ਤੁਗ਼ਲਕ ਦਾ ਹਿਸਾਰ-ਏ-ਫ਼ਿਰੋਜ਼ਾ

ਇਕਬਾਲ ਸਿੰਘ ਹਮਜਾਪੁਰ ਇਤਿਹਾਸ ਕਿਲ੍ਹੇ ਅਤੇ ਮਹਿਲ ਰਾਜ ਘਰਾਣਿਆਂ ਦੀ ਨਿਸ਼ਾਨੀ  ਹੁੰਦੇ ਹਨ। ਬਾਦਸ਼ਾਹ ਸੁਰੱਖਿਆ ਲਈ ਕਿਲ੍ਹੇ ਉਸਾਰਦੇ ਸਨ ਤੇ ਮਹਿਲ ਉਨ੍ਹਾਂ ਦਾ ਆਸ਼ਿਆਨਾ ਹੁੰਦਾ ਸੀ। ਪੁਰਾਣੇ ਸਮਿਆਂ ਵਿੱਚ ਰਾਜਿਆਂ ਦੇ   ਕਿਲ੍ਹਿਆਂ ਕੋਲ ਵਸਣਾ ਆਮ ਲੋਕ ਉੱਤਮ ਸਮਝਦੇ ਸਨ ਕਿਉਂਕਿ ਇਨ੍ਹਾਂ ਨੇੜੇ ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਸਨ। ਇੰਜ ਰਾਜਿਆਂ ਦੇ ਕਿਲ੍ਹਿਆਂ ਅਤੇ ਮਹਿਲਾਂ ਦੀ ਬਦੌਲਤ ਅਨੇਕਾਂ ਸ਼ਹਿਰਾਂ ਦਾ ਮੁੱਢ ਬੱਝਿਆ ਹੈ। ਇਨ੍ਹਾਂ ਦੀ ਬਦੌਲਤ ਜਿਹੜੇ ਸ਼ਹਿਰ ਵਸੇ ਹਨ, ਉਨ੍ਹਾਂ 'ਚੋਂ ਬਹੁਤਿਆਂ ਦਾ ਨਾਮਕਰਣ ਵੀ ਰਾਜ ਘਰਾਣਿਆਂ ਨਾਲ ਜੁੜਿਆ ਹੋਇਆ ਹੈ। ਹਰਿਆਣੇ ਦਾ ਹਿਸਾਰ ਸ਼ਹਿਰ ਵੀ ਫ਼ਿਰੋਜ਼ਸ਼ਾਹ ਦੇ ਕਿਲ੍ਹੇ ਦੀ ਬਦੌਲਤ ਵਸਿਆ ਹੋਇਆ ਹੈ। ਪੁਰਾਣੇ ਸਮੇਂ ਵਿੱਚ ਹਿਸਾਰ ਨੂੰ ਹਿਸਾਰ-ਏ-ਫ਼ਿਰੋਜ਼ਾ’(ਭਾਵ ਫ਼ਿਰੋਜ਼ਸ਼ਾਹ ਦਾ ਕਿਲ੍ਹਾ) ਕਿਹਾ ਜਾਂਦਾ ਸੀ। ਅਰਬੀ ਫ਼ਾਰਸੀ ਵਿੱਚ ਕਿਲ੍ਹੇ ਲਈ ਹਿਸਾਰ ਸ਼ਬਦ ਵਰਤਿਆ ਜਾਂਦਾ ਹੈ। ਅਜੋਕੇ ਹਿਸਾਰ ਦੀ ਥਾਂ ਪੁਰਾਣੇ ਸਮੇਂ ਵਿੱਚ ਇੱਥੇ ਮੀਲਾਂ ਤੱਕ ਉਜਾੜ ਬੀਆਬਾਨ ਸੀ। ਫ਼ਿਰੋਜ਼ਸ਼ਾਹ ਤੁਗਲਕ ਨੇ ਪ੍ਰਸ਼ਾਸਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੰਗਲ ਵਿੱਚ ਕਿਲ੍ਹੇ ਦਾ ਨਿਰਮਾਣ ਕੀਤਾ ਸੀ। ਇਤਿਹਾਸਕਾਰਾਂ ਅਨੁਸਾਰ ਭਾਰਤ ਦੀ ਸਿੰਚਾਈ ਵਿਵਸਥਾ ਵਿੱਚ ਫ਼ਿਰੋਜ਼ਸ਼ਾਹ ਤੁਗਲਕ ਦਾ ਪ੍ਰਮੁੱਖ ਯੋਗਦਾਨ ਹੈ। ਇਤਿਹਾਸ ਵਿੱਚ ਤੁਗਲਕ ਦੁਆਰਾ ਕਢਵਾਈਆਂ ਪੰਜ ਪ੍ਰਮੁੱਖ ਨਹਿਰਾਂ ਦਾ ਜ਼ਿਕਰ ਆਉਂਦਾ ਹੈ। ਫ਼ਿਰੋਜ਼ਸ਼ਾਹ ਨੇ ਕਿਲ੍ਹੇ ਦਾ ਨਿਰਮਾਣ ਕਰਨ ਤੋਂ ਬਾਅਦ ਯਮਨਾ ਤੋਂ ਹਿਸਾਰ ਤੱਕ ਵੀ ਇੱਕ ਨਹਿਰ ਕਢਵਾਈ ਸੀ ਕਿਉਂਕਿ ਉਸ ਵਕਤ ਇਸ ਇਲਾਕੇ ਵਿੱਚ ਪੀਣ ਲਈ ਵੀ ਪਾਣੀ ਨਹੀਂ ਮਿਲਦਾ ਸੀ। ਫ਼ਿਰੋਜ਼ਸ਼ਾਹ ਨੇ ਹਿਸਾਰ (ਕਿਲ੍ਹੇ) ਦਾ ਨਿਰਮਾਣ ਲਗਪਗ 650 ਸਾਲ ਪਹਿਲਾਂ ਕੀਤਾ ਸੀ। ਉਦੋਂ ਇਸ ਔੜ ਮਾਰੇ ਇਲਾਕੇ ਵਿੱਚ ਪੀਣ ਲਈ ਇੱਕ ਘੜਾ ਪਾਣੀ ਚਾਰ ਜੀਤਲ ਤੇ ਇੱਕ ਮਣ ਕਣਕ ਸੱਤ ਤੋਂ ਦਸ ਜੀਤਲ ਤੱਕ ਮਿਲਦੀ ਸੀ। ਜੀਤਲ ਉਸ ਵਕਤ ਤੁਗਲਕ ਦੀ ਕਰੰਸੀ ਦਾ ਨਾਂ ਸੀ। ਫ਼ਿਰੋਜ਼ਸ਼ਾਹ ਨੇ ਯਮਨਾ ਤੋਂ ਹਾਂਸੀ ਤੇ ਅੱਗੇ ਹਿਸਾਰ ਤੱਕ ਪੱਛਮੀ ਯਮਨਾ’ਨਾਂ ਦੀ ਨਹਿਰ ਕਢਵਾਈ ਸੀ। ਇਸੇ ਨਹਿਰ ਨੂੰ ਬਾਅਦ ਵਿੱਚ ਫ਼ਿਰੋਜ਼ਸ਼ਾਹ ਦੇ ਪਿਉ ਦੇ ਨਾਂ 'ਤੇ ਰਜਵਾਇਆ ਕਿਹਾ ਜਾਣ ਲੱਗਾ। ਅੱਜ ਵੀ ਛੋਟੀਆਂ ਨਹਿਰਾਂ ਨੂੰ ਰਜਵਾਹੇ ਕਿਹਾ ਜਾਂਦਾ ਹੈ। ਇਉਂ ਰਜਵਾਇਆ ਸ਼ਬਦ ਫ਼ਿਰੋਜ਼ਸ਼ਾਹ ਦੀ ਦੇਣ ਜਾਪਦਾ ਹੈ। ਫ਼ਿਰੋਜ਼ਸ਼ਾਹ ਦੇ ਯਮਨਾ ਤੋਂ ਹਿਸਾਰ ਤੱਕ ਕਢਵਾਏ ਰਜਵਾਹੇ ਦਾ ਨਾਮੋ-ਨਿਸ਼ਾਨ ਮਿਟ ਚੁੱਕਾ ਹੈ, ਸਿਰਫ਼ ਕਿਲ੍ਹੇ ਅੰਦਰ ਬਾਕੀ ਨਿਸ਼ਾਨ ਦਿਖਾਈ ਦਿੰਦੇ ਹਨ। ਇਹ ਰਜਵਾਹਾ ਕਿਲ੍ਹੇ 'ਚੋਂ ਹੋ ਕੇ ਅੱਗੇ ਦੇਵੀ ਤਾਲਾਬ ਤੱਕ ਜਾਂਦਾ ਸੀ। ਰਜਵਾਹੇ ਕੰਢੇ ਫ਼ਿਰੋਜ਼ਸ਼ਾਹ ਵੱਲੋਂ ਬਾਗ਼ ਲਗਵਾਉਣ ਦੀ ਵੀ ਕਨਸੋਅ ਮਿਲਦੀ ਹੈ। ਤੁਗਲਕ ਨੇ ਛਾਉਣੀ ਰੂਪੀ ਫ਼ਿਰੋਜ਼ਸ਼ਾਹੀ ਕਿਲ੍ਹੇ ਦਾ ਨਿਰਮਾਣ ਕਰਨ ਤੋਂ ਬਾਅਦ ਇਸ ਦੇ ਅੰਦਰ ਹੀ ਮਹਿਲ ਦਾ ਨਿਰਮਾਣ ਕਰਵਾਇਆ ਸੀ। ਇਸ ਮਹਿਲ ਨੂੰ ਅੱਜਕੱਲ੍ਹ ਗੁਜਰੀ ਮਹਿਲ ਅਤੇ ਹਿਸਾਰ ਨੂੰ ਗੁਜਰੀ ਸ਼ਹਿਰ ਵੀ ਕਿਹਾ ਜਾਂਦਾ ਹੈ। ਇੱਕ ਦੰਦ ਕਥਾ ਮੁਤਾਬਕ ਇਸ ਇਲਾਕੇ ਦੀ ਵਸਨੀਕ ਗੁਜਰੀ ਨਾਮਕ ਲੜਕੀ ਫ਼ਿਰੋਜ਼ਸ਼ਾਹ ਦੀ ਪ੍ਰੇਮਿਕਾ ਸੀ। ਜਦੋਂ ਗੁਜਰੀ ਨੇ ਆਪਣੇ ਬਜ਼ੁਰਗ ਮਾਪਿਆਂ ਨੂੰ ਛੱਡ ਕੇ ਦਿੱਲੀ ਜਾਣ ਤੋਂ ਅਸਮਰੱਥਾ ਜ਼ਾਹਿਰ ਕੀਤੀ ਤਾਂ ਫ਼ਿਰੋਜ਼ਸ਼ਾਹ ਨੇ ਇੱਥੇ ਕਿਲ੍ਹੇ ਵਿੱਚ ਹੀ ਉਸ ਲਈ ਮਹਿਲ ਬਣਵਾ ਦਿੱਤਾ ਸੀ। ਹਿਸਾਰ-ਏ-ਫ਼ਿਰੋਜ਼ਾ ਦਾ ਨਿਰਮਾਣ ਹੋਣ ਤੋਂ ਬਾਅਦ ਵਪਾਰੀ, ਸਨਅਤਕਾਰ ਤੇ ਕਾਸ਼ਤਕਾਰ ਆ ਕੇ ਇਸ ਦੇ ਆਲੇ-ਦੁਆਲੇ ਵਸਣ ਲੱਗੇ ਤੇ ਹਿਸਾਰ ਦੇ ਆਸਪਾਸ ਫੈਲੀ ਆਬਾਦੀ ਨੂੰ ਚਹੁੰ ਦਰਵਾਜ਼ਿਆਂ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਆਬਾਦੀ ਦੇ ਪੂਰਬ ਵਿੱਚ ਸਥਿਤ ਦਰਵਾਜ਼ਿਆਂ ਨੂੰ ਮੋਰੀ ਗੇਟ ਤੇ ਦਿੱਲੀ ਗੇਟ ਕਿਹਾ ਜਾਣ ਲੱਗਾ। ਦੱਖਣ ਵਿੱਚ ਸਥਿਤ ਦਰਵਾਜ਼ੇ ਨੂੰ ਨਗੌਰੀ ਗੇਟ ਤੇ ਪੱਛਮ ਵਿੱਚ ਸਥਿਤ ਦਰਵਾਜ਼ੇ ਨੂੰ ਤਲਾਕੀ ਗੇਟ ਕਿਹਾ ਜਾਂਦਾ ਸੀ। ਇਨ੍ਹਾਂ ਚਾਰੇ ਗੇਟਾਂ ਦੇ ਨਾਂ ਅੱਜ ਵੀ ਬੱਚੇ-ਬੱਚੇ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਹਨ।

