ਧੋਨੀ ਕ੍ਰਿਕਟ ਬੋਰਡ ਦੀ ਕੇਂਦਰੀ ਕਰਾਰ ਸੂਚੀ ’ਚੋਂ ਬਾਹਰ

ਨਵੀਂ ਦਿੱਲੀ, 16 ਜਨਵਰੀ ਮਹਿੰਦਰ ਸਿੰਘ ਧੋਨੀ ਨੂੰ ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਕੇਂਦਰੀ ਕਰਾਰ ਵਾਲੀ ਖਿਡਾਰੀਆਂ ਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਜਿਸ ਕਰ ਕੇ ਭਾਰਤ ਦੇ ਸਾਬਕਾ ਕਪਤਾਨ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਧੋਨੀ ਨੇ ਪਿਛਲੇ ਸਾਲ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਕ੍ਰਿਕਟ ਨਹੀਂ ਖੇਡਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਕਤੂਬਰ 2019 ਤੋਂ ਸਤੰਬਰ 2020 ਤੱਕ ਲਈ ਕੇਂਦਰੀ ਕਰਾਰਾਂ ਦਾ ਐਲਾਨ ਕੀਤਾ। ਧੋਨੀ ਪਿਛਲੇ ਸਾਲ ਤੱਕ ‘ਏ’ ਗਰੇਡ ’ਚ ਸੀ ਜਿਸ ਨੂੰ ਸਾਲਾਨਾ ਪੰਜ ਕਰੋੜ ਰੁਪਏ ਮਿਲਦੇ ਸਨ। ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ‘ਏ+’ ਗਰੇਡ ’ਚ ਕਾਇਮ ਹਨ ਜਿਨ੍ਹਾਂ ਨੂੰ ਸੱਤ ਕਰੋੜ ਰੁਪਏ ਸਾਲਾਨਾ ਮਿਲਦੇ ਹਨ। ਬੱਲੇਬਾਜ਼ ਕੇ.ਐੱਲ. ਰਾਹੁਲ ਨੂੰ ਤਰੱਕੀ ਦਿੰਦੇ ਹੋਏ ‘ਬੀ’ ਗਰੇਡ ਤੋਂ ‘ਏ’ ਗਰੇਡ ’ਚ ਲੈ ਆਉਂਦਾ ਹੈ। ਪਿਛਲੇ ਸਾਲ ਆਸਟਰੇਲੀਆ ਦੌਰੇ ’ਤੇ ਖ਼ਰਾਬ ਫਾਰਮ ਕਾਰਨ ਟੈਸਟ ਟੀਮ ਤੋਂ ਬਾਹਰ ਹੋਏ ਰਾਹੁਲ ਨੇ ਸੀਮਿਤ ਓਵਰਾਂ ਦੇ ਕ੍ਰਿਕਟ ਵਿੱਚ ਜ਼ੋਰਦਾਰ ਵਾਪਸੀ ਕੀਤੀ ਹੈ। ਧੋਨੀ ਦੇ ਕਰਾਰ ਦਾ ਨਵੀਨੀਕਰਨ ਨਾ ਹੋਣਾ ਉਂਜ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਉਸ ਨੇ 9 ਜੁਲਾਈ ਨੂੰ ਵਿਸ਼ਵ ਕੱਪ ਸੈਮੀਫਾਈਨਲ ਦੇ ਬਾਅਦ ਤੋਂ ਮੁਕਾਬਲੇ ਵਾਲਾ ਕੋਈ ਮੈਚ ਨਹੀਂ ਖੇਡਿਆ ਹੈ। ਮੁੱਖ ਕੋਚ ਰਵੀ ਸ਼ਾਸਤਰੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਧੋਨੀ ਜਲਦੀ ਹੀ ਇਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈ ਸਕਦਾ ਹੈ ਤਾਂ ਜੋ ਆਈਪੀਐੱਲ ਵਿੱਚ ਚੰਗਾ ਪ੍ਰਦਰਸ਼ਨ ਕਰ ਕੇ ਟੀ20 ਵਿਸ਼ਵ ਕੱਪ ਲਈ ਦਾਅਵਾ ਮਜ਼ਬੂਤ ਕਰ ਸਕੇ। ਆਸਟਰੇਲੀਆ ਦੇ 