ਦੂਜਾ ਇੱਕ ਰੋਜ਼ਾ: ਭਾਰਤ ਦੀ ਜ਼ੋਰਦਾਰ ਵਾਪਸੀ

ਡੇਵਿਡ ਵਾਰਨਰ ਦਾ ਕੈਚ ਲੈਣ ਮਗਰੋਂ ਸਾਥੀ ਖਿਡਾਰੀਆਂ ਨਾਲ ਖ਼ੁਸ਼ੀ ਸਾਂਝੀ ਕਰਦਾ ਹੋਇਆ ਮਨੀਸ਼ ਪਾਂਡੇ। -ਫੋਟੋ: ਏਐਫਪੀ

ਰਾਜਕੋਟ, 17 ਜਨਵਰੀ ਸ਼ਿਖਰ ਧਵਨ, ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਦੇ ਨੀਮ ਸੈਂਕੜਿਆਂ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਆਸਟਰੇਲੀਆ ਨੂੰ ਦੂਜੇ ਇੱਕ ਰੋਜ਼ਾ ਮੈਚ ਵਿੱਚ 36 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਆਸਟਰੇਲੀਆ ਨੇ ਮੁੰਬਈ ਵਿੱਚ ਪਹਿਲਾ ਮੈਚ ਦਸ ਵਿਕਟਾਂ ਨਾਲ ਜਿੱਤ ਕੇ 1-0 ਦੀ ਲੀਡ ਬਣਾਈ ਸੀ। ਦੋਵਾਂ ਟੀਮਾਂ ਵਿਚਾਲੇ ਫ਼ੈਸਲਾਕੁਨ ਮੈਚ 19 ਜਨਵਰੀ ਨੂੰ ਬੰਗਲੌਰ ਵਿੱਚ ਖੇਡਿਆ ਜਾਵੇਗਾ। ਭਾਰਤ ਦੀਆਂ ਛੇ ਵਿਕਟਾਂ ’ਤੇ 340 ਦੌੜਾਂ ਦੇ ਜਵਾਬ ਵਿੱਚ ਆਸਟਰੇਲਿਆਈ ਟੀਮ 304 ਦੌੜਾਂ ’ਤੇ ਹੀ ਢੇਰ ਹੋ ਗਈ। ਸਟੀਵ ਸਮਿੱਥ ਨੇ 98 ਦੌੜਾਂ ਅਤੇ ਮਾਰਨਸ ਲਾਬੂਸ਼ਾਨੇ ਨੇ 46 ਅਤੇ ਕਪਤਾਨ ਆਰੋਨ ਫਿੰਚ ਨੇ 33 ਦੌੜਾਂ ਬਣਾਈਆਂ। ਡੇਵਿਡ ਵਾਰਨਰ 15 ਦੌੜਾਂ ਹੀ ਬਣਾ ਸਕਿਆ। ਮੇਜ਼ਬਾਨ ਟੀਮ ਵੱਲੋਂ ਮੁਹੰਮਦ ਸ਼ਮੀ ਨੇ ਤਿੰਨ ਵਿਕਟਾਂ, ਜਦੋਂਕਿ ਰਵਿੰਦਰ ਜਡੇਜਾ, ਕੁਲਦੀਪ ਯਾਦਵ ਅਤੇ ਨਵਦੀਪ ਸੈਣੀ ਨੇ ਦੋ-ਦੋ ਵਿਕਟਾਂ ਝਟਕਾਈਆਂ। ਜਸਪ੍ਰੀਤ ਬੁਮਰਾਹ ਨੂੰ ਇੱਕ ਵਿਕਟ ਮਿਲੀ। ਭਾਰਤ ਦੀ ਸ਼ੁਰੂਆਤ ਚੰਗੀ ਰਹੀ। ਸ੍ਰੀਲੰਕਾ ਖ਼ਿਲਾਫ਼ ਟੀ-20 ਵਿੱਚ ਵਾਪਸੀ ਕਰਨ ਵਾਲਾ ਸੀਨੀਅਰ ਸਲਾਮੀ ਬੱਲੇਬਾਜ਼ ਧਵਨ ਆਪਣੇ 18ਵੇਂ ਸੈਂਕੜੇ ਤੋਂ (96 ਦੌੜਾਂ) ਤੋਂ ਚਾਰ ਦੌੜਾਂ ਨਾਲ ਖੁੰਝ ਗਿਆ, ਜਦੋਂਕਿ ਮੁੜ ਤੀਜੇ ਸਥਾਨ ’ਤੇ ਉਤਰੇ ਕੋਹਲੀ ਨੇ 78 ਦੌੜਾਂ ਦੀ ਪਾਰੀ ਖੇਡੀ। ਰਾਹੁਲ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ 52 ਗੇਂਦਾਂ ’ਚ 80 ਦੌੜਾਂ ਬਣਾਈਆਂ। ਧਵਨ ਨੇ ਪਹਿਲੀ ਵਿਕਟ ਲਈ ਆਪਣੇ ਸਲਾਮੀ ਜੋੜੀਦਾਰ ਰੋਹਿਤ ਸ਼ਰਮਾ (42 ਦੌੜਾਂ) ਨਾਲ 81 ਦੌੜਾਂ, ਜਦੋਂਕਿ ਕੋਹਲੀ ਨਾਲ ਦੂਜੀ ਵਿਕਟ ਲਈ 103 ਦੌੜਾਂ ਦੀ ਭਾਈਵਾਲੀ ਕੀਤੀ। ਧਵਨ ਨੂੰ ਕੇਨ ਰਿਚਰਡਸਨ (73 ਦੌੜਾਂ ਦੇ ਕੇ ਦੋ ਵਿਕਟਾਂ) ਨੇ ਆਊਟ ਕੀਤਾ। ਇਸ ਮਗਰੋਂ ਕੋਹਲੀ ਨੇ ਰਾਹੁਲ ਨਾਲ 78 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੀ ਮਜ਼ਬੂਤ ਸਕੋਰ ਖੜ੍ਹਾ ਕਰਨ ’ਚ ਮਦਦ ਕੀਤੀ। ਰਾਹੁਲ ਨੇ ਆਖ਼ਰੀ ਓਵਰਾਂ ਵਿੱਚ ਤੇਜ਼ੀ ਨਾਲ ਦੌੜਾਂ ਲੈਣ ’ਚ ਅਹਿਮ ਭੂਮਿਕਾ ਨਿਭਾਈ। ਆਸਟਰੇਲੀਆ ਵੱਲੋਂ ਗੇਂਦਬਾਜ਼ ਐਡਮ ਜ਼ੰਪਾ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਮਿਸ਼ੇਲ ਸਟਾਰਕ ਨੇ ਸਭ ਤੋਂ ਵੱਧ 78 ਦੌੜਾਂ ਦਿੱਤੀਆਂ, ਪਰ ਉਸ ਨੂੰ ਕੋਈ ਵਿਕਟ ਨਹੀਂ ਮਿਲੀ।

