ਦਫ਼ਤਰੀ ਮਾਹੌਲ ਤੇ ਮਾਨਸਿਕ ਸਿਹਤ

ਦਫ਼ਤਰੀ ਮਾਹੌਲ ਤੇ ਮਾਨਸਿਕ ਸਿਹਤ

ਡਾ. ਸੰਦੀਪ ਕੁਮਾਰ*

11210230cd _officeਅਸੀਂ ਜਾਗਦੇ ਸਮੇਂ ਵਿੱਚੋਂ ਅੱਧੇ ਨਾਲੋਂ ਵੱਧ ਸਮਾਂ ਕੰਮ ’ਤੇ ਬਿਤਾਉਂਦੇ ਹਾਂ। ਉਥੇ ਨਾ ਕੇਵਲ ਅਸੀਂ ਕੰਮ ਕਰਦੇ ਹਾਂ, ਸਗੋਂ ਸਾਡਾ ਆਪਣੇ ਸਹਿਯੋਗੀ ਕਰਮਚਾਰੀਆਂ ਅਤੇ ਗਾਹਕਾਂ ਨਾਲ ਵੀ ਵਾਹ ਪੈਂਦਾ ਰਹਿੰਦਾ ਹੈ। ਇਸ ਕਾਰਨ ਕੰਮ ਵਾਲੀ ਜਗ੍ਹਾ ਦਾ ਮਾਹੌਲ ਮਾਨਸਿਕ ਸਿਹਤ ਨੂੰ ਬਹੁਤ ਨੇੜੇ ਤੋਂ ਪ੍ਰਭਾਵਿਤ ਕਰਦਾ ਹੈ। ਅਣਸੁਖਾਵਾਂ ਮਾਹੌਲ ਨਾ ਸਿਰਫ ਤਣਾਅ ਬਣਾਉਂਦਾ ਹੈ, ਸਗੋਂ ਕਈ ਵਾਰੀ ਮਾਨਸਿਕ ਬਿਮਾਰੀਆਂ ਨੂੰ ਵੀ ਜਨਮ ਦੇ ਸਕਦਾ ਹੈ। ਇਸ ਸਬੰਧ ਨੂੰ ਉਚੇਚ ਦੇਣ ਲਈ ਵਿਸ਼ਵ ਸਿਹਤ ਸੰਸਥਾ ਨੇ ਇਹ ਵਰ੍ਹਾ ਦਫਤਰੀ ਮਾਹੌਲ ਅਤੇ ਮਾਨਸਿਕ ਸਿਹਤ ਨੂੰ ਸਮਰਪਿਤ ਕੀਤਾ ਹੈ।  10 ਅਕਤੂਬਰ ਨੂੰ ਮਾਨਸਿਕ ਸਿਹਤ ਦਿਵਸ ਦੇ ਮੌਕੇ ’ਤੇ ਇਸ ਪ੍ਰਤੀ ਚੇਤਨਾ ਲਿਆਉਣ ਲਈ ਪੂਰੀ ਦੁਨੀਆਂ ਵਿੱਚ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਦਫਤਰ ਦਾ ਸੁਖਾਵਾਂ ਮਾਹੌਲ ਜਿੱਥੇ ਮਨ ਨੂੰ ਸ਼ਾਂਤ ਰੱਖਣ ਵਿੱਚ ਮਦਦਗਾਰ ਹੁੰਦਾ ਹੈ, ਉਥੇ ਅਣਸੁਖਾਵਾਂ ਮਾਹੌਲ ਬੇਲੋੜਾ ਤਣਾਅ ਪੈਦਾ ਕਰਦਾ ਹੈ। ਅਣਸੁਖਾਵਾਂ ਮਾਹੌਲ ਪੈਦਾ ਕਰਨ ਲਈ ਮੁਲਾਜ਼ਮ ਤੋਂ ਯੋਗਤਾ ਤੋਂ ਵੱਧ ਜਾਂ ਘੱਟ ਕੰਮ ਲੈਣਾ, ਬੇਲੋੜੀ ਘੂਰ-ਘੱਪ, ਯੋਜਨਾ ਰਹਿਤ ਕੰਮ, ਕਰਮਚਾਰੀਆਂ ’ਤੇ ਕੰਮ ਦਾ ਦਬਾਅ ਨੌਕਰੀ ਦੀ ਅਸੁਰੱਖਿਆ ਅਤੇ ਮਾਨਸਿਕ ਜਾਂ ਸਰੀਰਕ ਸੋਸ਼ਣ ਕਾਰਨ ਜ਼ਿੰਮੇਵਾਰ ਹੁੰਦੇ ਹਨ। ਦੂਜੇ ਪਾਸੇ ਸੁਖਾਵਾਂ ਮਾਹੌਲ ਦੇਣ ਵਿੱਚ ਯੋਜਨਾਬੱਧ ਤਰੀਕੇ ਨਾਲ ਕੰਮ ਲੈਣਾ, ਯੋਗਤਾ ਤੇ ਸਮਰੱਥਾ ਅਨੁਸਾਰ ਕੰਮ ਦੇਣਾ, ਲੋੜ ਅਨੁਸਾਰ ਛੁੱਟੀ, ਸਮਰੱਥਾ ਅਨੁਸਾਰ ਕੰਮ ਦੇ ਸਮੇਂ, ਇਕ-ਦੂਜੇ ਦੀ ਸਹਾਇਤਾ ਅਤੇ ਮਨੋਰੰਜਕ ਸਰਗਰਮੀਆਂ ਆਦਿ ਕਾਰਨ ਸਹਾਈ ਹੁੰਦੇ ਹਨ। ਜਿਵੇਂ-ਜਿਵੇਂ ਕਿਸੇ ਕਰਮਚਾਰੀ ਦੀ ਮਾਨਸਿਕ ਸਿਹਤ ਖਰਾਬ ਹੁੰਦੀ ਹੈ, ਉਸ ਵਿੱਚ ਕੁਝ ਚਿਤਾਵਨੀ ਚਿੰਨ੍ਹ ਸਾਹਮਣੇ ਆਉਣ ਲੱਗਦੇ ਹਨ, ਜਿਵੇਂ ਆਤਮ-ਵਿਸ਼ਵਾਸ ਖੋਹ ਦੇਣਾ, ਸਮੇਂ ਸਿਰ ਕੰਮ ਪੂਰਾ ਨਾ ਕਰ ਸਕਣਾ, ਘਬਰਾਹਟ, ਗੱਲਾਂ ਜਲਦੀ ਭੁੱਲ ਜਾਣਾ, ਸਹਿਯੋਗੀ ਕਰਮਚਾਰੀਆਂ ਤੋਂ ਦੂਰੀ, ਗਲਤੀਆਂ ਵਿੱਚ ਵਾਧਾ ਅਤੇ ਸ਼ਰਾਬ, ਸਿਗਰਟ ਆਦਿ ਨਸ਼ਿਆਂ ਦਾ ਸੇਵਨ। ਜਿਵੇਂ-ਜਿਵੇਂ ਸਮੱਸਿਆ ਵਧਦੀ ਹੈ, ਸਰੀਰਕ ਲੱਛਣ ਵੀ ਸਾਹਮਣੇ ਆਉਣ ਲੱਗਦੇ ਹਨ ਜਿਵੇਂ ਹਰ ਵਕਤ ਥਕਾਵਟ ਰਹਿਣਾ, ਸਿਰਦਰਦ, ਭੁੱਖ ਨਾ ਲੱਗਣਾ, ਨੀਂਦ ਦੀ ਕਮੀ ਅਤੇ ਬਿਨਾਂ ਗੱਲੋਂ ਭਾਰ ਵਧ ਜਾਂ ਘਟ ਜਾਣਾ ਆਦਿ। ਕੰਮ ਵਾਲੀ ਜਗ੍ਹਾ ’ਤੇ ਵਧ ਰਿਹਾ ਤਣਾਅ ਕਈ ਕਿਸਮ ਦੇ ਮਾਨਸਿਕ ਰੋਗਾਂ ਨੂੰ ਜਨਮ ਦੇ ਸਕਦਾ ਹੈ, ਜਿਵੇਂ ਉਦਾਸੀ ਅਤੇ ਘਬਰਾਹਟ ਦੇ ਰੋਗ।

ਡਾ. ਸੰਦੀਪ ਕੁਮਾਰ* ਡਾ. ਸੰਦੀਪ ਕੁਮਾਰ*

ਮਾਨਸਿਕ ਸਿਹਤ ਵਿਗੜਨ ਨਾਲ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ। ਕਈ ਵਾਰ ਤਾਂ ਮਨੁੱਖ ਉਹ ਕੰਮ ਤੋਂ ਗੈਰ-ਹਾਜ਼ਰ ਵੀ ਰਹਿਣ ਲੱਗ ਜਾਂਦਾ ਹੈ। ਮੁਲਾਜ਼ਮ ਦੀ ਇਹ ਸਮਰੱਥਾ ਘਟਣ ਦਾ ਸਿੱਧਾ ਪ੍ਰਭਾਵ ਕੰਪਨੀ ਦੀ ਵਿੱਤੀ ਸਥਿਤੀ ਉਪਰ ਪੈਂਦਾ ਹੈ। ਉਸ ਦਾ ਉਤਪਾਦਨ ਘਟ ਜਾਂਦਾ ਹੈ ਜਾਂ ਉਸ ਨੂੰ ਇਕੋ ਕੰਮ ਲਈ ਹੋਰ ਮੁਲਾਜ਼ਮ ਰੱਖਣੇ ਪੈਂਦੇ ਹਨ। ਅੱਜ ਦੇ ਦਿਨ ਉਦਾਸੀ ਅਤੇ ਘਬਰਾਹਟ ਰੋਗ ਮਿਲ ਕੇ ਦੁਨੀਆਂ ਵਿੱਚ ਸਭ ਤੋਂ ਵੱਧ ਵਿੱਤੀ ਨੁਕਸਾਨ ਦਾ ਕਾਰਨ ਬਣ ਰਹੇ ਹਨ। ਵਿਸ਼ਵ ਸਿਹਤ ਸੰਸਥਾ ਦੇ ਇਕ ਅਨੁਮਾਨ ਅਨੁਸਾਰ ਪੂਰੀ ਦੁਨੀਆਂ ਨੂੰ ਲਗਪਗ 650 ਖਰਬ ਰੁਪਏ ਉਦਾਸੀ ਅਤੇ ਘਬਰਾਹਟ ਰੋਗਾਂ ਦਾ ਮੁੱਲ ਤਾਰਨਾ ਪੈਂਦਾ ਹੈ। ਇਹ ਰਕਮ ਭਾਰਤ ਦੇ ਬਜਟ ਤੋਂ ਲਗਪਗ ਤਿੰਨ ਗੁਣਾਂ ਹੈ। ਮਾਨਸਿਕ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਸਭ ਤੋਂ ਵੱਡੀ ਜ਼ਰੂਰਤ ਪਿਆਰ ਭਰਪੂਰ ਅਤੇ ਦੋਸਤਾਨਾ ਰਵੱਈਏ ਦੀ ਹੁੰਦੀ ਹੈ। ਤਰਸਪੂਰਨ ਜਾਂ ਨਫ਼ਰਤ ਦੀ ਨਜ਼ਰ ਨਾਲ ਦੇਖਣਾ, ਦੋਵੇਂ ਹੀ ਬਹੁਤ ਦੁਖਦਾਇਕ ਹੁੰਦੇ ਹਨ। ਇਹ ਇਨਸਾਨ ਵੀ ਉਸੇ ਤਰ੍ਹਾਂ ਕੰਮ ਕਰਨ ਦੇ ਕਾਬਲ ਹੁੰਦੇ ਹਨ ਜਿਵੇਂ ਕੋਈ ਸਰੀਰਕ ਬਿਮਾਰੀ ਵਾਲਾ ਇਨਸਾਨ ਹੋਵੇ। ਪ੍ਰੰਤੂ ਜ਼ਰੂਰਤ ਅਨੁਸਾਰ ਇਨ੍ਹਾਂ ਲਈ ਕੰਮ ਦੇ ਸਮੇਂ ਵਿੱਚ ਛੋਟ ਦਿੱਤੀ ਜਾ ਸਕਦੀ ਹੈ। ਇਸੇ ਤਰ੍ਹਾਂ ਜੇ ਸੰਸਥਾ ਦੇ ਨਿਯਮ ਆਗਿਆ ਦਿੰਦੇ ਹੋਣ ਤਾਂ ਘਰੋਂ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਕੀਤੇ ਕੰਮ ਲਈ ਸਾਬਾਸ਼ ਦੇਣਾ ਅਤੇ ਇਨ੍ਹਾਂ ਦੇ ਹੋਰ ਗੁਣਾਂ ਨੂੰ ਤਵੱਜੋਂ ਦੇਣਾ ਵੀ ਲਾਭਕਾਰੀ ਹੁੰਦਾ ਹੈ। ਇਨ੍ਹਾਂ ਕਰਮਚਾਰੀਆਂ ਦੀ ਹੋਰ ਕਰਮਚਾਰੀਆਂ ਨਾਲ ਤੁਲਨਾ ਕਰਨਾ ਮਾਨਸਿਕ ਬਿਮਾਰੀ ਨੂੰ ਹੋਰ ਵਧਾ ਦਿੰਦਾ ਹੈ। ਜੇ ਬਹੁਤ ਨੇੜੇ ਦੇ ਦੋਸਤ ਜਾਂ ਸਾਥੀ ਮਾਨਸਿਕ ਤੌਰ ’ਤੇ ਬਿਮਾਰ ਹੋਣ ਤਾਂ ਤੁਸੀਂ ਸਿੱਧੇ ਉਸ ਨਾਲ ਗੱਲ ਕਰ ਸਕਦੇ ਹੋ, ਪਰ ਧਿਆਨ ਰਹੇ ਕਿ ਇਹ ਗੱਲ ਬਹੁਤ ਸੰਵੇਦਨਸ਼ੀਲ ਢੰਗ ਨਾਲ ਹੋਵੇ। ਜੇ ਤੁਹਾਨੂੰ ਚਿੰਤਾ ਹੋਵੇ ਤਾਂ ਤੁਸੀਂ ਆਪਣੇ ਅਫਸਰ ਦੇ ਧਿਆਨ ਵਿੱਚ ਲਿਆ ਸਕਦੇ ਹੋ। ਪੀੜਤ ਇਨਸਾਨ ਨੂੰ ਯੋਗ ਡਾਕਟਰ ਜਾ ਕਾਊਂਸਲਰ ਨੂੰ ਮਿਲਣ ਦੀ ਸਲਾਹ ਦੇ ਸਕਦੇ ਹੋ। ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀਆਂ ਲਈ ਸਭ ਤੋਂ ਵੱਡੀ ਸਮੱਸਿਆ ਹੈ ਵਿਤਕਰਾ। ਜਾਣਕਾਰੀ ਦੀ ਘਾਟ ਕਾਰਨ ਮਾਨਸਿਕ ਰੋਗ ਤੋਂ ਪੀੜਤ ਵਿਅਕਤੀ ਨੂੰ ਕਈ ਵਾਰੀ ਉਸ ਦੇ ਸਹਿਯੋਗੀ ਬਣਦਾ ਮਾਣ-ਸਨਮਾਨ ਨਹੀਂ ਦਿੰਦੇ। ਕੰਮ ਦੀ ਵੰਡ ਵਿੱਚ ਵੀ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਹ ਮਾਨਸਿਕ ਰੋਗ ਤੋਂ ਪੀੜਤ ਵਿਅਕਤੀ ਲਈ ਘਾਤਕ ਹੁੰਦਾ ਹੈ। ਜਾਣਕਾਰੀ ਦੀ ਘਾਟ ਕਾਰਨ ਕਈ ਵਾਰ ਕੰਮ ’ਤੇ ਸਹਿਯੋਗੀ ਇਨ੍ਹਾਂ ਮਰੀਜ਼ਾਂ ਨੂੰ ਮਜ਼ਾਕ ਦਾ ਪਾਤਰ ਬਣਾ ਦਿੰਦੇ ਹਨ। ਪਾਗਲ (ਮੈਂਟਲ) ਆਦਿ ਭੱਦੇ ਸ਼ਬਦਾਂ ਦੀ ਵਰਤੋਂ ਕਰਦੇ ਹਨ, ਜਿਹੜਾ ਇਨ੍ਹਾਂ ਮਰੀਜ਼ਾਂ ਦਾ ਹੌਸਲਾ ਹੋਰ ਥੱਲੇ ਸੁੱਟ ਦਿੰਦਾ ਹੈ। ਕਰਮਚਾਰੀਆਂ ਵੱਲੋਂ ਕੀਤੇ ਕੰਮ ਦੀ ਪ੍ਰਸੰਸਾ ਕਰਨੀ ਅਤੇ ਉਨ੍ਹਾਂ ਨੂੰ, ਉਨ੍ਹਾਂ ਦੀ ਪ੍ਰਤਿਭਾ ਲਈ ਸਨਮਾਨਿਤ ਕਰਨਾ ਮਾਨਸਿਕ ਤਣਾਅ ਘਟਾਉਣ ਵਿੱਚ ਮਦਦ ਕਰਦਾ ਹੈ। ਉਹ ਸੰਸਥਾਵਾਂ, ਜੋ ਆਪਣੇ ਕਰਮਚਾਰੀਆਂ ਉਪਰ ਆਪਣੀਆਂ ਯੋਜਨਾਵਾਂ ਥੋਪਦੀਆਂ ਨਹੀਂ, ਸਗੋਂ ਉਨ੍ਹਾਂ ਨੂੰ ਟੀਮ ਦਾ ਹਿੱਸਾ ਬਣਾ ਕੇ ਕੰਮ ਕਰਦੀਆਂ ਹਨ, ਖੁਸ਼ਗਵਾਰ ਹੁੰਦੀਆਂ ਹਨ। ਕੰਮ ਵਿੱਚ ਗਲਤੀ ਹਰ ਕਿਸੇ ਤੋਂ ਹੁੰਦੀ ਹੈ। ਜ਼ਰੂਰਤ ਹੁੰਦੀ ਹੈ ਕਿ ਧੱਕੇਸ਼ਾਹੀ ਨਾ ਕੀਤੀ ਜਾਵੇ। ਜਿੱਥੋਂ ਤੱਕ ਹੋ ਸਕੇ ਕਰਮਚਾਰੀ ਦੀ ਬੇਇੱਜ਼ਤੀ ਨਾ ਕੀਤੀ ਜਾਵੇ। ਨੁਕਸ ਕੀਤੇ ਕੰਮ ਵਿੱਚ ਕੱਢਣੇ ਚਾਹੀਦੇ ਹਨ ਨਾ ਕਿ ਕੰਮ ਕਰਨ ਵਾਲੇ ਇਨਸਾਨ ਵਿੱਚ। ਤਣਾਅ ਨੂੰ ਜਲਦੀ ਪਹਿਚਾਨਣ ਵਾਲੀਆਂ ਸੰਸਥਾਵਾਂ ਉਸ ਪ੍ਰਤੀ ਕਾਰਗਰ ਕਦਮ ਵੀ ਚੁੱਕਦੀਆਂ ਹਨ। ਇਹ ਸਭ ਕਦਮ ਮਾਨਸਿਕ ਤਣਾਅ ਅਤੇ ਮਾਨਸਿਕ ਰੋਗ ਤੋਂ ਬਚਣ ਵਿੱਚ ਸਹਾਈ ਹੋ ਸਕਦੇ ਹਨ। ਜਿਸ ਤਰ੍ਹਾਂ ਇਨਸਾਨ ਕਿਸੇ ਵੀ ਸਰੀਰਕ ਬਿਮਾਰੀ ਦੇ ਠੀਕ ਹੋਣ ਤੋਂ ਬਾਅਦ ਕੰਮ ਕਰਨ ਦੇ ਸਮਰੱਥ ਹੋ ਜਾਂਦਾ ਹੈ, ਉਸੇ ਤਰ੍ਹਾਂ ਮਾਨਸਿਕ ਤੌਰ ’ਤੇ ਪੀੜਤ ਵਿਅਕਤੀ ਵੀ ਕੰਮ ਕਰਨ ਦੀ ਪੂਰੀ ਸਮਰੱਥਾ ਵਾਪਸ ਪ੍ਰਾਪਤ ਕਰ ਲੈਂਦੇ ਹਨ। ਜੇ ਜ਼ਰੂਰਤ ਹੋਵੇ ਤਾਂ ਇਨ੍ਹਾਂ ਕਰਮਚਾਰੀਆਂ ਨੂੰ ਹੌਲੀ-ਹੌਲੀ ਪੂਰੀ ਤਰ੍ਹਾਂ ਕੰਮ ਦਿੱਤਾ ਜਾ ਸਕਦਾ ਹੈ, ਅਰਥਾਤ ਪਹਿਲਾਂ ਥੋੜ੍ਹੇ ਸਮੇਂ ਲਈ ਕੰਮ ਲੈਣਾ ਅਤੇ ਸਮਾਂ ਪੈਣ ’ਤੇ ਕੰਮ ਦੇ ਘੰਟਿਆਂ ਦੀ ਗਿਣਤੀ ਵਧਾ ਦੇਣਾ।

*ਲੇਖਕ ਮਾਨਸਿਕ ਰੋਗਾਂ ਦੇ ਮਾਹਿਰ ਹੈ। ਸੰਪਰਕ: 98144-44267

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All