ਦੂਜਾ ਟੀ-20 ਅੱਜ; ਧਵਨ ’ਤੇ ਦਬਾਅ ਵਧਿਆ

ਇੰਦੌਰ, 6 ਜਨਵਰੀ

ਇੰਦੌਰ ਪਹੁੰਚਦਾ ਹੋਇਆ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ। -ਫੋਟੋ: ਪੀਟੀਆਈ

ਪਹਿਲਾ ਮੈਚ ਮੀਂਹ ਦੀ ਭੇਂਟ ਚੜ੍ਹਨ ਮਗਰੋਂ ਸ਼ਿਖਰ ਧਵਨ ਨੂੰ ਸਲਾਮੀ ਬੱਲੇਬਾਜ਼ ਦੀ ਦੌੜ ਵਿੱਚ ਲੋਕੇਸ਼ ਰਾਹੁਲ ਨੂੰ ਪਛਾੜਣ ਲਈ ਇੱਕ ਮੈਚ ਘੱਟ ਮਿਲੇਗਾ। ਮੰਗਲਵਾਰ ਨੂੰ ਇੱਥੇ ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੇ ਭਾਰਤ ਦੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਉਹ ਲੈਅ ਵਿੱਚ ਚੱਲ ਰਹੇ ਆਪਣੇ ਇਸ ਸਾਥੀ ਤੋਂ ਬਿਹਤਰ ਪ੍ਰਦਰਸ਼ਨ ਕਰਨ ਦੇ ਇਰਾਦੇ ਨਾਲ ਉਤਰੇਗਾ। ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਧਵਨ 34 ਸਾਲ ਦਾ ਹੋ ਗਿਆ ਹੈ, ਜਦਕਿ ਰਾਹੁਲ ਅਜੇ ਸਿਰਫ਼ 27 ਸਾਲ ਦਾ ਹੈ। ਇਸ ਤਰ੍ਹਾਂ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਆਪਣੀ ਥਾਂ ਪੱਕੀ ਕਰਨ ਲਈ ਦਿੱਲੀ ਦੇ ਧਵਨ ਕੋਲ ਜ਼ਿਆਦਾ ਸਮਾਂ ਨਹੀਂ ਹੈ। ਕਪਤਾਨ ਵਿਰਾਟ ਕੋਹਲੀ ਵੀ ਕਹਿ ਚੁੱਕਿਆ ਹੈ ਕਿ ਸ੍ਰੀਲੰਕਾ ਖ਼ਿਲਾਫ਼ ਲੜੀ ਤੋਂ ਆਰਾਮ ਮਿਲਣ ਮਗਰੋਂ ਰੋਹਿਤ ਸ਼ਰਮਾ ਜਦੋਂ ਪਾਰੀ ਦਾ ਆਗਾਜ਼ ਕਰਨ ਲਈ ਵਾਪਸੀ ਕਰੇਗਾ ਤਾਂ ਧਵਨ ਅਤੇ ਰਾਹੁਲ ਵਿਚੋਂ ਕਿਸੇ ਇੱਕ ਨੂੰ ਚੁਣਨਾ ਸੌਖਾ ਨਹੀਂ ਹੋਵੇਗਾ। ਦੋ ਸਪਿੰਨਰਾਂ ਨੂੰ ਖਿਡਾ ਸਕਦਾ ਹੈ ਕੋਹਲੀ ਗੁਹਾਟੀ ਵਿੱਚ ਪਹਿਲਾ ਮੈਚ ਇੱਕ ਵੀ ਗੇਂਦ ਸੁੱਟੇ ਬਿਨਾਂ ਰੱਦ ਹੋ ਗਿਆ ਸੀ। ਕੋਹਲੀ ਦੀ ਪਹਿਲੇ ਟੀ-20 ਮੈਚ ਦੀ ਟੀਮ ਵਿੱਚ ਬਦਲਾਅ ਕਰਨ ਦੀ ਸੰਭਾਵਨਾ ਨਹੀਂ ਹੈ। ਇਸ ਮੈਚ ਵਿੱਚ ਉਸ ਨੇ ਤਿੰਨ ਮਾਹਿਰ ਤੇਜ਼ ਗੇਂਦਬਾਜ਼ਾਂ ਅਤੇ ਦੋ ਸਪਿੰਨਰਾਂ ਨੂੰ ਰੱਖਿਆ ਸੀ। ਵਾਸ਼ਿੰਗਟਨ ਸੁੰਦਰ ਅਤੇ ਕੁਲਦੀਪ ਯਾਦਵ ਨੂੰ ਟੀਮ ਵਿੱਚ ਥਾਂ ਮਿਲੀ ਸੀ, ਜਦਕਿ ਯੁਜ਼ਵੇਂਦਰ ਚਾਹਲ ਅਤੇ ਰਵਿੰਦਰ ਜਡੇਜਾ ਨੂੰ ਬਾਹਰ ਰੱਖਿਆ ਗਿਆ ਸੀ। ਸ੍ਰੀਲੰਕਾ ਦੀ ਟੀਮ ਵਿੱਚ ਖੱਬੇ ਹੱਥ ਦੇ ਵੱਧ ਬੱਲੇਬਾਜ਼ ਹੋਣ ਕਾਰਨ ਇਹ ਫ਼ੈਸਲਾ ਕੀਤਾ ਗਿਆ ਸੀ। ਮਨੀਸ਼ ਪਾਂਡੇ ਅਤੇ ਸੰਜੂ ਸੈਮਸਨ ਨੂੰ ਵੀ ਪਹਿਲੇ ਮੈਚ ਵਿੱਚ ਥਾਂ ਨਹੀਂ ਮਿਲੀ ਸੀ। ਹੁਣ ਵੀ ਉਨ੍ਹਾਂ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਖਿਡਾਰੀਆਂ ਦੀ ਪਰਖ ਕਰ ਰਹੀ ਹੈ, ਪਰ ਟੀਮ ਪ੍ਰਬੰਧਕਾਂ ਨੇ ਹੁਣ ਤੱਕ ਪਾਂਡੇ ਅਤੇ ਸੈਮਸਨ ਨੂੰ ਮੌਕਾ ਨਹੀਂ ਦਿੱਤਾ। ਚਾਰ ਮਹੀਨਿਆਂ ਮਗਰੋਂ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਹਿਲੇ ਮੈਚ ਵਿੱਚ ਮੌਕਾ ਮਿਲਿਆ ਸੀ। ਹੁਣ ਉਸ ਦਾ ਇੰਦੌਰ ਵਿੱਚ ਵੀ ਖੇਡਣਾ ਤੈਅ ਹੈ। ਹੋਲਕਰ ਸਟੇਡੀਅਮ ’ਚ ਭਾਰਤ ਦਾ ਹੱਥ ਉੱਤੇ ਭਾਰਤੀ ਟੀਮ ਮੰਗਲਵਾਰ ਨੂੰ ਹੋਲਕਰ ਸਟੇਡੀਅਮ ਵਿੱਚ ਸ੍ਰੀਲੰਕਾ ਦਾ ਸਾਹਮਣਾ ਕਰਨ ਉਤਰੇਗੀ, ਜਿਸ ਵਿੱਚ ਹੁਣ ਤੱਕ ਉਹ ਜੇਤੂ ਰਹੀ ਹੈ। ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐੱਮਪੀਸੀਏ) ਦੇ ਕਰੀਬ 27,000 ਦਰਸ਼ਕਾਂ ਦੀ ਸਮਰੱਥਾ ਵਾਲੇ ਹੋਲਕਰ ਸਟੇਡੀਅਮ ਵਿੱਚ ਸਾਲ 2006 ਤੋਂ ਲੈ ਕੇ ਹੁਣ ਤੱਕ ਕੌਮਾਂਤਰੀ ਪੱਧਰ ’ਤੇ ਦੋ ਟੈਸਟ ਮੈਚ, ਇੱਕ ਟੀ-20 ਮੁਕਾਬਲਾ ਅਤੇ ਪੰਜ ਇੱਕ ਰੋਜ਼ਾ ਮੈਚ ਕਰਵਾਏ ਗਏ ਹਨ। ਤਿੰਨਾਂ ਵੰਨਗੀਆਂ ਵਿੱਚ ਇਨ੍ਹਾਂ ਸਮੁੱਚੇ ਅੱਠ ਮੈਚਾਂ ਵਿੱਚ ਭਾਰਤ ਨੇ ਵਿਰੋਧੀ ਟੀਮਾਂ ’ਤੇ ਜਿੱਤ ਹਾਸਲ ਕੀਤੀ ਹੈ। ਭਾਰਤ ਅਤੇ ਸ੍ਰੀਲੰਕਾ ਵਿਚਾਲੇ ਮੰਗਲਵਾਰ ਨੂੰ ਖੇਡਿਆ ਜਾਣ ਵਾਲਾ ਮੈਚ ਹੋਲਕਰ ਸਟੇਡੀਅਮ ਦੇ ਇਤਿਹਾਸ ਦਾ ਦੂਜਾ ਟੀ-20 ਕੌਮਾਂਤਰੀ ਮੁਕਾਬਲਾ ਹੋਵੇਗਾ। ਇਸ ਮੁਕਾਬਲੇ ਲਈ ਦੋਵੇਂ ਟੀਮਾਂ ਗੁਹਾਟੀ ਤੋਂ ਅੱਜ ਸ਼ਾਮ ਇੰਦੌਰ ਪਹੁੰਚ ਗਈਆਂ ਹਨ। ਇਤਫ਼ਾਕ ਹੈ ਕਿ ਇਸ ਮੈਦਾਨ ’ਤੇ ਪਹਿਲਾ ਟੀ-20 ਕੌਮਾਂਤਰੀ ਮੁਕਾਬਲਾ ਵੀ ਭਾਰਤ ਅਤੇ ਸ੍ਰੀਲੰਕਾ ਵਿਚਾਲੇ 22 ਦਸੰਬਰ 2017 ਨੂੰ ਖੇਡਿਆ ਗਿਆ ਸੀ। ਮੇਜ਼ਬਾਨ ਟੀਮ ਨੇ ਇਹ ਮੁਕਬਲਾ 88 ਦੌੜਾਂ ਨਾਲ ਜਿੱਤਿਆ ਸੀ। ਇਹ ਸਮੁੱਚੇ ਮੱਧ ਪ੍ਰਦੇਸ਼ ਦੇ ਕ੍ਰਿਕਟ ਇਤਿਹਾਸ ਦਾ ਪਹਿਲਾ ਟੀ-20 ਕੌਮਾਂਤਰੀ ਮੈਚ ਵੀ ਸੀ। 22 ਸਾਲ ਪੁਰਾਣੀ ਯਾਦ ਹੋਲਕਰ ਸਟੇਡੀਅਮ ਬਣਨ ਤੋਂ ਪਹਿਲਾਂ ਸ਼ਹਿਰ ਵਿੱਚ ਕੌਮਾਂਤਰੀ ਕ੍ਰਿਕਟ ਮੁਕਾਬਲੇ ਨਹਿਰੂ ਸਟੇਡੀਅਮ ਵਿੱਚ ਖੇਡੇ ਜਾਂਦੇ ਸਨ। ਨਹਿਰੂ ਸਟੇਡੀਅਮ ਨਾਲ ਭਾਰਤ ਅਤੇ ਸ੍ਰੀਲੰਕਾ ਕ੍ਰਿਕਟ ਟੀਮਾਂ ਦੀ 22 ਸਾਲ ਪੁਰਾਣੀ ਯਾਦ ਵੀ ਜੁੜੀ ਹੈ। ਅਰਜੁਨ ਰਾਣਾਤੁੰਗਾ ਦੀ ਕਪਤਾਨੀ ਵਾਲੀ ਸ੍ਰੀਲੰਕਾਈ ਟੀਮ ਭਾਰਤ ਖ਼ਿਲਾਫ਼ 25 ਦਸੰਬਰ 1997 ਨੂੰ ਇੱਕ ਰੋਜ਼ਾ ਖੇਡਣ ਨਹਿਰੂ ਸਟੇਡੀਅਮ ਪਹੁੰਚੀ ਸੀ। ਹਾਲਾਂਕਿ, ਮਹਿਮਾਨ ਟੀਮ ਨੇ ਤਿੰਨ ਓਵਰਾਂ ਮਗਰੋਂ ਹੀ ਨਹਿਰੂ ਸਟੇਡੀਅਮ ਦੀ ਪਿੱਚ ਨੂੰ ਖ਼ਰਾਬ ਦੱਸਦਿਆਂ ਇਸ ’ਤੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਰਾਣਾਤੁੰਗਾ ਨੇ ਤਤਕਾਲੀ ਭਾਰਤੀ ਕਪਤਾਨ ਸਚਿਨ ਤੇਂਦੁਲਕਰ ਨਾਲ ਪਿੱਚ ਬਾਰੇ ਗੱਲ ਕੀਤੀ ਸੀ। ਦੋਵਾਂ ਕਪਤਾਨਾਂ ਦੀ ਸਹਿਮਤੀ ਮਗਰੋਂ ਮੈਚ ਰੱਦ ਕਰ ਦਿੱਤਾ ਗਿਆ ਸੀ। -ਪੀਟੀਆਈ

ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ ਇੰਦੌਰ: ਭਾਰਤ ਅਤੇ ਸ੍ਰੀਲੰਕਾ ਵਿਚਾਲੇ ਜਾਰੀ ਤਿੰਨ ਮੈਚਾਂ ਦੀ ਟੀ-20 ਲੜੀ ਦਾ ਗੁਹਾਟੀ ਵਿੱਚ ਹੋਣ ਵਾਲਾ ਪਹਿਲਾ ਮੁਕਾਬਲਾ ਮੀਂਹ ਦੀ ਭੇਟ ਚੜ੍ਹਨ ਕਾਰਨ ਨਿਰਾਸ਼ ਕ੍ਰਿਕਟ ਪ੍ਰੇਮੀਆਂ ਲਈ ਖ਼ੁਸ਼ਖ਼ਬਰੀ ਹੈ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਮੰਗਲਵਾਰ ਨੂੰ ਇੱਥੇ ਖੇਡੇ ਜਾਣ ਵਾਲੇ ਦੂਜੇ ਟੀ-20 ਮੈਚ ਦੌਰਾਨ ਮੌਸਮ ਸਾਫ਼ ਰਹੇਗਾ ਅਤੇ ਇਸ ਦੌਰਾਨ ਮੀਂਹ ਦੀ ਸੰਭਾਵਨਾ ਨਹੀਂ ਹੈ। ਵਿਭਾਗ ਦੇ ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਭਾਰਤ ਅਤੇ ਸ੍ਰੀਲੰਕਾ ਵਿਚਾਲੇ ਟੀ-20 ਮੈਚ ਇੱਥੇ ਮੱਧ ਪ੍ਰਦੇਸ਼ ਕ੍ਰਿਕਟ ਸੰਗਠਨ (ਐੱਮਪੀਸੀਏ) ਦੇ ਹੋਲਕਰ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ ਸੱਤ ਵਜੇ ਹੋਣਾ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਮੌਕੇ ਇੰਦੌਰ ਵਿੱਚ ਰਾਤ ਨੌਂ ਵਜੇ ਮਗਰੋਂ ਤਰੇਲ ਪੈ ਰਹੀ ਹੈ। ਇਸ ਲਈ ਟੀ-20 ਕੌਮਾਂਤਰੀ ਮੈਚ ਦੀ ਦੂਜੀ ਪਾਰੀ ਵਿੱਚ ਖਿਡਾਰੀਆਂ ਨੂੰ ਮੈਦਾਨ ’ਤੇ ਤਰੇਲ ਦੇ ਪ੍ਰਭਾਵ ਦਾ ਸਾਹਮਣਾ ਕਰਨਾ ਪਵੇਗਾ। ਐੱਮਪੀਸੀਏ ਦੇ ਮੁੱਖ ਕਿਊਰੇਟਰ ਸਮੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਮੈਦਾਨ ਨੂੰ ਤਰੇਲ ਦੇ ਅਸਰ ਤੋਂ ਬਚਾਉਣ ਲਈ ਬੀਤੇ ਤਿੰਨ ਦਿਨ ਤੋਂ ਇਸ ’ਤੇ ਖ਼ਾਸ ਤਰ੍ਹਾਂ ਦਾ ਰਸਾਇਣ ਛਿੜਕਿਆ ਜਾ ਰਿਹਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All