ਦਿੱਲੀ ’ਚ ਬਹੁ-ਮੰਜ਼ਿਲਾ ਫੈਕਟਰੀ ਨੂੰ ਅੱਗ, 43 ਮੌਤਾਂ

ਨਵੀਂ ਦਿੱਲੀ ਵਿਚ ਰਾਣੀ ਝਾਂਸੀ ਰੋਡ ’ਤੇ ਪੈਂਦੀ ਫੈਕਟਰੀ ਵਿਚ ਬਚਾਅ ਕਾਰਜਾਂ ਵਿਚ ਜੁਟੇ ਹੋਏ ਪੁਲੀਸ ਕਰਮੀ ਤੇ ਅੱਗ ਬੁਝਾਊ ਅਮਲੇ ਦੇ ਮੈਂਬਰ। -ਫੋਟੋ: ਪੀਟੀਆਈ

* ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ *  ਇਮਾਰਤ ਦੀਆਂ ਤਿੰਨ ਮੰਜ਼ਿਲਾਂ ’ਚ ਚੱਲ ਰਹੀਆਂ ਸਨ ਫੈਕਟਰੀਆਂ *  ਅੱਗ ਬੁਝਾਊ ਦਸਤੇ ਦੀਆਂ 30 ਗੱਡੀਆਂ ਅਤੇ 150 ਮੁਲਾਜ਼ਮਾਂ ਨੇ ਚਲਾਏ ਰਾਹਤ ਅਤੇ ਬਚਾਅ ਕਾਰਜ *  ਇਮਾਰਤ ਲਈ ਫਾਇਰ ਵਿਭਾਗ ਤੋਂ ਨਹੀਂ ਲਈ ਗਈ ਸੀ ਐੱਨਓਸੀ * ਉਪਹਾਰ ਸਿਨੇਮਾ ਅਗਨੀ ਕਾਂਡ ਮਗਰੋਂ ਕੌਮੀ ਰਾਜਧਾਨੀ ’ਚ ਸਭ ਤੋਂ ਭਿਆਨਕ ਅਗਨੀ ਕਾਂਡ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 8 ਦਸੰਬਰ ਦਿੱਲੀ ਦੇ ਭੀੜ-ਭਾੜ ਵਾਲੇ ਅਨਾਜ ਮੰਡੀ ਇਲਾਕੇ ’ਚ ਰਾਣੀ ਝਾਂਸੀ ਰੋਡ ’ਤੇ ਬਹੁ-ਮੰਜ਼ਿਲਾ ਇਮਾਰਤ ’ਚ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗਣ ਕਾਰਨ 43 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਡੇਢ ਦਰਜਨ ਦੇ ਕਰੀਬ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ’ਚ ਦਿੱਲੀ ਅੱਗ ਬੁਝਾਊ ਦਸਤੇ ਦੇ ਦੋ ਮੁਲਾਜ਼ਮ ਵੀ ਸ਼ਾਮਲ ਹਨ। ਉੱਤਰੀ ਦਿੱਲੀ ’ਚ ਪੈਂਦੀ ਇਮਾਰਤ ’ਚ ਗ਼ੈਰਕਾਨੂੰਨੀ ਫੈਕਟਰੀਆਂ ਚੱਲ ਰਹੀਆਂ ਸਨ। ਕੌਮੀ ਰਾਜਧਾਨੀ ’ਚ 1997 ਦੇ ਉਪਹਾਰ ਸਿਨਮਾ ਅਗਨੀ ਕਾਂਡ ਮਗਰੋਂ ਇਹ ਸਭ ਤੋਂ ਭਿਆਨਕ ਹਾਦਸਾ ਹੈ। ਉਸ ਸਮੇਂ ਸਿਨਮਾਘਰ ’ਚ ਅੱਗ ਲੱਗਣ ਕਾਰਨ 59 ਵਿਅਕਤੀ ਮਾਰੇ ਗਏ ਸਨ। ਦਿੱਲੀ ਪੁਲੀਸ ਨੇ ਇਮਾਰਤ ਦੇ ਮਾਲਕ ਰੇਹਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਹੈ। ਉੱਤਰੀ ਜ਼ਿਲ੍ਹੇ ਦੀ ਡੀਸੀਪੀ ਮੋਨਿਕਾ ਭਾਰਦਵਾਜ ਨੇ ਦੱਸਿਆ ਕਿ ਇਮਾਰਤ ਲਈ ਦਿੱਲੀ ਫਾਇਰ ਸਰਵਿਸ ਤੋਂ ਕੋਈ ਇਤਰਾਜ਼ ਨਹੀਂ (ਐੱਨਓਸੀ) ਦਾ ਪ੍ਰਮਾਣ ਪੱਤਰ ਨਹੀਂ ਲਿਆ ਗਿਆ ਸੀ।

