ਦੁਬਈ ਤੋਂ ਪਰਤੇ ਦੋਸਤ ਨੂੰ ਘਰ ਲਿਜਾਂਦੇ ਸਮੇਂ ਹਾਦਸਾ, ਦੋ ਹਲਾਕ

ਹਾਦਸੇ ਵਾਲੀ ਜਗ੍ਹਾ ’ਤੇ ਨੁਕਸਾਨੀ ਖੜ੍ਹੀ ਇਨੋਵਾ।

ਸਿਮਰਤ ਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 13 ਫਰਵਰੀ ਇੱਥੇ ਕੌਮੀ ਮੁੱਖ ਮਾਰਗ ’ਤੇ ਬੀਤੀ ਦੇਰ ਰਾਤ ਪਿੰਡ ਬੰਡਾਲਾ ਕੋਲ ਟਰੱਕ ਅਤੇ ਇਨੋਵਾ ਗੱਡੀ ਦੀ ਟੱਕਰ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਹਰਮਨਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਕੱਲ੍ਹ ਦੇਰ ਰਾਤ ਉਸ ਦਾ ਰਿਸ਼ਤੇਦਾਰ ਗੁਰਪਿੰਦਰ ਸਿੰਘ ਵਾਸੀ ਪੱਟੀ ਆਪਣੇ ਦੋਸਤ ਜਗਮੀਤ ਸਿੰਘ ਵਾਸੀ ਪਿੰਡ ਬੁਰਜ ਨੱਥੂਕੇ ਨਾਲ ਦੁਬਈ ਤੋਂ ਪਰਤੇ ਆਪਣੇ ਦੋਸਤ ਹਰਕੰਵਲਸ਼ੇਰ ਸਿੰਘ ਨੂੰ ਲੈਣ ਲਈ ਅੰਮ੍ਰਿਤਸਰ ਹਵਾਈ ਅੱਡੇ ਆਇਆ ਸੀ। ਉਹ ਦੋਵੇਂ ਜਣੇ ਰਾਤ ਕਰੀਬ ਸਾਢੇ ਦਸ ਵਜੇ ਹਰਕੰਵਲਸ਼ੇਰ ਸਿੰਘ ਨੂੰ ਲੈ ਕੇ ਵਾਪਸ ਆਪਣੀ ਇਨੋਵਾ ਕਾਰ (ਪੀਬੀ 46 ਐੱਲ 0072) ’ਤੇ ਪੱਟੀ ਜਾ ਰਹੇ ਸਨ। ਉਹ ਜਦੋਂ ਪਿੰਡ ਬੰਡਾਲਾ ਕੋਲ ਕੌਮੀ ਮੁੱਖ ਮਾਰਗ ’ਤੇ ਪਹੁੰਚੇ ਤਾਂ ਅੱਗੇ ਜਾ ਰਿਹਾ ਬੱਜਰੀ ਨਾਲ ਭਰਿਆ ਟਰੱਕ (ਨੰਬਰ ਪੀਬੀ 03 ਏਬੀ 9163) ਅਚਾਨਕ ਸੱਜੇ ਪਾਸੇ ਮੁੜ ਗਿਆ, ਜਿਸ ਕਾਰਨ ਇਨੋਵਾ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਗੁਰਪਿੰਦਰ ਸਿੰਘ ਅਤੇ ਜਗਮੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਹਰਕੰਵਲਸ਼ੇਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਟਰੱਕ ਚਾਲਕ ਮੌਕੇ ਤੋਂ ਟਰੱਕ ਛੱਡ ਕੇ ਫਰਾਰ ਹੋ ਗਿਆ। ਇਸ ਸਬੰਧੀ ਪੁਲੀਸ ਚੌਕੀ ਇੰਚਾਰਜ ਬੰਡਾਲਾ ਐੱਸ.ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਖ਼ਿਲਾਫ਼ ਥਾਣਾ ਜੰਡਿਆਲਾ ਗੁਰੂ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All