ਦੁੱਖ ਦੀ ਗੱਠੜੀ

ਜਗਤਾਰਜੀਤ ਸਿੰਘ ਕਲਾ ਤੇ ਇਤਿਹਾਸ

ਆਜ਼ਾਦੀ ਦੀ ਕੋਈ ਸੀਮਾ ਨਹੀਂ। ਦੇਸ਼, ਕਾਲ, ਸਥਿਤੀ ਅਨੁਸਾਰ ਆਜ਼ਾਦੀ ਦੇ ਅਰਥ ਸਦਾ ਭਿੰਨ-ਭਿੰਨ ਹੁੰਦੇ ਰਹਿਣਗੇ। ਕੀ ਇਹ ਦਿੱਤੀ ਜਾਂਦੀ ਹੈ? ਕੀ ਇਹ ਮੰਗ ਕੇ ਹਾਸਲ ਕੀਤੀ ਜਾਂਦੀ ਹੈ। ਚਿੱਤਰਕਾਰ ਕ੍ਰਿਸ਼ਨ ਖੰਨਾ ਨੇ ਸੰਤਾਲੀ ਦੀ ਪੰਜਾਬ ਵੰਡ ਨੂੰ ਚਿੱਤ ਵਿਚ ਰੱਖ ਕੇ ਕੁਝ ਕੁ ਪੇਂਟਿੰਗਾਂ/ਲਕੀਰੀ ਖਾਕੇ ਤਿਆਰ ਕੀਤੇ। ਉਨ੍ਹਾਂ ਵਿਚੋਂ ਇਕ ਇਹ ਹੈ ਜਿਸ ਬਾਬਤ ਲਿਖਿਆ ਜਾ ਰਿਹਾ ਹੈ। ਇਹ ਪੇਂਟਿੰਗ ਕਦੋਂ ਬਣਾਈ ਗਈ, ਸਿਰਲੇਖ ਕੀ ਹੈ, ਆਕਾਰ ਕੀ ਹੈ, ਇਸ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ। ਇਸ ਦੇ ਬਾਵਜੂਦ ਰਚਨਾ ਦਾ ਆਪਣਾ ਮਹੱਤਵ ਘਟਦਾ ਨਹੀਂ। ਇਤਿਹਾਸ ਕੁਝ ਅਜਿਹੇ ਜ਼ਖ਼ਮ ਦਿੰਦਾ ਹੈ ਜੋ ਸਦਾ ਅੱਲੇ ਰਹਿੰਦੇ ਹਨ, ਰਿਸਦੇ ਰਹਿੰਦੇ ਹਨ। ਚਿੱਤਰ ਮਾਹੌਲ ਤਾਂ ਸਿਰਜ ਰਿਹਾ ਹੈ, ਸੰਦਰਭ ਨਹੀਂ। ਸੰਦਰਭ ਨੂੰ ਜਾਣਨ ਲਈ ਇਤਿਹਾਸ ਵੱਲ ਝਾਕਣਾ ਪੈਂਦਾ ਹੈ। ਇਕ ਜਨ-ਸਮੂਹ ਸੱਜੇ ਤੋਂ ਖੱਬੇ ਵੱਲ ਨੂੰ ਵਧ ਰਿਹਾ ਹੈ ਜਿਸ ਵਿਚ ਵੱਡੀ ਉਮਰ ਵਾਲਾ ਸ਼ਖ਼ਸ, ਜਵਾਨ ਪੁਰਖ-ਇਸਤਰੀ, ਬੱਚੇ ਅਤੇ ਪਸ਼ੂ ਸ਼ਾਮਲ ਹਨ। ਮਹਿਸੂਸ ਹੁੰਦਾ ਹੈ ਕਿ ਇਹ ਡਰੇ, ਮਜਬੂਰ, ਦੁਖੀ, ਸਤਾਏ ਅਤੇ ਥੱਕੇ ਹੋਏ ਹਨ। ਇਹ ਆਪਣੇ ਜਿਹੇ ਆਪ ਹਨ ਜਿਨ੍ਹਾਂ ਨੂੰ ਧਰਵਾਸ ਦੇਣ ਵਾਲਾ ਆਸ-ਪਾਸ ਕੋਈ ਨਹੀਂ ਹੈ। ਇਨ੍ਹਾਂ ਨੇ ਆਪਣੇ ਲਈ ਇਹ ਹਾਲਾਤ ਆਪ ਨਹੀਂ ਚੁਣੇ। ਕੋਈ ਵੀ ਆਪਣੇ ਲਈ ਦੁੱਖ ਦੀ ਚੋਣ ਨਹੀਂ ਕਰਦਾ, ਇੱਥੋਂ ਤਕ ਕਿ ਜਾਨਵਰ ਵੀ। ਇਹ ਜਨ-ਸਮੂਹ ‘ਦੁੱਖ ਦੀ ਗੱਠੜੀ’ ਪ੍ਰਤੀਤ ਹੁੰਦਾ ਹੈ। ਕ੍ਰਿਸ਼ਨ ਖੰਨਾ ਦਾ ਜਨਮ 1925 ਵਿਚ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਵਿਚ ਹੋਇਆ ਸੀ। ਘਰ ਪਰਿਵਾਰ ਸੌਖਾ ਸੀ। ਉਸ ਨੇ 1938 ਤੋਂ 1942 ਤਕ ਇੰਗਲੈਂਡ ਦੇ ਇੰਪੀਰੀਅਲ ਸਰਵਿਸ ਕਾਲਜ ਵਿਚ ਪੜ੍ਹਾਈ ਕੀਤੀ। ਚੰਗੀ ਸਿੱਖਿਆ ਕਾਰਨ 1946 ਵਿਚ ਗਰਿੰਡਲੇ ਬੈਂਕ ਦੀ ਨੌਕਰੀ ਮਿਲ ਗਈ। ਦੇਸ਼ ਵੰਡ ਵੇਲੇ ਸਾਰਾ ਪਰਿਵਾਰ ਸ਼ਿਮਲੇ ਆ ਠਹਿਰਿਆ। ਚੌਦਾਂ-ਪੰਦਰਾਂ ਸਾਲ ਦੀ ਨੌਕਰੀ ਬਾਅਦ ਅਸਤੀਫ਼ਾ ਦੇ ਕੇ ਸੁਤੰਤਰ ਤੌਰ ਉੱਪਰ ਕਲਾ-ਰਚਨਾ ਦਾ ਰਾਹ ਚੁਣ ਲਿਆ। ਕੁਝ ਸਮੇਂ ਲਈ ਕ੍ਰਿਸ਼ਨ ਖੰਨਾ ਬੰਬਈ ਵੀ ਰਿਹਾ। ਉੱਥੇ ਰਹਿੰਦੇ ਸਮੇਂ ਹੀ ਉਹ ਪ੍ਰੋਗਰੈਸਿਵ ਆਰਟ ਗਰੁੱਪ ਦਾ ਮੈਂਬਰ ਬਣਿਆ ਸੀ। ਵੱਡੀ ਅਤੇ ਦੁਖਾਵੀਂ ਵੰਡ ਪੰਜਾਬ ਹਿੱਸੇ ਆਈ ਸੀ। ਧਰਤੀ ਉੱਪਰ ਵਾਹੀ ਲਕੀਰ ਨੇ ਆਦਮੀਆਂ ਦੀਆਂ ਜ਼ਮੀਰਾਂ ਨੂੰ ਵੀ ਲਕੀਰ ਦਿੱਤਾ। ਖਿੱਚੀ ਲਕੀਰ ਨੂੰ ਪਾਰ ਕਰਨਾ ਤ੍ਰਾਸਦੀ ਜਿਊਣ ਤੋਂ ਇਲਾਵਾ ਇਸ ਨੂੰ ਹੁੰਦੇ ਹੋਏ ਵੇਖਣਾ ਵੀ ਸੀ। ਚਿੱਤਰ ਦਾ ਅੰਗ ਬਣਿਆ ਦ੍ਰਿਸ਼ ਇਸ ਦੀ ਸਾਖੀ ਭਰਦਾ ਹੈ। ਇਸ ਸਮੂਹ ਦੀ ਜੋ ਹਾਲਤ ਹੈ, ਵਿਸ਼ੇਸ਼ ਨਹੀਂ। ਜੋ ਕੁਝ ਵਿਆਪਕ ਪੱਧਰ ਉੱਪਰ ਵਾਪਰਿਆ, ਚਿੱਤਰ ਤਾਂ ਉਸ ਦਾ ਕਣ ਮਾਤਰ ਹੈ। ਜੋ ਕੁਝ ਜਿਵੇਂ ਵਾਪਰਿਆ ਉਸ ਨੂੰ ਉਵੇਂ ਨਹੀਂ ਵਿਖਾਇਆ ਗਿਆ। ਇਕ ਜ਼ਮੀਨੀ ਟੁਕੜੇ ਤੋਂ ਦੂਜੇ ਜ਼ਮੀਨੀ ਟੁਕੜੇ ਵੱਲ ਪਲਾਇਨ ਹੋਇਆ ਤਾਂ ਵੱਢ-ਟੁੱਕ ਉਸ ਦਾ ਖਾਸਾ ਰਿਹਾ। ਦ੍ਰਿਸ਼ ਉਸ ਖ਼ੂਨ-ਖਰਾਬੇ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ। ਇੱਥੇ ਨਕਾਰਨ ਦਾ ਅਰਥ ਮੁੱਕਰਨਾ ਬਿਲਕੁਲ ਨਹੀਂ। ਕ੍ਰਿਸ਼ਨ ਖੰਨਾ ਮੌਤ ਦੀ ਬਜਾਏ ਜੀਵਨ ਨੂੰ ਤਰਜੀਹ ਦੇ ਰਿਹਾ ਹੈ। ਰੁਕਣ ਦੀ ਬਜਾਏ ਤੁਰਨ ਨੂੰ ਮਹੱਤਵ ਦਿੱਤਾ ਗਿਆ ਹੈ। ਇਹ ਕਿੱਥੋਂ ਤੁਰ, ਕਿੱਥੇ ਪਹੁੰਚੇ ਹਨ। ਤੁਰਦਿਆਂ-ਤੁਰਦਿਆਂ ਕਿੱਥੇ ਜਾ ਠਹਿਰਨਾ ਹੈ, ਪਤਾ ਨਹੀਂ। ਇਹੋ ਪਤਾ ਚੱਲ ਰਿਹਾ ਹੈ, ਸਭ ਅਗਾਂਹ ਵਧ ਰਹੇ ਹਨ। ਦਿਖਾਈ ਦੇ ਰਹੀ ਗਤੀ ਬਹੁ-ਅਰਥੀ ਹੈ। ਦੇਸ਼ ਦਾ ਅਰਥਚਾਰਾ ਕਿਸਾਨ ਕੇਂਦਰਿਤ ਹੈ। ਵੰਡ ਵੇਲੇ ਤਾਂ ਇਹ ਨਿਰਭਰਤਾ ਅੱਜ ਨਾਲੋਂ ਜ਼ਿਆਦਾ ਹੀ ਹੋਵੇਗੀ। ਚਿੱਤਰ ਵਿਚਲਾ ਪਰਿਵਾਰ ਇਕ ਕਿਸਾਨ ਪਰਿਵਾਰ ਹੈ। ਅਰਥਚਾਰੇ ਨਾਲ ਜੁੜੀਆਂ ਇਕਾਈਆਂ ਇਸ ਦੀ ਪੁਸ਼ਟੀ ਕਰਦੀਆਂ ਹਨ ਜਿਵੇਂ ਮੱਝ ਅਤੇ ਬੈਲ। ਉਸ ਪਾਸੇ ਤੋਂ ਏਧਰ ਆਉਣ ਵਾਲਿਆਂ ਵਿਚ ਅਮੀਰ ਲੋਕ ਵੀ ਸਨ। ਚਿਤੇਰੇ ਨੇ ਕਿਸੇ ਵੀ ਫਰੇਮ ਵਿਚ ਉਨ੍ਹਾਂ ਲੋਕਾਂ ਨੂੰ ਥਾਂ ਨਹੀਂ ਦਿੱਤੀ। ਰਚਨਕਾਰੀ ਦੀ ਸ਼ੈਲੀ ਉੱਪਰ ਚਿੱਤਰਕਾਰ ਕ੍ਰਿਸ਼ਨ ਖੰਨਾ ਦੀ ਛਾਪ ਹੈ। ਭਾਵੇਂ ਇਹ ਚਿੱਤਰ ਚਿਰ ਪੁਰਾਣਾ ਅਤੇ ਮੁੱਢਲੇ ਸਮੇਂ ਦਾ ਹੈ। ਪਰ ਇਹ ਉਸ ਸ਼ੈਲੀ ਦੇ ਗੁਣ-ਲੱਛਣ ਸਾਂਭੀ ਬੈਠਾ ਹੈ ਜੋ ਬਾਅਦ ਦੇ ਪੜਾਅਵਾਰ ਕੰਮ ਦਾ ਹਿੱਸਾ ਬਣ ਹੋਰ ਪਰਿਪੱਕ ਹੁੰਦੀ ਹੈ। ਭਿੰਨ-ਭਿੰਨ ਰੰਗਾਂ ਨੂੰ ਵਰਤਣ ਦਾ ਅੰਦਾਜ਼ ਇਕੋ ਜਿਹਾ ਹੈ। ਇਹ ਨਹੀਂ ਕੀਤਾ ਗਿਆ ਕਿ ਇਕ ਸਪੇਸ ਹਿੱਤ ਖ਼ਾਸ ਅੰਦਾਜ਼ ਅਤੇ ਦੂਸਰੇ ਸਪੇਸ ਲਈ ਵੱਖਰਾ ਅੰਦਾਜ਼। ਛੋਟੀ ਸਪੇਸ ਹੋਵੇ ਜਾਂ ਵੱਡੀ, ਕਿਤੇ ਵੀ ਸਪਾਟ/ਸਮਤਲ ਰੰਗ ਦੀ ਵਰਤੋਂ ਦਿਖਾਈ ਨਹੀਂ ਦਿੰਦੀ। ਉਹ ਛੋਹਾਂ ਨਾਲ ਹੀ ਆਕਾਰਾਂ, ਸ਼ਕਲਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਫੜਦਾ ਹੈ। ਇੱਥੇ ਲਕੀਰ ਦੀ ਮਦਦ ਲੈ ਕੇ ਇਕ ਇਕਾਈ ਨੂੰ ਦੂਜੀ ਤੋਂ ਵੱਖ ਨਹੀਂ ਕੀਤਾ ਗਿਆ। ਆਭਾਸ ਤਾਂ ਜ਼ਮੀਨ-ਆਸਮਾਨ ਦਾ ਦਿੱਤਾ ਜਾਣਾ ਚਾਹੀਦਾ ਸੀ, ਪਰ ਅਜਿਹਾ ਹੁੰਦਾ ਦਿਸ ਨਹੀਂ ਰਿਹਾ। ਪੇਂਟਰ ਨੇ ਕੈਨਵਸ ਵਿਚ ਜ਼ਮੀਨ-ਆਸਮਾਨ ਦੇ ਭੇਦ ਨੂੰ ਅਭੇਦ ਕਰ ਦਿੱਤਾ ਹੈ। ਇਹ ਵਾਪਰਨਾ ਅਨੁਚਿਤ ਨਹੀਂ। ਉਹ ਕਿਸੇ ਦ੍ਰਿਸ਼ ਨੂੰ ਨਹੀਂ ਬਣਾ ਰਿਹਾ ਜਿੱਥੇ ਗਹਿਰਾਈ ਦੇ ਨਾਲ-ਨਾਲ ਤਿੰਨ ਪਾਸਾਰੀ ਆਕਾਰਾਂ ਨੂੰ ਥਾਂ ਦਿੱਤੀ ਜਾਂਦੀ ਹੈ। ਚਿਤੇਰਾ ਤਾਂ ਵਾਪਰੀ ਤ੍ਰਾਸਦੀ ਨੂੰ ਰੂਪਾਂਤਰਿਤ ਕਰ ਰਿਹਾ ਹੈ ਜਿੱਥੇ ਸਜਾਵਟੀ ਪੱਖਾਂ ਅਤੇ ਅਕਾਦਮਿਕ ਗੁਣ-ਲੱਛਣਾਂ ਲਈ ਇਹਦੇ ਅੰਦਰ ਕੋਈ ਥਾਂ ਨਹੀਂ।

ਜਗਤਾਰਜੀਤ ਸਿੰਘ

ਵੰਡ ਦੇ ਅਸਰ ਥੱਲੇ ਜੋ ਅਸਥਿਰਤਾ, ਡਰ, ਬੇਚੈਨੀ, ਅਨਿਸ਼ਚਿਤ ਭਵਿੱਖ ਦਾ ਮਾਹੌਲ ਬਣਿਆ ਸੀ, ਕ੍ਰਿਸ਼ਨ ਖੰਨਾ ਉਸ ਨੂੰ ਫੜਨ ਦਾ ਉਪਰਾਲਾ ਕਰ ਰਿਹਾ ਹੈ। ਅਸਥਿਰਤਾ ਰੰਗਾਂ ਦੇ ਲਗਾਏ ਜਾਣ ਤੋਂ ਸਾਫ਼ ਝਲਕ ਰਹੀ ਹੈ ਜਿਹੜੀ ਬਾਹਰੀ ਮਾਹੌਲ ਵਿਚ ਹੀ ਨਹੀਂ ਸਗੋਂ ਆਦਮੀਆਂ, ਔਰਤ, ਬੱਚਿਆਂ ਤੋਂ ਇਲਾਵਾ ਜਾਨਵਰਾਂ ਦੇ ਸਰੀਰਾਂ ਅੰਦਰ ਵੀ ਤਾਰੀ ਹੈ। ਇਹ ਡਰ ਹੀ ਸੀ ਜਿਸ ਕਾਰਨ ਰਸੇ-ਵਸੇ ਲੋਕਾਂ ਨੂੰ ਆਪਣੇ ਘਰ ਤਿਆਗਣ ਲਈ ਮਜਬੂਰ ਹੋਣਾ ਪਿਆ। ਇਹ ਵਿਚਾਰ ਇਕ ਪਰਿਵਾਰ ਜਾਂ ਇਕ ਪਿੰਡ ਤਕ ਸੀਮਤ ਨਹੀਂ ਸੀ। ਬੇਚੈਨੀ, ਬੇਆਰਾਮੀ ਕਾਫ਼ਲਿਆਂ ਸੰਗ ਤੁਰਨ ਵਾਿਲਆਂ ਦੇ ਅੰਗ-ਸੰਗ ਰਹੀ। ਜੋ ਵਾਪਰਿਆ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਵੱਲ ਸ਼ਬਦਾਂ, ਰੰਗਾਂ-ਲਕੀਰਾਂ ਰਾਹੀਂ ਸੰਕੇਤ ਕੀਤਾ ਜਾ ਸਕਦਾ ਹੈ ਤਾਂ ਕਿ ਪੜ੍ਹਨ-ਦੇਖਣ ਵਾਲੇ ਦੇ ਮਨ ਅੰਦਰ ਸੰਵੇਦਨਾ ਘਰ ਕਰ ਸਕੇ। ਘਰਾਂ ਦਾ ਤਿਆਗ ਕਰਨ ਵਾਲੇ ਪਰਿਵਾਰ ਦਾ ਮੋਹਰੀ ਇਕ ਬਜ਼ੁਰਗ ਸਿੱਖ ਹੈ ਜਿਸ ਦੇ ਸਿਰ ਪੱਗ ਬੱਝੀ ਹੈ ਅਤੇ ਖੁੱਲ੍ਹਾ ਸਫ਼ੈਦ ਦਾਹੜਾ ਹੈ। ਕੱਦ ਪੱਖੋਂ ਉਹ ਸਭ ਤੋਂ ਉਚੇਰਾ ਹੈ। ਚਿੱਤਰ ਵਿੱਦਿਆ ਅਨੁਸਾਰ ਨੇੜੇ ਦੀ ਵਸਤੂ ਵੱਡੀ ਅਤੇ ਦੂਰ ਦੀ ਵਸਤੂ ਆਕਾਰ ਵਿਚ ਛੋਟੀ ਲੱਗੇਗੀ, ਪਰ ਇੱਥੇ ਬਜ਼ੁਰਗ ਪਰ੍ਹਾ ਹੋਣ ਦੇ ਬਾਵਜੂਦ ਉੱਚਾ ਹੈ। ਇਹ ਉਸ ਦੀ ਕੱਦ-ਕਾਠੀ ਤੋਂ ਇਲਾਵਾ ਉਸ ਦੇ ਹੌਸਲੇ ਨੂੰ ਵੀ ਬਿਆਨਦਾ ਹੈ। ਉਹ ਅਗੇਰੇ ਹੈ ਅਤੇ ਉਸ ਨੇ ਆਪਣੇ ਉੱਚੇ ਚੁੱਕੇ ਸੱਜੇ ਹੱਥ ਲਾਲਟੈਨ ਫੜੀ ਹੋਈ ਹੈ। ਲਾਲਟੈਨ ਬੁਝੀ ਹੋਈ ਨਹੀਂ, ਬਲ ਰਹੀ ਹੈ। ਲੋਅ ਉਸ ਦੇ ਆਲੇ-ਦੁਆਲੇ ਫੈਲ ਕੇ ਦਮ ਤੋੜਦੀ ਲੱਗਦੀ ਹੈ। ਇਹ ਸੰਕੇਤ ਹੈ, ਸਮਾਂ ਦਿਨ ਦਾ ਨਹੀਂ। ਰਾਤ ਵੇਲੇ ਵੀ ਤੁਰੀ ਜਾਣਾ ਸਥਿਤੀ ਨੂੰ ਦੁਖਦਾਈ ਬਣਾ ਰਿਹਾ ਹੈ। ਕੀ ਲਾਲਟੈਨ ਨੂੰ ਚਿਤੇਰੇ ਨੇ ਪ੍ਰਤੀਕ ਰੂਪ ਵਿਚ ਲਿਆ ਹੈ? ਕੀ ਇਹ ਰਾਹ ਦਸੇਰੀ ਕਹੀ ਜਾ ਸਕਦੀ ਹੈ? ਲੋਅ ਦੀ ਮਾੜਚੂ ਜਿਹੀ ਹੋਂਦ ਨੂੰ ਕੀ ਸਿੱਖ ਪਰਿਵਾਰ ਲਈ ‘ਉੱਜਲ ਭਵਿੱਖ’ ਦੀ ਸੰਗਿਆ ਦਿੱਤਾ ਜਾ ਸਕਦੀ ਹੈ? ਭਵਿੱਖ ਦੀ ਵਿਸ਼ੇਸ਼ਤਾ ਹੈ ਕਿ ਇਸ ਨੂੰ ਸਮੇਂ ਤੋਂ ਪਹਿਲਾਂ ਨਹੀਂ ਜਾਣਿਆ ਜਾ ਸਕਦਾ। ਬਜ਼ੁਰਗ ਦੇ ਪਿੱਛਿਓਂ ਇਕ ਹੋਰ ਹੱਥ ਦਿਖਾਈ ਦੇ ਰਿਹਾ ਹੈ ਜਿਸ ਨੇ ਮਜ਼ਬੂਤੀ ਨਾਲ ਡੰਡਾ ਫੜਿਆ ਹੋਇਆ ਹੈ। ਪਰਿਵਾਰ ਦੇ ਨਾਲ ਡੰਗਰ ਵੀ ਹਨ। ਡੰਗਰਾਂ ਤੋਂ ਉਹਲੇ ਪਾਸੇ ਔਰਤ ਦਾ ਆਕਾਰ ਹੈ। ਸਰੀਰ ਨੂੰ ਆਦਰਸ਼ ਰੂਪ ਅਨੁਸਾਰ ਨਹੀਂ ਚਿਤਰਿਆ। ਅਸਲ ਵਿਚ ਔਰਤ ਦਾ ਚਿਹਰਾ ਅਤੇ ਸਰੀਰ, ਅਸਪਸ਼ਟ ਹੁੰਦਿਆਂ ਵੀ ਸਥਿਤੀ ਦੀ ਬਹੁਤ ਸਪਸ਼ਟ ਬਿਆਨੀ ਕਰ ਰਿਹਾ ਹੈ। ਉਹ ਪਰਿਵਾਰ ਦਾ ਹਿੱਸਾ ਹੈ, ਪਰਿਵਾਰ ਨੂੰ ਜੋੜ ਕੇ ਰੱਖਣ ਤੋਂ ਇਲਾਵਾ ਪੇਂਟਿੰਗ ਵਿਚ ਦਿਸ ਰਹੇ ਬੱਚਿਆਂ ਦੀ ਮਾਂ ਵੀ ਹੈ। ਉਸ ਦੇ ਕੁੱਛੜ ਬੱਚਾ ਹੈ। ਦੂਸਰੇ ਪਾਸੇ ਸੱਜੀ ਬਾਂਹ ਦੇ ਕਲਾਵੇ ਵਿਚ ਦਰਮਿਆਨੇ ਆਕਾਰ ਦਾ ਭਾਂਡਾ ਹੈ। ਇਹਦੇ ਪਿੱਛੇ ਵਸਤਰਾਂ ਨੂੰ ਫੜੀ ਕੁੜੀ ਚੱਲ ਰਹੀ ਹੈ। ਕੁੜੀ ਦਾ ਖੁੱਲ੍ਹਾ ਮੂੰਹ ਉਸ ਦੇ ਆਪਣੇ ਦਰਦ ਦੇ ਨਾਲ ਸਫ਼ਰ ਦੌਰਾਨ ਨਿਰੰਤਰ ਇਕੱਤਰ ਹੋ ਰਹੀ ਪੀੜ ਦਾ ਲਖਾਇਕ ਹੈ। ਮਾਂ ਦੇ ਅੱਗੇ-ਅੱਗੇ ਤੁਰ ਰਿਹਾ ਬਾਲਕ ਊਰਜਾਵੰਤ ਲੱਗਦਾ ਹੈ। ਇਸ ਦੇ ਨਾਲ-ਨਾਲ ਕੁੱਤਾ ਚੱਲ ਰਿਹਾ ਹੈ। ਇਹ ਮੋਟਿਫ ਪਰਿਵਾਰ ਬਾਹਰਾ ਹੈ ਜਾਂ ਇਸ ਦਾ ਅੰਗ? ਜੇ ਪਰਿਵਾਰ ਦਾ ਹੀ ਅੰਗ ਹੈ ਤਾਂ ਇਹ ਜਮ੍ਹਾਂ ਆਕਾਰ ਚਿਤੇਰੇ ਦੀ ਵਧੀ ਕਲਪਨਾ ਹੈ ਕਿਉਂਕਿ ਉਹ ਖ਼ੁਦ ਖਾਂਦੇ-ਪੀਂਦੇ ਪਰਿਵਾਰ ਵਿਚੋਂ ਸੀ। ਡੰਗਰਾਂ ਦੇ ਦੂਜੇ ਪਾਸੇ ਵੱਲ ਇਕ ਵਿਅਕਤੀ ਦੇ ਮੋਢਿਆਂ ਉੱਪਰ ਬੈਠਾ ਇਕ ਬੱਚਾ ਸੌਂ ਰਿਹਾ ਹੈ। ਠੀਕ ਇਸ ਦੇ ਪਿੱਛੇ ਵਾਲੇ ਆਕਾਰ ਸਿਰ ਵੱਡਾ ਬਰਤਨ ਨਜ਼ਰੀਂ ਆ ਰਿਹਾ ਹੈ। ਪੇਂਟਿੰਗ ਵਿਚ ਕੁੱਲ ਨੌਂ ਕਿਰਦਾਰ ਹਨ ਜਿਨ੍ਹਾਂ ਦੀ ਉਮਰ ਦਾ ਪਸਾਰ ਕੁੱਛੜ ਚੁੱਕੇ ਬੱਚੇ ਤੋਂ ਲੈ ਕੇ ਬਜ਼ੁਰਗ ਸਿੱਖ ਤੱਕ ਹੈ। ਇਨ੍ਹਾਂ ਕਿਰਦਾਰਾਂ ਦਾ ਸਾਥ ਦੇਣ ਵਾਲੇ ਤਿੰਨ ਜਾਨਵਰ ਵੀ ਹਨ। ਕੈਨਵਸ ਸਪੇਸ ਨੂੰ ਧਿਆਨ ਵਿਚ ਰੱਖਦਿਆਂ ਕਹਿ ਸਕਦੇ ਹਾਂ ਕਿ ਹਰ ਕੋਈ ਇਕ-ਦੂਜੇ ਦੇ ਬਹੁਤ ਕਰੀਬ ਹੈ। ਆਪਣੇ ਬੀਤੇ ਜੀਵਨ ਵਿਚ ਸ਼ਾਇਦ ਹੀ ਕੋਈ ਏਨੀ ਨੇੜੇ ਹੋ ਕੇ ਆਪਣੇ ਪਰਿਵਾਰ ਦੇ ਜੀਆਂ ਸੰਗ ਬੈਠਾ ਹੋਵੇ। ਅਚਾਨਕ ਵਾਪਰੇ ਸੰਕਟ ਨੇ ਸਭ ਨੂੰ ਇਕ-ਦੂਜੇ ਦੇ ਕਰੀਬ ਤਾਂ ਲਿਆ ਦਿੱਤਾ, ਪਰ ਵਿਡੰਬਨਾ ਇਹ ਹੈ ਕਿ ਕੋਈ ਵੀ ਦੂਜੇ ਨੂੰ ਨਹੀਂ ਦੇਖ ਰਿਹਾ। ਮਾਂ ਦਾ ਆਪਣੇ ਬੱਚੇ ਪ੍ਰਤੀ ਝੁਕਾਅ ਅਤਿ ਸਨੇਹ ਦਾ ਹੁੰਦਾ ਹੈ। ਦੇਖਣਾ ਅਤੇ ਛੋਹ ਦੋ ਪ੍ਰਮੁੱਖ ਲੱਛਣ ਹਨ ਜਿਨ੍ਹਾਂ ਰਾਹੀਂ ਮਾਂ-ਬੱਚੇ ਦਰਮਿਆਨ ਸੰਵਾਦ ਬਣਿਆ ਰਹਿੰਦਾ ਹੈ। ਪੇਂਟਿੰਗ ਵਿਚ ਅਜਿਹਾ ਕੁਝ ਨਹੀਂ ਹੈ। ਘਰ ਛੱਡਣ ਦਾ ਨਿਰਣਾ ਸੋਚਿਆ-ਵਿਚਾਰਿਆ ਨਹੀਂ ਸੀ। ਅਚਨਚੇਤ ਫੈ਼ਸਲੇ ਪਿੱਛੇ ਇਕ ਧਰਵਾਸ ਸੀ ਕਿ ਵਿਛੋੜਾ ਥੋੜ੍ਹ-ਚਿਰਾ ਹੈ। ਆਪਣੇ ਮੂਲ ਵੱਲ ਪਰਤ ਆਉਣ ਦੀ ਉਮੀਦ ਨਾਲ ਅਨੇਕਾਂ ਲੋਕਾਂ ਨੇ ਖੁੱਲ੍ਹੇ ਘਰਾਂ ਨੂੰ ਛੱਡ ਦਿੱਤਾ ਸੀ। ਜੋ ਹੱਥ ਆਇਆ ਉਸ ਨੂੰ ਲੈ ਉਹ ਘਰੋਂ ਨਿਕਲ ਤੁਰੇ ਸਨ। ਇਸ ਪਰਿਵਾਰ ਪਾਸ ਜੋ ਹੈ, ਇਸ ਗੱਲ ਦੀ ਤਸਦੀਕ ਹੈ। ਚਿੱਤਰਕਾਰ ਨੇ ਚਿੱਤਰ ਰਚਨਾ ਵਾਪਰ ਚੁੱਕੇ ਹਾਦਸੇ ਤੋਂ ਵਰ੍ਹਿਆਂ ਬਾਅਦ ਕੀਤੀ। ਘਰਾਂ ਨੂੰ ਤਿਆਗਣ ਸਮੇਂ ਲੋਕਾਂ ਦੀ ਜੋ ਮਾਨਸਿਕਤਾ ਸੀ, ਸਮਾਂ ਗੁਜ਼ਰਨ ਨਾਲ ਉਸ ਵਿਚ ਤਬਦੀਲੀ ਆਈ। ਮੁੜ ਉੱਥੇ ਜਾ ਕੇ ਰਹਿਣਾ ਤਾਂ ਇਕ ਪਾਸੇ ਉਸ ਦਾ ਖ਼ਿਆਲ ਕਰਨਾ ਵੀ ਦੁਸ਼ਵਾਰ ਲੱਗਣ ਲੱਗਾ। ਕ੍ਰਿਸ਼ਨ ਖੰਨਾ ਇਸ ਵਿਚਾਰ ਨੂੰ ਕੈਨਵਸ ਉੱਪਰ ਉਤਾਰ ਰਿਹਾ ਹੈ। ਹਰੇਕ ਪਾਤਰ ਦਾ ਚਿਹਰਾ ਅੱਗੇ ਵੱਲ ਨੂੰ ਹੈ। ਕੋਈ ਵੀ ਪਿਛਾਂਹ ਵੱਲ ਸਿਰ ਘੁਮਾ ਨਹੀਂ ਦੇਖ ਰਿਹਾ। ਆਪਣੇ ਮੂਲ ਘਰ ਤਕ ਨਾ ਪਹੁੰਚ ਸਕਣ ਦੀ ਆਸ ਹਰ ਰੀਫਿਊਜੀ ਦੇ ਜੀਵਨ ਦਾ ਅੰਗ ਬਣ ਗਈ। ਜੇ ਰੰਗਾਂ ਵੱਲ ਦੇਖੀਏ ਤਾਂ ਸਾਨੂੰ ਨੀਲੇ ਰੰਗ ਦੀ ਪ੍ਰਮੁੱਖਤਾ ਮਿਲਦੀ ਹੈ। ਵਿਚ-ਵਿਚਾਲੇ ਗੁਲਾਬੀ, ਸਫ਼ੈਦ, ਗੂੜ੍ਹੇ ਜਾਂ ਹਲਕੇ ਮਟਿਆਲੇ ਦਾ ਦਖਲ ਹੈ। ਹਰੇਕ ਰੰਗ ਨੂੰ ਵਰਤਦੇ ਸਮੇਂ ਉਸ ਦੀ ਵੱਖਰਤਾ ਨੂੰ ਕਾਇਮ ਰੱਖਿਆ ਹੈ। ਥੱਲੜਾ ਸੱਜੇ ਵੱਲ ਦਾ ਹਿੱਸਾ ਗੂੜ੍ਹਾ ਹੈ। ਜਿਵੇਂ-ਜਿਵੇਂ ਉੱਪਰ ਨੂੰ ਤੁਰਦੇ ਹਾਂ, ਉਜਲਾਪਣ ਨਜ਼ਰੀਂ ਪੈਂਦਾ ਹੈ। ਸੰਕਟ ਨੂੰ ਉਭਾਰਨ ਵਾਲਾ ਚਿੱਤਰ ਸਮਾਜ ਵਿਚ ਰੂੜ ਹੋ ਚੁੱਕੇ ਵਿਹਾਰ ਨੂੰ ਅੱਖੋਂ-ਪਰੋਖੇ ਨਹੀਂ ਕਰਦਾ। ਇਹ ਅਚੇਤ ਹੋਇਆ ਹੈ ਜਾਂ ਸੁਚੇਤ? ਬਜ਼ੁਰਗ (ਸਹੁਰਾ) ਅਤੇ ਔਰਤ (ਨੂੰਹ) ਇਕੋ ਪਰਿਵਾਰ ਨਾਲ ਸਬੰਧਿਤ ਹੋਣ ਦੇ ਬਾਵਜੂਦ ਸਮਾਜਿਕ ਨੇਮਾਂ ਤੋਂ ਬਾਹਰ ਨਹੀਂ ਜਾ ਸਕਦੇ। ਸੁਖ ਦਾ ਸਮਾਂ ਲੰਘ ਰਿਹਾ ਹੋਵੇ ਜਾਂ ਦੁੱਖ ਦਾ ਵੇਲਾ ਹੋਵੇ। ਦੋਹਾਂ ਸਮੇਂ ਵਿੱਥ ਅਤੇ ਪਰਦੇ ਦਾ ਖਿ਼ਆਲ ਰੱਖਿਆ ਜਾਂਦਾ ਸੀ। ਸਹੁਰਾ ਅੱਗੇ ਹੈ ਅਤੇ ਨੂੰਹ ਥੋੜ੍ਹਾ ਪਿੱਛੇ। ਇਸ ਤੋਂ ਇਲਾਵਾ ਪਸ਼ੂਆਂ ਦੀ ਮੌਜੂਦਗੀ ਦੋਹਾਂ ਵਿਚਲੀ ਵਿੱਥ ਵਧਾ ਰਹੀ ਹੈ। ਚਿਤੇਰਾ ਇੱਥੇ ਰੁਕਦਾ ਨਹੀਂ, ਅਗਾਂਹ ਤੁਰਦਾ ਹੋਇਆ ਇਹ ਦਿਖਾਉਂਦਾ ਹੈ ਕਿ ਨੂੰਹ ਨੇ ਆਪਣਾ ਸਿਰ ਹੀ ਨਹੀਂ ਢਕਿਆ ਹੋਇਆ ਸਗੋਂ ਪਰਦਾ ਵੀ ਕੀਤਾ ਹੋਇਆ ਹੈ। ਇਹ ਤਤਕਾਲੀ ਸਮੇਂ ਦਾ ਵਿਹਾਰ ਸੀ ਕਿ ਵਡੇਰਿਆਂ ਸਾਹਮਣੇ ਨੂੰਹਾਂ-ਧੀਆਂ ਨੰਗੇ ਸਿਰ ਨਹੀਂ ਆਉਂਦੀਆਂ ਸਨ। ਔਰਤ ਦਾ ਲਿਬਾਸ ਵੀ ਵਿਸ਼ੇਸ਼ ਹੈ। ਸਿਰ ਗੁਲਾਬੀ ਚੁੰਨੀ, ਗਲ ਨੀਲੀ ਕੁੜਤੀ ਅਤੇ ਤੇੜ ਗੂੜ੍ਹੇ ਨੀਲੇ ਰੰਗ ਦਾ ਘੱਗਰਾ। ਆਪਣੀ ਮਾਂ ਨੂੰ ਫੜੀ ਤੁਰ ਰਹੀ ਬੱਚੀ ਦੇ ਅਣਵਾਹੇ ਕੇਸ ਕੰਡਿਆਂ ਵਾਂਗ ਪ੍ਰਤੀਤ ਹੋ ਰਹੇ ਹਨ। ਕਰੋੜਾਂ ਹੀ ਲੋਕ ਖਿੱਚੀ ਲਕੀਰ ਨੂੰ ਪਾਰ ਕਰਕੇ ਏਧਰ-ਓਧਰ ਹੋਏ, ਇਹ ਵਿਚਾਰ ਕੇ ਕਿ ਜਿੱਥੇ ਪਹੁੰਚਾਂਗੇ, ਉੱਥੇ ਚੈਨ ਨਾਲ ਰਹਾਂਗੇ। ਪਰ ਹਾਕਮ ਜਮਾਤ ਦੇ ਮਨਸੂਬੇ ਪੀੜਤ ਧਿਰ ਦੇ ਅਨੁਕੂਲ ਕਦੇ ਨਹੀਂ ਹੁੰਦੇ।

ਸੰਪਰਕ: 98990-91186

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All