ਹਸਪਤਾਲ ’ਚ ਜ਼ੇਰੇ-ਇਲਾਜ ਰਾਜੇਸ਼ ਸ਼ੁਕਲਾ ਨਾਲ ਮਿਲਦੇ ਹੋਏ ਸਤਿੰਦਰ ਜੈਨ।

ਪੁਲੀਸ ਅਤੇ ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਮੌਤਾਂ ਅੱਗ ਦੇ ਧੂੰਏਂ ’ਚ ਸਾਹ ਘੁੱਟਣ ਕਰਕੇ ਹੋਈਆਂ ਹਨ ਕਿਉਂਕਿ ਤੜਕੇ 5.22 ਵਜੇ ਅੱਗ ਲੱਗਣ ਵੇਲੇ ਉਥੇ ਮਜ਼ਦੂਰ ਗੂੜ੍ਹੀ ਨੀਂਦ ਸੁੱਤੇ ਪਏ ਸਨ। ਅਧਿਕਾਰੀਆਂ ਮੁਤਾਬਕ ਅੱਗ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਸ਼ੁਰੂ ਹੋਈ। ਦਿੱਲੀ ਫਾਇਰ ਸਰਵਿਸ ਨੂੰ ਜਦੋਂ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਤੁਰੰਤ 30 ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਅਮਲੇ ਦੇ ਕਰੀਬ 150 ਜਵਾਨਾਂ ਨੇ ਇਮਾਰਤ ’ਚੋਂ 63 ਵਿਅਕਤੀਆਂ ਨੂੰ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ 43 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ’ਚ ਇਕ ਬੱਚਾ ਵੀ ਸ਼ਾਮਲ ਹੈ। ਇਸ ਦੀ ਤਸਦੀਕ ਨਹੀਂ ਹੋ ਸਕੀ ਕਿ ਜ਼ਖ਼ਮੀ ਹੋਏ ਵਿਅਕਤੀ ਫੈਕਟਰੀਆਂ ਦੇ ਕਾਮੇ ਸਨ ਪਰ ਇਮਾਰਤ ’ਚ ਸੁੱਤੇ ਪਏ ਬਹੁਤੇ ਲੋਕ ਮਜ਼ਦੂਰ ਸਨ ਜੋ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸਬੰਧਤ ਸਨ। ਗਲੀਆਂ ਭੀੜੀਆਂ ਹੋਣ ਕਰਕੇ ਅੱਗ ਬੁਝਾਊ ਦਸਤੇ ਨੂੰ ਬਚਾਅ ਕਾਰਜਾਂ ’ਚ ਮੁਸ਼ਕਲਾਂ ਆਈਆਂ ਅਤੇ ਉਨ੍ਹਾਂ ਨੂੰ ਖਿੜਕੀਆਂ ਦੀਆਂ ਗਰਿੱਲਾਂ ਕੱਟ ਕੇ ਅੰਦਰ ਜਾਣਾ ਪਿਆ। ਮੁਢਲੀ ਜਾਂਚ ਮੁਤਾਬਕ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਜਾਪਦੀ ਹੈ। ਬਿਜਲੀ ਕੰਪਨੀ ਬੀਵਾਈਪੀਐੱਲ ਨੇ ਕਿਹਾ ਕਿ ਅੱਗ ‘ਅੰਦਰੂਨੀ ਪ੍ਰਣਾਲੀ’ ’ਚ ਖਾਮੀ ਕਾਰਨ ਲੱਗੀ। ਜ਼ਖ਼ਮੀ ਲੋਕਾਂ ਨੂੰ ਬਾਹਰ ਕੱਢ ਕੇ ਆਟੋ ਅਤੇ ਆਵਾਜਾਈ ਦੇ ਹੋਰ ਸਾਧਨਾਂ ਰਾਹੀਂ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ, ਰਾਮ ਮਨੋਹਰ ਲੋਹੀਆ ਤੇ ਹਿੰਦੂ ਰਾਓ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ। ਪ੍ਰਭਾਵਿਤ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਪਲਾਸਟਿਕ ਦੇ ਖਿਡੌਣੇ ਬਣਦੇ ਸਨ। ਪਹਿਲੀ ਮੰਜ਼ਿਲ ’ਤੇ ਕਾਰਡ ਬੋਰਡ ਦਾ ਕੰਮ ਹੁੰਦਾ ਹੈ, ਦੂਜੀ ਮੰਜ਼ਿਲ ’ਤੇ ਕੱਪੜੇ ਦੀ ਵਰਕਸ਼ਾਪ ਸੀ ਅਤੇ ਤੀਜੀ ਮੰਜ਼ਿਲ ’ਤੇ ਜੈਕਟਾਂ ਬਣਦੀਆਂ ਸਨ ਤੇ ਪ੍ਰਿੰਟਿੰਗ ਦਾ ਕੰੰਮ ਹੁੰਦਾ ਸੀ। ਅੱਗ ਤੀਜੀ ਮੰਜ਼ਿਲ ਨੂੰ ਲੱਗੀ ਜਿਸ ਨੇ ਦੂਜੀ ਮੰਜ਼ਿਲ ਨੂੰ ਵੀ ਨੁਕਸਾਨ ਪਹੁੰਚਾਇਆ। ਫੈਕਟਰੀ ’ਚ 12 ਤੋਂ 15 ਮਸ਼ੀਨਾਂ ਸਨ ਅਤੇ ਦੋ ਮੰਜ਼ਿਲਾਂ ’ਤੇ ਪਿਆ ਸਾਰਾ ਸਾਮਾਨ ਸੜ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਥੀ ਮੰਤਰੀਆਂ ਇਮਰਾਨ ਹੁਸੈਨ ਅਤੇ ਸਤਿੰਦਰ ਜੈਨ ਨਾਲ ਅੱਗ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮਗਰੋਂ ਉਹ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ’ਚ ਜ਼ਖ਼ਮੀਆਂ ਨੂੰ ਵੀ ਦੇਖਣ ਗਏ। ਅਗਨੀ ਕਾਂਡ ’ਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਕੇਂਦਰੀ ਸ਼ਹਿਰੀ ਮੰਤਰੀ ਹਰਦੀਪ ਸਿੰਘ ਪੁਰੀ, ਅਨੁਰਾਗ ਠਾਕੁਰ, ਸੰਸਦ ਮੈਂਬਰ ਪ੍ਰਵੇਸ਼ ਵਰਮਾ, ਮਨੋਜ ਤਿਵਾੜੀ, ਵਿਜੈ ਗੋਇਲ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਆਗੂਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਅਨਾਜ ਮੰਡੀ ’ਚ ਅਗਨੀ ਕਾਂਡ ਦਾ ਦੁੱਖ ਹੈ। ਉਨ੍ਹਾਂ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦੇ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਵੀ ਮੌਤਾਂ ’ਤੇ ਦੁੱਖ ਪ੍ਰਗਟਾਇਆ ਹੈ। ਦਿੱਲੀ ਦੇ ਮਾਲ ਮੰਤਰੀ ਕੈਲਾਸ਼ ਗਹਿਲੋਤ ਨੇ ਸੈਂਟਰਲ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਜਾਂਚ ਕਰਕੇ 7 ਦਿਨਾਂ ’ਚ ਰਿਪੋਰਟ ਦੇਣ ਲਈ ਕਿਹਾ ਹੈ। ਉਧਰ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਅਵਤਾਰ ਸਿੰਘ ਨੇ ਕਿਹਾ ਨਿਗਮ ਕਮਿਸ਼ਨਰ ਵੱਲੋਂ ਵੀ ਘਟਨਾ ਦੀ ਜਾਂਚ ਲਈ ਟੀਮ ਬਣਾਈ ਜਾਵੇਗੀ। ਐੱਨਡੀਆਰਐੱਫ ਦੇ ਡਿਪਟੀ ਕਮਾਂਡਰ ਆਦਿੱਤਿਆ ਪ੍ਰਤਾਪ ਸਿੰਘ ਨੇ ਕਿਹਾ ਕਿ ਇਮਾਰਤ ’ਚ ਅੱਗ ਲੱਗਣ ਮਗਰੋਂ ਕਾਰਬਨ ਮੋਨੋਆਕਸਾਈਡ ਕਾਰਨ ਸਾਹ ਲੈਣਾ ਔਖਾ ਹੋ ਗਿਆ ਸੀ ਜਿਸ ਕਾਰਨ ਜ਼ਿਆਦਾਤਰ ਮੌਤਾਂ ਹੋਈਆਂ ਹਨ। ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਡੀਸੀਪੀ ਰਾਜੇਸ਼ ਦੇਵ ਤੇ ਏਸੀਪੀ ਸੰਦੀਪ ਲਾਂਬਾ ਦੀ ਅਗਵਾਈ ਹੇਠਲੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਪਰਾਧ ਸ਼ਾਖਾ ਨੇ ਫੈਕਟਰੀ ਦੀ ਦੂਜੀ ਮੰਜ਼ਿਲ ਵਿੱਚ ਬਣੇ ਦਫ਼ਤਰ ਤੋਂ ਸੀਸੀਟੀਵੀ ਦਾ ਡੀਵੀਆਰ ਲਿਆ ਹੈ ਹੋਰ ਸੀਸੀਟੀਵੀਜ਼ ਦੀ ਫੁਟੇਜ ਵੀ ਕਬਜ਼ੇ ’ਚ ਲਈ ਗਈ। ਮੌਕੇ ਤੋਂ ਪੰਜ ਛੋਟੇ ਸਲੰਡਰ ਵੀ ਬਰਾਮਦ ਕੀਤੇ ਗਏ ਹਨ। ਫੋਰੈਂਸਿਕ ਟੀਮ ਨੇ ਵੀ ਸਬੂਤ ਇਕੱਠੇ ਕੀਤੇ ਹਨ। ਜਦੋਂ ਅੱਗ ਲੱਗੀ ਉੱਦੋਂ ਬਹੁਤੇ ਮਜ਼ਦੂਰ ਸਵੇਰੇ 4.40 ਦੀ ਸ਼ਿਫ਼ਟ ਖ਼ਤਮ ਕਰਕੇ ਸੁੱਤੇ ਪਏ ਸਨ ਤੇ ਕੁੱਝ ਸਵੇਰੇ ਦੀ ਚਾਹ ਬਣਾਉਣ ਦੇ ਆਹਰ ’ਚ ਲੱਗੇ ਹੋਏ ਸਨ।

ਦਿੱਲੀ ਅਗਨੀ ਕਾਂਡ: ਫਾਇਰਮੈਨ ਨੇ 11 ਜਾਨਾਂ ਬਚਾਈਆਂ ਨਵੀਂ ਦਿੱਲੀ (ਪੱਤਰ ਪ੍ਰੇਰਕ): ਰਾਜਧਾਨੀ ਦਿੱਲੀ ਦੇ ਅਨਾਜ ਮੰਡੀ ਖੇਤਰ ਵਿਚ ਇਮਾਰਤ ਨੂੰ ਲੱਗੀ ਭਿਆਨਕ ਅੱਗ ’ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ’ਚ ਸ਼ਾਮਲ ਫਾਇਰਮੈਨ ਰਾਜੇਸ਼ ਸ਼ੁਕਲਾ ਨੇ ਬਹਾਦਰੀ ਦਾ ਨਮੂਨਾ ਪੇਸ਼ ਕੀਤਾ। ਭਾਂਬੜ ਬਣੀ ਇਮਾਰਤ ’ਚ ਸੱਭ ਤੋਂ ਪਹਿਲਾਂ ਉਹ ਦਾਖ਼ਲ ਹੋਇਆ। ਫਾਇਰਮੈਨ ਰਾਜੇਸ਼ ਸ਼ੁਕਲਾ ਨੇ ਜ਼ਹਿਰੀਲੇ ਧੂੰਏਂ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਜਾਨ ’ਤੇ ਖੇਡਦਿਆਂ 11 ਜਾਨਾਂ ਬਚਾਈਆਂ। ਬਚਾਅ ਕਾਰਜਾਂ ਦੌਰਾਨ ਉਸ ਦੀਆਂ ਲੱਤਾਂ ’ਤੇ ਸੱਟਾਂ ਲੱਗੀਆਂ ਹਨ ਅਤੇ ਉਹ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ’ਚ ਜ਼ੇਰੇ ਇਲਾਜ ਹੈ। ਹੁਣ ਇਸ ‘ਅਸਲ ਨਾਇਕ’ ਦੀ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। ਦਿੱਲੀ ਦੇ ਮੰਤਰੀ ਸਤਿੰਦਰ ਜੈਨ ਨੇ ਹਸਪਤਾਲ ਵਿੱਚ ਉਸ ਨਾਲ ਮੁਲਾਕਾਤ ਕੀਤੀ ਅਤੇ ਉਸ ਦੀ ਬਹਾਦਰੀ ਦੇ ਸੋਹਲੇ ਗਾਏ। ਸ੍ਰੀ ਜੈਨ ਨੇ ਟਵੀਟ ਕੀਤਾ, ‘‘ਫਾਇਰਮੈਨ ਰਾਜੇਸ਼ ਸ਼ੁਕਲਾ ਅਸਲ ਨਾਇਕ ਹਨ। ਉਹ ਇਮਾਰਤ ਵਿਚ ਸਭ ਤੋਂ ਪਹਿਲਾਂ ਦਾਖ਼ਲ ਹੋਣ ਅਤੇ 11 ਜਾਨਾਂ ਬਚਾਉਣ ਵਾਲਾ ਫਾਇਰਮੈਨ ਹੈ। ਸੱਟਾਂ ਲੱਗਣ ਦੇ ਬਾਵਜੂਦ ਉਸ ਨੇ ਆਪਣੇ ਕੰਮ ਨੂੰ ਅੰਜਾਮ ਤੱਕ ਪਹੁੰਚਾਇਆ। ਮੈਂ ਇਸ ਬਹਾਦਰ ਨਾਇਕ ਨੂੰ ਸਲਾਮ ਕਰਦਾ ਹਾਂ।’’ ਉਨ੍ਹਾਂ ਰਾਜੇਸ਼ ਸ਼ੁਕਲਾ ਨਾਲ ਮੁਲਾਕਾਤ ਦੀ ਇੱਕ ਤਸਵੀਰ ਵੀ ਟਵੀਟ ਕੀਤੀ ਹੈ।

ਮ੍ਰਿਤਕਾਂ ਦੇ ਵਾਰਸਾਂ ਅਤੇ ਜ਼ਖ਼ਮੀਆਂ ਲਈ ਮੁਆਵਜ਼ੇ ਦਾ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਅਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਤੇ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਰਾਹਤ ਫੰਡ ’ਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਵੀ ਮ੍ਰਿਤਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਸੂਬੇ ਨਾਲ ਸਬੰਧਤ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿਤੀ ਮਦਦ ਦਾ ਐਲਾਨ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All