ਤੀਆਂ ਵੀ ਗਈਆਂ...

ਸੁਖਵਿੰਦਰ ਕੌਰ ਸਿੱਧੂ

ਮੇਰੀ ਇਕ ਸਹੇਲੀ ਦਾ ਫੋਨ ਆਇਆ ਕਹਿੰਦੀ,‘ਤੀਆਂ ਮਨਾਉਣੀਆਂ ਨੇ, ਪਰ ਹੋਟਲ ਅਜੇ ਪੱਕਾ ਨਹੀਂ ਹੋਇਆ, ਮੈਂਬਰਾਂ ਦੇ ਹਿਸਾਬ ਨਾਲ ਹੋਊ।’ ਮੈਂ ਕਿਹਾ,‘ਭੈਣੇ ਕਿਤੇ ਖੁੱਲ੍ਹੇ ਪਾਰਕ ਵਿਚ ਰੱਖ ਲਓ।’ ਉਹ ਆਖਣ ਲੱਗੀ, ‘ਨਹੀਂ ਭੈਣੇ ਖੁੱਲ੍ਹੇ ਥਾਂ ਇਕ ਤਾਂ ਗਰਮੀ ਬਹੁਤ ਐ, ਦੂਜਾ ਖਾਣ-ਪੀਣ ਦਾ ਪ੍ਰਬੰਧ ਔਖਾ ਹੋ ਜਾਂਦੈ। ਇੱਥੇ ਆਰਾਮ ਨਾਲ ਮਜ਼ੇ ਨਾਲ ਖਾ ਪੀ ਲਈਦੈ। ਤੂੰ ਬਸ ਆਉਣਾ ਈਂ ਐ, ਮੈਂ ਨਾਂਹ ਨ੍ਹੀਂ ਸੁਣਨੀ।’ ਆਖ ਉਸਨੇ ਸਾਰੀ ਗੱਲ ਨਿਬੇੜ ਦਿੱਤੀ। ‘ਮੈਨੂੰ ਹੋਟਲਾਂ ਵਾਲੀਆਂ ਤੀਆਂ ’ਚ ਆਨੰਦ ਨਹੀਂ ਆਉਂਦਾ।’ ਮੈਂ ਅਣਮੰਨੇ ਜਿਹੇ ਮਨ ਨਾਲ ਕਿਹਾ। ‘ਲੈ ਤੇਰੇ ਬਿਨਾਂ ਤਾਂ ਰੌਣਕ ਅੱਧੀ ਰਹਿਜੂ, ਨਾਲੇ ਊਈਂ ਨਾ ਬੇਬੇ ਬਣਿਆ ਕਰ ਜ਼ਮਾਨੇ ਨਾਲ ਈ ਚੱਲੀਦੈ। ਤੈਂ ਆਉਣੈਂ ਬਸ ਆਉਣੈ, ਠੀਕ ਐ?’ ਆਖ ਉਸਨੇ ਫੋਨ ਬੰਦ ਕਰ ਦਿੱਤਾ। ਫਿਰ ਮੈਂ ਆਪਣੀ ਇਕ ਹੋਰ ਸਹੇਲੀ ਨੂੰ ਫੋਨ ਕੀਤਾ। ਮੈਂ ਕਿਹਾ,‘ਆਪਾਂ ਪੁਰਾਣੀਆਂ ਤੀਆਂ ਵਾਂਗ ਖੁੱਲ੍ਹੀ ਜਗ੍ਹਾ ’ਤੇ ਤੀਆਂ ਲਗਾਈਏ ਤੇ ਕਈ ਦਿਨ ਆਨੰਦ ਮਾਣੀਏਂ।’ ਉਹ ਅੱਗੋਂ ਕਹਿੰਦੀ,‘ਕਈ ਸਾਲ ਪਹਿਲਾਂ ਇਹ ਉਪਰਾਲਾ ਵੀ ਕੀਤਾ ਸੀ, ਕੋਈ ਨ੍ਹੀਂ ਆਈ, ਅਸੀਂ ਦੋ ਕੁ ਜਾਣੀਆਂ ਦੋ ਤਿੰਨ ਦਿਨ ਬੈਠ ਕੇ ਮੁੜ ਆਈਆਂ। ਇਹ ਪੇਂਡੂਆਂ ਨੂੰ ਜਿਹੜੀ ਸ਼ਹਿਰੀ ਪਿਉਂਦ ਚੜ੍ਹਗੀ ਨਾ ਸੱਭਿਆਚਾਰ ਦਾ ਨਾਸ ਏਸੇ ਨੇ ਮਾਰਿਐ।’ ਮੈਂ ਫੋਨ ਬੰਦ ਕਰਕੇ ਪਤਾ ਨ੍ਹੀਂ ਕਦੋਂ ਪਿੰਡ ਦੀਆਂ ਤੀਆਂ ’ਚ ਪਹੁੰਚ ਗਈ। ਉਹ ਸਾਰਾ ਦ੍ਰਿਸ਼ ਜਿਉਂ ਦਾ ਤਿਉਂ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗਿਆ। ਸਾਡੇ ਪਿੰਡ ਇਤਿਹਾਸਕ ਗੁਰਦੁਆਰਾ ਸਾਹਿਬ ਮੱਸਿਆ ਦੇ ਦਿਨ ਮੇਲਾ ਲੱਗਦਾ ਹੈ। ਪਿੰਡ ਦੀਆਂ ਔਰਤਾਂ ਕੰਮ ਧੰਦਾ ਨਿਬੇੜ ਇਕੱਠੀਆਂ ਹੋ ਕੇ ਮੱਸਿਆ ਨਹਾਉਣ ਜਾਂਦੀਆਂ। ਸਕੂਲ ਗੁਰਦੁਆਰੇ ਜਾਣ ਸਮੇਂ ਰਸਤੇ ਵਿਚ ਆਉਣ ਕਰਕੇ ਆਮ ਤੌਰ ’ਤੇ ਬੱਚਿਆਂ ਦੀਆਂ ਮਾਵਾਂ ਛੁੱਟੀ ਲੈਣ ਆਉਂਦੀਆਂ ਆਖਦੀਆਂ, ‘ਮਾਸਟਰ ਜੀ ਮੱਸਿਆ ’ਤੇ ਲੈ ਕੇ ਜਾਣਾ ਸੀ?’ ਮਾਸਟਰ ਜੀ ਤੋਂ ਛੁੱਟੀ ਲੈ ਮੱਸਿਆ ਨੁਹਾ ਕੇ ਸਕੂਲ ’ਚ ਛੱਡ ਜਾਣਾ। ਸਾਉਣ ਦੀ ਮੱਸਿਆ ਨੂੰ ਤਾਂ ਖ਼ਾਸ ਤੌਰ ’ਤੇ ਤਕਰੀਬਨ ਸਾਰੇ ਬੱਚਿਆਂ ਨੂੰ ਹੀ ਮਾਵਾਂ ਲੈਣ ਆਉਂਦੀਆਂ। ਮੇਰੀ ਬੀਬੀ ਸਕੂਲ ਤੁਰਨ ਲੱਗੇ ਆਖ ਦਿੰਦੀ, ‘ਪੁੱਤ ਕਲਾਸ ਦਾ ਕੰਮ ਛੇਤੀ ਨਿਬੇੜ ਲਈਂ, ਅਸੀਂ ਦਸ ਕੁ ਵਜੇ ਆਵਾਂਗੀਆਂ।’ ਸਾਡੀ ਨਜ਼ਰ ਸਕੂਲ ਦੇ ਗੇਟ ’ਤੇ ਹੀ ਲੱਗੀ ਰਹਿੰਦੀ। ਆਮ ਤੌਰ ’ਤੇ ਮੀਰ੍ਹਾਂ ਭੂਆ ਛੁੱਟੀ ਦਵਾਉਣ ਆਉਂਦੀ। ਉਹ ਮਾਸਟਰ ਜੀ ਨੂੰ ਸਤਿ ਸ੍ਰੀ ਅਕਾਲ ਬੁਲਾ ਆਖਦੀ ‘ਜੀ ਬਿੰਦਰ, ਬੰਸੋ, ਭੂਰੀ ਤੇ ਰਾਣੋ ਨੂੰ ਛੁੱਟੀ ਦੇ ਦਿਓ, ਮੱਸਿਆ ਤੋਂ ਮੁੜਦੇ ਛੱਡ ਜਾਵਾਂਗੇ।’ ਮਾਸਟਰ ਜੀ ਦੇ ‘ਜਾਓ ਭਾਈ’ ਆਖਣ ਸਾਰ ਅਸੀਂ ਛੂਟ ਵੱਟ ਦਿੰਦੀਆਂ। ਇਸ਼ਨਾਨ ਕਰ ਦੇਗ ਕਰਾ ਬਾਜ਼ਾਰ ਵਿਚ ਵੜ ਜਾਂਦੀਆਂ। ਚੂੜੀਆਂ ਖ਼ਰੀਦਣ ਲੱਗੀਆਂ ਇਕ ਦੂਜੀ ਤੋਂ ਪੁੱਛਦੀਆਂ,‘ਦੇਖੀਂ ਭਾਬੀ ਸੋਹਣੀਆਂ ਨੇ।’ ਕੋਈ ਨਹੁੰ ਪਾਲਿਸ਼, ਕੋਈ ਛਾਪ-ਛੱਲਾ, ਕੋਈ ਹੋਰ ਨਿੱਕ ਸੁੱਕ ਦਾ ਸਾਮਾਨ ਖ਼ਰੀਦ ਤੀਆਂ ਦੀ ਸਾਰੀ ਤਿਆਰੀ ਕਰ ਲੈਂਦੀਆਂ। ਉਸ ਸਮੇਂ ਅੱਜ ਵਾਂਗ ਹਾਰ-ਸ਼ਿੰਗਾਰ ਦਾ ਸਾਮਾਨ ਲੈਣ ਲਈ ਖ਼ਾਸ ਤੌਰ ’ਤੇ ਸ਼ਹਿਰ ਜਾਣ ਦੀ ਹੋੜ ਨਹੀਂ ਸੀ। ਮੱਸਿਆ ਤੋਂ ਬਾਅਦ ਦੂਜ ਦੇ ਦਿਨ ਸਕੂਲ ਵਿਚ ਲੱਗੇ ਮਹਿੰਦੀ ਦੇ ਬੂਟੇ ਤੋਂ ਪੱਤੇ ਤੋੜ ਰਗੜ ਕੇ ਹੱਥਾਂ ਦੇ ਵਿਚਾਲੇ ਗੋਲ਼ ਚੱਕਰ ਤੇ ਸਾਰੀਆਂ ਉਂਗਲਾਂ ’ਤੇ ਲੇਪ ਲਗਾ ਲੈਂਦੀਆਂ। ਅਗਲੇ ਦਿਨ ਤੀਜ ਤੋਂ ਤੀਆਂ ਦਾ ਪਹਿਲਾ ਦਿਨ ਸ਼ੁਰੂ ਹੁੰਦਾ। ਸ਼ਾਮ ਨੂੰ ਤਿਆਰ ਹੋ ਇਕੱਠੀਆਂ ਰਲ਼ ਕੇ ਟੋਲੀਆਂ ਬਣਾ ਪਿੰਡ ਦੇ ਬਾਹਰ-ਬਾਹਰ ਪਿੱਪਲ ਤੇ ਬਰੋਟੇ ਦੀ ਛਾਂ ਥੱਲ੍ਹੇ ਤੀਆਂ ਲਾਉਂਦੀਆਂ। ਅਸੀਂ ਉਨ੍ਹਾਂ ਨੂੰ ਤੀਆਂ ਵਾਲੇ ਦਿਨਾਂ ’ਚ ਹੀ ਤਿਆਰ ਹੁੰਦੇ ਦੇਖਦੀਆਂ, ਬਾਕੀ ਦਿਨਾਂ ’ਚ ਉਹ ਸਾਦੀਆਂ ਹੀ ਰਹਿੰਦੀਆਂ। ਇਸ ਕਰਕੇ ਸਾਨੂੰ ਤਾਂ ਉਹ ਪਰੀਆਂ ਵਰਗੀਆਂ ਲੱਗਦੀਆਂ। ਅਸੀਂ ਆਪਸ ਵਿਚ ਗੱਲਾਂ ਕਰਦੀਆਂ, ‘ਦੇਖੀਂ ਭੋਲੀ ਭੂਆ ਦੇ ਮਹਿੰਦੀ ਕਿੰਨੀ ਚੜ੍ਹੀ ਐ? ਭਜਨੋ ਭੈਣ ਕਿੰਨੀ ਸੋਹਣੀ ਲੱਗਦੀ ਐ?’ ਜਿਹੜੀ ਸੰਗ ਉਨ੍ਹਾਂ ਦੇ ਚਿਹਰਿਆਂ ’ਤੇ ਚਾਰ ਚੰਦ ਲਾਉਂਦੀ, ਉਹ ਅੱਜਕੱਲ੍ਹ ਦੀਆਂ ਮੁਟਿਆਰਾਂ ਵਿਚੋਂ ਭਾਲ਼ੀ ਨ੍ਹੀਂ ਥਿਆਉਂਦੀ। ‘ਕੁੜੇ ਭੋਲੀ ਐਨਾ ਚਿਰ ਲਾ ’ਤਾ।’ ਚਰਨੋ ਭੂਆ ਪੁੱਛਦੀ। ‘ਨੀਂ ਤਿਆਰ ਤਾਂ ਕਦੋਂ ਦੀ ਹੋਗੀ ਤੀ, ਮੇਰਾ ਚਾਚਾ ਬੈਠਕ ਮੂਹਰੇ ਬੈਠਾ ਤੀ, ਮੈਨੂੰ ਤਾਂ ਤਿਆਰ ਹੋ ਕੇ ਲੰਘਦੀ ਨੂੰ ਸੰਗ ਲੱਗੀ।’ ਭੋਲੀ ਹੋਰ ਸੰਗ ਕੇ ਆਖਦੀ। ਰਲ-ਮਿਲ ਗਿੱਧਾ ਪਾਉਂਦੀਆਂ ਸਹੇਲੀਆਂ ਨੂੰ ਜੱਫੀਆਂ ਪਾ-ਪਾ ਆਖਦੀਆਂ, ‘ਹਾਏ ਨੀਂ ਸਾਲ ਹੋ ਗਿਆ ਆਪਾਂ ਤਾਂ ਪਿਛਲੀਆਂ ਤੀਆਂ ’ਤੇ ਹੀ ਮਿਲੀਆਂ ਸੀ।’ ‘ਕੀ ਕਰਾਂ ਭੈਣੇ, ਰੱਬ ਦੀਆਂ ਜੜਾਂ ’ਚ ਵਿਆਹ ’ਤੀ। ਛੇ ਮਹੀਨਿਆਂ ਬਾਅਦ ਮਿਲਣ ਆਈਂ ਆਂ।’ ਦੂਰ ਵਿਆਹੁਣ ਦਾ ਝੋਰਾ ਵੀ ਨਿਹੋਰੇ ਰਾਹੀਂ ਸਾਂਝਾ ਕਰ ਲੈਂਦੀਆਂ। ਗਿੱਧੇ ਵਿਚ ਬੋਲੀਆਂ ਰਾਹੀਂ ਵੀ ਦੁਖ-ਸੁਖ ਫੋਲਦੀਆਂ: * ਭੈਣਾਂ ਨੂੰ ਭਾਈ ਨਿੱਤ ਮਿਲਦੇ, ਕਿਤੇ ਮਿਲਦੀ ਨਾ ਵਿੱਛੜੀ ਸਹੇਲੀ। * ਮੇਰਾ ਜੇਠ ਬੜਾ ਟੁੱਟ ਪੈਣਾ, ਹੱਸਦੀ ਦੇ ਦੰਦ ਗਿਣਦਾ। ‘ਨੀਂ ਮੇਰਾ ਜੇਠ ਅਹਿ ਜਾ ਈ ਐ।’ ਵਿਚੋਂ ਕੋਈ ਆਖ ਦਿੰਦੀ ਤੇ ਸਾਰੀਆਂ ਉੱਚੀ-ਉੱਚੀ ਹੱਸਦੀਆਂ ਅਤੇ ਅਗਲੀ ਬੋਲੀ ਛੋਹ ਲੈਂਦੀਆਂ: ਪੰਜ ਪੁੱਤ ਕੰਗਣਾਂ ਦੀ ਜੋੜੀ ਤੀਆਂ ਵੇ ਲਵਾਉਣ ਵਾਲਿਆ। ਜਦੋਂ ਕਿਤੇ ਕੋਈ ਪਿੰਡ ਦਾ ਪ੍ਰਾਹੁਣਾ ਲੱਗੀਆਂ ਹੋਈਆਂ ਤੀਆਂ ਕੋਲੋਂ ਲੰਘਦਾ ਤਾਂ ਬੋਲੀਆਂ ਪਾ-ਪਾ ਉਸਨੂੰ ਠਿੱਠ ਕਰਦੀਆਂ: * ਤੇਰਾ ਸਾਈਕਲ ਪੈਂਚਰ ਹੋ ਜੇ ਰਾਹੇ-ਰਾਹੇ ਜਾਣ ਵਾਲਿਆ। * ਮੀਂਹ ਵਰਸੇ ਕੁਛ ਬੋਲ ਵੇ ਡੱਡੂਆ ਸਾਉਣ ਦੇ ਮਹੀਨੇ ਸਹੁਰੇ ਆਈਦਾ ਨੀ ਝੁੱਡੂਆ।

