ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ!

ਐੱਸ ਪੀ ਸਿੰਘ*

ਅਖ਼ਬਾਰਾਂ ਦੇ ਸੰਪਾਦਕੀ ਪੰਨਿਆਂ ’ਤੇ ਬੜੇ ਜ਼ਹੀਨ ਬੁੱਧੀ ਪਾਠਕ ਪਹੁੰਚਦੇ ਹਨ। ਇਸ ਲਈ ਮੈਨੂੰ ਭਲੀਭਾਂਤ ਇਹ ਗਿਆਤ ਹੈ ਕਿ ਤੁਸਾਂ ਇਤਿਹਾਸ ਦੇ ਇਹ ਪੰਨੇ ਚੰਗੀ ਤਰ੍ਹਾਂ ਫਰੋਲੇ ਹੋਏ ਹਨ ਕਿ ਦੂਜੀ ਸੰਸਾਰ ਜੰਗ ਵੇਲੇ ਕਿਵੇਂ ਇੱਕ ਖ਼ਾਸ ਪਛਾਣ ਵਾਲੇ ਲੋਕਾਂ ਨੂੰ ਫੜ-ਫੜ concentration ਕੈਂਪਾਂ ਵਿੱਚ ਧੱਕ ਦਿੱਤਾ ਗਿਆ ਜਿੱਥੇ ਉਹ ਸਾਲਾਂ ਤੱਕ ਸੜਦੇ ਰਹੇ, ਕਈ ਤਾਂ ਮਰ-ਮੁੱਕ ਹੀ ਗਏ। ਕਿਉਂਜੋ ਇਤਿਹਾਸ ਦੇ ਆਪਣੇ ਆਪ ਨੂੰ ਦੁਹਰਾਉਣ ਬਾਰੇ ਬੜਾ ਕੁਝ ਸੁਣ ਰੱਖਿਆ ਹੈ, ਇਸ ਲਈ ਆਪਾਂ ਵੀ ਥੋੜ੍ਹਾ ਜਿਹਾ ਆਪਣਾ ਪੜ੍ਹਿਆ ਇਤਿਹਾਸ ਦੁਹਰਾ ਲਈਏ। ਵਿਗੜ ਵੀ ਕੀ ਜਾਸੀ? ਇਹ concentration ਕੈਂਪ ਦੁਨੀਆ ਨੂੰ ਲੋਕਤੰਤਰ ਦਾ ਪਾਠ ਪੜ੍ਹਾਉਂਦੇ ਅਤੇ ਸੰਸਾਰ ਭਰ ਵਿੱਚ ਲੋਕਤੰਤਰ ਨਿਰਯਾਤ ਕਰਦੇ ਅਮਰੀਕਾ ਨੇ ਖੋਲ੍ਹੇ ਸਨ। ਦੇਸ਼ ਦੇ ਇਤਿਹਾਸ ਵਿੱਚ ਤਿੰਨ ਮਹਾਨਤਮ ਅਮਰੀਕੀ ਰਾਸ਼ਟਰਪਤੀਆਂ, ਜੌਰਜ ਵਾਸ਼ਿੰਗਟਨ ਅਤੇ ਅਬਰਾਹਮ ਲਿੰਕਨ ਦੇ ਨਾਲ ਸ਼ੁਮਾਰ ਕੀਤੇ ਜਾਂਦੇ ਫ੍ਰੈਂਕਲਿਨ ਰੂਜ਼ਵੈਲਟ ਦੇ ਐਗਜ਼ੈਕਟਿਵ ਆਰਡਰ ਨੰਬਰ 9066 ਤਹਿਤ ਦੂਜੀ ਸੰਸਾਰ ਜੰਗ ਦੇ ਦੌਰਾਨ ਖੋਲ੍ਹੇ ਇਨ੍ਹਾਂ concentration ਕੈਂਪਾਂ ਵਿੱਚ ਆਪਣੇ ਹੀ ਦੇਸ਼ ਦੇ ਬਾਸ਼ਿੰਦਿਆਂ ਨੂੰ ਫੜ-ਫੜ ਧੱਕ ਦਿੱਤਾ ਗਿਆ। ਫਰਵਰੀ 1942 ਵਿੱਚ ਖੋਲ੍ਹੇ ਇਹ concentration ਕੈਂਪ ਦੂਜੀ ਆਲਮੀ ਜੰਗ ਦੇ ਖ਼ਤਮ ਹੋਣ ਤੋਂ ਛੇ ਮਹੀਨੇ ਬਾਅਦ ਵੀ ਚੱਲਦੇ ਰਹੇ। ਜਰਮਨੀ ਵਿੱਚ ਸਵਾਸਤਿਕ ਦੇ ਚਿੰਨ੍ਹ ਵਾਲੇ ਬਦਨਾਮ, ਨਾਮੁਰਾਦ ਜ਼ਾਲਮ ਨੇਤਾ ਦੇ ਯਹੂਦੀਆਂ ਨੂੰ ਡੱਕਣ, ਤਸੀਹੇ ਦੇਣ, ਕਤਲ ਕਰਨ ਲਈ ਸਥਾਪਤ ਕੀਤੇ ਤਸੀਹਾ ਕੇਂਦਰਾਂ ਨੂੰ ਜਦੋਂ ਅਮਰੀਕੀ, ਰੂਸੀ, ਬਰਤਾਨਵੀ ਫ਼ੌਜਾਂ ਨੇ 1944 ਅਤੇ 1945 ਵਿੱਚ ਆਜ਼ਾਦ ਕਰਵਾ ਲਿਆ ਸੀ ਤਾਂ ਵੀ ਅਜੇ ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਓਰੇਗਨ ਵਿੱਚ ਬੇਹਯਾਈ ਦੇ ਇਹ ਨਮੂਨੇ ਬੁਲੰਦ ਖੜ੍ਹੇ ਸਨ। ਇਨ੍ਹਾਂ ਵਿੱਚ ਬਿਲਕੁਲ ਨਿਰਦੋਸ਼ ਲੋਕ, ਜਿਨ੍ਹਾਂ ਵਿੱਚੋਂ ਬਹੁਤੇ ਅਮਰੀਕੀ ਨਾਗਰਿਕ ਸਨ, ਡੱਕੇ ਹੋਏ ਸਨ। ਮੁਲਕ ਨੂੰ ਇੱਕ ਖ਼ਾਸ ਪਛਾਣ ਰੱਖਦੇ ਆਪਣੇ ਹੀ ਬਾਸ਼ਿੰਦਿਆਂ ’ਤੇ ਸ਼ੱਕ ਹੋ ਗਿਆ ਸੀ। ਇਹ ਬੇਸ਼ਰਮੀ ਅੰਤ 1945 ਵਿੱਚ ਜਾ ਰੁਕੀ। ਲੋਕਤੰਤਰ ਨਾਲ ਅਥਾਹ ਪਿਆਰ ਕਰਦੇ ਅਤੇ ਅਮਨ ਦੇ ਸਦਾ ਪੁਜਾਰੀ ਰਹੇ ਕੈਨੇਡਾ ਨੇ ਵੀ ਘੱਟ ਨਹੀਂ ਸੀ ਕੀਤੀ। ਹਜ਼ਾਰਾਂ ਸਥਾਨਕ ਨਿਵਾਸੀਆਂ ’ਤੇ ਸ਼ੱਕ ਕਰ, ਕੈਨੇਡਾ ਨੇ ਉਨ੍ਹਾਂ ਨੂੰ ਮੁਲਕ ਦੇ ਦੱਖਣੀ ਤੱਟ ਤੋਂ ਜ਼ਬਰਦਸਤੀ ਉਖਾੜ ਕੇ ਹੋਰਨਾਂ ਇਲਾਕਿਆਂ ਵਿੱਚ ਸੁੱਟ ਛੱਡਿਆ ਸੀ। ਨਵੀਆਂ ਨਸਲਾਂ ਦੇ ਅਮਰੀਕੀ ਵਿਦਿਆਰਥੀ ਹਿਟਲਰ ਦੇ ਨਾਜ਼ੀ ਤਸੀਹਾ ਕੇਂਦਰਾਂ ਬਾਰੇ ਭਰਪੂਰ ਜਾਣਕਾਰੀ ਗ੍ਰਹਿਣ ਕਰਨ ਤੋਂ ਬਾਅਦ ਜਦੋਂ ਆਪਣੇ ਮੁਲਕ ਦੇ ਕਾਲੇ ਕਾਰੇ ਪੜ੍ਹਦੇ ਹਨ ਤਾਂ ਲੋਕਤੰਤਰੀ ਦਾਅਵਿਆਂ ਦੀ ਪੋਲ ਖੁੱਲ੍ਹਦੀ ਹੈ, ਅੰਦਰ ਦੇ ਕਈ ਭਰਮ-ਭੁਲੇਖੇ ਦੂਰ ਹੁੰਦੇ ਹਨ, ਕੋਈ ਨਵਾਂ ਸੱਚ ਰੂਪਮਾਨ ਹੁੰਦਾ ਹੈ। ਜਦੋਂ ਦੂਜੇ ਮੁਲਕਾਂ ਦੇ ਬੀਤੇ ਦੀ ਕਥਾ ਮੇਰੇ ਮੁਲਕ ਮਹਾਨ ਵਿੱਚ ਇੱਥੇ ਦੁਹਰਾਈ ਜਾ ਰਹੀ ਹੈ ਤਾਂ ਪਿਛਲ-ਝਾਤ ਵਿੱਚ ਕੀ ਸੰਕੋਚ ਕਰਨਾ? ਕਥਾ ਇਹ ਪੁਰਾਣੀ ਵੀ ਹੈ, ਨਵੀਂ ਵੀ ਹੈ। ਕੁਝ ਤੁਸਾਂ ਸੁਣੀ ਵੀ ਹੋਈ ਹੈ, ਕੁਝ ਅੱਜ ਸੁਣਾਉਣੀ ਵੀ ਹੈ। ਮੁਲਕਾਂ ਦੇ ਰਿਸ਼ਤੇ ਵੀ ਅਜੀਬ ਹੁੰਦੇ ਹਨ। ਦਹਾਕਿਆਂ ਤੋਂ ਦੋਵਾਂ ਮੁਲਕਾਂ ਵਿੱਚ ਦੁਵੱਲਾ ਵਪਾਰ ਵੀ ਹੋ ਰਿਹਾ ਸੀ ਪਰ ਇਹ ਅਹਿਸਾਸ ਵੀ ਦੋਹਾਂ ਨੂੰ ਸੀ ਕਿ ਆਪੋ ਵਿੱਚ ਜੰਗ ਦੀ ਸੰਭਾਵਨਾ ਵੀ ਹੈ, ਸੋ ਉਹਦੀ ਤਿਆਰੀ, ਯੋਜਨਾਕਾਰੀ ਵੀ ਚਲਦੀ ਰਹੀ। ਬੇਹੱਦ ਤਣਾਅ ਵਾਲੇ ਮਾਹੌਲ ਵਿੱਚ ਵੀ ਰਿਸ਼ਤੇ ਸੁਧਾਰਨ ਲਈ ਦੁਵੱਲੀ ਵਾਰਤਾਲਾਪ ਹੋਈ, ਕੁਝ ਲੈਣ-ਦੇਣ ਵਾਲੀਆਂ ਪੇਸ਼ਕਸ਼ਾਂ ਵੀ ਹੋਈਆਂ। ਦੋਹਾਂ ਦੀਆਂ ਸਰਕਾਰਾਂ ਦੇ ਮੁਖੀਆਂ ਦੀ ਮੁਲਾਕਾਤ ਦੀ ਕੋਸ਼ਿਸ਼ ਵੀ ਹੋਈ। ਤੁਸਾਂ ਅੱਜ ਵਾਲੇ ਆਪਣੇ ਇਤਿਹਾਸ ਨਾਲ ਨਾ ਜੋੜ ਲੈਣਾ, ਇਹ ਤਾਂ ਸੰਨ 1941 ਸੀ ਜਦੋਂ ਦਸੰਬਰ ਦੇ ਸੱਤਵੇਂ ਦਿਨ ਸਭ ਬਦਲ ਗਿਆ। ਜਾਪਾਨ ਨੇ ਪਰਲ ਹਾਰਬਰ ਦੇ ਸਮੁੰਦਰੀ ਜੰਗੀ ਠਿਕਾਣੇ ’ਤੇ ਹਮਲਾ ਕਰ ਦਿੱਤਾ। ਅੱਠਵੇਂ ਦਿਨ ਅਮਰੀਕਾ ਦੂਜੀ ਸੰਸਾਰ ਜੰਗ ਵਿੱਚ ਕੁੱਦ ਪਿਆ। ਵਰ੍ਹਿਆਂ, ਦਹਾਕਿਆਂ ਅਤੇ ਕੁਝ ਕੇਸਾਂ ਵਿੱਚ ਤਾਂ ਸਦੀਆਂ ਤੋਂ ਅਮਰੀਕਾ ਵਿੱਚ ਰਹਿੰਦੇ ਜਾਪਾਨੀ ਮੂਲ ਦੇ ਲੋਕ ਝੱਟ ਸ਼ੱਕ ਦੇ ਘੇਰੇ ਵਿੱਚ ਆ ਗਏ। ਰੱਬ ਜਾਣੇ ਉਨ੍ਹਾਂ ਦੀਆਂ ਵਫ਼ਾਦਾਰੀਆਂ ਕਿਤ ਵੱਲ ਹੋਣ? ਮੁਹਾਜ਼ ’ਤੇ ਜੰਗ ਅਤੇ ਗਲੀ ਵਿੱਚ ਗੁਆਂਢੀ ’ਤੇ ਸ਼ੱਕ - ਇਨਸਾਨੀਅਤ ਦੇ ਮਰਨ ਲਈ ਤਾਬੜਤੋੜ ਗਾਰੰਟੀਸ਼ੁਦਾ ਸੁਮੇਲ ਕਿਸੇ ਵੀ ਤਰ੍ਹਾਂ ‘ਮੁਗਲੀ ਘੁੱਟੀ 555’ ਤੋਂ ਘੱਟ ਨਹੀਂ ਸੀ। ਉਨ੍ਹਾਂ ਮੁਲਕ ਦੇ ਅੰਦਰੋਂ ਮੁਲਕ ਦੇ ਦੁਸ਼ਮਣ ਤਲਾਸ਼ ਕਰਨੇ ਸਨ, ਉਸੇ ਸਵਾਲ ਦੇ ਸਨਮੁੱਖ ਹੋਣਾ ਸੀ ਜਿਸ ਨਾਲ ਅਸੀਂ ਅੱਜ ਜੂਝ ਰਹੇ ਹਾਂ - ‘‘ਇੱਥੋਂ ਦੇ ਹੋ ਕਿ ਬਾਹਰਲੇ?’’ ਪਰ ਜੰਗ ਲੱਗੀ ਹੋਵੇ ਤਾਂ ਇਹ ਬਾਰੀਕ ਫ਼ਰਕ ਵੀ ਮਿਟ ਜਾਂਦਾ ਹੈ। ਫ਼ਿਰਕਾ ਹੀ ਸ਼ੱਕ ਦੇ ਘੇਰੇ ਵਿੱਚ ਹੋਵੇ ਤਾਂ ਕੀ ਇੱਥੋਂ ਦੇ, ਕੀ ਬਾਹਰਲੇ? ਜਾਪਾਨ ਵਿੱਚ ਜੰਮੇ ਅਤੇ ਅਮਰੀਕਾ ਦੇ ਰਿਹਾਇਸ਼ੀ ਹੋ ਗਿਆਂ ਨੂੰ Issei ਕਹਿੰਦੇ ਸਨ। ਜਿਹੜੇ ਉਨ੍ਹਾਂ ਦੇ ਬੱਚੇ ਅਮਰੀਕਾ ਵਿੱਚ ਹੀ ਜੰਮੇ, ਉਹ Nisei ਅਖਵਾਏ। ਆਪਣਿਆਂ ਵਿੱਚੋਂ ਦੁਸ਼ਮਣ ਭਾਲਦਿਆਂ ਨੇ ਸਭਨਾਂ ਦਾ ਨਾਮ ਦੇਸ਼ਧ੍ਰੋਹੀ ਰੱਖ ਦਿੱਤਾ ਸੀ। ਰਾਸ਼ਟਰਪਤੀ ਨੇ ਹੁਕਮ ਕੀਤਾ ਕਿ ਸਭ ‘ਦੁਸ਼ਮਣ’ ਹਨ। ਰਾਤੋਂ-ਰਾਤ ਫੜੋ-ਫੜਾਈ ਸ਼ੁਰੂ ਹੋ ਗਈ। ਪਿਓ ਇੱਕ ਕੈਂਪ ਵਿੱਚ, ਮਾਂ ਦੂਜੇ ਵਿੱਚ, ਬੱਚਾ ਤੀਜੇ ਵਿੱਚ। ਕਿਸੇ ਆਖਿਆ, ਮੇਰੀ ਸਿਰਫ਼ ਮਾਂ ਜਾਪਾਨੀ ਹੈ। ਕਿਸੇ ਕਿਹਾ ਸਿਰਫ਼ ਦਾਦਾ ਉਸ ਦੇਸ਼ ਤੋਂ ਆਇਆ ਸੀ, ਅਸੀਂ ਤਾਂ ਸਭ ਇੱਥੇ ਜੰਮੇ ਹਾਂ। ਹਕੂਮਤ ਨੇ ਮਾਹੌਲ ਸਿਰਜ ਦਿੱਤਾ ਸੀ। ਜਦੋਂ ਰਗਾਂ ਵਿੱਚ ਭੋਰਾ ਵੀ ਗੰਦਾ ਖ਼ੂਨ ਵਹਿ ਰਿਹਾ ਹੈ ਤਾਂ ਭਰੋਸਾ ਨਹੀਂ ਕਰਨਾ। ਇਤਿਹਾਸ ਦੇ ਦੁਹਰਾਉਣ ਵਾਲੀ ਗੱਲ ਜੇ ਵਾਰ-ਵਾਰ ਦੁਹਰਾਉਣੀ ਤੁਹਾਨੂੰ ਬਹੁਤੀ ਨਾਗਵਾਰ ਨਾ ਗੁਜ਼ਰੇ ਤਾਂ ਉਨ੍ਹਾਂ ਚਾਂਗਰਾਂ, ਬਿਆਨਾਂ, ਸ਼ੇਖੀਆਂ ਨੂੰ ਯਾਦ ਕਰੋ ਜਿਹੜੀਆਂ ਇਸ ਸਾਲ ਦੇ ਅਗਸਤ ਮਹੀਨੇ ਸੁਣਨ ਨੂੰ ਮਿਲੀਆਂ ਜਦੋਂ ਸਰਕਾਰ-ਏ-ਹਿੰਦ ਨੇ ਕਸ਼ਮੀਰ ਨੂੰ ਏਨੀ ਘੁੱਟ-ਗਲਵੱਕੜੀ ਪਾਈ ਕਿ ਅਜੇ ਵੀ ਵਾਦੀ ਨੂੰ ਸਾਹ ਨਹੀਂ ਆਉਣ ਡਿਹਾ। ਲੱਗਦਾ ਸੀ ਪੂਰੇ ਮੁਲਕ ’ਚ ਪ੍ਰਾਪਰਟੀ ਡੀਲਰ ਬਣਨ ਦੀ ਹਸਰਤ ਠਾਠਾਂ ਮਾਰ ਰਹੀ ਸੀ, ਹਰ ਕੋਈ ਉੱਥੇ ਪਲਾਟ ਖਰੀਦਣ ਦੀ ਗੱਲ ਕਰ ਰਿਹਾ ਸੀ। ਕੁਝ ਤਾਂ ਰਿਸ਼ਤੇ ਭਾਲਦੇ ਸਨ। ਰਾਸ਼ਟਰਪਤੀ ਰੂਜ਼ਵੈਲਟ ਦਾ ਹੁਕਮ ਆਉਂਦਿਆਂ ਹੀ ਅਮਰੀਕਾ ਦੇ ਪੱਛਮੀ ਤੱਟ ਵਾਲੇ ਸ਼ਹਿਰਾਂ ਵਿੱਚ ਕੰਧਾਂ ’ਤੇ ਪੋਸਟਰ ਉੱਭਰ ਆਏ - ਹਫ਼ਤੇ ਵਿੱਚ ਦਫ਼ਾ ਹੋ ਜਾਓ। ਦੇਸ਼ਪ੍ਰੇਮ ਵਿੱਚ ਓਤਪ੍ਰੋਤ ਅਮਰੀਕੀ ਜਾਇਦਾਦ ਦੇ ਸੌਦਿਆਂ ਲਈ ਗਲੀਆਂ ਵਿੱਚ ਉਮੜ ਪਏ। ਕਾਰਾਂ, ਘਰ, ਦੁਕਾਨਾਂ, ਸਟੋਵ, ਭਾਂਡੇ-ਟੀਂਡੇ ਤੱਕ ਕੌਡੀਆਂ ਦੇ ਭਾਅ ਵਿਕੇ। ਸ਼ੁਰੂ ਵਿੱਚ 16 ਆਰਜ਼ੀ ਡਿਟੈਨਸ਼ਨ ਸੈਂਟਰ ਸਨ, ਫਿਰ ਦਸ ਨਵੇਂ ਪੱਕੇ ਕਨਸੈਂਟਰੇਸ਼ਨ ਕੈਂਪ ਬਣੇ। ਫਿਰ 17 ਸਾਲ ਤੋਂ ਵਧੀਕ ਉਮਰ ਵਾਲਿਆਂ ਲਈ ਕੈਂਪਾਂ ’ਚੋਂ ਰਿਹਾਈ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਗਿਆ। ਫਾਰਮ ਭਰੋ, ਸਵਾਲ ਨੰਬਰ 27 ਅਤੇ 28 ’ਤੇ ਖ਼ਾਸ ਤੌਰ ਨਾਲ ਗੌਰ ਕਰੋ। ਸਵਾਲ ਨੰ. 27: ‘ਕੀ ਤੁਸੀਂ ਅਮਰੀਕਾ ਦੀ ਫ਼ੌਜ ਵਿੱਚ ਸੇਵਾ ਕਰਨ ਲਈ ਰਾਜ਼ੀ ਹੋ?’ ਸਵਾਲ ਨੰ.  28: ‘ਕੀ ਤੁਸੀਂ ਅਮਰੀਕਾ ਪ੍ਰਤੀ ਬਿਨਾਂ ਸ਼ਰਤ ਵਫ਼ਾਦਾਰੀ ਦੀ ਸਹੁੰ ਖਾਓਗੇ ਅਤੇ ਕਿਸੇ ਵੀ ਅੰਦਰੂਨੀ ਜਾਂ ਬਾਹਰੀ ਹਮਲੇ ਦੀ ਸੂਰਤ ਵਿੱਚ ਅਮਰੀਕਾ ਦੀ ਰੱਖਿਆ ਕਰੋਗੇ ਅਤੇ ਜਾਪਾਨ ਦੇਸ਼ ਤੇ ਉਹਦੇ ਬਾਦਸ਼ਾਹ ਪ੍ਰਤੀ ਕਿਸੇ ਕਿਸਮ ਦੀ ਵੀ ਵਫ਼ਾਦਾਰੀ ਦਾ ਤਿਆਗ ਕਰੋਗੇ?’