2018-19 ਦੇ ਦੌਰੇ ’ਤੇ ਸ਼ਾਨਦਾਰ ਸ਼ੁਰੂਆਤ ਕਰਨ ਵਾਲੇ ਟੈਸਟ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੂੰ ਗਰੇਡ ‘ਬੀ’ ਵਿੱਚ ਹਾਰਦਿਕ ਪੰਡਿਆ ਤੇ ਯੁਜ਼ਵੇਂਦਰ ਚਹਿਲ ਦੇ ਨਾਲ ਰੱਖਿਆ ਗਿਆ ਹੈ। ਤੇਜ਼ ਗੇਂਦਬਾਜ਼ ਨਵਦੀਪ ਸੈਣੀ ਤੇ ਟੀ20 ਮਾਹਿਰ ਵਾਸ਼ਿੰਗਟਨ ਸੁੰਦਰ ਨੂੰ ਪਹਿਲੀ ਵਾਰ ਗਰੇਡ ‘ਸੀ’ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਸ਼੍ਰੇਅਸ ਅਈਅਰ, ਦੀਪਕ ਚਾਹਰ ਤੇ ਸ਼ਾਰਦੁਲ ਠਾਕੁਰ ਵੀ ਸ਼ਾਮਲ ਹਨ। ਅਈਅਰ ਨੇ ਇਕ ਰੋਜ਼ਾ ਟੀਮ ਵਿੱਚ ਮੱਧਕ੍ਰਮ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਅਤੇ ਭਾਰਤੀ ਟੀਮ ਪ੍ਰਬੰਧਨ ਲਈ ਸਿਰਦਰਦ ਬਣੇ ਚੌਥੇ ਨੰਬਰ ਦੇ ਬੱਲੇਬਾਜ਼ੀ ਕ੍ਰਮ ਲਈ ਉਹ ਸਹੀ ਬਦਲ ਬਣ ਕੇ ਉੱਭਰਿਆ ਹੈ। ਚਾਹਰ ਨੇ ਬੰਗਲਾਦੇਸ਼ ਖ਼ਿਲਾਫ਼ ਨਵੰਬਰ ਵਿੱਚ ਟੀ20 ਮੈਚ ’ਚ ਸੱਤ ਦੌੜਾਂ ਕੇ ਕੇ ਛੇ ਵਿਕਟਾਂ ਲੈ ਕੇ ਵਿਸ਼ਵ ਕੱਪ ਟੀਮ ਲਈ ਦਾਅਵਾ ਪੱਕਾ ਕੀਤਾ ਹੈ। ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਅੰਬਾਤੀ ਰਾਇਡੂ ਤੇ ਦਿਨੇਸ਼ ਕਾਰਤਿਕ ਦਾ ਵੀ ਕਰਾਰ ਵੀ ਨਹੀਂ ਨਵਿਆਇਆ ਹੈ। -ਪੀਟੀਆਈ

ਭਾਰਤੀ ਕ੍ਰਿਕਟ ਬੋਰਡ ਦੇ 2019-20 ਦੇ ਕੇਂਦਰੀ ਕਰਾਰ ਗਰੇਡ ‘ਏ+’: ਵਿਰਾਟ ਕੋਹਲੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ ਗਰੇਡ ‘ਏ’: ਆਰ ਅਸ਼ਵਿਨ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਕੇ.ਐੱਲ. ਰਾਹੁਲ, ਸ਼ਿਖਰ ਧਵਨ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਕੁਲਦੀਪ ਯਾਦਵ, ਰਿਸ਼ਭ ਪੰਤ ਗਰੇਡ ‘ਬੀ’: ਰਿੱਧੀਮਾਨ ਸਾਹਾ, ਉਮੇਸ਼ ਯਾਦਵ, ਯੁਜ਼ਵੇਂਦਰ ਚਹਿਲ, ਹਾਰਦਿਕ ਪੰਡਿਆ, ਮਯੰਕ ਅਗਰਵਾਲ ਗਰੇਡ ‘ਸੀ’: ਕੇਦਾਰ ਜਾਧਵ, ਨਵਦੀਪ ਸੈਣੀ, ਦੀਪਕ ਚਾਹਰ, ਮਨੀਸ਼ ਪਾਂਡੇ, ਹਨੁਮਾ ਵਿਹਾਰੀ, ਸ਼ਾਰਦੁਲ ਠਾਕੁਰ, ਸ਼੍ਰੇਅਸ ਅਈਅਰ, ਵਾਸ਼ਿੰਗਟਨ ਸੁੰਦਰ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All