ਧਰੁਪਦ ਤੇ ਪੜਤਾਲ ਗਾਇਕੀ ਦੇ ਮਾਹਰ ਭਾਈ ਜਵਾਲਾ ਸਿੰਘ

ਨਵ ਸੰਗੀਤ ਸਿੰਘ

ਭਾਈ ਜਵਾਲਾ ਸਿੰਘ ਦਾ ਸਬੰਧ ਕੀਰਤਨੀਆਂ ਦੀ ਉਸ ਪਰੰਪਰਾ ਨਾਲ ਹੈ, ਜੋ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਉਹ ਜਿੱਥੇ ਧਰੁਪਦ ਗਾਇਨ ਵਿਚ ਮਾਹਿਰ ਸਨ, ਉੱਥੇ ਪੜਤਾਲ ਗਾਇਕੀ ਵਿਚ ਵੀ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਉਨ੍ਹਾਂ ਨੇ ਤੰਤੀ ਸਾਜ਼ਾਂ ਦੀ ਪਰੰਪਰਾ ਨੂੰ ਆਪਣੇ ਜੀਵਨ-ਕਾਲ ਵਿਚ ਸਜੀਵ ਰੱਖਿਆ। ਭਾਈ ਜਵਾਲਾ ਸਿੰਘ ਦੀ ਜਨਮ ਤਰੀਕ ਬਾਰੇ ਉਨ੍ਹਾਂ ਦੇ ਪਰਿਵਾਰ ਵਿਚ ਕਿਸੇ ਨੂੰ ਪੱਕਾ ਪਤਾ ਨਹੀਂ। ਤਾਂ ਵੀ ਉਨ੍ਹਾਂ ਦਾ ਜਨਮ 24 ਪੋਹ, ਦਿਨ ਮੰਗਲਵਾਰ 1936 ਬਿਕ੍ਰਮੀ ਮੁਤਾਬਕ ਸੰਨ 1879 ਈ. ਨੂੰ ਮੰਨਿਆ ਜਾਂਦਾ ਹੈ। ਉਹ ਭਾਈ ਦੇਵਾ ਸਿੰਘ ਤੇ ਮਾਤਾ ਨੰਦਾ (ਨੰਦ ਕੌਰ) ਘਰ ਪਿੰਡ ਸੈਦਪੁਰ (ਠੱਟਾ ਟਿੱਬਾ) ਜ਼ਿਲ੍ਹਾ ਕਪੂਰਥਲਾ ਵਿਚ ਪੈਦਾ ਹੋਏ। ਉਨ੍ਹਾਂ ਦੇ ਤਿੰਨ ਹੋਰ ਵੱਡੇ ਭਰਾ ਵੀ ਸਨ: ਸੁੰਦਰ ਸਿੰਘ, ਨਰੈਣ ਸਿੰਘ ਅਤੇ ਸਾਵਣ ਸਿੰਘ। ਭਾਈ ਜਵਾਲਾ ਸਿੰਘ ਨੂੰ ਕੀਰਤਨ ਦੀ ਦਾਤ ਵਿਰਸੇ ਵਿਚ ਹੀ ਪ੍ਰਾਪਤ ਹੋਈ। ਉਨ੍ਹਾਂ ਦੇ ਪਿਤਾ ਭਾਈ ਦੇਵਾ ਸਿੰਘ ਵੀ ਰਾਗਾਂ ਵਿਚ ਕੀਰਤਨ ਕਰਨ ਦੇ ਮਾਹਰ ਸਨ। ਨਰੈਣ ਸਿੰਘ ਅਤੇ ਸਾਵਣ ਸਿੰਘ ਪਿਤਾ ਨਾਲ ਤਾਊਸ ਅਤੇ ਜੋੜੀ ’ਤੇ ਸੰਗਤ ਕਰਿਆ ਕਰਦੇ। ਭਾਈ ਜਵਾਲਾ ਸਿੰਘ ਦੇ ਦਾਦਾ ਭਾਈ ਮੋਹਰ ਸਿੰਘ (ਟਹਿਲ ਸਿੰਘ) ਨੂੰ ਵੀ ਕੀਰਤਨ ਦਾ ਸ਼ੌਕ ਸੀ। ਭਾਈ ਮੋਹਰ ਸਿੰਘ ਤੇ ਭਾਈ ਦੇਵਾ ਸਿੰਘ ਫ਼ਤਿਆਬਾਦ ਰਹਿੰਦੇ ਸਮੇਂ ਦਿਵਾਲੀ-ਵਿਸਾਖੀ ਦੇ ਦਿਨਾਂ ਵਿਚ ਅੰਮ੍ਰਿਤਸਰ ਦੀ ਯਾਤਰਾ ਨੂੰ ਜਾਣ ਵਾਲੀ ਸੰਗਤ ਦੀ ਟਹਿਲ-ਸੇਵਾ ਕਰ ਕੇ ਬੜੇ ਖੁਸ਼ ਹੁੰਦੇ ਤੇ ਇਸ ਸੰਗਤ ’ਚੋਂ ਉਹ ਕਿਸੇ ਵਿਦਵਾਨ ਰਾਗੀ ਨੂੰ ਕੁਝ ਦਿਨ ਆਪਣੇ ਕੋਲ ਰੱਖ ਲੈਂਦੇ ਤੇ ਉਸ ਪਾਸੋਂ ਸ਼ਬਦ ਰੀਤਾਂ ਦੀ ਜਾਣਕਾਰੀ ਹਾਸਲ ਕਰਦੇ। ਰਾਤ ਸੌਂਣ ਤੋਂ ਪਹਿਲਾਂ ਸਾਰਾ ਪਰਿਵਾਰ ਮਿਲ ਕੇ ਕੁਝ ਸਮਾਂ ਸਾਰੰਦੇ, ਤਾਊਸ ਅਤੇ ਜੋੜੀ ਨਾਲ ਕੀਰਤਨ ਕਰਿਆ ਕਰਦਾ। 1839 ਦੇ ਆਸ-ਪਾਸ ਭਾਈ ਦੇਵਾ ਸਿੰਘ ਪਹਿਲਾਂ ਬਿਧੀਪੁਰ ਆਏ ਅਤੇ ਫਿਰ ਸੁਲਤਾਨਪੁਰ ਲੋਧੀ ਨੇੜੇ ਸੈਦਪੁਰ ਆ ਕੇ ਟਿਕ ਗਏ। ਉਹ ਰਾਮਗੜ੍ਹੀਆ ਖ਼ਾਨਦਾਨ ਨਾਲ ਸਬੰਧਤ ਸੈਂਭੀ ਪਰਿਵਾਰ ’ਚੋਂ ਸਨ। ਉਨ੍ਹਾਂ ਦਾ ਮੁੱਖ ਕਿੱਤਾ ਦਸਤਕਾਰੀ, ਤਰਖਾਣ, ਲੁਹਾਰ ਦਾ ਸੀ; ਜਦ ਕਿ ਸ਼ੌਕੀਆ ਤੌਰ ’ਤੇ ਉਹ ਖੇਤੀਬਾੜੀ ਵੀ ਕਰਦੇ ਸਨ। ਪੰਜ ਕੁ ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਪਿੰਡ ਦੇ ਗ੍ਰੰਥੀ ਭਾਈ ਪਾਲਾ ਸਿੰਘ ਕੋਲ ਗੁਰਮੁਖੀ ਸਿੱਖਣ ਲਈ ਭੇਜਿਆ ਗਿਆ, ਜਿੱਥੇ ਉਨ੍ਹਾਂ ਨੇ ਬਾਈ ਵਾਰਾਂ ਦੀ ਪੋਥੀ, ਭਗਤ ਬਾਣੀ ਦੇ ਨਾਲ ਨਾਲ ‘ਹਨੂੰਮਾਨ ਨਾਟਕ’ ਵੀ ਪੜਿ੍ਹਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਵੀ ਸਿੱਖ ਲਿਆ। 9-10 ਸਾਲ ਦੀ ਉਮਰ ਵਿਚ ਭਾਈ ਜਵਾਲਾ ਸਿੰਘ ਨੂੰ ਇੱਕ ਸੂਰਮੇ ਰਾਗੀ ਬਾਬਾ ਸ਼ਰਧਾ ਸਿੰਘ ਕੋਲ ਗੁਰਬਾਣੀ ਕੀਰਤਨ ਦੀ ਵਿੱਦਿਆ ਲਈ ਭੇਜਿਆ ਗਿਆ, ਜੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਗਿੜਵੜੀ ਦੇ ਵਸਨੀਕ ਸਨ। ਇਨ੍ਹਾਂ ਦਾ ਮਿਲਾਪ ਵੀ ਭਾਈ ਦੇਵਾ ਸਿੰਘ ਨਾਲ ਅੰਮ੍ਰਿਤਸਰ ਆਉਂਦੇ-ਜਾਂਦੇ ਹੋਇਆ ਸੀ ਤੇ ਪਿੱਛੋਂ ਦੋਵੇਂ ਪੱਗ-ਵੱਟ ਭਰਾ ਬਣ ਗਏ। ਬਾਬਾ ਸ਼ਰਧਾ ਸਿੰਘ ਨੇ ਆਪਣੇ ਸ਼ਾਗਿਰਦ ਨੂੰ ਸ਼ਬਦ ਰੀਤਾਂ ਵਿਚ ਪਰਪੱਕ ਕਰ ਦਿੱਤਾ ਅਤੇ ਰਾਗਾਂ ਦੀ ਬਾਰੀਕੀ ਤੋਂ ਵਾਕਿਫ਼ ਕਰਵਾਉਣ ਲਈ ਉਸ ਨੂੰ ਅੰਮ੍ਰਿਤਸਰ ਦੇ ਭਾਈ ਵਸਾਵਾ ਸਿੰਘ (ਰੰਗੀ ਰਾਮ ਸਿੰਘ) ਹਵਾਲੇ ਕਰ ਦਿੱਤਾ। ਇਉਂ ਭਾਈ ਜਵਾਲਾ ਸਿੰਘ ਨੂੰ ਤਿੰਨ ਸੋਮਿਆਂ ਤੋਂ ਕੀਰਤਨ ਦੀ ਵਿੱਦਿਆ ਹਾਸਲ ਹੋਈ: ਪਹਿਲੀ ਆਪਣੇ ਪਿਤਾ ਤੋਂ, ਦੂਜੀ ਬਾਬਾ ਸ਼ਰਧਾ ਸਿੰਘ ਤੋਂ ਤੇ ਤੀਜੀ ਭਾਈ ਵਸਾਵਾ ਸਿੰਘ ਤੋਂ।

ਨਵ ਸੰਗੀਤ ਸਿੰਘ

ਭਾਈ ਵਸਾਵਾ ਸਿੰਘ ਤੋਂ ਅਸ਼ੀਰਵਾਦ ਲੈ ਕੇ ਉਹ ਪਹਿਲਾਂ ਆਪਣੇ ਪਿੰਡ ਆਏ, ਫਿਰ ਬਾਬਾ ਸ਼ਰਧਾ ਸਿੰਘ ਦੇ ਦਰਸ਼ਨ ਕੀਤੇ। ਉੱਥੋਂ ਉਹ ਸੱਖਰ ਸਿੰਧ ਚਲੇ ਗਏ, ਜਿੱਥੋਂ ਦੇ ਡੇਰੇ ਦਾ ਮਹੰਤ ਊਧੋ ਦਾਸ ਨਾ ਕੇਵਲ ਸੰਗੀਤਕਾਰ ਤੇ ਗੁਰਬਾਣੀ ਦਾ ਖੋਜੀ ਹੀ ਸੀ, ਸਗੋਂ ਵਿਦਵਾਨਾਂ ਅਤੇ ਗਾਇਕਾਂ ਦੀ ਕਦਰ ਵੀ ਕਰਦਾ ਸੀ। ਇੱਥੇ ਹੀ ਇੱਕ ਸਿੰਧੀ ਰੇਲਵੇ ਅਫ਼ਸਰ ਦੇ ਪੁੱਤਰ ਦੇ ਜਨਮ ਦੀ ਖੁਸ਼ੀ ਵਿਚ ਹੋਏ ਸਮਾਗਮ ਵਿਚ ਭਾਈ ਜਵਾਲਾ ਸਿੰਘ ਨੇ 4-5 ਘੰਟੇ ਵੱਖ-ਵੱਖ ਰਾਗਾਂ ਵਿਚ ਨਗਮੇ ਪੇਸ਼ ਕਰਕੇ ਖੂਬ ਦਾਦ ਹਾਸਲ ਕੀਤੀ, ਜਿਸ ਤੋਂ ਖੁਸ਼ ਹੋ ਕੇ ਰੇਲਵੇ ਅਫ਼ਸਰ ਨੇ ਭਾਈ ਸਾਹਿਬ ਨੂੰ ਪੂਰੇ ਭਾਰਤ ਦਾ ਮੁਫ਼ਤ ਰੇਲ ਪਾਸ ਦੇਣ ਦੀ ਪੇਸ਼ਕਸ਼ ਕੀਤੀ, ਪਰ ਉਨ੍ਹਾਂ ਨੇ ਇਹ ਨਾ ਲਿਆ। 