-ਪੀਟੀਆਈ

ਧਵਨ ਤੇ ਰੋਹਿਤ ਜ਼ਖ਼ਮੀ

ਰਾਜਕੋਟ: ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਸਟਰੇਲੀਆ ਖ਼ਿਲਾਫ਼ ਦੂਜੇ ਇੱਕ ਰੋਜ਼ਾ ਮੈਚ ਦੌਰਾਨ ਪੈਟ ਕਮਿਨਸ ਦਾ ਬਾਊਂਸਰ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਕਾਰਨ ਉਸ ਦੀ ਥਾਂ ਯੁਜ਼ਵੇਂਦਰ ਚਾਹਲ ਨੂੰ ਫੀਲਡਿੰਗ ਲਈ ਉਤਾਰਿਆ ਗਿਆ। ਬੀਸੀਸੀਆਈ ਨੇ ਬਿਆਨ ਵਿੱਚ ਕਿਹਾ, ‘‘ਸ਼ਿਖਰ ਧਵਨ ਦੀਆਂ ਖੱਬੀਆਂ ਪੱਸਲੀਆਂ ’ਤੇ ਸੱਟ ਲੱਗ ਗਈ ਹੈ।’’ ਧਵਨ ਭਾਰਤੀ ਪਾਰੀ ਦੇ ਦਸਵੇਂ ਓਵਰ ਦੀ ਦੂਜੀ ਗੇਂਦ ’ਤੇ ਜ਼ਖ਼ਮੀ ਹੋ ਗਿਆ ਸੀ। ਉਸ ਨੇ ਦਰਦ ਦੇ ਬਾਵਜੂਦ 96 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਰੋਹਿਤ ਸ਼ਰਮਾ ਵੀ ਜ਼ਖ਼ਮੀ ਹੋ ਗਿਆ। ਉਸ ਦੇ ਖੱਬੇ ਹੱਥ ’ਤੇ ਫੀਲਡਿੰਗ ਕਰਦਿਆਂ ਸੱਟ ਲੱਗ ਗਈ। ਇਹ ਸੱਟ ਕਿੰਨੀ ਕੁ ਗੰਭੀਰ ਹੈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All