ਧਾਰਾ 370: ਸੁਪਰੀਮ ਕੋਰਟ ਜੇਕੇਪੀਸੀ ਦੀ ਅਪੀਲ ’ਤੇ ਸੁਣਵਾਈ ਲਈ ਸਹਿਮਤ

ਨਵੀਂ ਦਿੱਲੀ, 16 ਸਤੰਬਰ ਸੁਪਰੀਮ ਕੋਰਟ ਨੇ ਜੰਮੂ ਤੇ ਕਸ਼ਮੀਰ ਪੀਪਲਜ਼ ਕਾਨਫਰੰਸ (ਜੇਕੇਪੀਸੀ) ਵੱਲੋਂ ਸੂਬੇ ਵਿੱਚ ਆਇਦ ਰਾਸ਼ਟਰਪਤੀ ਰਾਜ ਅਤੇ ਧਾਰਾ 370 ਦੀਆਂ ਵਿਵਸਥਾਵਾਂ ਨੂੰ ਮਨਸੂਖ਼ ਕਰਨ ਦੇ ਫੈਸਲਿਆਂ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤੀ ਦੇ ਦਿੱਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਐੱਸ.ਏ.ਬੋਬੜੇ ਤੇ ਜਸਟਿਸ ਐੱਸ.ਏ.ਨਜ਼ੀਰ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਜੇੇਕੇਪੀਸੀ ਦੀ ਇਹ ਪਟੀਸ਼ਨ ਉਨ੍ਹਾਂ ਪਟੀਸ਼ਨਾਂ ਨਾਲ ਜੋੜ ਦਿੱਤੀ, ਜੋ ਕਿ ਪੰਜ ਮੈਂਬਰੀ ਸੰਵਿਧਾਨਕ ਬੈਂਚ ਹਵਾਲੇ ਕੀਤੀਆਂ ਗਈਆਂ ਹਨ। ਇਹ ਪੰਜ ਮੈਂਬਰੀ ਬੈਂਚ ਜੰਮੂ ਕਸ਼ਮੀਰ ’ਚੋਂ ਧਾਰਾ 370 ਨੂੰ ਮਨਸੂਖ਼ ਕਰਨ ਸਬੰਧੀ ਰਾਸ਼ਟਰਪਤੀ ਦੇ ਹੁਕਮਾਂ ਦੀ ਕਾਨੂੰਨੀ ਵੈਧਤਾ ਦੀ ਅਕਤੂਬਰ ਦੇ ਪਹਿਲੇ ਹਫ਼ਤੇ ਨਿਰਖ-ਪਰਖ ਕਰੇਗਾ। ਸੀਜੇਆਈ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਹਾਲਾਂਕਿ ਧਾਰਾ 370 ਨੂੰ ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਕਿਸੇ ਵੀ ਸੱਜਰੀ ਪਟੀਸ਼ਨ ਨੂੰ ਵਿਚਾਰਨ ਤੋਂ ਨਾਂਹ ਕਰ ਦਿੱਤੀ। ਬੈਂਚ ਨੇ ਕਿਹਾ ਕਿ ਜਿਹੜੇ ਲੋਕ ਇਸ ਮਾਮਲੇ ’ਤੇ ਜਿਰ੍ਹਾ ਕਰਨਾ ਚਾਹੁੰਦੇ ਹਨ, ਉਹ ਵੱਖਰੀ ਅਰਜ਼ੀ ਦੇਣ। ਬੈਂਚ ਨੇ ਸਬੰਧਤ ਪਟੀਸ਼ਨਾਂ, ਜਿਨ੍ਹਾਂ ਨੂੰ ਸੰਵਿਧਾਨਕ ਬੈਂਚ ਹਵਾਲੇ ਕੀਤਾ ਗਿਆ ਹੈ, ਦਾ ਹਵਾਲਾ ਦਿੰਦਿਆਂ ਕਿਹਾ, ‘‘ਅਸੀਂ ਇਸ ਵਿਧਾਨਕ ਕਾਰਵਾਈ ਦੀ ਵੈਧਤਾ ਦੀ ਨਿਰਖ-ਪਰਖ ਕਰ ਰਹੇ ਹਾਂ।’ ਜੇਕੇਪੀਸੀ ਦੇ ਵਕੀਲ ਨੇ ਜਦੋਂ ਪਟੀਸ਼ਨ ’ਤੇ ਸੁਣਵਾਈ ਲਈ ਗੁਜ਼ਾਰਿਸ਼ ਕੀਤੀ ਤਾਂ ਬੈਂਚ ਨੇ ਕਿਹਾ, ‘ਤੁਹਾਨੂੰ ਇਸ ਕੋਰਟ ’ਚ ਪਹਿਲਾਂ ਆਉਣਾ ਚਾਹੀਦਾ ਸੀ।’ -ਪੀਟੀਆਈ

ਪਾਕਿ ਵੱਲੋਂ ਗੋਲੀਬਾਰੀ ’ਚ 7 ਜਵਾਨ ਜ਼ਖ਼ਮੀ

ਜੰਮੂ: ਜੰਮੂ ਅਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ’ਤੇ ਪਾਕਿ ਫੌਜ ਵੱਲੋਂ ਕੀਤੀ ਗੋਲਾਬਾਰੀ ਵਿੱਚ 7 ਫੌਜੀ ਜਵਾਨ ਜ਼ਖ਼ਮੀ ਹੋ ਗਏ। ਫੌਜ ਦੇ ਜਨ ਸੰਪਰਕ ਅਫ਼ਸਰ ਲੈਫਟੀਨੈਂਟ ਕਰਨਲ ਦੇਵਿੰਦਰ ਆਨੰਦ ਨੇ ਦੱਸਿਆ ਕਿ ਐਤਵਾਰ ਰਾਤ 10.30 ਵਜੇ ਦੇ ਕਰੀਬ ਮੇਂਧਰ ਸੈਕਟਰ ਦੇ ਬਾਲਾਕੋਟ ਵਿੱਚ ਪਾਕਿਸਤਾਨ ਨੇ ਬਿਨਾਂ ਉਕਸਾਉਣ ਦੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਛੋਟੇ ਹਥਿਆਰਾਂ ਨਾਲ ਗੋਲਾਬਾਰੀ ਕੀਤੀ। ਇਸ ਹਮਲੇ ਵਿੱਚ 7 ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All