ਪੁਰਾਤਤਵ ਵਿਭਾਗ ਅਧੀਨ ਰਾਸ਼ਟਰੀ ਮਹੱਤਵ ਦੇ ਸਮਾਰਕਾਂ ਦੇ ਐਕਟ ਅਧੀਨ ਸੁਰੱਖਿਅਤ ਹਿਸਾਰ ਦੇ ਕਿਲ੍ਹੇ ਨੂੰ ਵੇਖ ਕੇ ਕੋਈ ਵੀ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਦਾ। ਕਿਲ੍ਹਾ ਬਣਵਾਉਣ ਲਈ ਫ਼ਿਰੋਜ਼ਸ਼ਾਹ ਭਾਵੇਂ ਬਹੁਤਾ ਕੁਝ ਮੰਦਰਾਂ ਨੂੰ ਭੰਨ ਤੋੜ ਕੇ ਲਿਆਇਆ ਸੀ, ਫਿਰ ਵੀ ਕਿਲ੍ਹੇ ਨੂੰ ਵੇਖ ਕੇ ਫ਼ਿਰੋਜ਼ਸ਼ਾਹੀ ਭਵਨ ਨਿਰਮਾਣ ਕਲਾ ਦੀ ਦਾਦ ਦੇਣੀ ਬਣਦੀ ਹੈ। ਉਸ ਨੇ ਕਿਲ੍ਹੇ ਨੂੰ ਸੁੰਦਰ ਅਤੇ ਮਜ਼ਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਸ ਨੇ 1354 ਈਸਵੀ ਵਿੱਚ ਖ਼ੁਦ ਕੋਲ ਖੜ੍ਹ ਕੇ ਹਿਸਾਰ-ਏ-ਫ਼ਿਰੋਜ਼ਾ ਦਾ ਨਿਰਮਾਣ ਕਰਵਾਇਆ ਸੀ। ਇਹ ਢਾਈ ਸਾਲਾਂ ਵਿੱਚ ਮੁਕੰਮਲ ਹੋ ਗਿਆ ਸੀ। ਕਿਲ੍ਹੇ ਦੀ ਬਾਹਰੀ ਚਾਰਦੀਵਾਰੀ ਲਈ ਉਸ ਨੇ ਨਰਸਾਇ ਦੀ ਪਹਾੜੀ ਤੋਂ ਪੱਥਰ ਮੰਗਵਾਇਆ ਸੀ। ਇਸ ਦੀ ਮਜ਼ਬੂਤੀ ਲਈ ਥਾਂ-ਥਾਂ ਬੁਰਜ ਬਣਵਾਏ ਗਏ ਤੇ ਚਾਰਦੀਵਾਰੀ ਦੇ ਬਾਹਰਵਾਰ ਡੂੰਘੀ ਖੱਡ ਪੁਟਵਾਈ ਗਈ ਸੀ। ਹਿਸਾਰ-ਏ-ਫ਼ਿਰੋਜ਼ਾ ਵਿੱਚ ਗੁਜਰੀ ਮਹਿਲ ਤੋਂ ਇਲਾਵਾ ਮਸਜਿਦ, ਦੀਵਾਨ-ਏ-ਆਮ, ਬਾਰਾਂਦਰੀ, ਤਿੰਨ ਤਹਿਖਾਨੇ ਅਤੇ ਰਾਜਨੀਤਕ ਅਪਰਾਧੀਆਂ ਲਈ ਬੈਰਕਾਂ ਬਣਵਾਈਆਂ ਗਈਆਂ ਸਨ। ਕਿਲ੍ਹੇ ਦੀ ਸ਼ੋਭਾ ਲਈ ਥਾਂ-ਥਾਂ ਕਲਾਤਮਕ ਬੁਰਜੀਆਂ ਬਣਵਾਈਆਂ ਗਈਆਂ ਸਨ। ਕੁਝ ਬੁਰਜੀਆਂ ਉਪਰ ਮੌਰੀਆਕਾਲੀਨ ਅਭਿਲੇਖ ਵੀ ਦਰਜ ਹਨ। ਕਿਲ੍ਹੇ ਵਿੱਚ ਨਮਾਜ਼ ਅਦਾ ਕਰਨ ਲਈ ਬਣਵਾਈ ਗਈ ਮਸਜਿਦ ਕੋਲ ਫ਼ਿਰੋਜ਼ਸ਼ਾਹ ਨੇ ਯਾਦਗਾਰੀ ਲਾਟ ਸਥਾਪਿਤ ਕੀਤੀ ਸੀ। ਪੰਜ ਹਿੱਸਿਆਂ ਵਿੱਚ ਵੰਡੀ ਲਾਲ-ਭੂਰੇ ਰੰਗ ਦੀ ਇਸ ਲਾਟ ਕਰਕੇ ਅੱਜਕੱਲ੍ਹ ਫ਼ਿਰੋਜ਼ਸ਼ਾਹੀ ਮਸਜਿਦ ਨੂੰ ਲਾਟ ਮਸਜਿਦ ਕਿਹਾ ਜਾਂਦਾ ਹੈ। ਕਿਲ੍ਹੇ ਵਿੱਚ ਹੇਠੋਂ ਉਪਰ ਜਾਣ ਅਤੇ ਉਪਰੋਂ ਹੇਠਾਂ ਆਉਣ ਲਈ ਬਣੀਆਂ ਪੌੜੀਆਂ ਕੋਈ ਭੇਤੀ ਹੀ ਲੱਭ ਸਕਦਾ ਹੈ। ਦੀਵਾਰਾਂ ਅੰਦਰ ਬਣੀਆਂ ਇਹ ਪੌੜੀਆਂ ਹਰੇਕ ਦੀ ਨਜ਼ਰ ਨਹੀਂ ਚੜ੍ਹਦੀਆਂ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਥਾਂ-ਥਾਂ ਮੋਰਚੇ ਬਣਾਏ ਗਏ ਸਨ। ਕਿਹਾ ਜਾਂਦਾ ਹੈ ਕਿ ਫ਼ਿਰੋਜ਼ਸ਼ਾਹ ਦੇ ਇਸ ਕਿਲ੍ਹੇ ਵਿੱਚ ਕੁਝ ਸੁਰੰਗਾਂ ਵੀ ਸਨ, ਜੋ ਅੱਜਕੱਲ੍ਹ ਬੰਦ ਹਨ। ਤੁਗਲਕ ਕਾਲ ਵਿਦਰੋਹਾਂ ਦਾ ਕਾਲ ਰਿਹਾ ਹੈ। ਵਿਦਰੋਹਾਂ ਕਰਕੇ ਹੀ 1411 ਈਸਵੀ ਵਿੱਚ ਇਹ ਸਾਮਰਾਜ ਸੱਯਦ ਖਿਜ਼ਰ ਖ਼ਾਨ ਦੇ ਹੱਥਾਂ ਵਿੱਚ ਆ ਗਿਆ ਸੀ ਤੇ ਉਸ ਨੇ ਵਧੀਆ ਸੇਵਾਵਾਂ ਬਦਲੇ ਜਾਗੀਰ ਹਿਸਾਰ ਮੁਹੰਮਦ ਹੁਸੈਨ ਨੂੰ ਇਨਾਮ ਵਜੋਂ ਦੇ ਦਿੱਤੀ ਸੀ। ਇਤਿਹਾਸਕਾਰਾਂ ਅਨੁਸਾਰ ਦਿੱਲੀ ਦੇ ਸਮਰਾਟ ਦੌਲਤ ਖਾਂ ਨੇ ਖਿਜ਼ਰ ਖ਼ਾਨ ਅੱਗੇ ਆਤਮ-ਸਮਰਪਣ ਕਰ ਦਿੱਤਾ ਸੀ। ਉਸ ਨੇ ਦੌਲਤ ਖਾਂ ਨੂੰ ਹਿਸਾਰ ਦੇ ਕਿਲ੍ਹੇ ਵਿੱਚ ਹੀ ਕੈਦ ਕੀਤਾ ਤੇ ਇੱਥੇ ਹੀ ਉਸ ਦੀ ਮੌਤ ਹੋ ਗਈ ਸੀ। ਹਿਸਾਰ-ਏ-ਫ਼ਿਰੋਜ਼ਾ ਸੱਯਦਾਂ ਤੋਂ ਲੋਧੀਆਂ ਦੇ ਹੱਥਾਂ ਵਿੱਚ ਆ ਗਿਆ ਸੀ। ਬਾਬਰ ਦੇ ਹਮਲੇ ਵੇਲੇ ਇਹ ਲੋਧੀ ਸਾਮਰਾਜ ਦਾ ਪ੍ਰਮੁੱਖ ਤੇ ਰਾਜਿਆਂ ਦੇ ਵੱਕਾਰ ਦਾ ਕੇਂਦਰ ਬਣ ਗਿਆ ਸੀ। ਪਾਣੀਪਤ ਦੀ ਪਹਿਲੀ ਲੜਾਈ ਵੇਲੇ ਬਾਬਰ ਨੇ ਹਿਸਾਰ-ਏ-ਫ਼ਿਰੋਜ਼ਾ ਨੂੰ ਜਿੱਤਣ ਲਈ ਹਮਾਯੂੰ ਦੀ ਅਗਵਾਈ ਵਿੱਚ ਵੱਖਰੀ ਫ਼ੌਜ ਭੇਜੀ ਸੀ। ਬਾਬਰ ਨੇ ਵੀ ਹਮਾਯੂੰ ਦੀ ਕਾਰਜਕੁਸ਼ਲਤਾ ਤੋਂ ਖ਼ੁਸ਼ ਹੋ ਕੇ ਹਿਸਾਰ ਉਸ ਨੂੰ ਇਨਾਮ ਵਿੱਚ ਦੇ ਦਿੱਤਾ ਸੀ। ਬਾਅਦ ਵਿੱਚ ਹਮਾਯੂੰ ਦੇ ਰਾਜਕਾਲ ਦੌਰਾਨ ਅਮੀਰ ਮੁਹੰਮਦ ਨੇ ਇੱਥੇ ਜਾਮਾ ਮਸਜਿਦ ਦਾ ਨਿਰਮਾਣ ਕਰਵਾਇਆ ਸੀ। ਹਿਸਾਰ-ਏ-ਫ਼ਿਰੋਜ਼ਾ ਕੁਝ ਸਮਾਂ ਸਿੱਖ ਰਾਜਿਆਂ ਦੇ ਅਧੀਨ ਵੀ ਰਿਹਾ ਹੈ। ਇਸ ਦੌਰਾਨ ਮਹਾਰਾਜਾ ਅਮਰ ਸਿੰਘ ਨੇ ਪੱਛਮੀ ਯਮਨਾ ਨਹਿਰ ਕੰਢੇ ਦੇਵੀ ਭਵਨ ਮੰਦਰ ਬਣਵਾਇਆ ਸੀ। ਦੇਵੀ ਭਵਨ ਮੰਦਰ ਅੱਜ ਹਿਸਾਰ ਵਾਸੀਆਂ ਦੀ ਆਸਥਾ ਦਾ ਪ੍ਰਮੁੱਖ ਕੇਂਦਰ ਹੈ। ਹਿਸਾਰ-ਏ-ਫ਼ਿਰੋਜ਼ਾ ਨੇ ਅਨੇਕਾਂ ਉਤਰਾਅ-ਚੜ੍ਹਾਅ ਦੇਖੇ ਹਨ। 1857 ਦੀ ਕ੍ਰਾਂਤੀ ਹਿਸਾਰ ਵਿਖੇ ਵੀ ਭੜਕੀ ਸੀ। ਹਿਸਾਰ ਵਾਸੀਆਂ ਨੇ ਜੇਲ੍ਹ ਉਪਰ ਹੱਲਾ ਬੋਲ ਕੇ ਤਕਰੀਬਨ 40 ਕੈਦੀਆਂ ਨੂੰ ਆਜ਼ਾਦ ਕਰਵਾ ਲਿਆ ਤੇ ਅੰਗਰੇਜ਼ ਅਫ਼ਸਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਹਿਸਾਰ ਦੇ   ਆਜ਼ਾਦੀ ਘੁਲਾਟੀਆਂ ਦੇ ਰੱਜ ਕੇ ਬਦਲੇ ਲਏ ਸਨ। ਹਿਸਾਰ-ਹਾਂਸੀ ਦੇ ਸੰਗਰਾਮੀਆਂ ਨੂੰ ਰੋਡ ਰੋਲਰ ਨਾਲ  ਫੇਹ ਦਿੱਤਾ ਸੀ। ਉਨ੍ਹਾਂ ਨੇ ਆਜ਼ਾਦੀ ਘੁਲਾਟੀਆਂ ਦੇ   ਘਰ ਤੇ ਜਾਇਦਾਦਾਂ ਜ਼ਬਤ ਕਰ ਲਈਆਂ ਸਨ ਜੋ   ਬਾਅਦ ਵਿੱਚ ਅੰਗਰੇਜ਼ਾਂ ਦੀ ਮਦਦ ਕਰਨ ਵਾਲਿਆਂ ਨੂੰ ਕੌਡੀਆਂ ਦੇ ਭਾਅ ਦਿੱਤੀਆਂ ਗਈਆਂ ਸਨ। ਕ੍ਰਾਂਤੀ ਤੋਂ ਬਾਅਦ ਹਿਸਾਰ ਨੂੰ ਦਿੱਲੀ ਨਾਲੋਂ ਤੋੜ ਕੇ ਪੰਜਾਬ ਨਾਲ ਜੋੜ ਦਿੱਤਾ ਗਿਆ ਸੀ। ਪਹਿਲਾਂ 1860 ਅਤੇ ਫਿਰ 1869 ਵਿੱਚ ਹਿਸਾਰ ਵਾਸੀਆਂ ਨੂੰ ਗੰਭੀਰ ਸੋਕੇ ਦਾ ਸਾਹਮਣਾ ਕਰਨਾ ਪਿਆ ਸੀ। ਹਿਸਾਰ-ਏ-ਫ਼ਿਰੋਜ਼ਾ ਦੇ ਪੂਰਬ ਵਿੱਚ ਜਹਾਜ਼ ਕੋਠੀ’ਸਥਿਤ ਹੈ। ਜਹਾਜ਼ ਕੋਠੀ’ਜੌਰਜ ਥੋਮਸ ਨੇ ਆਪਣੀ ਰਿਹਾਇਸ਼ ਵਾਸਤੇ ਬਣਵਾਈ ਸੀ। ਹਿਸਾਰ-ਏ-ਫ਼ਿਰੋਜ਼ਾ ਅੰਗਰੇਜ਼ਾਂ ਦੇ ਹੱਥ ਆਉਣ ਤੋਂ ਪਹਿਲਾਂ ਜੌਰਜ ਥੋਮਸ ਦੇ ਹੱਥ ਆ ਗਿਆ ਸੀ। ਆਇਰਲੈਂਡ ਦੇ ਜੌਰਜ ਥੋਮਸ ਨੇ ਹਾਂਸੀ ਨੂੰ ਰਾਜਧਾਨੀ ਬਣਾ ਕੇ 1797 ਤੋਂ 1802 ਤਕ ਰਾਜ ਕੀਤਾ। ਇੱਥੇ ਸਥਿਤ ਜੌਰਜ ਥੋਮਸ ਦੀ ਕੋਠੀ ਸਮੁੰਦਰੀ ਜਹਾਜ਼ ਦਾ ਝਾਉਲਾ ਪਾਉਂਦੀ ਹੈ ਤੇ ਸਮੁੰਦਰੀ ਜਹਾਜ਼ ਵਰਗੀ ਹੋਣ ਕਰਕੇ ਇਸ ਨੂੰ ਜਹਾਜ਼ ਕੋਠੀ’ਕਿਹਾ ਜਾਂਦਾ ਹੈ। ਅੰਗਰੇਜ਼ਾਂ ਵੇਲੇ ਇਹ ਕੋਠੀ’ਕੁਝ ਸਮਾਂ ਜੇਮਜ਼ ਸਕਿਨਰ ਦੀ ਰਿਹਾਇਸ਼ ਰਹੀ। ਇਸ’ਦੇ ਮਹੱਤਵ ਨੂੰ ਵੇਖਦਿਆਂ ਹਰਿਆਣਾ ਸਰਕਾਰ ਨੇ ਇਸ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਹਿਸਾਰ ਵਿਖੇ ਸਰਕਾਰੀ ਕਾਲਜ ਕੋਲ ਇੱਕ ਪ੍ਰਾਚੀਨ ਗੁੰਬਦ ਸਥਿਤ ਹੈ। 