ਦਾਗ਼ਿਸਤਾਨ ਦਾ ਸਪੂਤ-ਰਸੂਲ ਹਮਜ਼ਾਤੋਵ

ਦਾਗ਼ਿਸਤਾਨ ਦਾ ਸਪੂਤ-ਰਸੂਲ ਹਮਜ਼ਾਤੋਵ

ਪਰਮਜੀਤ ਢੀਂਗਰਾ

ਬਹੁਤ ਘੱਟ ਅਜਿਹੇ ਲੇਖਕ ਹੁੰਦੇ ਹਨ, ਜੋ ਸਮੁੱਚੀ ਲੋਕਾਈ ਦੇ ਮਨਾਂ ਵਿਚ ਕਿਸੇ ਮੁਹਾਵਰੇ ਜਾਂ ਲੋਕ ਆਇਤ ਵਾਂਗ ਵਸ ਜਾਂਦੇ ਹਨ। ਅਜਿਹੇ ਲੇਖਕ ਲੋਕ ਮਨਾਂ ਦੀਆਂ ਸਿਮਰਤੀਆਂ ਵਿਚ ਅਜਿਹੀਆਂ ਚਿਰਜੀਵੀ ਲਾਲਟੈਨਾਂ ਵਾਂਗ ਜਗਦੇ ਰਹਿੰਦੇ ਹਨ, ਜਿਨ੍ਹਾਂ ਦਾ ਚਾਨਣ ਕਦੇ ਨਿੰਮ੍ਹਾ ਨਹੀਂ ਹੁੰਦਾ। ਅਜਿਹੇ ਲੇਖਕਾਂ ਵਿਚ ਹੀ ਆਉਂਦਾ ਹੈ ਦਾਗ਼ਿਸਤਾਨ ਦੇ ਮਹਾਨ ਸਪੂਤ ਰਸੂਲ ਹਮਜ਼ਾਤੋਵ ਦਾ ਨਾਂ। ਸੋਵੀਅਤ ਯੂਨੀਅਨ ਦੇ ਦਾਗਿਸਤਾਨ ਦੇ ਇਕ ਪਹਾੜੀ ਪਿੰਡ ਤਸਾਦਾ ਵਿਚ ਸੰਨ 1923 ਵਿਚ ਜੰਮਿਆ ਰਸੂਲ ਆਪਣੇ ਕਵੀ ਪਿਤਾ ਦੀ ਛਤਰ-ਛਾਇਆ ਵਿਚ ਬਚਪਨ ਵਿਚ ਕਵਿਤਾ ਨਾਲ ਇਕ-ਮਿੱਕ ਹੋ ਗਿਆ। ਉਹਦਾ ਪਿਤਾ ਲੋਕ ਕਵੀ ਦੀ ਹੈਸੀਅਤ ਰੱਖਦਾ ਸੀ ਤੇ ਰਸੂਲ ਨੇ ਲੋਕਧਾਰਾ ਨੂੰ ਮਨ ਮਸਤਕ ਵਿਚ ਅਕੀਦੇ ਵਾਂਗ ਵਸਾ ਲਿਆ ਸੀ। ਆਪਣੇ ਛੋਟੇ ਜਿਹੇ ਪਿੰਡ ਦੇ ਰੁੱਖਾਂ, ਝਰਨਿਆਂ, ਹਵਾਵਾਂ, ਕਿੱਸੇ ਕਹਾਣੀਆਂ, ਗਾਥਾਵਾਂ, ਬਜ਼ੁਰਗਾਂ ਦੀਆਂ ਅਸੀਸਾਂ, ਮਾਵਾਂ ਦੀਆਂ ਲੋਰੀਆਂ ਅਤੇ ਮਾਤ-ਭੂਮੀ ਦੇ ਪਿਆਰ ਵਿਚ ਪਲਦਾ ਉਹ ਜਿਵੇਂ ਸੱਚਮੁੱਚ ਰਸੂਲ ਬਣ ਗਿਆ ਸੀ। ਰਸੂਲ ਦਾ ਅਰਥ ਹੈ ਪੈਗਾਮ ਲਿਆਉਣ ਵਾਲਾ ਅਤੇ ਉਹ ਕਵਿਤਾ ਦਾ ਰਸੂਲ ਬਣ ਗਿਆ ਸੀ-ਕਵਿਤਾ ਦਾ ਅਮਰਦੂਤ। ਆਪਣੀ ਮਾਤਭੂਮੀ ਨੂੰ ਉਹ ਅੰਤਾਂ ਦਾ ਪਿਆਰ ਕਰਦਾ ਸੀ। ਦਾਗ਼ਿਸਤਾਨ ਜਿਵੇਂ ਉਹਦੀ ਰੂਹ ਵਿਚ ਵਸਿਆ ਕੋਈ ਮੰਜ਼ਰ ਹੋਵੇ। ਉਹ ਸਾਰੀ ਉਮਰ ਦਾਗ਼ਿਸਤਾਨ ਅਤੇ ਇਹਦੇ ਲੋਕਾਂ ਦੀਆਂ ਰੰਗਲੀਆਂ ਬਾਤਾਂ ਪਾਉਂਦਾ, ਉਨ੍ਹਾਂ ਦੇ ਜ਼ਿੰਦਗੀ ’ਚ ਭਿੱਜੇ ਗੀਤ ਗਾਉਂਦਾ ਅਤੇ ਕਵਿਤਾ ਵਿਚ ਆਪਣੀ ਮਾਤ ਭੂਮੀ ਨੂੰ ਸਲਾਮ ਵੀ ਕਰਦਾ ਤੇ ਸਲਾਹੁੰਦਾ ਵੀ। ‘ਦਾਗ’ ਦਾ ਅਰਥ ਹੈ ਪਰਬਤ ਅਤੇ ‘ਸਤਾਨ’ ਦਾ ਅਰਥ ਹੈ-ਦੇਸ਼ ਇੰਜ ਉਹ ਪਰਬਤਾਂ ਦੇ ਨਿੱਘੇ ਅਤੇ ਮਿੱਠੇ ਪਹਾੜੀ ਦੇਸ਼ ਦੇ ਨਗ਼ਮੇ ਬਚਪਨ ਤੋਂ ਹੀ ਗਾਉਣ ਲੱਗ ਪਿਆ। ਅੱਖਰ ਜੋੜ-ਜੋੜ ਕੇ ਜਿੱਦਾਂ ਪੜ੍ਹਦਾ ਏ ਬਾਲ ਉਸੇ ਤਰ੍ਹਾਂ ਹੀ ਮੈਂ ਦੁਹਰਾਵਾਂ ਕਹਿੰਦਿਆਂ ਕਦੇ ਨਾ ਥੱਕਾਂ ਦਾਗ਼ਿਸਤਾਨ, ਦਾਗ਼ਿਸਤਾਨ ਕੌਣ ਅਤੇ ਕੀ? ਦਾਗ਼ਿਸਤਾਨ ਕਿਹਦੇ ਬਾਰੇ ਮੈਂ ਗਾਵਾਂ? ਸਿਰਫ਼ ਉਹਦੇ ਬਾਰੇ ਤੇ ਸੁਣਾਵਾਂ ਇਹ ਮੈਂ ਕਿਹਨੂੰ? ਉਹਨੂੰ ਦਾਗ਼ਿਸਤਾਨ ਨੂੰ। ਅਰਾਨਿਨ ਦੇ ਮਿਡਲ ਸਕੂਲ ਵਿਚ ਜਦੋਂ ਉਹ ਪੜ੍ਹਾਈ ਖ਼ਤਮ ਕਰ ਚੁੱਕਾ ਤਾਂ ਉਹ ਬੂਈਨਾਕਸਕ ਦੇ ਅਧਿਆਪਕ ਸਿਖਲਾਈ ਇੰਸਟੀਚਿਊਟ ਵਿਚ ਦਾਖਲ ਹੋ ਗਿਆ। ਕੁਝ ਦੇਰ ਉਸ ਨੇ ਪੜ੍ਹਾਉਣ ਦਾ ਕਿੱਤਾ ਵੀ ਕੀਤਾ। ਫਿਰ ਅਵਾਰ, ਜਿਹੜੀ ਕਿ ਉਹਦੀ ਮਾਂ ਬੋਲੀ ਸੀ, ਇਹਦੇ ਥੀਏਟਰ ਵਿਚ ਕੰਮ ਕਰਦਾ ਰਿਹਾ। ਕੁਝ ਦੇਰ ਰਿਪਬਲਿਕ ਦੇ ਅਖ਼ਬਾਰ ਵਿਚ ਵੀ ਕੰਮ ਕੀਤਾ। ਪਹਿਲਾ ਕਾਵਿ ਸੰਗ੍ਰਹਿ 1937 ਵਿਚ ਪ੍ਰਕਾਸ਼ਤ ਹੋਇਆ।

ਉਹਦੀ ਜ਼ਿੰਦਗੀ ਵਿਚ ਅਸਲ ਸਿਰਜਨਾਤਮਕ ਮੋੜ ਉਦੋਂ ਆਇਆ ਜਦੋਂ ਉਹ ਮਾਸਕੋ ਦੇ ਸਾਹਿਤਕ ਇੰਸਟੀਚਿਊਟ ਵਿਚ ਦਾਖਲ ਹੋਇਆ। ਇਥੇ ਸਾਹਿਤ ਦੇ ਅਧਿਆਪਕਾਂ ਨੇ ਉਹਨੂੰ ਲਿਸ਼ਕਾਇਆ। ਲਿਸ਼ਕ ਤਾਂ ਉਹਦੇ ਵਿਚ ਪਹਿਲਾਂ ਵੀ ਸੀ ਪਰ ਇਥੇ ਉਹਦੀ ਚਮਕ ਦੂਣ-ਸਵਾਈ ਹੋਈ, ਜਦੋਂ ਉਹਦਾ ਵਾਹ ਗਰੀਕ ਅਤੇ ਹੋਰ ਕਲਾਸੀਕਲ ਸਾਹਿਤ ਨਾਲ ਪਿਆ। ਇਥੇ ਹੀ ਉਹਨੂੰ ਉਹ ਅਨੁਵਾਦਕ ਮਿਲੇ, ਜਿਨ੍ਹਾਂ ਨੇ ਉਹਦੇ ਕਾਵਿ ਸੰਸਾਰ ਨੂੰ ਅਨੁਵਾਦ ਕਰਕੇ ਮਹਾਨ ਰੂਸੀ ਸਾਹਿਤ ਦਾ ਅੰਗ ਬਣਾ ਦਿੱਤਾ ਤੇ ਅੱਗੋਂ ਅੰਗਰੇਜ਼ੀ ਰਾਹੀਂ ਇਹ ਵਿਸ਼ਵ ਸਾਹਿਤ ਦਾ ਹਿੱਸਾ ਬਣਿਆ। ਉਹਨੇ ਆਪਣੀ ਮਾਂ ਬੋਲੀ ਅਵਾਰ ਵਿਚ ਕਵਿਤਾ ਰਚੀ ਤੇ ਇਹ ਅੱਗੋਂ ਰੂਸੀ ਕਵਿਤਾ ਦਾ ਹਿੱਸਾ ਬਣ ਗਈ। ਭਾਵੇਂ ਉਹਦੀ ਬੋਲੀ ਅਵਾਰ ਬੋਲਣ ਵਾਲੇ ਬਹੁਤ ਥੋੜ੍ਹੇ ਹਨ ਪਰ ਉਸ ਨੇ ਇਹਦੀ ਸਮਰੱਥਾ ਪਛਾਣੀ।¨ ਲਗਪਗ ਪੰਜਾਹ ਸਾਲਾਂ ਦੀ ਉਮਰ ਵਿਚ ਜਦੋਂ ਰਸੂਲ ਨੂੰ ਪੁੱਛਿਆ ਗਿਆ ਕਿ ਕੀ ਸੋਲਾਂ ਸਾਲਾਂ ਦੀ ਉਮਰ ਵਿਚ ਉਸ ਨੇ ਕਵੀ ਬਣਨ ਦਾ ਸੁਪਨਾ ਤਕ ਵੀ ਦੇਖਿਆ ਸੀ ਤਾਂ ਉਹਦਾ ਜਵਾਬ ਸੀ ਕਿ ‘‘ਅਜਿਹਾ ਸੁਪਨਾ ਦੇਖਣ ਦੀ ਗੁੰਜਾਇਸ਼ ਹੀ ਕਿੱਥੇ ਸੀ, ਕਿਉਂਕਿ ਮੈਨੂੰ ਤਾਂ ਉਦੋਂ ਆਪਣੇ ਕਵੀ ਹੋਣ ਦਾ ਪੂਰਾ ਪੂਰਾ ਯਕੀਨ ਸੀ। ਇਸ ਸਬੰਧੀ ਮੇਰਾ ਸ਼ੱਕ ਤਾਂ ਉਮਰ ਦੇ ਪੱਕਣ ਨਾਲ ਪੈਦਾ ਹੋਇਆ।’’ ਇਹੋ ਜਿਹਾ ਸੀ ਰਸੂਲ-ਸਿੱਧਾ-ਸਾਦਾ, ਸੱਚਾ ਆਦਮੀ, ਸਾਫਗੋਈ, ਸਾਦਗੀ ਤੇ ਨਿਮਰਤਾ ਭਰੀ ਹਉਂ ਵਿਚ ਗੁੱਧਾ ਸਹਿਜਤਾ ਸਦਾ ਉਹਦੇ ਅੰਗ-ਸੰਗ ਰਹੀ। ਉਹਦੀਆਂ ਕਵਿਤਾਵਾਂ ਵਿਚ ਦਾਗ਼ਿਸਤਾਨ ਸਾਹ ਲੈਂਦਾ ਹੈ, ਧੜਕਦੇ ਦਿਲ ਵਾਂਗ ਧੜਕਦਾ ਹੈ। ਉਹਦੀਆਂ ਵਾਦੀਆਂ ਵਿਚ ਗੂੰਜਦੇ, ਹੁਸੀਨ ਨਗਮੇ, ਕਿੱਸੇ ਕਹਾਣੀਆਂ, ਗਾਉਂਦੇ ਪੰਛੀ, ਪ੍ਰੇਮ ਤਰੰਗਾਂ, ਯੋਧਿਆਂ ਦੀ ਹੁੰਕਾਰ ਅਤੇ ਹਰੀਆਂ ਵਾਦੀਆਂ ਤੇ ਜੰਗਲਾਂ ਦੇ ਬੇਪਨਾਹ ਹੁਸਨ ਨੂੰ ਰਸੂਲ ਦੀ ਭਾਸ਼ਾ, ਕਲਪਨਾ, ਵਿਅੰਗ ਅਤੇ ਮਿਠਾਸ ਨਾਲ ਜਿਉਂਦਿਆਂ ਕਰ ਦੇਂਦੀ ਹੈ। ਉਹਦਾ ਇਹ ਕਥਨ ਬੜਾ ਢੁੱਕਵਾਂ ਹੈ ਕਿ-‘ਕਵੀ ਪਰਵਾਸੀ ਪੰਛੀ ਨਹੀਂ ਹੁੰਦੇ। ਆਪਣੀ ਮਿੱਟੀ ਅਤੇ ਜ਼ਮੀਨ ਤੋਂ ਬਿਨਾਂ ਆਪਣੇ ਘਰ ਅਤੇ ਚੁੱਲ੍ਹੇ ਤੋਂ ਵੱਖ ਕਵਿਤਾ ਬਿਲਕੁਲ ਅਜਿਹੀ ਹੁੰਦੀ  ਹੈ, ਜਿਵੇਂ ‘ਜੜ੍ਹ ਤੋਂ ਬਿਨਾਂ ਰੁੱਖ ਜਾਂ ਬਿਨਾਂ ਆਲ੍ਹਣੇ ਤੋਂ ਪੰਛੀ।’ ਛੋਟੀ ਉਮਰੇ ਉਹਦੀਆਂ ਕਵਿਤਾਵਾਂ ਖੇਤਰੀ ਮਾਂ ਬੋਲੀ ਅਵਾਰ ਭਾਸ਼ਾ ਰਸਾਲਿਆਂ ਤੇ ਅਖ਼ਬਾਰ ਵਿਚ ਛਪਣ ਲੱਗ ਪਈਆਂ। ਉਹਦੇ ਨਿਰਾਲੇ ਅੰਦਾਜ਼, ਸ਼ੈਲੀ ਅਤੇ ਵਿਸ਼ਿਆਂ ਨੇ ਵਿਦਵਾਨਾਂ ਦਾ ਧਿਆਨ ਖਿੱਚਿਆ ਕਿ ਉਹ ਸੱਚਮੁੱਚ ਕਿਸੇ ਪ੍ਰਤਿਭਾ ਦਾ ਕਮਾਲ ਹੈ ਤੇ ਇਹ ਪ੍ਰਤਿਭਾਵਾਨ ਕਵੀ ਆਪਣੀ ਛੋਟੀ ਜਿਹੀ ਭਾਸ਼ਾ, ਛੋਟੀ ਜਿਹੀ ਮਾਤ-ਭੂਮੀ ਤੋਂ ਉੱਠ ਕੇ ਕੁੱਲ ਸੰਸਾਰ ਵਿਚ ਪਾਠਕਾਂ ਦੇ ਜ਼ਿਹਨ ’ਤੇ ਆਪਣੀ ਅਣਮੁੱਲੀ ਛਾਪ ਛੱਡ ਗਿਆ। ਉਦੋਂ ਤੋਂ ਲੈ ਕੇ ਮਚਾਖ ਕਲਾ ਵਿਚ ਉਹਦੀ ਮਾਂ ਬੋਲੀ ਵਿਚ ਤੇ ਮਾਸਕੋ ਵਿਚ ਰੂਸੀ ਵਿਚ ਉਹਦੇ ਚਾਲੀ ਦੇ ਕਰੀਬ ਕਾਵਿ-ਸੰਗ੍ਰਹਿ ਛਪ ਚੁੱਕੇ ਹਨ। ਚੜ੍ਹਦੀ ਉਮਰੇ ਚੰਗੇ ਭਾਗਾਂ ਨੂੰ ਉਹਨੂੰ ਅਵਾਰ ਭਾਸ਼ਾ ਦੇ ਉਸ ਸਮੇਂ ਦੇ ਮਹਾਂ ਕਵੀ ਏਫੇਂਦੀ ਕਾਪਿਏਵ ਨੂੰ ਮਿਲਣ ਤੇ ਉਹਨੂੰ ਆਪਣੀਆਂ ਕਵਿਤਾਵਾਂ ਸੁਣਾਉਣ ਦਾ ਮੌਕਾ ਮਿਲਿਆ। ਉਹ ਖ਼ੁਦ ਲਿਖਦਾ ਹੈ, ‘ਕਾਪਿਏਵ ਦਾਗ਼ਿਸਤਾਨ ਤੇ ਰੂਸ ਦੀ ਕਵਿਤਾ ਅਤੇ ਵਿਸ਼ਵ ਕਵਿਤਾ ਵਿਚ ਇਕ ਪੁਲ ਦੇ ਸਮਾਨ ਸੀ।’ ਆਪਣੀਆਂ ਕਵਿਤਾਵਾਂ ਬਾਰੇ ਉਸ ਮਹਾਂਕਵੀ ਦੀ ਰਾਏ ਰਸੂਲ ਲਈ ਬੜੀ ਅਹਿਮ ਅਤੇ ਮੁੱਲਵਾਨ ਸੀ। ਉਹਦੇ ਨਾਲ ਪਹਿਲੀ ਮਿਲਣੀ ਨੂੰ ਰਸੂਲ ਨੇ ਇੰਜ ਬਿਆਨਿਆ ਹੈ ‘‘...ਇਕ ਦਿਨ ਮਚਾਖ ਕਲਾ ਦੀ ਇਕ ਗਲੀ ਵਿਚ ਲੇਖਕਾਂ ਦੀ ਟੋਲੀ ਵਿਚ ਅਚਾਨਕ ਉਹਦੀ ਮੁਲਾਕਾਤ ਮਹਾਂ ਕਵੀ ਨਾਲ ਹੋਈ। ਉਨ੍ਹਾਂ ਨੇ ਮੈਨੂੰ, ਇਕ ਨਵੇਂ ਕਵੀ ਨੂੰ ਰੋਕਿਆ ਅਤੇ ਆਪਣੇ ਪੁਰਾਣੇ ਮਿੱਤਰ ਕਲਾਕਾਰ ਤੇ ਸੰਗੀਤਕਾਰ ਮਹਿਮੂਦ ਯੂਨੂਸਿਲੋ ਦੇ ਘਰ ਚੱਲਣ ਲਈ ਕਿਹਾ। ਇਥੇ ਕਵੀਆਂ ਨੇ ਛੋਟੀ ਜਿਹੀ ਸਭਾ ਵਿਚ ਵਾਰੋ ਵਾਰੀ ਆਪਣੀਆਂ ਕਵਿਤਾਵਾਂ ਸੁਣਾਈਆਂ ਤੇ ਮੈਨੂੰ ਵੀ ਕੁਝ ਸੁਣਾਉਣ ਲਈ ਕਿਹਾ ਗਿਆ। ਮੈਂ ਆਪਣੀਆਂ ਕਈ ਕਵਿਤਾਵਾਂ ਪੜ੍ਹ ਕੇ ਸੁਣਾਈਆਂ, ਜਿਨ੍ਹਾਂ ਦਾ ਪਹਿਲਾਂ ਰੂਸੀ ਵਿਚ ਅਨੁਵਾਦ ਹੋ ਚੁੱਕਿਆ ਸੀ। ਉਨ੍ਹਾਂ ਵਿੱਚੋਂ ਕਿਸੇ ’ਤੇ ਵੀ ਕਾਪਿਏਵ ਨੇ ਕੋਈ ਪ੍ਰਤੀਕਿਰਿਆ ਜ਼ਾਹਰ ਨਾ ਕੀਤੀ। ਤਦੋਂ ਉਸ ਬੈਠਕ ਵਿੱਚੋਂ ਹੀ ਕਿਸੇ ਨੇ ਪੁੱਛਿਆ- ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ‘ਬੁਰਾ ਨਹੀਂ’ ਉਹਨੇ ਜੁਆਬ ਦਿੱਤਾ। ਇਹ ਅਵਾਰ ਭਾਸ਼ਾ ਵਿਚ ਵਧੇਰੇ ਚੰਗੀ ਲੱਗਦੀ ਏ। ਕਿਸੇ ਨੇ ਕਿਹਾ। ‘ਠੀਕ ਹੋ ਸਕਦੈ’ ਕਾਪਿਏਵ ਨੇ ਕੁਝ ਸੋਚਦਿਆਂ ਕਿਹਾ। ਪਰ ਇਹ ਹੋਰ ਸਮਾਂ ਹੈ ਅਤੇ ਲੋੜ ਹੈ ਵੱਖਰੀਆਂ ਕਵਿਤਾਵਾਂ ਅਤੇ ਕਵੀਆਂ ਦੀ। ‘‘ਤੈਨੂੰ ਪੜ੍ਹਨਾ ਚਾਹੀਦੈ। ਰਸੂਲ ਖੂਬ ਪੜ੍ਹ, ਤੈਨੂੰ ਪੜ੍ਹਨ ਲਈ ਮਾਸਕੋ ਵਗ ਜਾਣਾ ਚਾਹੀਦੈ।’’ ਤੇ ਸੱਚਮੁੱਚ ਮਾਸਕੋ ਨੇ ਇਸ ਕਵੀ ਨੂੰ ਮਹਾਨ ਬਣਾ ਦਿੱਤਾ ਅਤੇ ਮਹਾਂ ਕਵੀ ਦੁਆਰਾ ਪਛਾਣੀ ਉਹਦੀ ਪ੍ਰਤਿਭਾ ਇਕ ਦਿਨ ਗੂੜ੍ਹੇ ਰੰਗ ਵਿਚ ਸਤਰੰਗੀ ਵਾਂਗ ਕਾਵਿ ਆਕਾਸ਼ ਵਿਚ ਫੈਲ ਗਈ। ਮਾਸਕੋ ਵਿਚ ਦੋ ਸਾਲਾਂ ਬਾਅਦ ਸਾਹਿਤ ਅਧਿਐਨ ਵਜੋਂ ਹੋਈ ਪ੍ਰਾਪਤੀ ਦੇ ਮੱਦੇਨਜ਼ਰ ਉਹਦੀ ਸ਼ੈਲੀ, ਭਾਸ਼ਾ ਅਤੇ ਵਿਸ਼ਿਆਂ ਵਿਚ ਵੱਖਰਤਾ ਆ ਗਈ ਪਰ ਇਸ ਅਨੁਭਵ ਨੇ ਉਹਨੂੰ ਇਹ ਵੀ ਸਿਖਾਇਆ ਕਿ ਮੌਲਿਕਤਾ ਕਿਸੇ ਦੀ ਮੁਥਾਜ ਨਹੀਂ ਹੁੰਦੀ ਤੇ ਜਲਦੀ ਹੀ ਉਹ ਆਪਣੇ ਪੁਰਾਣੇ ਸੁਭਾਅ ਤੇ ਸ਼ੈਲੀ ਨੂੰ ਆਪਣੇ ਤੋਂ ਦੂਰ ਨਾ ਰੱਖ ਸਕਿਆ। ਪਹਾੜਾਂ ਅਤੇ ਵਾਦੀਆਂ ਵਿਚਲੀ ਸਾਫਗੋਈ, ਹਰਿਆਵਲ ਅਤੇ ਝਰਨੇ ਉਹਨੂੰ ਸੱਦਾ ਦੇ ਰਹੇ ਸਨ ਕਿ ਉਹ ਪਹਾੜਾਂ ਦਾ ਸਪੂਤ ਹੈ ਤੇ ਜਲਦੀ ਹੀ ਉਹ ਵਾਪਸ ਆਪਣੇ ਪੁਰਾਣੇ ਖਾਸ ਅੰਦਾਜ਼ ਤੇ ਤੌਰ-ਤਰੀਕਿਆਂ ਦੀਆਂ ਹੀ ਅਵਾਰ ਭਾਸ਼ੀ ਕਵਿਤਾਵਾਂ ਵਿਚ ਡੂੰਘਾ ਰਮ ਗਿਆ। ਆਪਣੀਆਂ ਕਵਿਤਾਵਾਂ ਵਿਚ ਪਤਾ ਨਹੀਂ ਕਦੋਂ ਉਹ ਦਾਗ਼ਿਸਤਾਨ ਦੀਆਂ ਜੂਹਾਂ ਲੰਘ ਕੇ ਇਸ ਪੂਰੀ ਪ੍ਰਿਥਵੀ ਦੀਆਂ ਗੱਲਾਂ ਕਰਨ ਲੱਗ ਪਿਆ। ਉਹਦਾ ਕਥਨ ਹੈ ਕਿ ਜਦੋਂ ਇਕ ਸੱਚਾ ਕਵੀ ਅਤੇ ਮਾਤ ਭੂਮੀ ਦਾ ਸਪੂਤ ਆਪਣੀਆਂ ਵਿਅਕਤੀਗਤ ਭਾਵਨਾਵਾਂ ਨੂੰ ਪ੍ਰਗਟਾਉਣ ਵਿਚ ਸਫ਼ਲ ਹੋ ਜਾਂਦਾ ਹੈ ਤਾਂ ਇਕ ਤਰ੍ਹਾਂ ਨਾਲ ਉਹਦੀਆਂ ਇਹ ਭਾਵਨਾਵਾਂ ਸਾਰਿਆਂ ਲਈ ਆਪਣੇ ਵਰਗੀਆਂ ਹੋ ਜਾਂਦੀਆਂ ਹਨ। ਇਕ ਸੱਚੇ ਕਵੀ ਨੂੰ ਸਭ ਨਾਲੋਂ ਜ਼ਿਆਦਾ ਤਰਜੀਹ ਆਪਣੇ ਨਜ਼ਰੀਏ ਨੂੰ ਹੀ ਦੇਣੀ ਚਾਹੀਦੀ ਹੈ। ਉਹਦੀ ਵਾਰਤਕ ਵੀ ਉਹਦੀ ਕਵਿਤਾ ਵਾਂਗ ਹੀ ਨਿਰਮਲ ਡਲ੍ਹਕਾਂ ਮਾਰਦੀ ਹੈ। ਇਹਦੇ ਵਿਚਲੀ ਸੁਹਜਮਈ ਚੇਤਨਾ ਨੂੰ ਹੇਠਾਂ ਦਿੱਤੀਆਂ ਮਿਸਾਲਾਂ ਰਾਹੀਂ ਦੇਖਿਆ ਜਾ ਸਕਦਾ ਹੈ:- * ਸਭ ਤੋਂ ਵੱਧ ਦਿਆਲੀ ਅਤੇ ਸਨੇਹਭਰੀ ਅੱਗ ਮਾਂ ਦੇ ਹਿਰਦੇ ਅਤੇ ਹਰ ਘਰ ਦੇ ਚੁੱਲ੍ਹੇ ਵਿਚ ਹੁੰਦੀ ਹੈ। * ਖੰਜਰ ਲਈ ਸਭ ਤੋਂ ਜ਼ਿਆਦਾ ਭਰੋਸੇ ਦੀ ਥਾਂ ਮਿਆਨ ਹੈ, ਅੱਗ ਲਈ ਚੁਲ੍ਹਾ ਅਤੇ ਮਰਦ ਲਈ ਘਰ * ਚੁੱਲ੍ਹਾ ਘਰ ਦਾ ਦਿਲ ਅਤੇ ਚਸ਼ਮਾ ਪਿੰਡ ਦਾ ਦਿਲ ਹੈ। * ਪਹਾੜਾਂ ਨੂੰ ਅੱਗ ਚਾਹੀਦੀ ਹੈ ਅਤੇ ਘਾਟੀਆਂ ਨੂੰ ਪਾਣੀ। * ਜਿੱਥੇ ਚਸ਼ਮਾ ਏ, ਉਥੇ ਡੰਡੀ ਏ, ਜਿੱਥੇ ਡੰਡੀ ਏ ਉਥੇ ਰਾਹ ਏ ਤੇ ਰਾਹ ਦੀ ਸਾਰੇ ਲੋਕਾਂ ਨੂੰ, ਹਰ ਕਿਸੇ ਨੂੰ ਲੋੜ ਏ। ਰਾਹ ਤੋਂ ਬਿਨਾਂ ਬੰਦਾ ਘਰ ਨਹੀਂ ਲੱਭ ਸਕੇਗਾ, ਕਿਸੇ ਖੱਡ ਖਾਈ ਵਿਚ ਰਿੜ੍ਹ ਜਾਵੇਗਾ। * ਪਹਾੜਾਂ ਵਿਚ ਥਾਂ ਤੰਗ ਹੈ ਪਰ ਦਿਲ ਵੱਡੇ ਹਨ। * ਛੋਟਾ ਜਿਹਾ ਰੁੱਖ ਵੀ ਵੱਡੇ ਬਾਗ ਦੀ ਸ਼ਾਨ ਵਧਾਉਂਦਾ ਹੈ। * ਪਹਾੜੀ ਲੋਕ ਬਸੰਤ ਦੇ ਪਹਿਲੇ ਫੁੱਲ ਸਾਗਰ ਨੂੰ ਭੇਟ ਕਰਦੇ ਹਨ ਅਤੇ ਇਸ ਤਰ੍ਹਾਂ ਸਦਾ ਲਈ ਸਾਗਰ ਵਿਚ ਰਹਿ ਜਾਣ ਵਾਲੇ ਸੂਰਮਿਆਂ ਨੂੰ ਸ਼ਰਧਾਂਜਲੀ ਅਰਪਣ ਕਰਦੇ ਹਨ। * ਨਾਂ ਤੋਂ ਵੱਡਾ ਕੋਈ ਇਨਾਮ ਨਹੀਂ, ਜ਼ਿੰਦਗੀ ਤੋਂ ਵੱਡਾ ਕੋਈ ਖਜ਼ਾਨਾ ਨਹੀਂ। ਇਹੋ ਜਿਹੀਆਂ ਅਨੁਭਵੀ ਉਕਤੀਆਂ ਨਾਲ ਉਹਦੀ ਵਾਰਤਕ ਓਤਪੋਤ ਹੈ। ਉਹ ਵਾਰਤਕ ਵੀ ਕਵਿਤਾ ਵਾਂਗ ਲਿਖਦਾ ਹੈ ਤੇ ਉਹਦੀਆਂ ਵਾਰਤਕ ਉਕਤੀਆਂ ਲੋਕਾਂ ਦੇ ਮੂੰਹਾਂ ’ਤੇ ਲੋਕ ਵਾਕਾਂ ਵਾਂਗ ਚੜ੍ਹੀਆਂ ਹੋਈਆਂ ਹਨ। ਇਸ ਤੋਂ ਵੱਡਾ ਸਿਲਾ ਕਿਸੇ ਕਵੀ ਲਈ ਹੋਰ ਕੀ ਹੋ ਸਕਦਾ ਹੈ। ਇਸੇ ਕਰਕੇ ਉਹ ਆਪਣੀ ਰਚਨਾ ਬਾਰੇ ਖ਼ੁਦ ਲਿਖਦਾ ਹੈ-‘ ਕੁਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਬੀਤੇ ਬਾਰੇ ਸੋਗੀ, ਅਫਸੋਸੀਆਂ ਯਾਦਾਂ ਗਲ ਨਾਲ ਲਾਈ ਰੱਖਦੇ ਹਨ। ਅਜਿਹੇ ਲੋਕਾਂ ਦੇ ਵਰਤਮਾਨ ਤੇ ਭਵਿੱਖ ਬਾਰੇ ਵੀ ਇਸੇ ਤਰ੍ਹਾਂ ਦੇ ਗਮਗੀਨ ਤੇ ਮਸੋਸੇ ਖਿਆਲ ਹੁੰਦੇ ਹਨ। ਕੁਝ ਲੋਕ ਹੁੰੰਦੇ ਹਨ, ਜਿਹੜੇ ਬੀਤੇ ਬਾਰੇ ਰੌਸ਼ਨ, ਸੁਪਹਿਲੀਆਂ ਯਾਦਾਂ ਰੱਖਦੇ ਹਨ। ਉਨ੍ਹਾਂ ਦੇ ਚਿੰਤਨ ਵਿਚ ਵਰਤਮਾਨ ਤੇ ਭਵਿੱਖ ਵੀ ਰੋਸ਼ਨ ਹੁੰਦਾ ਹੈ। ਤੀਜੀ ਤਰ੍ਹਾਂ ਦੇ ਲੋਕ ਉਹ ਹੁੰਦੇ ਹਨ,ਜਿਨ੍ਹਾਂ ਦੀਆਂ ਯਾਦਾਂ ਵਿਚ ਖੁਸ਼ੀ ਵੀ ਹੁੰਦੀ ਹੈ, ਉਦਾਸੀ ਵੀ, ਧੁੱਪ ਵੀ ਅਤੇ ਛਾਂ ਵੀ। ਵਰਤਮਾਨ ਅਤੇ ਭਵਿੱਖ ਬਾਰੇ ਉਨ੍ਹਾਂ ਦੇ ਵਿਚਾਰਾਂ ਵਿਚ ਵੀ  ਵੰਨ-ਸੁਵੰਨੇ ਭਾਵ ਲਿਸ਼ਕਦੇ ਹਨ, ਖਿਆਲ ਸੁਨਹਿਰੀ  ਭਾਹ ਮਾਰਦੇ ਹਨ ਤੇ ਉਹ ਇਲਾਹੀ ਸੰਗੀਤ ਤੇ ਰੰਗ ਨਾਲ ਭਰੇ ਹੁੰਦੇ ਹਨ। ਮੈਂ ਤੀਜੀ ਤਰ੍ਹਾਂ ਦੇ ਲੋਕਾਂ ਵਿੱਚੋਂ ਹਾਂ।’ ਦਾਗ਼ਿਸਤਾਨੀ ਹੋਣ ਨਾਤੇ ਰਸੂਲ ਨੂੰ ਆਪਣੇ ਆਪ ’ਤੇ ਫ਼ਖਰ ਸੀ। ਉਹ ਖ਼ੁਦ ਲਿਖਦਾ ਹੈ ਕਿ ‘ਅਰਬੀ ਵਿਚ ਉਹਦੇ ਨਾਂ ਰਸੂਲ ਦਾ ਅਰਥ ਹੈ- ਨੁਮਾਇੰਦਾ’ ਉਹਦੇ ਅਨੁਸਾਰ ‘ਉਹ ਕਵੀ ਸਭ ਨਾਲੋਂ ਖੁਸ਼ਨਸੀਬ ਹੁੰਦਾ ਏ ਜਿਸ ਨੂੰ ਉਹਦੇ ਪਾਠਕ ਕਹਿੰਦੇ ਨੇ ਕਿ ਉਹ ਸਾਡੇ ਦੇਸ਼ ਅਤੇ ਕਵਿਤਾ ਦਾ ਨੁਮਾਇੰਦਾ ਏ।’ ਰਸੂਲ ’ਤੇ ਇਹ ਉਕਤੀ ਪੂਰੀ ਤਰ੍ਹਾਂ ਢੁਕਦੀ ਏ।

ਮੋਬਾਈਲ: 94173-58120

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All