ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ

ਜੱਗਾ ਸਿੰਘ ਆਦਮਕੇ ਸੈਰ ਸਫ਼ਰ

ਰਾਜਸਥਾਨ ਦਾ ਪ੍ਰਸਿੱਧ ਨਗਰ ਅਜਮੇਰ ਇਸ ਦੀ ਰਾਜਧਾਨੀ ਜੈਪੁਰ ਤੋਂ 135 ਕਿਲੋਮੀਟਰ ਦੂਰ ਹੈ। ਇਹ ਨਗਰ ਅਰਾਵਲੀ ਪਰਬਤ ਸ਼੍ਰੇਣੀ ਦੇ ਤਾਰਾਗੜ੍ਹ ਨਾਮੀ ਪਰਬਤ ਦੇ ਇਕ ਪਾਸੇ ਸਥਿਤ ਹੈ। ਅਜਮੇਰ ਕਾਫ਼ੀ ਪੁਰਾਤਨ ਨਗਰ ਹੈ। ਸੱਤਵੀਂ ਸਦੀ ਵਿੱਚ ਅਜੈਪਾਲ ਨਾਮੀ ਚੌਹਾਨ ਸ਼ਾਸਕ ਨੇ ਇਸ ਨੂੰ ਵਸਾਇਆ ਸੀ। ਇਸ ਕਾਰਨ ਇਸ ਨਗਰ ਦਾ ਨਾਂ ‘ਅਜੈਮੇਰੂ’ ਸੀ ਜੋ ਸਮਾਂ ਬੀਤਣ ’ਤੇ ਅਜਮੇਰ ਹੋ ਗਿਆ। ਇਹ ਨਗਰ ਖ਼ਵਾਜ਼ਾ ਮੋਇਨ-ਉਦ-ਦੀਨ ਚਿਸ਼ਤੀ ਦੀ ਦਰਗਾਹ ਕਾਰਨ ਦੇਸ਼ ਵਿਦੇਸ਼ ਵਿਚ ਪ੍ਰਸਿੱਧ ਹੈ। ਇਸ ਤੋਂ ਇਲਾਵਾ ਅਜਮੇਰ ਆਪਣੇ ਪੁਰਾਤਨ ਕਿਲ੍ਹੇ ਤਾਰਾਗੜ੍ਹ, ਢਾਈ ਦਿਨ ਕਾ ਝੋਪੜਾ, ਆਨਾ ਸਾਗਰ ਝੀਲ, ਅਕਬਰ ਕਿਲ੍ਹਾ ਆਦਿ ਕਾਰਨ ਸੈਲਾਨੀ ਪੱਖ ਤੋਂ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਦਾ ਮਹੱਤਵ ਰਾਜਸਥਾਨ ਦੇ ਪ੍ਰਸਿੱਧ ਸੈਲਾਨੀ ਕੇਂਦਰ ਤੇ ਹਿੰਦੂ ਤੀਰਥ ਸਥਾਨ ਪੁਸ਼ਕਰ ਦੇ ਇਸ ਨਗਰ ਤੋਂ ਮਹਿਜ਼ 11 ਕਿਲੋਮੀਟਰ ਦੂਰੀ ’ਤੇ ਸਥਿਤ ਹੋਣ ਕਾਰਨ ਵੀ ਹੈ। ਅਜਮੇਰ ਖ਼ਵਾਜ਼ਾ ਮੋਇਨ-ਉਦ-ਦੀਨ ਚਿਸ਼ਤੀ ਦੀ ਦਰਗਾਹ ਕਾਰਨ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਇਸ ਦਰਗਾਹ ਪ੍ਰਤੀ ਹਰ ਧਰਮ ਦੇ ਲੋਕਾਂ ਦੀ ਆਸਥਾ ਹੈ। ਹਰ ਸਾਲ ਸਾਰੇ ਧਰਮਾਂ ਦੇ ਲੱਖਾਂ ਲੋਕ ਇਸ ਦਰਗਾਹ ’ਤੇ ਸਿਜਦਾ ਕਰਨ ਆਉਂਦੇ ਹਨ। 1236 ਈਸਵੀ ਵਿਚ ਬਣੀ ਇਹ ਦਰਗਾਹ ਫ਼ਾਰਸੀ ਦੇ ਪ੍ਰਸਿੱਧ ਵਿਦਵਾਨ ਅਤੇ ਸੂਫ਼ੀ ਸੰਤ ਖ਼ਵਾਜ਼ਾ ਮੋਇਨ-

ਦਰਗਾਹ ਸ਼ਰੀਫ਼

ਉਦ-ਦੀਨ ਚਿਸ਼ਤੀ ਨਾਲ ਸਬੰਧਿਤ ਹੈ ਜੋ 1195 ਵਿਚ ਇੱਥੇ ਆਏ ਅਤੇ ਇੱਥੇ ਹੀ 1236 ਵਿਚ ਅੱਲ੍ਹਾ ਨੂੰ ਪਿਆਰੇ ਹੋ ਗਏ। ਦਰਗਾਹ ਵਾਲੇ ਸਥਾਨ ’ਤੇ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ। ਇਸ ਦਰਗਾਹ ਦਾ ਨਿਰਮਾਣ ਅਤੇ ਇਸ ਦਾ ਸੁੰਦਰੀਕਰਨ ਸਮੇਂ ਸਮੇਂ ’ਤੇ ਕਈ ਸ਼ਾਸਕਾਂ ਨੇ ਕਰਵਾਇਆ। ਖ਼ਵਾਜ਼ਾ ਮੋਇਨ-ਉਦ-ਦੀਨ ਦੀ ਸਫ਼ੈਦ ਸੰਗਮਰਮਰ ਦੀ ਬਣੀ ਦਰਗਾਹ ਕੰਪਲੈਕਸ ਦੇ ਵਿਚਕਾਰ ਸਥਿਤ ਹੈ। ਇਸ ਦਰਗਾਹ ’ਤੇ ਚਾਦਰ ਅਤੇ ਫੁੱਲ ਚੜ੍ਹਾਏ ਜਾਂਦੇ ਹਨ। ਇੱਥੇ ਕੱਵਾਲੀਆਂ ਗਾ ਕੇ ਕੱਵਾਲ ਖ਼ੂਬ ਰੰਗ ਬੰਨ੍ਹਦੇ ਹਨ। ਇਹ ਦਰਗਾਹ ਮੁਗ਼ਲ ਕਾਲ ਦੀ ਵਾਸਤੂਕਲਾ ਦਾ ਸੁੰਦਰ ਨਮੂਨਾ ਹੈ। ਇਸ ਦਰਗਾਹ ਕੰਪਲੈਕਸ ਦੇ ਚਾਰ ਦਰਵਾਜ਼ੇ ਹਨ ਜਿਨ੍ਹਾਂ ਵਿਚੋਂ ਦਰਗਾਹ ਬਾਜ਼ਾਰ ਵੱਲ ਦਾ ਨਿਜ਼ਾਮ ਗੇਟ ਸਭ ਤੋਂ ਪ੍ਰਸਿੱਧ ਹੈ ਜਿਸ ਨੂੰ ਉਸਮਾਨੀ ਦਰਵਾਜ਼ਾ ਵੀ ਕਿਹਾ ਜਾਂਦਾ ਹੈ। ਦਰਗਾਹ ਦਾ ਸਭ ਤੋਂ ਉੱਚਾ ਦਰਵਾਜ਼ਾ ਬੁਲੰਦ ਦਰਵਾਜ਼ਾ ਹੈ ਜੋ 85 ਫੁੱਟ ਉੱਚਾ ਹੈ। ਇਸ ਦਰਵਾਜ਼ੇ ਦੇ ਅੰਦਰ ਇਕ ਪਾਸੇ ਬਾਦਸ਼ਾਹ ਅਕਬਰ ਅਤੇ ਦੂਜੇ ਪਾਸੇ ਮੁਗ਼ਲ ਬਾਦਸ਼ਾਹ ਜਹਾਂਗੀਰ ਵੱਲੋਂ ਬਣਵਾਈਆਂ ਵਿਸ਼ਾਲ ਦੇਗਾਂ ਮੌਜੂਦ ਹਨ। ਇਸ ਤੋਂ ਇਲਾਵਾ ਇਸ ਸਮੂਹ ਵਿਚ ਅਕਬਰ ਦੀ ਬਣਵਾਈ ਅਕਬਰੀ ਮਸਜਿਦ, ਮਹਿਫ਼ਿਲਖਾਨਾ, ਜਾਮਾ ਮਸਜਿਦ, ਔਲੀਆ ਗੇਟ, ਲੰਗਰਖਾਨਾ, ਪਿਆਲੇ ਦੀ ਛਤਰੀ, ਹੌਜ਼ ਕੁਈਨ ਮੈਰੀ, ਮਜ਼ਾਰ ਨਿਜ਼ਾਮ ਸਿੱਕਾ ਆਦਿ ਦਰਜਨ ਦੇ ਕਰੀਬ ਭਵਨਾਂ ਦਾ ਵੀ ਨਿਰਮਾਣ ਕੀਤਾ ਗਿਆ। ਸੰਗਮਰਮਰ ਦੀ ਬਣੀ ਦਰਗਾਹ ਦੀ ਸੁੰਦਰ ਨੱਕਾਸ਼ੀ ਦੇ ਨਾਲ ਨਾਲ ਇਸ ਉੱਪਰ ਸੋਨੇ ਚਾਂਦੀ ਦੀ ਵਰਤੋਂ ਵੀ ਕੀਤੀ ਗਈ ਹੈ। ਸਭ ਧਰਮਾਂ ਵਿਚ ਇਹ ਸਥਾਨ ਹਰਮਨ-ਪਿਆਰਾ ਹੋਣ ਕਾਰਨ ਲੋਕ ਇੱਥੇ ਆਉਂਦੇ ਰਹਿੰਦੇ ਹਨ। ਤਾਰਾਗੜ੍ਹ ਅਜਮੇਰ ਦਾ ਇਕ ਹੋਰ ਪ੍ਰਮੁੱਖ ਸੈਲਾਨੀ ਕੇਂਦਰ ਹੈ। ਇਹ ਕਿਲ੍ਹਾ ਦਰਗਾਹ ਬਾਜ਼ਾਰ ਤੋਂ 10 ਕਿਲੋਮੀਟਰ ਦੂਰੀ ’ਤੇ ਤਾਰਾਗੜ੍ਹ ਰੋਡ ’ਤੇ ਸਥਿਤ ਹੈ। ਇਹ ਰਾਜਸਥਾਨ ਦੇ ਸਭ ਤੋਂ ਪੁਰਾਤਨ ਕਿਲ੍ਹਿਆਂ ਵਿਚੋਂ ਇਕ ਹੈ। ਕਿਸੇ ਪਹਾੜ ਉੱਪਰ ਬਣਿਆ ਭਾਰਤ ਦਾ ਇਹ ਪਹਿਲਾ ਕਿਲ੍ਹਾ ਹੈ। ਬੀਰਲੀ ਪਰਬਤ ਉੱਤੇ ਸਥਿਤ ਹੋਣ ਕਾਰਨ ਇਸ ਕਿਲ੍ਹੇ ਨੂੰ ਗੜ੍ਹਬੀਰਲੀ ਵੀ ਕਿਹਾ ਜਾਂਦਾ ਹੈ। ਇਸ ਨੂੰ ਅਜੈਗਿਰੀ ਕਿਲ੍ਹਾ ਵੀ ਕਿਹਾ ਜਾਂਦਾ ਹੈ। ਸਮੁੰਦਰੀ ਤਲ ਤੋਂ 1855 ਫੁੱਟ ਉਚਾਈ ’ਤੇ ਬਣੇ ਇਸ ਵਿਸ਼ਾਲ ਕਿਲ੍ਹੇ ਦਾ ਨਿਰਮਾਣ 1354 ਵਿਚ ਸ਼ੁਰੂ ਹੋਇਆ। ਬੇਸ਼ੱਕ ਇਹ ਕਿਲ੍ਹਾ ਲਗਪਗ ਖੰਡਰਾਂ ਦਾ ਰੂਪ ਧਾਰਨ ਕਰ ਚੁੱਕਿਆ ਹੈ, ਪਰ ਹਾਲੇ ਵੀ ਅਜਮੇਰ ਆਉਣ ਵਾਲੇ ਸੈਲਾਨੀਆਂ ਲਈ ਮਨਪਸੰਦ ਥਾਂ ਹੈ। ਇਸ ਕਿਲ੍ਹੇ ਦੀ ਪ੍ਰਮੁੱਖ ਖ਼ਾਸੀਅਤ, ਇਸ ਦਾ ਸ਼ੁੱਧ ਭਾਰਤੀ ਅਤੇ ਰਾਜਪੂਤ ਸ਼ੈਲੀ ਵਿਚ ਬਣਿਆ ਹੋਣਾ ਵੀ ਹੈ। ਲਗਪਗ ਦੋ ਵਰਗ ਕਿਲੋਮੀਟਰ ਖੇਤਰ ਵਿਚ ਫੈਲੇ ਇਸ ਕਿਲ੍ਹੇ ’ਤੇ ਵੱਖ ਵੱਖ ਸਮਿਆਂ ’ਤੇ ਰਾਜਪੂਤ, ਮੁਸਲਿਮ, ਮਰਾਠਾ ਤੇ ਬਰਤਾਨਵੀ ਸ਼ਾਸਕਾਂ ਦਾ ਅਧਿਕਾਰ ਰਿਹਾ। ਇਸ ਕਿਲ੍ਹੇ ਵਿਚ ਜਾਣ ਲਈ ਲੱਛਮੀ ਪੋਲ, ਫੁੱਟਾ ਦਰਵਾਜ਼ਾ ਅਤੇ ਗੁਗੜੀ ਕਾ ਫਾਟਕ ਹਨ। ਕਿਲ੍ਹੇ ਵਿਚ ਸੁੰਦਰ ਸ਼ਿਲਪਕਾਰੀ ਦੇ ਦਰਸ਼ਨ ਹੁੰਦੇ ਹਨ। ਇਸ ਅੰਦਰ ਛਤਰ ਮਹੱਲ, ਅਨਿਰੁੱਧ ਮਹੱਲ, ਰਤਨ ਮਹੱਲ, ਬਾਦਲ ਮਹੱਲ ਅਤੇ ਫੂਲ ਮਹੱਲ ਆਦਿ ਪ੍ਰਮੁੱਖ ਮਹੱਲ ਹਨ। ਇਨ੍ਹਾਂ ਵਿਚੋਂ ਰਾਣੀ ਮਹੱਲ ਸਭ ਤੋਂ ਸੁੰਦਰ ਮਹੱਲ ਹੈ। ਕਿਲ੍ਹੇ ਦੇ ਭੀਮ ਬੁਰਜ ਉੱਪਰ ਵਿਸ਼ਾਲ ‘ਗਰਭ ਗੁੰਜਨ’ ਤੋਪ ਰੱਖੀ ਗਈ ਸੀ। ਇਸ ਤੋਪ ਦਾ ਨਾਂ ਇਸ ਦੇ ਚੱਲਣ ਸਮੇਂ ਪੈਦਾ ਹੁੰਦੀ ਵੱਖਰੀ ਗੂੰਜ ਕਾਰਨ ਪਿਆ। ਇਹ ਤੋਪ ਅੱਜ ਵੀ ਕਿਲ੍ਹੇ ਵਿਚ ਮੌਜੂਦ ਹੈ। ਕਿਲ੍ਹੇ ਵਿਚ ਸੁਰੰਗਾਂ ਦਾ ਵੀ ਨਿਰਮਾਣ ਕੀਤਾ ਗਿਆ ਸੀ ਜਿਹੜੀਆਂ ਯੁੱਧ ਸਮੇਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਰਹੀਆਂ, ਪਰ ਹੁਣ ਇਹ ਬੰਦ ਕਰ ਦਿੱਤੀਆਂ ਗਈਆਂ ਹਨ। ਕਿਲ੍ਹੇ ਵਿਚ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਲਈ ਤਲਾਬ ਬਣਾਏ ਗਏ ਸਨ ਜਿਨ੍ਹਾਂ ਵਿਚ ਸਾਰਾ ਸਾਲ ਪਾਣੀ ਮਿਲਦਾ ਰਹਿੰਦਾ ਸੀ। ਇਸ ਵਿਚ ਕੁਝ ਝਰਨੇ ਵੀ ਬਣੇ ਹੋਏ ਹਨ। ਤਾਰਾਗੜ੍ਹ ਕਿਲ੍ਹੇ ਵਿਚ ਮਰਾਜ ਸਾਹਿਬ ਦੀ ਦਰਗਾਹ ਵੀ ਸਥਿਤ ਹੈ। ਇੱਥੇ ਮਿੱਠੇ ਨਿੰਮ ਦਾ ਰੁੱਖ ਵੀ ਮੌਜੂਦ ਹੈ ਜਿਸ ਦੇ ਫਲ ਸਬੰਧੀ ਕਈ ਲੋਕ ਵਿਸ਼ਵਾਸ ਪ੍ਰਚੱਲਿਤ ਹਨ। ਕਿਲ੍ਹੇ ਦੀ ਉਚਾਈ ਤੋਂ ਅਜਮੇਰ ਨਗਰ ਦਾ ਸੁੰਦਰ ਦ੍ਰਿਸ਼ ਦਿਸਦਾ ਹੈ। ਇਹ ਕਿਲ੍ਹਾ ਅਜਮੇਰ ਦਾ ਇਤਿਹਾਸਕ ਮਹੱਤਵ ਵਾਲਾ ਸਥਾਨ ਹੈ।

ਜੱਗਾ ਸਿੰਘ ਆਦਮਕੇ

‘ਢਾਈ ਦਿਨ ਕਾ ਝੋਪੜਾ’ ਅਜਮੇਰ ਦਾ ਇਤਿਹਾਸਕ ਤੇ ਪ੍ਰਮੁੱਖ ਸੈਲਾਨੀ ਕੇਂਦਰ ਹੈ। ਇਹ ਸਥਾਨ ਖ਼ਵਾਜ਼ਾ ਮੋਇਨ-ਉਦ-ਦੀਨ ਚਿਸ਼ਤੀ ਦੀ ਦਰਗਾਹ ਤੋਂ ਕੁਝ ਦੂਰੀ ’ਤੇ ਇਸ ਦੇ ਪਿਛਲੇ ਪਾਸੇ ਸਥਿਤ ਹੈ। ਪਹਿਲਾਂ ਇਹ ਸਥਾਨ ਸੰਸਕ੍ਰਿਤ ਵਿਦਿਆਲਿਆ ਸੀ ਜਿਸ ਸਬੰਧੀ ਇੱਥੇ ਇਕ ਸ਼ਿਲਾਲੇਖ ’ਤੇ ਵਰਣਨ ਹੈ। ਇਸ ਸਥਾਨ ਦਾ ਨਿਰਮਾਣ 1153 ਵਿਚ ਚੌਹਾਨ ਸ਼ਾਸਕ ਬੀਸਲ ਦੇਵ ਨੇ ਕਰਵਾਇਆ ਸੀ ਜਿਸ ਨੂੰ ਮੁਹੰਮਦ ਗੌਰੀ ਦੇ ਗਵਰਨਰ ਕੁਤਬ-ਉਦ-ਦੀਨ ਐਬਕ ਨੇ 1192 ਮਸਜਿਦ ਵਿਚ ਬਦਲ ਦਿੱਤਾ। ਇਸ ਦਾ ਨਾਂ ‘ਢਾਈ ਦਿਨ ਕਾ ਝੌਪੜਾ’ ਪੈਣ ਦੇ ਕਾਰਨ ਸਬੰਧੀ ਕਈ ਵਿਚਾਰ ਹਨ। ਇਕ ਵਿਚਾਰ ਅਨੁਸਾਰ ਇਸ ਨੂੰ ਢਾਈ ਦਿਨਾਂ ਵਿਚ ਮਸਜਿਦ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਕਰਕੇ ਇਸ ਦਾ ਇਹ ਨਾਂ ਪਿਆ। ਇੱਥੇ ਢਾਈ ਦਿਨ ਦਾ ਮੇਲਾ ਵੀ ਲੱਗਦਾ ਹੈ। ਇਸ ਕਾਰਨ ਵੀ ਇਹ ਨਾਂ ਪਿਆ ਹੋ ਸਕਦਾ ਹੈ। ਇਸ ਦੇ ਨਾਂ ਵਿਚ ਝੋਪੜਾ ਸ਼ਬਦ ਤਾਂ ਸ਼ਾਮਲ ਹੈ, ਪਰ ਅਸਲ ਇੱਥੇ ਕੋਈ ਝੋਪੜਾ ਮੌਜੂਦ ਨਹੀਂ। ਇਸ ਸ਼ਬਦ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਾ ਅਰਥ ਵੀ ਕਿਸੇ ਅਜਿਹੀ ਇਮਾਰਤ ਤੋਂ ਹੈ ਜਿਹੜੀ ਬੜੀ ਜਲਦੀ ਤਿਆਰ ਕੀਤੀ ਗਈ ਹੋਵੇ। ਇਸ ਇਮਾਰਤ ਵਿਚ ਸੱਤ ਮਹਿਰਾਬ ਬਣੇ ਹੋਏ ਹਨ ਜਿਹੜੇ ਹਿੰਦੂ ਮੁਸਲਿਮ ਸ਼ਿਲਪਕਲਾ ਦੇ ਸੁਮੇਲ ਦਾ ਸੁੰਦਰ ਨਮੂਨਾ ਹਨ। ਇਸ ਭਵਨ ਦੇ 70 ਖੰਭਿਆਂ ਅਤੇ ਛੱਤ ਉੱਤੇ ਸੁੰਦਰ ਕਾਰੀਗਰੀ ਕੀਤੀ ਹੋਈ ਹੈ। ਇਹ ਭਾਰਤ ਦੀ ਸਭ ਤੋਂ ਪੁਰਾਤਨ ਮਸਜਿਦ ਹੈ ਜਿੱਥੇ ਹਾਲੇ ਵੀ ਨਮਾਜ਼ ਪੜ੍ਹੀ ਜਾਂਦੀ ਹੈ। ਅਜਮੇਰ ਸਥਿਤ ਅਕਬਰ ਦਾ ਕਿਲ੍ਹਾ ਵੀ ਪ੍ਰਮੁੱਖ ਸੈਲਾਨੀ ਕੇਂਦਰ ਹੈ। ਇਸ ਕਿਲ੍ਹੇ ਵਿਚ ਮੌਜੂਦਾ ਸਮੇਂ ਅਜਾਇਬਘਰ ਸਥਾਪਤ ਕੀਤਾ ਗਿਆ ਹੈ। ਇਸ ਕਿਲ੍ਹੇ ਦਾ ਨਿਰਮਾਣ ਮੁਗ਼ਲ ਬਾਦਸ਼ਾਹ ਅਕਬਰ ਨੇ ਆਪਣੇ ਲਈ 1570 ਵਿਚ ਕਰਵਾਇਆ ਸੀ ਜੋ ਹਿੰਦੂ ਤੇ ਮੁਗ਼ਲ ਭਵਨ ਨਿਰਮਾਣ ਸ਼ੈਲੀ ਦਾ ਸੁਮੇਲ ਹੈ। ਇਸ ਵਿਚ ਚਾਰ ਬੁਰਜ ਹਨ। ਕਿਲ੍ਹੇ ਦੇ ਵਿਚਕਾਰ ਮੁੱਖ ਭਵਨ ਸਥਿਤ ਹੈ। ਇਸ ਦੀ ਪੱਛਮੀ ਦਿਸ਼ਾ ਵਿਚ 84 ਫੁੱਟ ਉੱਚਾ ਅਤੇ 43 ਫੁੱਟ ਚੌੜਾ ਸੁੰਦਰ ਦਰਵਾਜ਼ਾ ਹੈ। ਮੁਗ਼ਲ ਬਾਦਸ਼ਾਹ ਅਕਬਰ ਅਜਮੇਰ ਦਰਗਾਹ ਦੇ ਦਰਸ਼ਨਾਂ ਲਈ ਆਉਣ ਅਤੇ ਰਾਜਸਥਾਨ ਦੇ ਰਾਜਪੂਤ ਸ਼ਾਸਕਾਂ ਨਾਲ ਸਮਝੌਤੇ ਜਾਂ ਯੁੱਧ ਕਰਨ ਸਮੇਂ ਇੱਥੇ ਆ ਕੇ ਠਹਿਰਦਾ ਸੀ। ਇਹ ਕਿਲ੍ਹਾ ਇਤਿਹਾਸਕ ਪੱਖ ਤੋਂ ਵੀ ਅਹਿਮ ਹੈ। ਇੱਥੇ ਹੀ ਅੰਗਰੇਜ਼ਾਂ ਨੇ ਮੁਗ਼ਲ ਬਾਦਸ਼ਾਹ ਜਹਾਂਗੀਰ ਤੋਂ ਵਪਾਰ ਕਰਨ ਦੀ ਇਜਾਜ਼ਤ ਮੰਗੀ ਸੀ। ਇੱਥੇ ਹੀ 10 ਜਨਵਰੀ 1616 ਨੂੰ ਬਰਤਾਨਵੀ ਰਾਜਦੂਤ ਜੇਮਜ਼ ਪ੍ਰਥਾ ਬਾਦਸ਼ਾਹ ਜਹਾਂਗੀਰ ਨੂੰ ਮਿਲਿਆ ਸੀ। 1801 ਵਿਚ ਅੰਗਰੇਜ਼ਾਂ ਦੇ ਕਬਜ਼ੇ ਹੇਠ ਆਉਣ ’ਤੇ ਇਸ ਕਿਲ੍ਹੇ ਨੂੰ ਅਸਲਾਖਾਨਾ ਬਣਾ ਦਿੱਤਾ ਗਿਆ ਅਤੇ ਇਸ ਦਾ ਨਾਂ ਮੈਗਜ਼ੀਨ ਕਿਲ੍ਹਾ ਪੈ ਗਿਆ। ਭਾਰਤ ਦੀ ਅੰਗਰੇਜ਼ ਸਰਕਾਰ ਨੇ 19 ਅਕਤੂਬਰ 1908 ਨੂੰ ਇੱਥੇ ਦਿੱਲੀ-ਰਾਜਪੂਤਾਨਾ ਅਜਾਇਬਘਰ ਦੀ ਸਥਾਪਨਾ ਕੀਤੀ ਜਿਸ ਵਿਚ ਪੁਰਾਤਨ ਧਾਰਮਿਕ ਮੂਰਤੀਆਂ, ਸਿੱਕੇ, ਚਿੱਤਰ, ਸ਼ਾਸਤਰ, ਸ਼ਿਲਾਲੇਖ ਆਦਿ ਪ੍ਰਦਰਸ਼ਿਤ ਕੀਤੇ ਗਏ ਹਨ। ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਵਿਕਟੋਰੀਆ ਕਲਾਕ ਟਾਵਰ ਸਥਿਤ ਹੈ। ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੀ ਸਿਲਵਰ ਜੁਬਲੀ ਮੌਕੇ ਇਸ ਘੰਟਾ ਘਰ ਦਾ ਨਿਰਮਾਣ ਕਰਵਾਇਆ ਗਿਆ। ਅਜਮੇਰ ਸ਼ਹਿਰ ’ਤੇ ਅੰਗਰੇਜ਼ੀ ਪ੍ਰਭਾਵ ਕਾਫ਼ੀ ਹੈ। ਅੰਗਰੇਜ਼ੀ ਸ਼ਾਸਨ ਨਾਲ ਸਬੰਧਿਤ ਇੱਥੇ ਕਈ ਸੰਸਥਾਵਾਂ ਅਤੇ ਭਵਨ ਵੇਖਣ ਨੂੰ ਮਿਲਦੇ ਹਨ। ਆਨਾ ਜਾਂ ਆਣਾ ਸਾਗਰ ਝੀਲ ਅਜਮੇਰ ਦਾ ਰਮਣੀਕ ਸੈਲਾਨੀ ਕੇਂਦਰ ਹੈ। ਇਸ ਝੀਲ ਦਾ ਨਿਰਮਾਣ ਮਹਾਰਾਜਾ ਅਰੁਣੋਰਾਜ ਜਾਂ ਆਣਾ ਜੀ ਨੇ ਪਾਣੀ ਦੀ ਸੰਭਾਲ ਲਈ ਬਾਰ੍ਹਵੀਂ ਸਦੀ ਵਿਚ ਕਰਵਾਇਆ ਸੀ। ਇਸ ਕਾਰਨ ਇਹ ਆਨਾ ਜਾਂ ਆਣਾ ਝੀਲ ਦੇ ਨਾਂ ਨਾਲ ਪ੍ਰਸਿੱਧ ਹੋ ਗਈ। ਇਹ ਝੀਲ ਸੁੰਦਰ ਪਹਾੜੀਆਂ ਵਿਚ 13 ਵਰਗ ਕਿਲੋਮੀਟਰ ਖੇਤਰਫਲ ਵਿਚ ਫੈਲੀ ਹੋਈ ਹੈ। ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਇੱਥੇ ਦੌਲਤ ਬਾਗ਼ ਬਣਵਾਇਆ ਜਿਸ ਨੂੰ ਸੁਭਾਸ਼ ਬਾਗ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਝੀਲ ਕਿਨਾਰੇ 1240 ਫੁੱਟ ਲੰਮੀ ਕੰਧ ਅਤੇ ਪੰਜ ਬਾਰਾਂਦਰੀਆਂ ਦਾ ਨਿਰਮਾਣ ਕਰਵਾਇਆ। ਸ਼ਾਮ ਨੂੰ ਇਸ ਦੇ ਕਿਨਾਰੇ ਸਥਿਤ ਨਾਗ ਪਰਬਤ ਦਾ ਪਰਛਾਵਾਂ ਸੁੰਦਰ ਨਜ਼ਾਰਾ ਪੇਸ਼ ਕਰਦਾ ਹੈ। ਅਜਮੇਰ ਦੇ ਪ੍ਰਿਥਵੀਰਾਜ ਮਾਰਗ ’ਤੇ ਆਗਰਾ ਗੇਟ ਦੇ ਨਜ਼ਦੀਕ ਅਤੇ ਆਨਾ ਸਾਗਰ ਝੀਲ ਤੋਂ ਤਿੰਨ ਕਿਲੋਮੀਟਰ ਦੂਰੀ ’ਤੇ ਸੋਨੀ ਜੀ ਕੀ ਨਾਸਿਆ ਨਾਂ ਦਾ ਦੋ ਮੰਜ਼ਿਲਾ ਜੈਨ ਮੰਦਿਰ ਸਥਿਤ ਹੈ। ਇਸ ਦਾ ਨਿਰਮਾਣ 1865 ਵਿਚ ਮੂਲ ਚੰਦ ਨੇਮੀ ਚੰਦ ਸੋਨੀ ਨੇ ਕਰਵਾਇਆ। ਇਹ ਜੈਨ ਤੀਰਥੰਕਰ ਆਦਿਨਾਥ ਦਾ ਮੰਦਿਰ ਹੈ। ਲਾਲ ਪੱਥਰ ਦਾ ਬਣਿਆ ਹੋਣ ਕਾਰਨ ਇਸ ਨੂੰ ਲਾਲ ਮੰਦਿਰ ਵੀ ਕਿਹਾ ਜਾਂਦਾ ਹੈ। ਇਸ ਭਵਨ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਇਕ ਭਾਗ ਆਦਿਨਾਥ ਦਾ ਮੰਦਿਰ ਅਤੇ ਦੂਜਾ ਇਕ ਹਾਲ ਜਿਸ ਵਿਚ ਸਵਰਨ ਨਗਰੀ ਦਾ ਨਿਰਮਾਣ ਕਰਕੇ ਇਸ ਵਿਚ ਸੋਨੇ ਦੀ ਕਾਰੀਗਰੀ ਨਾਲ ਜੈਨ ਧਰਮ ਨਾਲ ਸਬੰਧਤ ਦ੍ਰਿਸ਼, ਅਯੁੱਧਿਆ ਨਗਰੀ ਆਦਿ ਨੂੰ ਲੱਕੜੀ ਤੇ ਸੋਨੇ ਦੇ ਕੰਮ, ਸ਼ੀਸ਼ੇ ਦੀ ਨੱਕਾਸ਼ੀ ਅਤੇ ਚਿੱਤਰਕਾਰੀ ਦੁਆਰਾ ਦਿਖਾਇਆ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਵਿਚ ਦਸ ਕੁਇੰਟਲ ਸੋਨਾ ਵਰਤਿਆ ਗਿਆ ਹੈ। ਇਹ ਮੰਦਿਰ ਆਪਣੀ ਕਾਰੀਗਰੀ ਕਾਰਨ ਪ੍ਰਸਿੱਧ ਹੈ। ਅਜਮੇਰ ਸਥਿਤ ਮੇਓ ਕਾਲਜ ਦੀ ਸਥਾਪਨਾ ਭਾਰਤ ਦੇ ਵਾਇਸਰਾਏ ਨੇ ਰਾਜਸਥਾਨ ਦੀਆਂ ਰਿਆਸਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਰਤਾਨਵੀ ਸਿੱਖਿਆ ਪ੍ਰਬੰਧ ਅਨੁਸਾਰ ਸਿੱਖਿਆ ਦੇਣ ਲਈ ਕਰਵਾਈ ਸੀ। ਇਸ ਸੰਸਥਾ ਦੇ ਮੁੱਖ ਭਵਨ ਦਾ ਡਿਜ਼ਾਈਨ ਮੇਜਰ ਮੰਟ ਨੇ ਭਾਰਤੀ ਅਰਬੀ ਭਵਨ ਨਿਰਮਾਣ ਸ਼ੈਲੀ ਵਿਚ ਬਣਾਇਆ। ਇਹ ਇਮਾਰਤ 1877 ਤੋਂ 1885 ਦਰਮਿਆਨ ਸਫ਼ੈਦ ਸੰਗਮਰਮਰ ਨਾਲ ਬਣੀ। ਇੱਥੇ ਸਥਿਤ ਅਜਾਇਬਘਰ ਵਿਚ ਪੁਰਾਤਨ ਕਲਾਕ੍ਰਿਤੀਆਂ ਅਤੇ ਸ਼ਾਸਤਰ ਰੱਖੇ ਹੋਏ ਹਨ। ਮੁਲਕ ਦੀਆਂ ਕਈ ਪ੍ਰਸਿੱਧ ਸ਼ਖ਼ਸੀਅਤਾਂ ਇਸ ਸੰਸਥਾ ਦੀਆਂ ਵਿਦਿਆਰਥੀ ਰਹੀਆਂ ਹਨ। ਇਸ ਤਰ੍ਹਾਂ ਅਜਮੇਰ ਆਪਣੀ ਵਿਸ਼ਵ ਪ੍ਰਸਿੱਧ ਖ਼ਵਾਜ਼ਾ ਮੋਇਨ-ਉਦ-ਦੀਨ ਚਿਸ਼ਤੀ ਦੀ ਦਰਗਾਹ ਅਤੇ ਹੋਰ ਸੈਲਾਨੀ ਕੇਂਦਰਾਂ ਕਾਰਨ ਵਿਸ਼ੇਸ਼ ਮਹੱਤਵ ਵਾਲਾ ਨਗਰ ਹੈ। ਇੱਥੇ ਖ਼ਾਸਕਰ ਸਰਦੀਆਂ ਵਿਚ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਭਾਰੀ ਰੌਣਕ ਰਹਿੰਦੀ ਹੈ। ਸੰਪਰਕ: 94178-32908

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All