ਤੀਜਾ ਟੈਸਟ: ਆਸਟਰੇਲੀਆ ਨੇ ਨਿਊਜ਼ੀਲੈਂਡ ’ਤੇ ਸ਼ਿਕੰਜਾ ਕੱਸਿਆ

ਸਿਡਨੀ, 5 ਜਨਵਰੀ

ਨਾਥਨ ਲਿਓਨ ਦੀ ਗੇਂਦ ’ਤੇ ਆਊਟ ਹੁੰਦਾ ਹੋਇਆ ਨਿਊਜ਼ੀਲੈਂਡ ਦਾ ਬੱਲੇਬਾਜ਼ ਨੀਲ ਵੈਗਨਰ। -ਫੋਟੋ: ਪੀਟੀਆਈ

ਆਸਟਰੇਲੀਆ ਨੇ ਅੱਜ ਇੱਥੇ ਤੀਜੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ’ਤੇ 243 ਦੌੜਾਂ ਦੀ ਲੀਡ ਹਾਸਲ ਕਰ ਲਈ ਅਤੇ ਉਸ ਦਾ ਇਰਾਦਾ ਲੜੀ ਵਿੱਚ ਹੂੰਝਾ ਫੇਰਨ ਦਾ ਹੈ। ਮੇਜ਼ਬਾਨ ਟੀਮ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿੱਚ 251 ਦੌੜਾਂ ’ਤੇ ਆਊਟ ਕਰਕੇ 203 ਦੌੜਾਂ ਦੀ ਲੀਡ ਹਾਸਲ ਕੀਤੀ ਸੀ। ਹੁਣ ਉਸ ਨੇ ਫਾਲੋਆਨ ਦੇਣ ਦੀ ਥਾਂ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਟੈਸਟ ਵਿੱਚ ਅਜੇ ਦੋ ਦਿਨ ਬਚੇ ਹਨ। ਤੀਜੇ ਦਿਨ ਮੈਚ ਖ਼ਤਮ ਹੋਣ ਤੱਕ ਮੇਜ਼ਬਾਨ ਟੀਮ ਨੇ ਬਿਨਾਂ ਵਿਕਟ ਗੁਆਏ 40 ਦੌੜਾਂ ਬਣਾ ਲਈਆਂ। ਡੇਵਿਡ ਵਾਰਨਰ 23 ਅਤੇ ਜੋਏ ਬਰਨਸ 16 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹਨ। ਸ਼ਾਇਦ ਚੌਥੇ ਦਿਨ ਟੀਮ ਥੋੜ੍ਹੀ ਬੱਲੇਬਾਜ਼ੀ ਕਰਨ ਮਗਰੋਂ ਨਿਊਜ਼ੀਲੈਂਡ ਨੂੰ ਵੱਡਾ ਟੀਚਾ ਦੇਵੇਗੀ। ਆਸਟਰੇਲੀਆ ਦੇ ਆਫ਼ ਸਪਿੰਨਰ ਨਾਥਨ ਲਿਓਨ ਨੇ 68 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਨਿਊਜ਼ੀਲੈਂਡ ਲਈ ਪਲੇਠਾ ਟੈਸਟ ਮੈਚ ਖੇਡਣ ਵਾਲਾ ਗਲੈਨ ਫਿਲਿਪਸ 52 ਦੌੜਾਂ ਦੀ ਪਾਰੀ ਖੇਡ ਕੇ ਚੋਟੀ ਦਾ ਸਕੋਰਰ ਰਿਹਾ। ਆਸਟਰੇਲਿਆਈ ਫੀਲਡਰਾਂ ਨੇ ਦੋ ਵਾਰ ਉਸ ਦਾ ਕੈਚ ਛੱਡਿਆ, ਜਦਕਿ ਇੱਕ ਵਾਰ ਨੋ-ਬਾਲ ’ਤੇ ਉਹ ਕੈਚ ਆਊਟ ਤੋਂ ਬਚਿਆ। ਫਿਲਿਪਸ ਜਦੋਂ ਦੋ ਅਤੇ 17 ਦੌੜਾਂ ’ਤੇ ਸੀ ਤਾਂ ਲਿਓਨ ਨੇ ਆਪਣੀ ਗੇਂਦਬਾਜ਼ੀ ’ਤੇ ਕੈਚ ਲੈਣ ਦੇ ਦੋ ਮੌਕੇ ਗੁਆਏ। ਜਦੋਂ ਇਹ ਬੱਲੇਬਾਜ਼ 28 ਦੌੜਾਂ ’ਤੇ ਸੀ, ਤਾਂ ਟਰੈਵਿਸ ਹੈੱਡ ਨੇ ਡੀਪ ਮਿੱਡਵਿਕਟ ’ਤੇ ਉਸ ਦਾ ਕੈਚ ਲਿਆ। ਹਾਲਾਂਕਿ ਜੇਮਜ਼ ਪੈਟਿਨਸਨ ਦਾ ਪੈਰ ਲਾਈਨ ਤੋਂ ਅੱਗੇ ਸੀ ਅਤੇ ਇਹ ਨੋ-ਬਾਲ ਹੋ ਗਈ। ਫਿਲਿਪਸ ਨੇ ਇਸ ਤਰ੍ਹਾਂ ਪੈਟ ਕਮਿਨਸ ਦੀ ਗੇਂਦ ’ਤੇ ਸ਼ਾਟ ਮਾਰ ਕੇ ਆਪਣਾ ਪਹਿਲਾ ਟੈਸਟ ਨੀਮ ਸੈਂਕੜਾ ਪੂਰਾ ਕੀਤਾ। ਪਰ ਦੋ ਗੇਂਦਾਂ ਮਗਰੋਂ ਕਮਿਨਸ ਨੇ ਉਸ ਦੀ ਆਫ ਸਟੰਪ ਉਖਾੜ ਦਿੱਤੀ। ਲਿਓਨ ਨੇ ਫਿਰ ਵਿਲ ਸਮਰਵਿਲੇ ਅਤੇ ਨੀਲ ਵੈਗਨਰ ਨੂੰ ਖਾਤਾ ਨਹੀਂ ਖੋਲ੍ਹਣ ਦਿੱਤਾ ਅਤੇ ਉਨ੍ਹਾਂ ਦੀਆਂ ਵਿਕਟਾਂ ਦੀਆਂ ਗੁੱਲੀਆਂ ਉਡਾ ਦਿੱਤੀਆਂ। ਤੇਜ਼ ਗੇਂਦਬਾਜ਼ ਮੈਟ ਹੈਨਰੀ ਆਪਣੇ ਅੰਗੂਠੇ ਦੇ ਫਰੈਕਚਰ ਦੇ ਬਾਵਜੂਦ ਬੱਲੇਬਾਜ਼ੀ ਲਈ ਉਤਰਿਆ। ਉਸ ਨੇ ਮਿਸ਼ੇਲ ਸਟਾਰਕ ਦੀਆਂ ਗੇਂਦਾਂ ਨੂੰ ਚੰਗੀ ਤਰ੍ਹਾਂ ਖੇਡਿਆ, ਪਰ ਉਹ ਲਿਓਨ ਦੀ ਗੇਂਦ ’ਤੇ ਆਊਟ ਹੋ ਗਿਆ ਅਤੇ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਖ਼ਤਮ ਹੋ ਗਈ।

