ਨਡਾਲ ਤੇ ਓਸਾਕਾ ਲੌਰੀਅਸ ਪੁਰਸਕਾਰ ਲਈ ਨਾਮਜ਼ਦ

ਬਰਲਿਨ, 15 ਜਨਵਰੀ ਟੈਨਿਸ ਖਿਡਾਰੀ ਰਾਫ਼ੇਲ ਨਡਾਲ ਤੇ ਨਾਓਮੀ ਓਸਾਕਾ ਨੂੰ ਲੌਰੀਅਸ ਪੁਰਸਕਾਰ ਲਈ ਵੱਖ ਵੱਖ ਵਰਗਾਂ ਵਿੱਚ ਅੱਜ ਨਾਮਜ਼ਦ ਕੀਤਾ ਗਿਆ ਹੈ। ਤਿੰਨ ਵਾਰ ਦਾ ਜੇਤੂ ਅਤੇ ਵਿਸ਼ਵ ਨੰਬਰ ਇਕ ਖਿਡਾਰੀ ਸਪੇਨ ਦਾ ਰਾਫ਼ੇਲ ਨਡਾਲ ‘ਸਾਲ ਦੇ ਸਰਵੋਤਮ ਖਿਡਾਰੀ’ ਦੇ ਪੁਰਸਕਾਰ ਦੀ ਦੌੜ ’ਚ ਹੈ। ਇਸ ਵਰਗ ਵਿੱਚ ਉਸ ਨੂੰ ਛੇ ਵਾਰ ਦੇ ਫਾਰਮੂਲਾ-1 ਵਿਸ਼ਵ ਚੈਂਪੀਅਨ ਲੂਈਸ ਹੈਮਿਲਟਨ, ਛੇ ਵਾਰ ਦੇ ਵਿਸ਼ਵ ਮੋਟੋਜੀਪੀ ਚੈਂਪੀਅਨ ਮਾਰਕ ਮਾਰਕੇਜ਼ ਅਤੇ ਛੇ ਵਾਰ ਫੀਫਾ ਸਾਲ ਦੇ ਸਰਬੋਤਮ ਫੁਟਬਾਲਰ ਦਾ ਖ਼ਿਤਾਬ ਜਿੱਤਣ ਵਾਲੇ ਲਿਓਨੈੱਲ ਮੈਸੀ ਤੋਂ ਟੱਕਰ ਮਿਲੇਗੀ। ਬਰਲਿਨ ਵਿੱਚ 17 ਫਰਵਰੀ ਨੂੰ ਹੋਣ ਵਾਲੇ ਇਸ ਸਮਾਰੋਹ ਲਈ ਦੋ ਘੰਟੇ ਤੋਂ ਘੱਟ ਸਮੇਂ ਵਿੱਚ ਮੈਰਾਥਨ ਪੂਰਾ ਕਰਨ ਵਾਲੇ ਪਹਿਲੇ ਦੌੜਾਕ ਈਲਿਊਡ ਕਿਪਚੌਗੇ ਅਤੇ ਦਿ ਮਾਸਟਰਜ਼ ਦੇ ਰੂਪ ’ਚ ਆਪਣੀ 15ਵੀਂ ਮੇਜਰ ਚੈਂਪੀਅਨਸ਼ਿਪ ਜਿੱਤਣ ਵਾਲੇ ਟਾਈਗਰ ਵੁੱਡਜ਼ ਵੀ ‘ਸਾਲ ਦੇ ਸਭ ਤੋਂ ਵਧੀਆ ਖਿਡਾਰੀ’ ਦੇ ਪੁਰਸਕਾਰ ਦੀ ਦੌੜ ’ਚ ਹਨ। ਸਾਲ ਦੀ ਸਰਬੋਤਮ ਮਹਿਲਾ ਖਿਡਾਰੀ ਦੇ ਪੁਰਸਕਾਰ ਲਈ ਡਬਲਿਊਟੀਏ ਰੈਂਕਿੰਗਜ਼ ’ਚ ਸਿਖ਼ਰ ’ਤੇ ਪਹੁੰਚਣ ਵਾਲੀ ਪਹਿਲੀ ਏਸ਼ਿਆਈ ਖਿਡਾਰਨ ਓਸਾਕਾ, ਫੀਫਾ ਵਿਸ਼ਵ ਕੱਪ ’ਚ ਸੁਨਹਿਰੀ ਗੇਂਦ ਤੇ ਸੁਨਹਿਰੀ ਬੂਟ ਜਿੱਤਣ ਵਾਲੀ ਮੇਗਨ ਰਾਪੀਨੋਈ, ਜਿਮਨਾਸਟ ਸਿਮੋਨ ਬਿਲੇਸ, ਦੌੜਾਕ ਐਲੀਸਨ ਫੈਲਿਕਸ ਤੇ ਸ਼ੈਲ-ਐੱਨ ਫੇਜ਼ਰ-ਪ੍ਰੇਸੀ ਨਾਲ ਅਮਰੀਕਾ ਦੀ ਮਹਾਨ ਸਕੀ ਖਿਡਾਰਨ ਮੁਖਾਏਲ ਸ਼ਿਫ਼ਰਿਨ ਵਿਚਾਲੇ ਮੁਕਾਬਲਾ ਹੋਵੇਗਾ। ਲੌਰੀਅਸ ਸਾਲ ਦੀ ਸਭ ਤੋਂ ਵਧੀਆ ਟੀਮ ਦੇ ਖ਼ਿਤਾਬ ਦੀ ਦੌੜ ’ਚ ਫੀਫਾ ਮਹਿਲਾ ਵਿਸ਼ਵ ਕੱਪ ਚੈਂਪੀਅਨ ਅਮਰੀਕਾ ਦੀ ਫੁਟਬਾਲ ਟੀਮ ਅਤੇ ਯੂਈਐੱਫਏ ਚੈਂਪੀਅਨਜ਼ ਲੀਗ ਜੇਤੂ ਲਿਵਰਪੂਲ ਐੱਫਸੀ ਤੋਂ ਇਲਾਵਾ ਛੇ ਵਾਰ ਦੇ ਫਾਰਮੂਲਾ-1 ਡਰਾਈਵਰ ਤੇ ਕੰਸਟਰੱਕਟਰ ਵਿਸ਼ਵ ਚੈਂਪੀਅਨ ਮਰਸੀਡਿਜ਼ ਏਐੱਮਜੀ ਪੈਟਰੋਨਾਸ, ਰਗਬੀ ਵਿਸ਼ਵ ਕੱਪ ਜੇਤੂ ਦੱਖਣੀ ਅਫ਼ਰੀਕਾ, ਐੱਨਬੀਏ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਕੈਨੇਡਿਆਈ ਟੀਮ ਟੋਰੰਟੋ ਰੈਪਟਰ ਤੇ ਦੋ ਵਾਰ ਐੱਫਆਈਬੀਏ ਵਿਸ਼ਵ ਕੱਪ ਜੇਤੂ ਪੁਰਸ਼ ਬਾਸਕਟਬਾਲ ਟੀਮਾਂ ਸ਼ਾਮਲ ਹਨ। ਇਸ ਤਰ੍ਹਾਂ ਇਨ੍ਹਾਂ ਪੁਰਸਕਾਰਾਂ ਲਈ ਮੁਕਾਬਲਾ ਕਾਫੀ ਸਖ਼ਤ ਹੈ ਕਿਉਂਕਿ ਵਿਸ਼ਵ ਪੱਧਰ ਦੇ ਹਰੇਕ ਖੇਡ ਦੇ ਉੱਘੇ ਖਿਡਾਰੀ ਇਸ ਦੌੜ ’ਚ ਸ਼ਾਮਲ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All