ਐੱਸ ਪੀ ਸਿੰਘ*

ਨਾਗਰਿਕਤਾ ਦੇ ਕਾਨੂੰਨ ਅਜਿਹੇ ਸਨ ਕਿ Issei ਜਾਪਾਨੀ ਨੂੰ ਅਮਰੀਕੀ ਨਾਗਰਿਕਤਾ ਮਿਲ ਹੀ ਨਹੀਂ ਸਕਦੀ ਸੀ। ਜੇ ਉਹ ਜਾਪਾਨ ਤੋਂ ਬਾਗ਼ੀ ਹੋਵੇ ਤਾਂ ਸਟੇਟਲੈੱਸ ਹੋ ਜਾਂਦਾ। Nisei, ਜਿਹੜੇ ਅਮਰੀਕੀ ਨਾਗਰਿਕ ਸਨ, ਕਿਉਂ ਹਾਮੀ ਭਰਨ ਕਿ ਉਹ ਜਾਪਾਨ ਪ੍ਰਤੀ ਵਫ਼ਾਦਾਰੀ ਦਾ ਤਿਆਗ ਕਰਦੇ ਹਨ? ਇਹਦਾ ਮਤਲਬ ਹੁੰਦਾ ਕਿ ਪਹਿਲੋਂ ਉਨ੍ਹਾਂ ਦੀ ਵਫ਼ਾਦਾਰੀ ਸ਼ੱਕੀ ਸੀ। ਬਹੁਤ ਸਾਰੇ Nisei ਕਦੀ ਜਾਪਾਨ ਗਏ ਹੀ ਨਹੀਂ ਸਨ, ਬਹੁਤ ਸਾਰਿਆਂ ਨੂੰ ਜਾਪਾਨੀ ਭਾਸ਼ਾ ਵੀ ਨਹੀਂ ਸੀ ਆਉਂਦੀ। ਅਮਰੀਕਾ ਦੇ ਇਨ੍ਹਾਂ ਕਨਸੈਂਟਰੇਸ਼ਨ ਕੈਂਪਾਂ ਵਿੱਚ ਕਈ ਉਹ 9ssei ਬਜ਼ੁਰਗ ਮਰੇ ਜਿਨ੍ਹਾਂ ਦੇ Nisei ਬੱਚੇ ਅਮਰੀਕੀ ਫ਼ੌਜ ਵਿੱਚ ਜਾਪਾਨ ਖ਼ਿਲਾਫ਼ ਲੜਦਿਆਂ ਮਰ ਗਏ। ਜੌਨ ਓਕਾੜਾ ਵੀ ਕੁਝ ਦਿਨ ਕੈਂਪ ਵਿੱਚ ਰਿਹਾ, ਫਿਰ ਅਮਰੀਕੀ ਫ਼ੌਜ ਵਿੱਚ ਭਰਤੀ ਹੋ ਪੈਸੇਫਿਕ ਓਸ਼ੇਨ ਉੱਤੇ ਬੀ-24 ਹੈਵੀ ਬੌਂਬਰ ਜਹਾਜ਼ ਵਿੱਚ ਬੈਠ ਜਾਪਾਨੀ ਫ਼ੌਜ ਦੇ ਖ਼ੁਫ਼ੀਆ ਸੰਦੇਸ਼, ਯੰਤਰ ਲਾ ਕੇ ਸੁਣਦਾ, ਦੇਸ਼ ਦੀ ਸੇਵਾ ਕਰਦਾ ਰਿਹਾ। ਵਾਪਸ ਆ ਉਸ ਨੇ ਸਵਾਲ ਨੰਬਰ 27 ਅਤੇ 28 ਦਾ ਜਵਾਬ ‘‘ਨਾਂਹ’’, ‘‘ਨਾਂਹ’’ ਵਿੱਚ ਦੇਣ ਵਾਲਿਆਂ ਬਾਰੇ ਨਾਵਲ ਲਿਖਿਆ - ‘ਨੋ-ਨੋ ਬੌਇ’। ਹਾਲਾਤ, ਸ਼ੱਕ ਅਤੇ ਧਾਕੜ ਸੱਤਾ ਦੇ ਕੁੱਟੇ ਜਾਪਾਨੀ-ਅਮਰੀਕੀ ਅਜੇ ਆਪਣੇ ਦੁੱਖਾਂ, ਸੰਤਾਪਾਂ ਬਾਰੇ ਨਹੀਂ ਸਨ ਪੜ੍ਹਨਾ ਚਾਹੁੰਦੇ। ਸਾਡੇ ਸੰਤਾਲੀ ਦੇ ਪੱਛਿਆਂ ਨੇ ਉਸ ਪਾਗਲਪਣ ਦੇ ਦੌਰ ਨੂੰ ਭੁਲਾਉਣ ਦਾ ਬੜਾ ਯਤਨ ਕੀਤਾ। ਉਸ ਨੂੰ ਕਿਉਂ ਜੀਂਵਦੇ ਜਿਸ ਨੂੰ ਭੁੱਲਣਾ ਚਾਹੁੰਦੇ ਸਨ? 1957 ਵਿੱਚ ਛਪੀ ਕਿਤਾਬ ਆਈ-ਗਈ ਹੋ ਗਈ। ਦਹਾਕਿਆਂ ਬਾਅਦ ਆਪਣੀ ਹੀ ਕੌਮ ਦੀ ਕਹਾਣੀ ਲੱਭਦੇ ਚਾਰ ਪਾੜ੍ਹੇ ਦੋਸਤਾਂ ਨੂੰ ਇਹਦੀ ਇੱਕ ਪ੍ਰਤੀ ਪੁਰਾਣੀਆਂ ਕਿਤਾਬਾਂ ਦੀ ਇਕ ਦੁਕਾਨ ਤੋਂ ਲੱਭ ਪਈ। ਉਨ੍ਹਾਂ ਖਰੀਦੀ ਤਾਂ ਸਹੀ, ਪਰ ਕਈ ਸਾਲ ਪੜ੍ਹ ਹੀ ਨਾ ਸਕੇ। 1971 ਵਿੱਚ ਲੇਖਕ ਅਣਗੌਲਿਆ ਹੀ ਗੁਜ਼ਰ ਗਿਆ। ਪਾੜ੍ਹਿਆਂ ਕਿਤਾਬ ਪੜ੍ਹੀ ਤਾਂ ਦੰਗ ਰਹਿ ਗਏ। ਇਹ ਉਨ੍ਹਾਂ ਦੀ ਕੌਮ ਦੀ ਕਹਾਣੀ ਸੀ। 1974 ਵਿੱਚ ਦੁਬਾਰਾ ਛਪੇ ਇਸ ਨਾਵਲ ਨੇ ਅਮਰੀਕਾ ਦੇ ਅਧੂਰੇ ਇਤਿਹਾਸ ਨੂੰ ਪੂਰਾ ਕੀਤਾ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਮੁਲਕ ਦੇ ਦੇਸ਼ਪ੍ਰੇਮ ਬਨਾਮ ਦੇਸ਼ਧ੍ਰੋਹੀ ਵਾਲੇ ਪਾਖੰਡੀ ਅਤੀਤ ਬਾਰੇ ਬਹਿਸ ਛਿੜੀ। ਅੱਜ ਸਮਕਾਲੀ ਅਮਰੀਕੀ ਇਤਿਹਾਸ ਨੂੰ ਸਮਝਣ ਲਈ ਇਸ ਨੂੰ ਲਾਜ਼ਮੀ ਲਿਖਤ ਮੰਨਿਆ ਜਾਂਦਾ ਹੈ। ਨੋ-ਨੋ ਬੌਇ ਇੱਕ ਖ਼ਾਸ ਪਛਾਣ ਰੱਖਦੇ ਲੋਕਾਂ ਦੀ ਯੁੱਧ ਤੋਂ ਬਾਅਦ ਦੀ ਤ੍ਰਾਸਦੀ ਦੀ ਵੀ ਗੱਲ ਕਰਦਾ ਹੈ। ‘‘ਕਿਉਂ ਹੁੰਦਾ ਹੈ ਸਾਡੇ ’ਤੇ ਸ਼ੱਕ? ਕੀ ਇਹ ਸਾਡਾ ਘਰ ਨਹੀਂ? ਜੇ ਇਹ ਨਹੀਂ ਤਾਂ ਸਾਡਾ ਫਿਰ ਕਿਹੜਾ ਘਰ? ਸਾਨੂੰ ਉੱਥੇ ਜਾਣ ਲਈ ਕਿਉਂ ਕਿਹਾ ਜਾ ਰਿਹਾ ਹੈ ਜਿਸ ਨੂੰ ਅਸੀਂ ਜਾਣਦੇ ਹੀ ਨਹੀਂ? ਬੈਠੇ-ਬਿਠਾਏ ਮੁਲਕ ਦੇ ਦੁਸ਼ਮਣ ਕਿਵੇਂ ਹੋ ਗਏ? 1526 ਵਿੱਚ ਉਸ ਬਣਾਈ ਸੀ ਤਾਂ ਮੈਨੂੰ ਕਿਉਂ ਕੁੱਟ ਰਹੇ ਹੋ, ਮੈਂ ਤਾਂ ਮੋਬਾਈਲ ਫੋਨ ਤੋਂ ਵੀ ਬਾਅਦ ਜੰਮਿਆ ਹਾਂ?’’ ਪੁਰਾਣੇ, ਨਵੇਂ ਸਵਾਲ ਮੈਥੋਂ ਰਲਗੱਡ ਹੋ ਜਾਂਦੇ ਹਨ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਜੋ ਹੈ। ਉਹ ਡਰੇ ਹੋਏ ਹਨ/ਸਨ। ਸਰਕਾਰੀ ਹੁਕਮ ਪਿੱਛੇ ਸੱਤਾ ਦੀ ਅਥਾਹ ਤਾਕਤ ਹੈ/ਸੀ। ਖਿੜਕੀ ਵਿੱਚੋਂ ਬਾਹਰ ਝਾਕਣਾ ਮਨ੍ਹਾਂ ਹੈ/ਸੀ। ਬਾਹਰ ਵਰਦੀ ਅਤੇ ਬੰਦੂਕ ਹਨ/ਸਨ। ਏਨਾ ਸਭ ਹੋ ਗਿਆ ਪਰ ਵਿਰੋਧ ਦੀਆਂ ਆਵਾਜ਼ਾਂ ਗਾਇਬ ਹਨ/ਸਨ। ਯੁੱਧ ਖ਼ਤਮ ਹੋਇਆ, ਕੈਂਪ ਵੀ ਬੰਦ ਕਰ ਦਿੱਤੇ ਗਏ। ਜ਼ਿੰਮੇਵਾਰ ਸਿਆਸੀ ਨੇਤਾਵਾਂ ਅਪੀਲ ਕੀਤੀ - ਆਪਣੇ ਹੀ ਹਨ, ਕੋਈ ਗੱਲ ਨਹੀਂ। ਪਰ ‘‘ਭੇਜੋ ਇਨ੍ਹਾਂ ਨੂੰ ਪਾਕਿਸਤਾਨ’’ ਸ਼ੂਕਦੀਆਂ ਭੀੜਾਂ ਏਨੀਆਂ ਵੀ ਆਗਿਆਕਾਰੀ ਨਹੀਂ ਹੁੰਦੀਆਂ। ਖ਼ੈਰ, ਆਹਿਸਤਾ ਆਹਿਸਤਾ ਜੀਵਨ ਆਮ ਵਾਂਗ ਸ਼ੁਰੂ ਹੋ ਗਿਆ। ਨੋ-ਨੋ ਬੌਇ ਇਸ ਸਵਾਲ ਨਾਲ ਸਿੱਝਦਾ ਹੈ ਕਿ ਮਜ਼ਲੂਮਾਂ ਨੇ ਜ਼ੋਰਦਾਰ ਵਿਰੋਧ ਕਿਉਂ ਨਾ ਕੀਤਾ। ਮਜ਼ਲੂਮ ਤਾਂ ਗਵਾਚੇ ਜੀਵਨ ਦੀ ਡੋਰ ਲੱਭ ਰਹੇ ਸਨ। ਨਿੱਕੇ ਹੁੰਦਿਆਂ ਮੈਂ ਪਿਓ ਨੂੰ ਕਈ ਵਾਰੀ ਪੁੱਛਣਾ, ‘‘ਤੁਹਾਡਾ ਦਿਲ ਕਰਦਾ ਏ ਹੁਜਰਾ ਸ਼ਾਹ ਮੁਕੀਮ ਦੁਬਾਰਾ ਦੇਖਣ ਦਾ?’’ ਕਹਿੰਦੇ, ‘‘ਕੀ ਕਰਨਾ ਹੈ ਉੱਥੇ ਜਾ ਕੇ? ਬੜੇ ਭੈੜੇ ਦਿਨ ਸਨ।’’ ਹੁਣ ਯੂਟਿਊਬ ’ਤੇ ਵਿਛੜਿਆਂ ਦੀ ਗਾਥਾ ਸੁਣ, ਮੂੰਹ ਦੂਜੇ ਪਾਸੇ ਕਰਕੇ ਰੁਮਾਲ ਲੱਭਦੇ ਹਨ। ਗਵਾਚੇ ਸਾਲਾਂ, ਜਾਇਦਾਦਾਂ, ਸ਼ਹਿਰਾਂ ਵਿੱਚ ਆਪਣੇ ਤਸੱਵਰ ਦਾ ਗਵਾਚ ਗਿਆ ਮੁਲਕ ਵੀ ਸ਼ਾਮਿਲ ਹੈ। ਮੁਲਕ ਇੱਕ ਸੁਪਨਾ ਵੀ ਹੁੰਦਾ ਹੈ। 1945 ਵਿੱਚ ਵੀ, 1947 ਵਿੱਚ ਵੀ, 1984 ਵਿੱਚ ਵੀ, 2002 ਵਿੱਚ ਵੀ, ਇਸ ਸਾਲ ਦੇ ਅਗਸਤ ਮਹੀਨੇ ਵੀ। ਜਦੋਂ ਵਾਦੀ ਛੱਡ ਕਸ਼ਮੀਰੀ ਪੰਡਿਤ ਹਿਜਰਤ ਕਰ ਟੁਰੇ ਸਨ ਤਾਂ ਉਨ੍ਹਾਂ ਦਾ ਇੱਕ ਸੁਪਨ-ਦੇਸ਼ ਗਵਾਚਿਆ ਸੀ। ਧਾਹਾਂ ਮਾਰ ਕੇ ਕਿਉਂ ਨਹੀਂ ਸੀ ਰੋਏ ਅਸੀਂ? ਭੁੱਬਾਂ ਨਿਕਲਦੀਆਂ ਹਨ ਪੜ੍ਹੇ ਲਿਖੇ ਨੌਜਵਾਨ ਦੀਆਂ ਕਿਉਂਕਿ ਮੁਹੱਲੇ ਵਿੱਚ ਕਮਰਾ ਇਸ ਲਈ ਕਿਰਾਏ ’ਤੇ ਨਹੀਂ ਮਿਲਦਾ ਕਿ ਇਬਾਦਤ ਵੇਲੇ ਮੂੰਹ ਪੱਛਮ ਨੂੰ ਕਰਦਾ ਹੈ। ਤ੍ਰਿਲੋਕਪੁਰੀ ਦੀ ਗਲੀ ਵਿੱਚ ਉਹ ਅਧੇੜਉਮਰ ਔਰਤ ਇਹ ਦੱਸਦਿਆਂ ਮੇਰੇ ਗੱਲ ਲੱਗ ਰੋਈ ਸੀ ਕਿ ਪੁੱਤ ਨੇ ਵਾਲਾਂ ’ਤੇ ਕੈਂਚੀ ਚਲਾ ਦਿੱਤੀ, ਨਹੀਂ ਤਾਂ ਜਿਊਂਦਾ ਸੜ ਜਾਂਦਾ। ਇਤਿਹਾਸ ਦੇ ਦੁਹਰਾਉਣ ਵਾਲੀ ਗੱਲ ਖਟਕਦੀ ਰਹਿੰਦੀ ਹੈ। ਅਸਾਂ ਵੀ ਤਾਂ ਕਦੀ ਸੁਪਰ-ਪਾਵਰ ਬਣਨਾ ਹੈ। ਕਦੀ ਅਮਰੀਕਾ, ਕੈਨੇਡਾ ਨਾਲ ਪੰਗਾ ਪਿਆ ਤਾਂ ਓਥੇ ਗੁਰਪੁਰਬ ਮਨਾਉਂਦਿਆਂ ਨੂੰ ਸਵਾਲ ਨੰਬਰ 27 ਅਤੇ 28 ਦਾ ਜਵਾਬ ਭਰਨਾ ਪਵੇਗਾ। ਮੇਰੇ ਦੇਸ਼ ਵਿੱਚ ਤਾਂ ਇੱਕ ਘੱਟ-ਗਿਣਤੀ ਮੂੰਹ ਅੱਡੀ ਬਾਕੀ ਦੇਸ਼ ਵੱਲ ਵੇਖ ਰਹੀ ਹੈ ਕਿ ਇਹ ਫਾਰਮ ਕਿਵੇਂ ਅਤੇ ਕਿਉਂ ਭਰਨੇ ਹਨ? ‘‘ਸੰਭਾਵੀ ਦੇਸ਼ਧ੍ਰੋਹੀਆਂ’’ ਦੇ ਕੈਂਪ ਵਿੱਚ ਰਹਿ ਚੁੱਕੀ Hisaye Yamamoto ਨੇ 1988 ਵਿੱਚ ਆਪਣੀ ਕਥਾ ‘Seventeen Syllables’ ਦੇ ਸਿਰਲੇਖ ਵਾਲੀ ਕਹਾਣੀਆਂ ਦੀ ਕਿਤਾਬ ਰਾਹੀਂ ਕਹੀ। ਇਹਦੇ ਮੁੱਖਬੰਦ ਵਿੱਚ ਉਹਨੇ ਆਪਣੇ ਦਰਦ ਨੂੰ ਛੋਟਾ ਦੱਸਿਆ, ਕਿਹਾ ਇਹ ਬਹੁਤ ਸਾਰੇ ਅਮਰੀਕੀਆਂ ਦੇ 200 ਸਾਲ ਤੋਂ ਵੀ ਵਧੇਰੇ ਅਰਸੇ ਤੱਕ ਹੰਢਾਏ ਦਰਦ ਅਤੇ ਮੁਤਅੱਸਬ ਸਾਹਵੇਂ ਨਿਗੂਣਾ ਹੈ। ਆਪਣੇ ਆਪ ਨੂੰ ਦੁਹਰਾਉਂਦੇ ਇਤਿਹਾਸ ਦੇ ਮਾਰੇ ਅਤੇ ਬਿਰਾਜਮਾਨ ਭਗਵਾਨ ਦੀ ਨਗਰੀ ਵਿੱਚ ਪੰਜ ਏਕੜ ਜਗ੍ਹਾ ਦੇ ਨਵੇਂ ਬਣਨ ਵਾਲੇ ਮਾਲਕਾਂ ਦੇ ਦਰਦ ਨੂੰ ਕਦਾਚਿੱਤ ਛੋਟਾ ਨਹੀਂ ਕਰਨਾ ਚਾਹੁੰਦਾ ਮੈਂ, ਪਰ ਉਹ ਉਨ੍ਹਾਂ ਨਾਲ ਵੀ ਦਰਦ ਦੀ ਸਾਂਝ ਪਾਉਣ ਜਿਹੜੇ ਸਦੀਆਂ ਦੇ ਪੀੜਤ ਹਨ, ਗਟਰ ਵਿੱਚ ਮਰ ਕੇ ਹੀ ਖ਼ਬਰ ਬਣਦੇ ਹਨ। ਇਸ ਸਾਲ ਮੇਰੇ ਦੇਸ਼ ਵਿੱਚ ਰਾਸ਼ਟਰੀ ਨਾਗਰਿਕ ਰਜਿਸਟਰ (NRC) ਬਣਨਾ ਸ਼ੁਰੂ ਹੋ ਗਿਆ ਹੈ। ਕੈਂਪ ਵੀ ਬਣ ਚੁੱਕੇ ਹਨ। ਬਾਕੀ ਦੇ ਦੇਸ਼ ਵਿੱਚ ਨਾਗਰਿਕਾਂ ਵਿੱਚੋਂ ਅਸਲੀ ਨਾਗਰਿਕ ਲੱਭਣ ਦਾ ਐਲਾਨੀਆ ਬਿਆਨ ਆ ਗਿਆ ਹੈ। ਸ਼ੀਤ-ਰੁੱਤ ਦੇ ਸ਼ੁਰੂ ਹੋਣ ਜਾ ਰਹੇ ਪਾਰਲੀਮਾਨੀ ਇਜਲਾਸ ਵਿੱਚ ਕਾਨੂੰਨ ਆ ਰਿਹਾ ਹੈ ਕਿ ਕਿਸ ਨੂੰ ਨਾਗਰਿਕਤਾ ਨਹੀਂ ਮਿਲੇਗੀ। ਇਸ ਸਾਲ ਨੋ-ਨੋ ਬੌਇ ਦਾ ਵੀ ਨਵਾਂ ਪੈਂਗੂਇਨ ਕਲਾਸਿਕਸ ਐਡੀਸ਼ਨ ਛਪ ਕੇ ਆਇਆ ਹੈ। ਫਰੈਂਕ ਏਬ ਅਤੇ ਸਾਥੀਆਂ ਦੀ ਲਿਖੀ John Okada ਦੀ ਜੀਵਨੀ ਵੀ ਹੁਣ ਆ ਚੁੱਕੀ ਹੈ। ਇਸ ਸਾਲ ਗੁਰੂ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਵਾਦੀ ਨੇ ਆਪਣੀ ਚੁੱਪ ਦਾ 100ਵਾਂ ਦਿਨ ਮਨਾਇਆ ਸੀ। ਸੁਣਿਆ ਹੈ ਮੌਸਮ ਬਦਲ ਰਿਹਾ ਹੈ, ਹੌਲੀ ਹੌਲੀ ਹਾਲਾਤ ਆਮ ਵਾਂਗ ਹੋ ਰਹੇ ਹਨ। ਸਰਦੀ ਵਧ ਰਹੀ ਹੈ, ਚੁੱਪ ਨੂੰ ਦੰਦਲ ਪੈ ਗਈ ਹੈ। ਤੁਸੀਂ ਆਪਣਾ ਖਿਆਲ ਰੱਖਿਆ ਜੇ। ਤਾਕੀਦ ਜ਼ਰੂਰੀ ਹੈ ਕਿਉਂ ਜੋ ਇਤਿਹਾਸ ਆਪਣੇ ਨੂੰ ਦੁਹਰਾਉਂਦਾ ਹੈ। (ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਆਪਣੀ ਲੇਖਣੀ ਵਿੱਚ 27ਵੇਂ, 28ਵੇਂ ਸਵਾਲਾਂ ਬਾਰੇ ਕਿਸੇ ਵੀ ਦਿਨ ਹੋਣ ਵਾਲੀ ਪ੍ਰੀਖਿਆ ਦੀ ਤਿਆਰੀ ਲਈ ਜਵਾਬਾਂ ਦੀ ਭਾਲ ਵਿੱਚ ਟੱਕਰਾਂ ਮਾਰਦਾ ਫਿਰਦਾ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੇਰੇ ਨਾਂ ਪਾਸ਼ ਦਾ ਖ਼ਤ