14ਵੀਂ ਸਦੀ ਵਿੱਚ ਬਣਿਆ ਇਹ ਗੁੰਬਦ ਸ਼ੇਰ ਬਹਿਲੋਲ ਦੇ ਅਧਿਆਤਮਕ ਗੁਰੂ ਤੇ ਸੂਫ਼ੀ ਸੰਤ ਪਰਾਨਪੀਰ ਬਾਦਸ਼ਾਹ ਦੀ ਯਾਦਗਾਰ ਹੈ। ਲਖੌਰੀ ਇੱਟਾਂ ਅਤੇ ਚੂਨੇ ਨਾਲ ਬਣੇ ਇਸ ਗੁੰਬਦ ਦਾ ਹੇਠਲਾ ਹਿੱਸਾ ਕੱਚਾ ਹੈ। ਸਦੀਆਂ ਤੋਂ ਕੱਚੀਆਂ ਨੀਹਾਂ ਉਪਰ ਟਿਕਿਆ ਹੋਣ ਕਰਕੇ ਇਹ ਗੁੰਬਦ ਸੈਲਾਨੀਆਂ ਤੇ ਵਿਰਾਸਤ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਹੈ। ਜਿੰਦਲ ਸਟੀਲ ਫੈਕਟਰੀਆਂ ਕਾਰਨ ਹਿਸਾਰ ਨੂੰ ਹਰਿਆਣੇ ਦਾ ਸਟੀਲ ਸ਼ਹਿਰ ਵੀ ਕਿਹਾ ਜਾਂਦਾ ਹੈ। ਜਿੰਦਲ ਪਾਰਕ ਵਿੱਚ ਸੁਸ਼ੋਭਿਤ ਸਟੀਲ ਟਾਵਰ ਵੀ ਹਿਸਾਰ-ਏ-ਫ਼ਿਰੋਜ਼ਾ ਵਾਂਗ ਆਪਣੇ ਆਪ ਵਿੱਚ ਵਿਲੱਖਣ ਹੈ। ਸੈਲਾਨੀ ਤੇ ਸ਼ਹਿਰ ਵਾਸੀ ਆਸਮਾਨ ਛੂੰਹਦੇ ਇਸ ਟਾਵਰ ਉਪਰ ਚੜ੍ਹ ਕੇ ਅਜੋਕੇ ਹਿਸਾਰ ਸ਼ਹਿਰ ਦੇ ਦਰਸ਼ਨ ਕਰਦੇ ਹਨ। ਇਸ ਟਾਵਰ ਉਪਰ ਚੜ੍ਹਨ ਲਈ ਲਿਫਟ ਲਾਈ ਗਈ ਹੈ। ਵਕਤ ਬੀਤਣ ਨਾਲ ਭਾਵੇਂ ਹਿਸਾਰ-ਏ-ਫ਼ਿਰੋਜ਼ਾ ਬੇਨੂਰ ਹੋ ਗਿਆ ਹੈ, ਪਰ ਇਹ ਸ਼ਹਿਰ ਬੁਲੰਦੀਆਂ 'ਤੇ ਹੈ। ਵਧੀਆ ਖੇਤੀ ਤਕਨੀਕਾਂ, ਵਿੱਦਿਆ ਦੇ ਪਸਾਰ ਤੇ ਪਸ਼ੂਧਨ ਸਦਕਾ ਹਿਸਾਰ ਦੀ ਵੱਖਰੀ ਪਛਾਣ ਹੈ। ਖੇਤੀਬਾੜੀ ਯੂਨੀਵਰਸਿਟੀ ਤੋਂ ਇਲਾਵਾ ਇੱਥੇ ਖੇਤੀ ਤੇ ਪਸ਼ੂਧਨ ਨਾਲ ਸਬੰਧਿਤ ਕਈ ਫਾਰਮ ਹਨ। ਦਿੱਲੀ ਤੋਂ 164 ਕਿਲੋਮੀਟਰ ਦੂਰ ਵਸਿਆ ਹਿਸਾਰ ਅੱਜ ਕੌਮੀ ਸ਼ਾਹਰਾਹ ਨੰਬਰ ਦਸ ਨਾਲ ਸੂਬੇ ਅਤੇ ਮੁਲਕ ਦੇ ਹੋਰਨਾਂ ਭਾਗਾਂ ਨਾਲ ਜੁੜਿਆ ਹੋਇਆ ਹੈ। ਸੰਪਰਕ: 094165-92149

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All