ਨਿਊਜ਼ੀਲੈਂਡ ਦੀਆਂ ਪੰਜ ਵਿਕਟਾਂ ਲੈਣ ਮਗਰੋਂ ਦਰਸ਼ਕਾਂ ਦੀਆਂ ਵਧਾਈਆਂ ਕਬੂਲਦਾ ਹੋਇਆ ਨਾਥਨ ਲਿਓਨ।

ਨਿਊਜ਼ੀਲੈਂਡ ਨੇ ਸਵੇਰੇ ਬਿਨਾਂ ਕੋਈ ਵਿਕਟ ਗੁਆਏ 63 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਦੂਜੇ ਸੈਸ਼ਨ ਵਿੱਚ ਟੀਮ ਨੇ ਤਿੰਨ ਵਿਕਟਾਂ ਗੁਆ ਲਈਆਂ। ਕਮਿਨਸ ਨੇ ਲੰਚ ਮਗਰੋਂ ਦੂਜੇ ਓਵਰ ਵਿੱਚ ਰੋਸ ਟੇਲਰ ਨੂੰ 22 ਦੌੜਾਂ ਦੇ ਨਿੱਜੀ ਸਕੋਰ ’ਤੇ ਐੱਲਬੀਡਬਲਯੂ ਆਊਟ ਕੀਤਾ। ਟੇਲਰ ਇਸ ਤਰ੍ਹਾਂ ਸਟੀਫਨ ਫਲੇਮਿੰਗ (7,172 ਦੌੜਾਂ) ਮਗਰੋਂ ਨਿਊਜ਼ੀਲੈਂਡ ਲਈ ਟੈਸਟ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਬੱਲੇਬਾਜ਼ ਬਣਨ ਤੋਂ 20 ਦੌੜਾਂ ਪਿੱਛੇ ਹੈ। ਵਿਕਟਕੀਪਰ ਬੀਜੇ ਵਾਟਲਿੰਗ 30 ਗੇਂਦਾਂ ਵਿੱਚ ਨੌਂ ਦੌੜਾਂ ਬਣਾਉਣ ਮਗਰੋਂ ਸਟਾਰਕ ਦੀ ਵਾਈਡ ਗੇਂਦ ’ਤੇ ਆਊਟ ਹੋਇਆ, ਜਿਸ ਨਾਲ ਟੀਮ ’ਤੇ ਦਬਾਅ ਵਧ ਗਿਆ। ਕੋਲਿਨ ਗਰੈਂਡਹੋਮ (20 ਦੌੜਾਂ) ਦੂਜੀ ਦੌੜ ਲੈਣ ਦੇ ਯਤਨ ਵਿੱਚ ਰਨ ਆਊਟ ਹੋਇਆ। ਲਿਓਨ ਨੇ ਸਵੇਰ ਦੇ ਸੈਸ਼ਨ ਵਿੱਚ ਟੌਮ ਬਲੰਡੇਲ (34 ਦੌੜਾਂ) ਅਤੇ ਜੀਤ ਰਾਵਲ (31 ਦੌੜਾਂ) ਦੀਆਂ ਅਹਿਮ ਵਿਕਟਾਂ ਝਟਕਾਈਆਂ। ਟੌਮ ਲੈਥਮ ਆਪਣੇ ਅਰਧ ਸੈਂਕੜੇ ਤੋਂ ਸਿਰਫ਼ ਇੱਕ ਦੌੜ ਨਾਲ ਖੁੰਝ ਗਿਆ। ਆਸਟਰੇਲੀਆ ਦੇ ਜੰਗਲ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ ਘੱਟੋ-ਘੱਟ 24 ਜਾਨਾਂ ਜਾ ਚੁੱਕੀਆਂ ਹਨ। ਅੱਗ ਵਧਣ ਅਤੇ ਧੂੰਆਂ ਫੈਲਣ ਕਾਰਨ ਅੰਪਾਇਰ ਦੇ ਫ਼ੈਸਲੇ ਮਗਰੋਂ ਖੇਡ ਮੁਲਤਵੀ ਕੀਤੀ ਜਾ ਸਕਦੀ ਹੈ। ਹਾਲਾਂਕਿ ਹੁਣ ਤੱਕ ਮੈਦਾਨ ਉਪਰ ਅਸਮਾਨ ਸਾਫ਼ ਹੈ। -ਏਐੱਫਪੀ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All