ਮੇਰੇ ਨਾਂ ਪਾਸ਼ ਦਾ ਖ਼ਤ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਮੁੱਖ ਖ਼ਬਰਾਂ

ਬਾਗ਼ੀ ਕਾਂਗਰਸੀ ਆਗੂ ਸਚਿਨ ਪਾਇਲਟ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

ਬਾਗ਼ੀ ਕਾਂਗਰਸੀ ਆਗੂ ਸਚਿਨ ਪਾਇਲਟ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

ਪਾਰਟੀ ਵੱਲੋਂ ਪਾਇਲਟ ਦੀ ਘਰ ਵਾਪਸੀ ਲਈ ਫਾਰਮੂਲਾ ਤਿਆਰ

ਇਕੋ ਦਿਨ ’ਚ ਰਿਕਾਰਡ 54,859 ਮਰੀਜ਼ ਹੋਏ ਸਿਹਤਯਾਬ

ਇਕੋ ਦਿਨ ’ਚ ਰਿਕਾਰਡ 54,859 ਮਰੀਜ਼ ਹੋਏ ਸਿਹਤਯਾਬ

ਕਰੋਨਾ ਤੋਂ ਉਭਰਨ ਵਾਲਿਆਂ ਦੀ ਗਿਣਤੀ 15 ਲੱਖ ਦੇ ਪਾਰ

ਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਖਾਰਜ

ਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਖਾਰਜ

ਹੱਤਕ ਮਾਮਲੇ ’ਚ ਅੱਗੇ ਹੋਰ ਹੋਵੇਗੀ ਸੁਣਵਾਈ, ਕੇਸ ਦੀ ਅਗਲੀ ਸੁਣਵਾਈ 17 ...

ਸ਼ਹਿਰ

View All