵੀ ਵੱਲੋਂ ਮੂੰਹ ਮੋੜ ਕੇ ਮੇਰੀਆਂ ਕਿਤਾਬਾਂ ਰਲ ਕੇ ਪੜ੍ਹਦਿਆਂ ਦੇਖਿਆ ਸੀ, ਪਰ 2017 ਦੀਆਂ ਗਰਮੀਆਂ ਵਿਚ ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿਚ ਬੱਚਿਆਂ ਨੂੰ ਸਾਰੀ-ਸਾਰੀ ਦਿਹਾੜੀ ਹਿੰਦੀ ਕਾਰਟੂਨ ਫ਼ਿਲਮਾਂ ਦੇਖਦਿਆਂ ਨੂੰ ਵੇਖ ਮੇਰਾ ਮਨ ਬਹੁਤ ਖ਼ਰਾਬ ਹੋਇਆ ਸੀ। ਜੇਕਰ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਤਾਂ ਔਰਤਾਂ ਆਪਣੇ ਬੱਚਿਆਂ ਨੂੰ ਹਿੰਦੀ ਜਾਂ ਅੰਗਰੇਜ਼ੀ ਵਿਚ ਗੱਲ ਕਰਦਿਆਂ ਵੇਖ ਕੇ ਬੜਾ ਹੁੱਬਦੀਆਂ ਹਨ। ਲਹਿੰਦੇ ਪੰਜਾਬ ਵਿਚ ਮਾਵਾਂ ਆਪਣੇ ਬੱਚਿਆਂ ਨਾਲ ਉਰਦੂ ਵਿਚ ਗੱਲ ਕਰਦੀਆਂ ਹਨ, ਉਥੇ ਮਾਂ-ਬੋਲੀ ਦੀ ਪਰਿਭਾਸ਼ਾ ਹੀ ਬਦਲ ਕੇ ਰਹਿ ਗਈ ਹੈ। ਲਾਹੌਰ ਦੇ ਗੁਰਮਾਨੀ ਸੈਂਟਰ ਵਿਚ ਇਕੱਠੀ ਸ਼ਾਹਮੁਖੀ ਤੇ ਗੁਰਮੁਖੀ ਵਿਚ ਛਪੀ ਕਿਤਾਬ ‘ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ’ ਦੀ ਚੱਠ ਪਈ ਹੁੰਦੀ ਸੀ। ਕੋਈ 92 ਸਾਲ ਦਾ ਬਜ਼ੁਰਗ ਅੱਖਾਂ ਭਰ ਕੇ ਗੱਲ ਕਰਨ ਲੱਗਾ। ਹਾਲ ਵਿਚ ਹਾਜ਼ਰ ਪੰਜਾਬੀ ਦਾਨੀਆਂ, ਲਿਖਾਰੀਆਂ ਨੂੰ ਉਸ ਨੇ ਸਿੱਧਾ ਪੁੱਛਿਆ ਕਿ ਤੁਹਾਡੇ ’ਚੋਂ ਕਿੰਨਿਆਂ ਦੇ ਬੱਚੇ ਪੰਜਾਬੀ ਲਿਖਦੇ, ਪੜ੍ਹਦੇ ਤੇ ਬੋਲਦੇ ਨੇ? ਕੋਈ ਨਾ ਬੋਲਿਆ। ਓਥੇ ਸਿਰਫ਼ ਮੈਂ ਈ ਬੈਠੀ ਸਾਂ, ਜਿਹਦੇ ਬੱਚੇ ਅਮਰੀਕਾ ਵਿਚ ਜੰਮ-ਪਲ ਕੇ ਵੀ ਪੰਜਾਬੀ ਲਿਖਦੇ, ਪੜ੍ਹਦੇ ਤੇ ਬੋਲਦੇ ਨੇ। ਲਾਹੌਰ, ਸ਼ੇਖ਼ੂਪੁਰੇ, ਲਾਇਲਪੁਰ ਦੇ ਘਰਾਂ ਵਿਚ ਤੀਵੀਆਂ ਤੇ ਬੱਚੇ ਉਰਦੂ ਬੋਲਦੇ ਵੇਖੇ ਤੇ ਪੰਜਾਬੀ ਦੀ ਚਿੰਤਾ ਸਿਰਫ਼ ਪੁਰਸ਼ਾਂ ਅੰਦਰ ਵੇਖੀ। ਮੁੰਡੇ ਵਧੇਰੇ ਪੰਜਾਬੀ ਬੋਲਦੇ ਸਨ ਤੇ ਉਨ੍ਹਾਂ ਦੀਆਂ ਭੈਣਾਂ ਅਸਲੋਂ ਨਹੀਂ। ਵੱਡੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਤਾਂ ਲੱਗਦਾ ਹੈ ਪੰਜਾਬੀ ਉਨ੍ਹਾਂ ਦੇ ਮੁਲਾਜ਼ਮਾਂ (ਨੌਕਰਾਂ) ਦੀ ਜ਼ੁਬਾਨ ਹੈ। ਅਜਿਹੀ ਸਥਿਤੀ ਵਿਚ ਕੁਝ ਕੁਝ ਘਰ ਅਜਿਹੇ ਦਿਸਦੇ ਹਨ, ਜਿੱਥੋਂ ਆਸ ਦੀ ਕਿਰਨ ਆਉਂਦੀ ਜਾਪਦੀ ਏ। ਮੈਂ ਕਈ ਮਾਪਿਆਂ ਨੂੰ ਮਿਲੀ ਹਾਂ, ਜਿਨ੍ਹਾਂ ਦੇ ਘਰੀਂ ਪੰਜਾਬੀ ਦਾ ਰਾਜ ਹੈ। ਉਨ੍ਹਾਂ ਦੇ ਬੱਚੇ ਪੰਜਾਬੀ ਲਿਖਦੇ, ਪੜ੍ਹਦੇ ਤੇ ਬੋਲਦੇ ਨੇ। ਮੀਆਂ-ਬੀਵੀ ਸੁਰ ਵਿਚ ਸੁਰ ਮਿਲਾਉਂਦੇ ਹਨ ਤੇ ਉਨ੍ਹਾਂ ਘਰਾਂ ’ਚ ਸੂਝਵਾਨ ਮਾਵਾਂ ਦੀ ਪੁੱਛ-ਪ੍ਰਤੀਤ ਹੁੰਦੀ ਏ। ਅਜਿਹੇ ਘਰਾਂ ਦੀਆਂ ਸੂਝਵਾਨ ਔਰਤਾਂ ਪਰਦੇਸਾਂ ਵਿਚ ਪੰਜਾਬੀ ਦੇ ਸਕੂਲ ਚਲਾ ਕੇ ਅਪਣੀ ਬੋਲੀ ਨੂੰ ਸਾਂਭਣ ਦਾ ਹੀਲਾ ਕਰ ਰਹੀਆਂ ਹਨ। ਬਹੁਤਾ ਪੰਜਾਬੀ ਬਾਲ ਸਾਹਿਤ ਪੁਰਸ਼ਾਂ ਦਾ ਲਿਖਿਆ ਹੋਇਆ ਹੈ, ਪਰ ਅਸਲ ਕੰਮ ਔਰਤਾਂ ਦੇ ਮੋਹਰੀ ਬਣਨ ਨਾਲ ਹੀ ਹੋਣਾ ਹੈ।

*ਲੇਖਿਕਾ ਬਾਲ ਸਾਹਿਤਕਾਰ ਹੈ। (ਜੋ ਐਟਲਾਂਟਾ (ਅਮਰੀਕਾ) ਰਹਿੰਦੀ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All