ਸੁਖਵਿੰਦਰ ਕੌਰ ਸਿੱਧੂ

ਇਨ੍ਹਾਂ ਗੱਲਾਂ ਦਾ ਕੋਈ ਗੁੱਸਾ ਨਾ ਕਰਦਾ, ਸਗੋਂ ਹੱਸ ਕੇ ਲੰਘ ਜਾਂਦਾ। ਫਿਰ ਕੁੜੀਆਂ ਗਿੱਧਾ ਪਾ ਕੇ ਬਰੋਟੇ ਥੱਲੇ ਬੈਠ ਦੁਖ-ਸੁਖ ਫੋਲਦੀਆਂ। ਆਪਣੀਆਂ ਸੱਸਾਂ, ਨਣਦਾਂ, ਦਿਉਰਾਂ-ਜੇਠਾਂ ਦੇ ਸੁਭਾਅ ਦੀਆਂ ਗੱਲਾਂ ਕਰਦੀਆਂ। ਕਦੇ ਹਸਦੀਆਂ ਤੇ ਕਦੇ ਭਾਵੁਕ ਵੀ ਹੋ ਜਾਂਦੀਆਂ। ਇਸੇ ਤਰ੍ਹਾਂ ਹੱਸਦੀਆਂ-ਖੇਡਦੀਆਂ ਪੂਰਨਮਾਸ਼ੀ ਨੂੰ ਰੱਖੜੀ ਦੇ ਦਿਨ ਤੀਆਂ ਵਿਦਾ ਕਰ ਬੋਲੀ ਪਾਉਂਦੀਆਂ: ਠੰਢੇ ਸੀਲੇ ਹੋ ਜੋ ਵੀਰਨੋ ਅਸੀਂ ਤੀਆਂ ਨੂੰ ਵਿਦਾ ਕਰ ਆਈਆਂ। ਇਕ ਦੂਜੀ ਨੂੰ ਗਲ਼ ਮਿਲਦੀਆਂ ਦਾ ਓਦਰੇਵਾਂ ਸਾਫ਼ ਝਲਕਦਾ ਤੇ ਕਈ ਗੂੜ੍ਹੀਆਂ ਸਹੇਲੀਆਂ ਅੱਖਾਂ ਭਰ-ਭਰ ਡੋਲਦੀਆਂ। ਉਸ ਸਮੇਂ ਇਨ੍ਹਾਂ ਭਾਵਨਾਵਾਂ ਦੀ ਇੰਨੀ ਸਮਝ ਨਹੀਂ ਸੀ, ਪਰ ਅੱਜ ਜਦੋਂ ਤੀਆਂ ਦੇ ਬਦਲੇ ਰੂਪ ਅਤੇ ਗੁੰਮ ਹੋਏ ਪੇਂਡੂ ਸੱਭਿਆਚਾਰ ਨੂੰ ਯਾਦ ਕਰਦੀ ਹਾਂ ਤਾਂ ਉਹੀ ਵੈਰਾਗ ਜੋ ਮੈਂ ਦੇਖਿਆ ਸੀ, ਆਪਣੇ ਅੰਦਰ ਮਹਿਸੂਸ ਕਰਦੀ ਹਾਂ। ਮੇਰੇ ਅੰਦਰ ਉਹ ਯਾਦਾਂ ਦਾ ਝੁਰਮਟ ਅੱਖਾਂ ਰਾਹੀਂ ਛਲਕ ਪੈਂਦਾ ਹੈ ਤੇ ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ ਹੈ: ਤੀਆਂ ਵੀ ਗਈਆਂ ਤੇ ਤੀਆਂ ਵਾਲੀਆਂ ਵੀ ਗਈਆਂ।

ਸੰਪਰਕ: 94654-34177

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All