ਦਲਿਤ ਜੀਵਨ ਦੀ ਪੇਸ਼ਕਾਰੀ

ਕੇ.ਐਲ. ਗਰਗ ਪੁਸਤਕ ਪੜਚੋਲ

ਨਾਟਕ ‘ਅੰਧ ਕੂਪ’ (ਕੀਮਤ: 100 ਰੁਪਏ; ਗਰੇਸ਼ੀਅਸ ਬੁੱਕਸ, ਪਟਿਆਲਾ) ਬਾਰੇ ਡਾ. ਲਕਸ਼ਮੀ ਨਾਰਾਇਣ ਭੀਖੀ ਲਿਖਦਾ ਹੈ: ‘‘ਨਾਟਕ ਅੰਧ-ਕੂਪ ਦੇ ਪਾਤਰ ਜਬਰ, ਜ਼ੁਲਮ, ਅਨਿਆਂ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਹਨ, ਪਰ ਉਹ ਮੁਕਤ ਹੋਣ ਲਈ ਯਤਨਸ਼ੀਲ ਹਨ। ਨਾਟਕ ‘ਅੰਧ ਕੂਪ’ ਦਲਿਤ ਲੋਕਾਂ ਦੀ ਗੁੱਲੀ ਕੱਟ ਪਾਉਣ ਦਾ ਯਤਨ ਕਰਦਾ ਹੈ।’’ ਨਾਟਕਕਾਰ ਪ੍ਰੀਤ ਮਹਿੰਦਰ ਦਾ ਇਹ ਨਾਟਕ ਦਲਿਤਾਂ ਦੇ ਜੀਵਨ ਦੇ ਤ੍ਰਾਸਦਿਕ ਤੇ ਦੁੱਖ ਭਰੇ ਜੀਵਨ ਦੀ ਸਹਿਜ ਪੇਸ਼ਕਾਰੀ ਹੈ। ਇਸ ਨਾਟਕ ਵਿਚ ਲੇਖਕ ਆਪਣੀ ਗੱਲ ਨੂੰ ਨਾਅਰਾ ਨਾ ਬਣਾਉਂਦਾ ਹੋਇਆ, ਸਹਿਜ ਭਾਵੀ ਹੋ ਕੇ ਦਲਿਤਾਂ ਦੀ ਹੋਣੀ ਵੱਲ ਸੰਕੇਤ ਕਰਦਾ ਹੈ। ਇਸ ਦੇ ਸਾਰੇ ਦੇ ਸਾਰੇ ਪਾਤਰ ਜਿਵੇਂ ਗਰਜੂ, ਨਸੀਬੋ, ਅੱਕੜੀ, ਆਤੂ, ਮਧੀਆ ਆਦਿ ਅੰਤਾਂ ਦਾ ਦੁੱਖ ਭੋਗਦੇ ਦਿਖਾਈ ਪੈਂਦੇ ਹਨ। ਕਿਤੇ ਉਹ ਧਰਮ ਦਾ ਆਸਰਾ ਭਾਲਦੇ ਹਨ, ਕਿਤੇ ਟੂਣੇ-ਟਾਮਣਾਂ ਦਾ ਤੇ ਕਿਤੇ ਕਿਸੇ ਹੋਰ ਸ਼ੈਅ ਦਾ। ਉਨ੍ਹਾਂ ਦਾ ਜੀਵਨ ਅੰਨ੍ਹੇ ਖੂਹ ਜਿਹਾ ਹੈ ਜਿੱਥੇ ਹਨੇਰਾ ਹੀ ਹਨੇਰਾ ਹੈ। ਨਾਟਕਕਾਰ ਨੇ ਦਲਿਤਾਂ ਦੇ ਜੀਵਨ ਨੂੰ ‘ਅੰਧ-ਕੂਪ’ ਦੇ ਪ੍ਰਤੀਕ ਵਜੋਂ ਸਿਰਜਿਆ ਹੈ ਜਿਸ ਨੂੰ ਗੁਰਦੁਆਰੇ ਦਾ ਭਾਈ ਜੀ ਇਕ ਨਰਕ ਦੱਸਦਾ ਹੈ, ਜੋ ਪਾਤਾਲ ਲੋਕ ਵਿਚ ਸਥਿਤ ਹੈ ਤੇ ਜਿੱਥੇ ਹਨੇਰਾ ਹੀ ਹਨੇਰਾ ਹੈ। ਇਹ ਅਜਿਹਾ ਅੰਨ੍ਹਾ ਖੂਹ ਹੈ ਜਿੱਥੇ ਕਦੀ ਚਾਨਣ ਨਹੀਂ ਹੁੰਦਾ। ਪਾਪੀਆਂ ਨੂੰ ਇਸ ਨਰਕ ’ਚ ਰੱਖਿਆ ਜਾਂਦਾ ਹੈ। ਇੱਥੇ ਉਨ੍ਹਾਂ ਨੂੰ ਉਨੀਂਦਰੇ ਰੱਖ ਕੇ ਕਦੀ ਸੌਣ ਨਹੀਂ ਦਿੱਤਾ ਜਾਂਦਾ। ਦਲਿਤ ਪਾਤਰ ਦੁੱਖ ਜ਼ਰੂਰ ਭੋਗਦੇ ਹਨ, ਪਰ ਉਹ ਹਾਰਦੇ ਨਹੀਂ, ਇਹੋ ਇਸ ਨਾਟਕ ਦੀ ਖ਼ਾਸ ਪੜ੍ਹਤ ਹੈ। ਇਸ ਪ੍ਰਤੀਕ ਨੂੰ ਉਹ ਆਪਣੇ ਨਾਟਕ ਵਿਚ ਵੱਖੋ-ਵੱਖ ਘਟਨਾਵਾਂ ਰਾਹੀਂ ਸਾਕਾਰ ਕਰਦਾ ਨਜ਼ਰ ਆਉਂਦਾ ਹੈ। ਗਰਜੂ ਦੀ ਸ਼ਾਮਲਾਟ ’ਤੇ ਤਕੜਿਆਂ ਦਾ ਕਬਜ਼ਾ, ਉਸ ’ਤੇ ਹਿੰਸਕ ਹਮਲਾ, ਉਸ ਦੀ ਖੜ੍ਹੀ ਫ਼ਸਲ ਨੂੰ ਅੱਗ ਲਾਉਣੀ, ਆਤੂ ਦੀ

ਕੇ.ਐਲ. ਗਰਗ

ਦੁਰਦਸ਼ਾ, ਅੱਕੜੀ ਦੇ ਪ੍ਰੇਮ ਵਿਆਹ ’ਚ ਅੜਚਣਾਂ ਡਾਹੁਣੀਆਂ ਆਦਿ ਅਨੇਕਾਂ ਘਟਨਾਵਾਂ ਦਲਿਤ ਜੀਵਨ ਦੇ ਦੁਖਾਂਤ ਨੂੰ ਪੇਸ਼ ਕਰਦੀਆਂ ਹਨ। ਮਲਵਈ ਬੋਲੀ ਦਾ ਲੋਕ ਮੁਹਾਵਰਾ ਇਸ ਨਾਟਕ ਦੀ ਚੂਲ ਸਿੱਧ ਹੋਇਆ ਹੈ। ਮਲਵਈ ਬੋਲੀ ਦਾ ਜਲੌਅ ਇਸ ਨਾਟਕ ਦੀ ਜਿੰਦ-ਜਾਨ ਹੈ। ਅੰਤ ਵਿਚ ਦਲਿਤ ਗਰਜੂ ਅਤੇ ਮਾਘੀ ਦੀ ਆਵਾਜ਼ ਨੂੰ ਸੰਘਰਸ਼ ਲਈ ਉੱਠਦੀ ਪੇਸ਼ ਕਰਕੇ ਨਾਟਕਕਾਰ ਨੇ ਹਾਂ-ਪੱਖੀ ਹੁੰਗਾਰਾ ਭਰਿਆ ਹੈ। ਸੰਪਰਕ: 94635-37050

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All