ਤਿੱਖੀ ਸੁਰ ਵਾਲੀ ਸ਼ਾਇਰੀ

ਸੁਲੱਖਣ ਸਰਹੱਦੀ ਗ਼ਜ਼ਲ-ਸੰਗ੍ਰਹਿ ‘ਕਿਣਮਿਣ’ (ਕੀਮਤ: 280 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਪੰਜਾਬੀ ਗ਼ਜ਼ਲ ਦੇ ਸੁਪ੍ਰਸਿੱਧ ਅਤੇ ਸਥਾਪਤ ਹਸਤਾਖਰ ਗੁਰਦਿਆਲ ਰੌਸ਼ਨ ਦਾ ਸਤਾਰਵਾਂ ਗ਼ਜ਼ਲ ਸੰਗ੍ਰਹਿ ਹੈ। ਉਹ ਗ਼ਜ਼ਲ ਦੇ ਉਨ੍ਹਾਂ ਮੁਦੱਈਆਂ ਵਿਚੋਂ ਇਕ ਹੈ ਜਿਨ੍ਹਾਂ ਨੇ ਇਸ ਨੂੰ ਪੰਜਾਬੀ ਕਾਵਿ-ਰੂਪ ਬਣਾਉਣ ਲਈ ਵੱਡੀ ਮਿਹਨਤ ਕੀਤੀ। ਇਹ ਗ਼ਜ਼ਲ ਸੰਗ੍ਰਹਿ ਸ਼ਾਨਦਾਰ ਆਰਟ ਪੇਪਰ ਉੱਤੇ ਛਾਪਿਆ ਗਿਆ ਹੈ। ਰੰਗੀਨ ਅੱਖਰਾਂ ਅਤੇ ਸ਼ਿਅਰਾਂ ਦੇ ਅਰਥਾਂ ਨੂੰ ਹੋਰ ਵੀ ਤਰਲਤਾ ਦਿਵਾਉਣ ਵਾਲੀ ਕਸ਼ਿਸ਼ ਭਰਪੂਰ ਚਿੱਤਰਕਾਰੀ ਵੀ ਪਾਠਕ ਦਾ ਮਨ ਮੋਹ ਲੈਂਦੀ ਹੈ। ਇਸ ਪੁਸਤਕ ਤੋਂ ਲੱਗਦਾ ਹੈ ਕਿ ਪੰਜਾਬੀ ਗ਼ਜ਼ਲ ਵੀ ਹੁਣ ਆਪਣੀ ਅਮੀਰ ਦਿੱਖ ਵਿਚ ਪੇਸ਼ ਹੈ। ਗੁਰਦਿਆਲ ਰੌਸ਼ਨ ਨੇ ਪਿਛਲੇ 50 ਸਾਲਾਂ ਤੋਂ ਲਗਾਤਾਰ ਸ਼ਾਇਰੀ ਵੀ ਕੀਤੀ ਹੈ ਅਤੇ ਸ਼ਾਇਰੀ ਸਬੰਧੀ ਸਮਾਲੋਚਨਾ ਵੀ। ਏਨਾ ਲੰਮਾ ਸਮਾਂ ਉਸ ਨੇ ਕਦੇ ਟਿਕਾਉ ਵਿਚ ਰਹਿਣਾ ਪਸੰਦ ਨਹੀਂ ਕੀਤਾ। ਸ਼ਿਅਰਾਂ ਦੀ ਗਿਣਾਤਮਿਕਤਾ ਕਦੇ ਵੀ ਗੁਣਾਤਮਿਕਤਾ ਉੱਤੇ ਪਰਛਾਵਾਂ ਪਾਉਂਦੀ ਨਹੀਂ ਦਿਸਦੀ। ਉਹ ਸਦਾਬਹਾਰ ਸ਼ਾਇਰ ਹੈ ਜਿਸ ਦੇ ਸ਼ਿਅਰੀ ਵਿਸ਼ਿਆਂ ਵਿਚ ਸਮਕਾਲ ਦਾ ਦਰਦ ਅਤੇ ਰਾਜਨੀਤੀ ਦੀ ਪੁੱਠ ਚਾਲ ਪੇਸ਼ ਹੁੰਦੀ ਹੈ। ਧਰਮਅੰਧਤਾ, ਸਮਾਜਿਕ ਲੁੱਟ-ਖਸੁੱਟ ਅਤੇ ਸੱਭਿਆਚਾਰਕ ਨਿਘਾਰਾਂ ਨੂੰ ਉਹ ਹਮੇਸ਼ਾਂ ਨਿੱਝਕਤਾ ਨਾਲ ਪੇਸ਼ ਕਰਦਾ ਆ ਰਿਹਾ ਹੈ। ਰੌਸ਼ਨ ਨੇ ਕਦੇ ਵੀ ਤਗੱਜਲ ਦੇ ਨਾਮ ਉੱਤੇ ਵਾਪਰ ਰਹੇ ਦੁਖਾਂਤਾਂ ਨੂੰ ਓਹਲੇ ਨਾਲ ਪੇਸ਼ ਨਹੀਂ ਕੀਤਾ। ਸੋਸ਼ਲ ਮੀਡੀਆ ਉੱਤੇ ਉਸ ਨੇ ਸਦਾ ਹੀ ਹਰ ਅਨਿਆਂ ਦਾ ਸ਼ਿਅਰੀ ਨੋਟਿਸ ਲਿਆ ਹੈ। ਖੇਤਰ ਭਾਵੇਂ ਸਾਹਿਤਕ ਹੋਵੇ ਜਾਂ ਰਾਜਨੀਤਕ, ਰੌਸ਼ਨ ਹਰ ਵਿਸੰਗਤੀ ਨੂੰ ਤਿੱਖੀ ਵਿਡੰਬਨਾ ਭਰੇ ਲਹਿਜੇ ਵਿਚ ਪੇਸ਼ ਕਰਦਾ ਆ ਰਿਹਾ ਹੈ। ਉਸ ਦੇ ਕੁਝ ਸ਼ਿਅਰ ਹੀ ਏਥੇ ਦਿੱਤੇ ਜਾ ਸਕਦੇ ਹਨ, ਪਰ ਗ਼ਜ਼ਲ ਦੀ ਬੁਲੰਦੀ ਅਤੇ ਸਹਿਜ ਸ਼ਿਅਰਕਾਰੀ ਚਾਹੁਣ ਵਾਲੇ ਪਾਠਕਾਂ ਵਾਸਤੇ ‘ਕਿਣਮਿਣ’ ਵਾਕਈ ਸਾਵਣ ਦੀ ਕਿਣਮਿਣ ਹੈ: - ਕੱਚੇ ਘਰ ਦੀ ਛੱਤ ਚੋਂਦੀ ਹੈ, ਅੰਦਰ ਤਿਪ ਤਿਪ ਹੋਈ ਜਾਵੇ, ਤਿਲਕਣ ਹੈ ਵਿਹੜੇ ਵਿਚ ਪਾਉਣ ਧਮੱਚੜ ਕਣੀਆਂ ਕਿਣਮਿਣ ਕਿਣਮਿਣ। - ਕਲੀ ਕਸ਼ਮੀਰ ਦੀ ਮੈਂ ਚਿਰ ਤੋਂ ਮੁਸਕਰਾਉਂਦੀ ਨਹੀਂ ਦੇਖੀ ਹਵਾ ਵਿਚ ਝੂਮਦੇ ਵੇਖੇ ਨਾ ਹੁਣ ਪੱਤੇ ਅਨਾਰਾਂ ਦੇ। - ਗ਼ਜ਼ਲ ਦੀ ਆਬਰੂ ਕੁਝ ਕੌਰਵਾਂ ਦੇ ਰਹਿਮ ਉੱਤੇ ਹੈ, ਇਰਾਦੇ ਹੁਣ ਨਹੀਂ ਸਾਵੇਂ ਰਹੇ ਇਤਿਹਾਸਕਾਰਾਂ ਦੇ। - ਇਬਾਦਤਖਾਨਿਆਂ ਵਿਚ ਜੋ ਵੀ ਮਿਲਿਆ ਦਾਨ ਕਰਦਾ ਹਾਂ, ਮੈਂ ਕਾਫ਼ਿਰ ਹੋਣ ਦਾ ਮਸਜਿਦ ਦੇ ਵਿਚ ਐਲਾਨ ਕਰਦਾ ਹਾਂ। ਸੰਪਰਕ: 94174-84337

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਉਪ ਮੁੱਖ ਮੰਤਰੀ ਨੇ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਪਰਿਵਾਰ ਨੇ ਦਾਅਵਾ ਕੀਤਾ; ਜਾਨ ਬਚਾਊਣ ਲਈ ਸਰਕਾਰ ਤੋਂ ਇਲਾਜ ਦੀ ਮੰਗ

ਸ਼ਹਿਰ

View All