1899 ਦੇ ਨੇੜੇ-ਤੇੜੇ ਕਰੀਬ 20 ਕੁ ਸਾਲ ਦੀ ਉਮਰ ਵਿਚ ਭਾਈ ਜਵਾਲਾ ਸਿੰਘ ਨੇ ਆਪਣਾ ਵੱਖਰਾ ਕੀਰਤਨੀ ਜਥਾ ਬਣਾ ਲਿਆ, ਜਿਸ ਵਿਚ ਬਾਬਾ ਸ਼ਰਧਾ ਸਿੰਘ, ਭਾਈ ਹੀਰਾ ਸਿੰਘ, ਭਾਈ ਟਹਿਲ ਸਿੰਘ, ਭਾਈ ਹਰਨਾਮ ਸਿੰਘ, ਸੂਰਮਾ ਭਾਈ ਸ਼ੇਰ ਸਿੰਘ ਆਦਿ 6-7 ਮੈਂਬਰ ਸਨ। ਇਸ ਤੋਂ ਪਹਿਲਾਂ 1894 ਵਿਚ ਉਨ੍ਹਾਂ ਦਾ ਵਿਆਹ ਸੁਰਖਪੁਰ (ਜ਼ਿਲ੍ਹਾ ਕਪੂਰਥਲਾ) ਦੀ ਬੀਬੀ ਆਤੀ (ਆਤਮਾ ਕੌਰ) ਨਾਲ ਹੋ ਚੁੱਕਾ ਸੀ, ਜਿਸ ਦੀ ਕੁੱਖੋਂ ਚਾਰ ਬੱਚੇ (ਦੋ ਲੜਕੀਆਂ,ਦੋ ਲੜਕੇ) ਪੈਦਾ ਹੋਏ। 1911 ਦੇ ਆਸ-ਪਾਸ ਬੀਬੀ ਆਤੀ ਦਾ ਦੇਹਾਂਤ ਹੋ ਗਿਆ। 1912 ਦੇ ਨੇੜੇ-ਤੇੜੇ ਉਨ੍ਹਾਂ ਦਾ ਦੂਜਾ ਵਿਆਹ ਬੀਬੀ ਰਣਜੋਧ ਕੌਰ ਨਾਲ ਹੋ ਗਿਆ, ਜਿਸ ਦੀ ਕੁੱਖੋਂ ਛੇ ਬੱਚਿਆਂ (ਤਿੰਨ ਲੜਕੀਆਂ ਤੇ ਤਿੰਨ ਲੜਕਿਆਂ) ਨੇ ਜਨਮ ਲਿਆ। ਉਨ੍ਹਾਂ ਦੇ ਦੋਹਾਂ ਵੱਡੇ ਲੜਕਿਆਂ ਭਾਈ ਗੁਰਚਰਨ ਸਿੰਘ ਕੰਵਲ ਅਤੇ ਭਾਈ ਅਵਤਾਰ ਸਿੰਘ ਨੇ ਪਿਤਾ ਦੀ ਦੇਖਰੇਖ ਹੇਠ ਕੀਰਤਨ ਦੀ ਸਿਖਲਾਈ ਲਈ। ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਵੇਲੇ ਵੀ ਭਾਈ ਜਵਾਲਾ ਸਿੰਘ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਵਿਚ ਸਾਕਾ ਨਨਕਾਣਾ ਸਾਹਿਬ, ਜੈਤੋ ਦਾ ਮੋਰਚਾ, ਗੁਰੂ ਕੇ ਬਾਗ਼ ਦਾ ਮੋਰਚਾ ਤੇ ਚਾਬੀਆਂ ਦਾ ਮੋਰਚਾ ਪ੍ਰਮੁੱਖ ਹਨ। ਅਜਿਹੇ ਮੋਰਚਿਆਂ ’ਚ ਉਨ੍ਹਾਂ ਨੇ ਕੈਦ ਵੀ ਕੱਟੀ। 29 ਮਈ 1952 ਨੂੰ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਸੰਪਰਕ: 94176-92015

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All