ਧਾਰਮਿਕ ਸਰਗਰਮੀਆਂ ਅਤੇ ਸ਼ੋਰ ਪ੍ਰਦੂਸ਼ਨ

ਮਹਿੰਦਰ ਸਿੰਘ ਦੋਸਾਂਝ

ਸਾਡੇ ਸਮਾਜ ਦੇ ਇੱਕ ਵੱਡੇ ਵਰਗ ਨੇ ਮਜਬੂਰੀ ਵਸ ਜਾਂ ਅਣਮੰਨੇ ਮਨ ਨਾਲ ਸ਼ੋਰ ਸ਼ਰਾਬੇ ਨੂੰ ਮਾਨਤਾ ਦਿੱਤੀ ਹੋਈ ਹੈ। ਬੱਸਾਂ ਵਿਚ, ਟਰੈਕਟਰਾਂ ’ਤੇ ਅਤੇ ਦੁਕਾਨਾਂ ਅੰਦਰ ਉੱਚੀ ਆਵਾਜ਼ ਵਿਚ ਗੀਤ ਗਾਣੇ ਚਲਾਉਣੇ, ਮੱਠਾਂ-ਮੜ੍ਹੀਆਂ ’ਤੇ ਜਾਂਦੇ ਆਉਂਦਿਆਂ ਉੱਚੀ ਆਵਾਜ਼ ਵਿਚ ਢੋਲ ਕੁੱਟਣ ਦਾ ਵਰਤਾਰਾ ਤੇਜ਼ੀ ਨਾਲ ਵਧਿਆ ਹੈ। ਬੀਤੇ ਸਮੇਂ ਵਿਚ ਦੂਰ ਦੁਰਾਡੇ ਦੇ ਲੋਕ ਜਦ ਕਦੇ ਪੰਜਾਬ ’ਚ ਆਉਂਦੇ ਸਨ, ਇੱਥੇ ਉਨ੍ਹਾਂ ਦੇ ਮਨਾਂ ਨੂੰ ਸਭ ਤੋਂ ਵੱਧ ਸਵੇਰ ਤੇ ਸ਼ਾਮ ਦੇ ਸਮੇਂ ਦੀ ਸ਼ਾਂਤੀ ਮੋਹ ਲੈਂਦੀ ਸੀ, ਫੇਰ ਰੇਡੀਓ ਤੇ ਟੈਲੀਵਿਜ਼ਨ ਦੀ ਸਹੂਲਤ ਪ੍ਰਾਪਤ ਹੋਈ ਤਾਂ ਬਹੁਤ ਸਾਰੇ ਲੋਕ ਇਨ੍ਹਾਂ ਰਾਹੀਂ ਮੱਠੀ ਆਵਾਜ਼ ਵਿਚ ਭਜਨ, ਕੀਰਤਨ ਤੇ ਗੁਰਬਾਣੀ ਸੁਣ ਲੈਂਦੇ ਸਨ। ਅਜੋਕੇ ਸਮੇਂ ਵਿਚ ਬਹੁਤੇ ਧਾਰਮਿਕ ਸਥਾਨਾਂ ਦੀਆਂ ਛੱਤਾਂ ’ਤੇ ਪਾਈਪ ਗੱਡ ਕੇ ਇਨ੍ਹਾਂ ਉੱਤੇ ਚੌਮੁਖੀਏ ਹਾਰਨ ਲਾ ਦਿੱਤੇ ਗਏ ਹਨ, ਜਦੋਂ ਇਹ ਹਾਰਨ ਸ਼ਾਮ ਸਵੇਰੇ ਆਪਣੀ ਜ਼ੋਰਦਾਰ ਆਵਾਜ਼ ਛੱਡਦੇ ਹਨ ਤਾਂ ਸਵੇਰ ਸ਼ਾਮ ਦੀ ਸੁਖਾਵੀਂ ਸ਼ਾਂਤੀ ਭੰਗ ਹੋ ਜਾਂਦੀ ਹੈ, ਆਪਣੀਆਂ ਮਧੁਰ ਅਵਾਜ਼ਾਂ ਦਾ ਖੂਬਸੂਰਤ ਸੰਗੀਤ ਵਿਚ ਹੀ ਛੱਡ ਕੇ ਪੰਛੀ ਭੱਜ ਕੇ ਕਿਤੇ ਦੂਰ ਚਲੇ ਜਾਂਦੇ ਹਨ। ਮੱਧਮ ਆਵਾਜ਼ ਵਿਚ ਪਾਠ ਕੀਰਤਨ ਸੁਣਨ ਵਾਲੇ ਸ਼ਾਂਤੀ ਪਸੰਦ ਲੋਕਾਂ ਨੂੰ ਆਪਣਾ ਰੇਡੀਓ ਟੈਲੀਵਿਜ਼ਨ ਬੰਦ ਕਰਨਾ ਪੈ ਜਾਂਦਾ ਹੈ। ਇੱਥੇ ਹੀ ਬੱਸ ਨਹੀਂ, ਰਾਤ ਤੇ ਤੜਕੇ ਨੂੰ ਪੜ੍ਹਨ ਵਾਲੇ ਬੱਚਿਆਂ ਦੀ ਪੜ੍ਹਾਈ ਵਿਚ ਵਿਘਨ ਪੈਂਦਾ ਹੈ ਤੇ ਰਾਤ ਨੂੰ ਦੇਰ ਤੱਕ ਪੜ੍ਹਨ ਵਾਲੇ ਬੱਚਿਆਂ ਤੇ ਦੇਰ ਰਾਤ ਤੱਕ ਕੰਮ ਕਰਨ ਨਾਲ ਥੱਕੇ ਟੁੱਟੇ ਲੋਕਾਂ ਨੂੰ ਜਿਹੜੇ ਸਵੇਰ ਤੱਕ ਆਰਾਮ ਕਰਨ ਦੀ ਇੱਛਾ ਰੱਖਦੇ ਹਨ, ਧਾਰਮਿਕ ਸਥਾਨਾਂ ’ਤੇ ਵੱਜਦੇ ਲਾਊਡ ਸਪੀਕਰ ਉਨ੍ਹਾਂ ਨੂੰ ਵੱਡੇ ਤੜਕੇ ਉਠਾ ਕੇ ਬਿਠਾ ਦਿੰਦੇ ਹਨ। ਅਜਿਹਾ ਸ਼ੋਰ ਦਿਲ ਤੇ ਦਿਮਾਗ ਦੇ ਰੋਗੀਆਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ। ਇਨ੍ਹਾਂ ਜ਼ੋਰਦਾਰ ਆਵਾਜ਼ਾਂ ਨਾਲ ਇਨਸਾਨਾਂ ਦੇ ਕੰਨਾਂ ਤੇ ਮਨਾਂ ’ਤੇ ਕਿਸ ਤਰ੍ਹਾਂ ਦੇ ਮਾਰੂ ਪ੍ਰਭਾਵ ਪੈਂਦੇ ਹਨ? ਇਹ ਬਾਰੇ ਤਾਂ ਡਾਕਟਰ ਚੰਗੀ ਤਰ੍ਹਾਂ ਦੱਸ ਸਕਦੇ ਹਨ ਪਰ ਇਨ੍ਹਾਂ ਧਾਰਮਿਕ ਸਥਾਨਾਂ ਦੇ ਸੰਚਾਲਕਾਂ ਨੂੰ ਸ਼ਾਂਤੀ ਦਾ ਦਾਨ ਬਖ਼ਸ਼ਣ ਦੀ ਸਲਾਹ ਦੇਣ ਦੀ ਆਮ ਲੋਕਾਂ ਦੀ ਤਾਂ ਕੀ, ਸਰਕਾਰੀ ਪ੍ਰਸ਼ਾਸਨ ਦੀ ਵੀ ਜੁਰਅਤ ਤੇ ਹਿੰਮਤ ਨਹੀਂ ਹੁੰਦੀ। ਜੇ ਕੋਈ ਹਿੰਮਤ ਕਰਦਾ ਹੈ ਤਾਂ ਉਸ ਨੂੰ ਧਰਮ ਦਾ ਦੋਖੀ ਕਿਹਾ ਜਾਂਦਾ ਹੈ। ਸੱਚ ਤਾਂ ਇਹ ਹੈ ਕਿ ਸਵੇਰ ਤੇ ਸ਼ਾਮ ਦੇ ਸਮੇਂ ਤਾਂ ਜੇ ਕੋਈ ਅੱਲ੍ਹਾ, ਵਾਹਿਗੁਰੂ ਜਾਂ ਭਗਵਾਨ ਧਰਤੀ ’ਤੇ ਆ ਜਾਵੇ ਤਾਂ ਇਨ੍ਹਾਂ ਧਾਰਮਿਕ ਸਥਾਨਾਂ ਦੇ ਅੰਦਰ ਤਾਂ ਕੀ ਹੋਣਾ ਹੈ, ਸ਼ਾਇਦ ਦੋ ਦੋ ਮੀਲ ਤੱਕ ਇਨ੍ਹਾਂ ਦੇ ਨੇੜਿਓਂ ਵੀ ਨਾ ਲੰਘ ਸਕੇ। ਸਾਡੇ ਧਾਰਮਿਕ ਨਬੀ, ਅਵਤਾਰ ਤਾਂ ਸ਼ਾਂਤੀ ਦੀ ਭਾਲ ਵਿਚ ਕੋਈ ਹੇਮਕੁੰਟ ਸਾਹਿਬ, ਕੋਈ ਕੈਲਾਸ਼ ਪਰਬਤ ’ਤੇ ਅਤੇ ਕੋਈ ਕਿਸੇ ਹੋਰ ਸ਼ਾਂਤ ਸਥਾਨ ’ਤੇ ਗਿਆ ਅਤੇ ਦੇਸ਼ ਤੇ ਸਮਾਜ ਨੂੰ ਪਿਆਰ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ। ਸਾਡੇ ਪੰਜਾਬੀ ਸੱਭਿਆਚਾਰ ਵਿਚ ਗੁਰਮਤਿ ਦਰਸ਼ਨ ਤਾਂ ਹੈ ਹੀ ਮਿੱਠੀ ਮਧੁਰ ਬਾਣੀ ਤੇ ਸ਼ਾਂਤੀ ਦਾ ਅਨੁਪਮ ਸੋਮਾ। ਬਾਬਾ ਨਾਨਕ ਦੀ ਰਬਾਬ ’ਚੋਂ ਮਿੱਠੀ, ਮਧੁਰ ਤੇ ਮੱਧਮ ਸੁਰ ਵਿਚ ਝਰਨ ਵਾਲੇ ਸੰਗੀਤ ਵਿਚ ਜੋ ਖਿੱਚ ਸੀ, ਜੋ ਸ਼ਕਤੀ ਸੀ, ਉਹ ਖਿੱਚ ਤੇ ਸ਼ਕਤੀ ਲੋਕਾਂ ਦੇ ਮਨਾਂ ’ਚ ਜਗਾਉਣ ਦਾ ਕੰਮ ਇਹ ਉੱਚੀ ਆਵਾਜ਼ ਵਿਚ ਲਪੇਟੇ ਅਜੋਕੇ ਧਾਰਮਿਕ ਸਥਾਨਾਂ ਤੋਂ ਦਿੱਤੇ ਜਾਣ ਵਾਲੇ ਸੰਦੇਸ਼ ਕਰ ਸਕਣਗੇ? ਘੱਟੋ-ਘੱਟ ਮਧੁਰ ਗੁਰਬਾਣੀ ਤੇ ਸ਼ੋਰ ਨੂੰ ਵੱਖ ਵੱਖ ਕਰ ਕੇ ਗੁਰਬਾਣੀ ਦੇ ਸੋਨੇ ਨੂੰ ਸ਼ੋਰ ਦੇ ਨਕਲੀ ਪਿੱਤਲ ਤੇ ਤਾਂਬੇ ’ਚੋਂ ਕੱਢਿਆ ਜਾਣਾ ਚਾਹੀਦਾ ਹੈ। ਪਾਠੀ, ਰਾਗੀ, ਢਾਡੀ, ਕੀਰਤਨੀਏਂ ਤੇ ਕਥਾਵਾਚਕਾਂ ਵਿਚ ਅਨੇਕਾਂ ਸਮਝਦਾਰ ਲੋਕ ਵੀ ਹਨ ਪਰ ਇਨ੍ਹਾਂ ਵਿਚ ਵੱਡਾ ਵਰਗ ਹੈ ਜਿਹੜਾ ਆਪਣੇ ਧਾਰਮਿਕ ਵਪਾਰ ਨੂੰ ਚਮਕਾਉਣ ਲਈ ਬਹੁਤੇ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਕੰਨ ਪਾੜਵੇਂ ਸ਼ੋਰ ਦਾ ਸਹਾਰਾ ਲੈਂਦਾ ਹੈ। ਸੱਚ ਤਾਂ ਇਹ ਹੈ ਕਿ ਇਹ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਵੀ ਮਾਸਾ ਪ੍ਰਵਾਹ ਨਹੀਂ ਕਰ ਰਹੇ ਅਜਿਹੇ ਲੋਕਾਂ ਨੇ ਸ਼ੋਰ ਸ਼ਰਾਬੇ ਦੇ ਨਾਂਹਪੱਖੀ ਸੱਭਿਆਚਾਰ ਨੂੰ ਭੋਲੇ ਭਾਲੇ ਆਮ ਤੇ ਧਾਰਮਿਕ ਬਿਰਤੀ ਵਾਲੇ ਲੋਕਾਂ ਦੇ ਮਨਾਂ ’ਚ ਰਸਮ ਦੇ ਰੂਪ ਵਿਚ ਸਥਾਪਿਤ ਕਰ ਦਿੱਤਾ ਹੈ। ਅਖੌਤੀ ਧਰਮ ਪ੍ਰਚਾਰ ਲਈ ਸ਼ੁਰੂ ਕੀਤੀ ਅਜਿਹੀ ਪਿਛਾਂਹ ਖਿੱਚੂ ਰਵਾਇਤ ਰੋਕਣ ਲਈ ਸਾਰੇ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਪੱਛਮੀ ਦੇਸ਼ਾਂ ਵਿਚ ਵਸਣ ਵਾਲੇ ਪੰਜਾਬੀ ਆਪਣੇ ਦੇਸ਼ ਵਿਚ ਆ ਕੇ ਇੱਥੋਂ ਦੇ ਭ੍ਰਿਸ਼ਟਾਚਾਰ, ਧੱਕੇਸ਼ਾਹੀ, ਗੁੰਡਾਗਰਦੀ ਦਾ ਰੋਣਾ ਰੋਂਦੇ ਹਨ। ਉਨ੍ਹਾਂ ਦਾ ਰੋਣਾ ਹੈ ਵੀ ਸਹੀ ਪਰ ਜਦੋਂ ਉਹ ਇਨ੍ਹਾਂ ਅਲਾਮਤਾਂ ਤੋਂ ਮੁਕਤ ਪੱਛਮੀ ਦੇਸ਼ਾਂ ਦੀਆਂ ਸਿਫਤਾਂ ਕਰਦੇ ਹਨ ਤਾਂ ਇਹ ਭੁੱਲ ਜਾਂਦੇ ਹਨ ਕਿ ਜਿੱਥੋਂ ਉਹ ਆਉਂਦੇ ਹਨ, ਉੱਥੇ ਤਾਂ ਇੱਕ ਘਰ ਦੇ ਅੰਦਰ ਦੀ ਆਵਾਜ਼ ਦੂਜੇ ਘਰ ਤਾਂ ਕੀ ਜਾਣੀ ਹੈ, ਉਹ ਤਾਂ ਕਿਸੇ ਕੰਧ ਬੂਹੇ ਦੀ ਝੀਤ ਵੀ ਨਹੀਂ ਟੱਪਦੀ। ਉੱਥੇ ਜਿਸ ਹੋਟਲ ਵਿਚ ਬੈਠ ਕੇ ਉਹ ਕੁਝ ਖਾਂਦੇ ਪੀਂਦੇ ਹਨ, ਉਸ ਹੋਟਲ ਵਿਚ ਉੱਥੇ ਬੈਠੇ ਲੋਕਾਂ ਦੀ ਆਵਾਜ਼ ਇੱਕ ਮੇਜ਼ ਤੋਂ ਦੂਜੇ ਮੇਜ਼ ਤੱਕ ਨਹੀਂ ਜਾਂਦੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਜਦੋਂ ਇਹ ਪੰਜਾਬੀ ਇੱਥੇ ਆ ਕੇ ਪਾਠ, ਕੀਰਤਨ ਜਗਰਾਤੇ ਕਰਾਉਂਦੇ ਹਨ ਤਾਂ ਜ਼ੋਰਦਾਰ ਆਵਾਜ਼ ਛੱਡਣ ਵਾਲੇ ਸ਼ਕਤੀਸ਼ਾਲੀ ਮਾਇਕ ਲਾ ਕੇ ਇਹ ਧਾਰਮਿਕ ਰਸਮਾਂ ਕਰਵਾਉਂਦੇ ਹਨ। ਪੱਛਮੀ ਦੇਸ਼ਾਂ ਵਿਚ ਗਏ ਪੰਜਾਬੀ ਉਥੋਂ ਦੇ ਦੇਸ਼ ਤੇ ਸਮਾਜ ਵਿਚ ਸਥਾਪਿਤ ਸ਼ਾਨਦਾਰ ਅਸੂਲਾਂ ਤੇ ਨੈਤਿਕਤਾ ਦੇ ਕਿੱਸੇ ਹੁੱਬ ਹੱਬ ਕੇ ਸੁਣਾਉਂਦੇ ਹਨ ਪਰ ਉੱਥੇ ਤਾਂ ਕਿਸੇ ਧਾਰਮਿਕ ਸਥਾਨ ’ਚੋਂ ਕਿਸੇ ਵੀ ਤਰ੍ਹਾਂ ਦੀਆਂ ਧਾਰਮਿਕ ਸਰਗਰਮੀਆਂ ਦੀ ਮਾਸਾ ਆਵਾਜ਼ ਬਾਹਰ ਨਹੀਂ ਨਿਕਲਦੀ ਪਰ ਇੱਥੇ ਆ ਕੇ ਉਨ੍ਹਾਂ ਵੱਲੋਂ ਹੀ ਕਰਵਾਈਆਂ ਜਾਂਦੀਆਂ ਧਾਰਮਿਕ ਰਸਮਾਂ ’ਚ ਹੱਦ ਸਿਰੇ ਦਾ ਰੌਲਾ ਪੈਂਦਾ ਹੈ। ਇਸਦੇ ਬਾਵਜੂਦ ਇੱਥੇ ਦੇਸ਼ ਤੇ ਸਮਾਜ ਵਿਚ ਚੰਗੇ ਅਸੂਲ ਤੇ ਨੈਤਿਕਤਾ ਕਿਤੇ ਨਜ਼ਰ ਨਹੀਂ ਆਉਂਦੀ। ਸੱਚ ਤਾਂ ਇਹ ਹੈ ਕਿ ਕਈ ਦਹਾਕੇ ਪਹਿਲਾਂ ਜਦੋਂ ਸਾਡੇ ਦੇਸ਼ ਵਿਚ ਲੋਕ ਚੰਗੇ ਅਸੂਲਾਂ ’ਤੇ ਚਲਦੇ ਸਨ ਤੇ ਇੱਥੇ ਨੈਤਿਕਤਾ ਵੀ ਕਿਸੇ ਹੱਦ ਤੱਕ ਜਿਊਂਦੀ ਸੀ, ਉਦੋਂ ਧਾਰਮਿਕ ਸਥਾਨ ਸੀ ਕੱਚੇ ਤੇ ਮਨ ਸੀ ਪੱਕੇ, ਹੁਣ ਚਿਪਸਾਂ ਨਾਲ ਤੇ ਗੁੰਬਦਾਂ ’ਤੇ ਚਾੜ੍ਹੇ ਗਏ ਸੋਨੇ ਦੇ ਕਲਸਾਂ ਨਾਲ ਧਾਰਮਿਕ ਸਥਾਨ ਹੋ ਗਏ ਪੱਕੇ ਤੇ ਮਨ ਹੋ ਗਏ ਕੱਚੇ। ਗੱਲ ਇੱਥੇ ਨਹੀਂ ਮੁੱਕ ਜਾਂਦੀ, ਕਿਸੇ ਵੀ ਧਾਰਮਿਕ ਹਸਤੀ ਦੇ ਜਨਮ ਜਾਂ ਸ਼ਹੀਦੀ ਦਿਨ ’ਤੇ ਸ਼ਹਿਰਾਂ ਕਸਬਿਆਂ ਅੰਦਰ ਵੱਡੇ ਇਕੱਠ ਜੋੜ ਕੇ ਨਗਰ ਕੀਰਤਨ ਤੇ ਸੋਭਾ ਯਾਤਰਾ ਕੱਢੀ ਜਾਂਦੀ ਹੈ। ਇਸ ਰਸਮ ਲਈ ਸੜਕਾਂ ਖ਼ਾਲੀ ਕਰਾ ਲਈਆਂ ਜਾਂਦੀਆਂ ਹਨ ਤੇ ਅੱਧਾ ਅੱਧਾ ਦਿਨ ਆਵਾਜਾਈ ਰੁਕੀ ਰਹਿੰਦੀ ਹੈ। ਧਰਮਾਂ ਦੇ ਅਜੋਕੇ ਸੰਚਾਲਕਾਂ ਨੇ ਕਦੇ ਇਹ ਸੋਚਿਆ ਹੈ ਕਿ ਕਾਲਜਾਂ ਤੇ ਯੂਨੀਵਰਸਿਟੀ ਵਿਚ ਪੜ੍ਹਦੇ ਵਿਦਿਆਰਥੀਆਂ ਨੇ ਅਗਲੇ ਦਿਨ ਦੀ ਧਾਰਮਿਕ ਛੁੱਟੀ ਤੋਂ ਇਕ ਦਿਨ ਪਹਿਲਾਂ ਮਿਲੀ ਛੁੱਟੀ ’ਚ ਪੰਜਾਬ ਅਤੇ ਦੂਜੇ ਸੂਬਿਆਂ ਵਿਚ ਸੈਂਕੜੇ ਮੀਲ ਦੂਰ ਜਾਣ ਲਈ ਬੱਸ ਜਾਂ ਰੇਲ ਚੜ੍ਹਨਾ ਹੁੰਦਾ ਹੈ, ਕਿਸੇ ਨੇ ਗੰਭੀਰ ਹਾਲਤ ’ਚ ਮਰੀਜ਼ ਨੂੰ ਸਮੇਂ ਸਿਰ ਦਵਾਈਆਂ ਪਹੁੰਚਦੀਆਂ ਕਰਨੀਆਂ ਹੁੰਦੀਆਂ, ਕਿਸੇ ਦਾ ਕੋਈ ਪੇਪਰ ਜਾਂ ਜ਼ਰੂਰੀ ਇੰਟਰਵੀਊ ਹੋ ਸਕਦਾ ਹੈ। ਵਿਖਾਵੇ ਕਰਨ ਵਾਲੇ ਲੋਕਾਂ ਅਤੇ ਆਵਾਜਾਈ ਨੂੰ ਨਿਯਮਬੱਧ ਕਰਨ ਵਾਲੇ ਸਰਕਾਰੀ ਆਵਾਜਾਈ ਵਿਭਾਗ ਨੂੰ ਯਾਤਰੀਆਂ ਦੀ ਤਕਲੀਫ ਤੇ ਮਜਬੂਰੀ ’ਤੇ ਕੋਈ ਤਰਸ ਨਹੀਂ ਆਉਂਦਾ। ਇਸੇ ਪ੍ਰਸੰਗ ’ਚ ਮੈਨੂੰ ਇੱਕ ਘਟਨਾ ਯਾਦ ਆ ਰਹੀ ਹੈ। ਇੱਕ ਧਾਰਮਿਕ ਹਸਤੀ ਦੇ ਜਨਮ ਦਿਨ ਦੀ ਮਿਤੀ ਤੋਂ ਇੱਕ ਦਿਨ ਪਹਿਲਾਂ ਸ਼ਹਿਰ ਵਿਚ ਨਗਰ ਕੀਰਤਨ ਸਜਾਇਆ ਗਿਆ ਸੀ ਤੇ ਸ਼ਹਿਰ ਦੇ ਬੱਸ ਅੱਡੇ ਨਾਲ ਜੁੜਦੀਆਂ ਸਾਰੀਆਂ ਸੜਕਾਂ ਪੁਲੀਸ ਨੇ ਨਗਰ ਕੀਰਤਨ ਲੰਘਾਉਣ ਲਈ ਖਾਲੀ ਕਰਵਾ ਲਈਆਂ ਤੇ ਉੱਥੇ ਚਿੜੀ ਤੱਕ ਨਹੀਂ ਸੀ ਫਟਕ ਰਹੀ। ਸ਼ਾਮ 6 ਵਜੇ ਦਾ ਸਮਾਂ ਸੀ ਤੇ ਇੱਥੋਂ 22 ਕਿਲੋਮੀਟਰ ਦੂਰ ਸਾਡੇ ਪਿੰਡ ਦੇ ਨੇੜੇ ਦੇ ਕਸਬੇ ਤੱਕ ਜਾਣ ਵਾਲੀ ਬੱਸ ਵਿਚ ਚੜ੍ਹਨ ਲਈ ਅਣਗਿਣਤ ਸਵਾਰੀਆਂ ਬੈਠੀਆਂ ਸਨ, ਪੰਜ ਵਜੇ ਅੱਗੇ ਪਿੱਛੇ ਚੱਲਣ ਵਾਲੀਆਂ ਦੋ ਬੱਸਾਂ ਅੱਡੇ ’ਚ ਫਸ ਗੱਈਆਂ ਤੇ ਰਾਹ ਖੁੱਲ੍ਹਣ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਸਨ। ਬੱਚੇ ਵਿਲੂੰ ਵਿਲੂੰ ਕਰ ਰਹੇ ਸਨ ਤੇ ਔਰਤਾਂ ਘਬਰਾਈਆਂ ਹੋਈਆਂ ਸਨ ਤੇ ਕਈਆਂ ਨੇ ਬੱਸ ’ਚੋਂ ਉੱਤਰ ਕੇ ਹੋਰ ਅੱਗੇ ਕਾਫੀ ਦੂਰ ਪੈਦਲ ਤੁਰ ਕੇ ਜਾਣਾ ਸੀ। ਹੈਰਾਨੀ ਇਸ ਗੱਲ ਦੀ ਸੀ ਕਿ ਇਨ੍ਹਾਂ ਪ੍ਰੇਸ਼ਾਨ ਸਵਾਰੀਆਂ ਦੀ ਰਵਾਇਤੀ ਧਾਰਮਿਕ ਸ਼ਰਧਾ ਦੀਆਂ ਜ਼ੰਜੀਰਾਂ ਵਿਚ ਬੱਝੀ ਮਾਨਸਿਕਤਾ ਕਰ ਕੇ ਇਹ ਸਭ ਸਵਾਰੀਆਂ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਤਾਂ ਪਾਣੀ ਪੀ ਪੀ ਕੋਸ ਰਹੀਆਂ ਸਨ ਪਰ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਰਸਮਾਂ ਸੰਪੂਰਨ ਕਰਨ ਲਈ ਕੋਈ ਹੋਰ ਢੰਗ ਤਰੀਕਾ ਅਪਣਾਇਆ ਜਾਵੇ। ਧਾਰਮਿਕ ਸਰਗਰਮੀਆਂ ਵਿਚਲੇ ਪੇਚੀਦਾ ਮਸਲੇ ਬਾਰੇ ਸਲਾਹ ਦੇਣ ਵਾਲੇ ਲੋਕਾਂ ਦੀ ਆਵਾਜ਼ ਨੂੰ ਬਿਲਕੁਲ ਅਹਿਮੀਅਤ ਨਹੀਂ ਦਿੱਤੀ ਜਾਂਦੀ। ਇੱਕ ਬਹੁਤ ਹੀ ਸੂਝਵਾਨ ਤੇ ਸੇਵਾ ਮੁਕਤ ਬਜ਼ੁਰਗ ਅਧਿਆਪਕ ਨੇ ਪਾਠੀਆਂ ਦੇ ਸੰਗਠਨ ਦੇ ਅਹੁਦੇਦਾਰ ਨੂੰ ਵੱਖ ਵੱਖ ਵਰਗਾਂ ਦੇ ਲੋਕਾਂ ਦੀ ਮੁਸ਼ਕਿਲ ਦੱਸ ਕੇ ਗੁਰਦੁਆਰੇ ਵਿਚ ਲਾਊਡ ਸਪੀਕਰ ਦੀ ਆਵਾਜ਼ ਘੱਟ ਕਰਨ ਲਈ ਬੇਨਤੀ ਕੀਤੀ ਤਾਂ ਅੱਗੋਂ ਜਵਾਬ ਮਿਲਿਆ, ‘ਪਹਿਲਾਂ ਲੋਕਾਂ ਦੇ ਡੀਜੇ ਬੰਦ ਕਰਾਓ, ਫੇਰ ਅਸੀਂ ਵੀ ਆਵਾਜ਼ ਘੱਟ ਕਰ ਲਵਾਂਗੇ।’ ਸਿਆਣੇ ਅਧਿਆਪਕ ਨੇ ਪੁੱਛਿਆ ਕਿ ਤੁਸੀਂ ਡੀਜੇ ਤੇ ਲਚਰ ਗੀਤ ਗਾਉਣ ਤੇ ਘਟੀਆ ਨਾਚ ਕਰਨ ਵਾਲੇ ਲੋਕਾਂ ਨਾਲ ਘਟੀਆ ਮੁਕਾਬਲੇ ਵਿਚ ਸ਼ਾਮਿਲ ਹੋਣਾ ਹੈ? ਉਸ ਅਧਿਆਪਕ ਨੇ ਪਾਠੀ ਨੂੰ ਸਲਾਹ ਦਿੱਤੀ ਕਿ ‘ਸਿੰਘ ਸਾਹਿਬ ਡੀਜੇ ਤੇ ਲਚਰ ਪ੍ਰੋਗਰਾਮਾਂ ਦੀ ਰਵਾਇਤ ਰੋਕਣ ’ਚ ਵੀ ਤੁਸੀਂ ਸਭ ਤੋਂ ਵੱਧ ਸਹਾਈ ਹੋ ਸਕਦੇ ਓ, ਇਲਾਕੇ ਦੇ ਸਾਰੇ ਪਾਠੀ ਰਲ ਕੇ ਫ਼ੈਸਲਾ ਕਰੋ ਕਿ ਜਿਹੜਾ ਵੀ ਪਰਿਵਾਰ ਡੀਜੇ ਨਾਲ ਕੋਈ ਲਚਰ ਪ੍ਰੋਗਰਾਮ ਕਰਵਾਏਗਾ, ਉਸ ਪਰਿਵਾਰ ਦੀ ਕਿਸੇ ਵੀ ਰਸਮ ਸਮੇਂ ਅਸੀਂ ਪਾਠ ਤੇ ਅਰਦਾਸ ਕਰਨ ਲਈ ਨਹੀਂ ਜਾਵਾਂਗੇ, ਤੁਸੀਂ ਅਜਿਹਾ ਫ਼ੈਸਲਾ ਕਰ ਸਕੋ ਤਾਂ ਅਸੀਂ ਸਾਰੇ ਤੁਹਾਡੇ ਨਾਲ ਹੋਵਾਂਗੇ।’ ‘ਏਦਾਂ ਦਾ ਫ਼ੈਸਲਾ ਤੇ ਸਲਾਹ ਤੁਸੀਂ ਆਪਣੇਂ ਕੋਲ ਹੀ ਰੱਖੋ।’ ਆਖ ਕੇ ਪਾਠੀ ਆਪਣੇ ਰਾਹ ਪੈ ਗਿਆ।

ਸੰਪਰਕ: 94632-33991

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All