ਤਾਰੀਫ਼ੀ ਸ਼ਬਦ ਝੂਠ

ਤਾਰੀਫ਼ੀ ਸ਼ਬਦ ਝੂਠ

ਪਰਗਟ ਸਿੰਘ ਸਤੌਜ

ਵਿਆਹ ਵਿੱਚ ਵਿਚੋਲਾ ਮੁੰਡੇ, ਕੁੜੀ ਵਾਲਿਆਂ ਨੂੰ ਕਈ ਗੱਲਾਂ ਵਿੱਚ ਭੁਲੇਖੇ ਵਿੱਚ ਰੱਖਦਾ ਹੈ। ਬਾਅਦ ਵਿੱਚ ਅਸਲੀਅਤ ਦਾ ਪਤਾ ਲੱਗਣ ’ਤੇ ਦੋਵੇਂ ਧਿਰਾਂ ਵਿਚੋਲੇ ਨੂੰ ਮੰਦਾ ਆਖਦੀਆਂ ਹਨ। ਦਰਅਸਲ, ਵਿਚੋਲਾ ਇਹ ਸਭ ਲਾਲਚ ਵਿੱਚ ਆਇਆ ਕਰਦਾ ਹੈ। ਥੋੜ੍ਹਾ ਬਹੁਤ ਸੋਨਾ, ਕੱਪੜਾ ਲੀੜਾ ਅਤੇ ਚੰਗਾ ਖਾਣ-ਪੀਣ ਉਸ ਦੀਆਂ ਅੱਖਾਂ ਅੱਗੇ ਹੁੰਦਾ ਹੈ। ਸਾਹਿਤ ਵਿੱਚ ਵੀ ਇਹ ਕੰਮ ਪੁਸਤਕ ਦਾ ਮੁੱਖ-ਬੰਦ ਜਾਂ ਉਸ ਬਾਰੇ ਤਾਰੀਫ਼ੀ ਸ਼ਬਦ ਲਿਖਣ ਵਾਲਾ (ਸਾਰੇ ਨਹੀਂ) ਨਿਭਾਉਂਦਾ ਹੈ। ਸਮਾਜ ਵਿੱਚ ਲੇਖਕ ਦਾ ਅਕਸ ਸੱਚਾਈ ਦਾ ਸਾਥ ਦੇਣ ਵਾਲੇ ਵਜੋਂ ਬਣਿਆ ਹੋਇਆ ਹੈ, ਪਰ ਕਿਤਾਬ ਬਾਰੇ ਲਿਖਣ ਸਮੇਂ ਲੇਖਕ ਜ਼ਿਆਦਾਤਰ ਝੂਠ ਹੀ ਬੋਲਦਾ ਹੈ। ਹਾਲਾਂਕਿ ਉਸ ਨੂੰ ਵਿਆਹ ਵਾਲੇ ਵਿਚੋਲੇ ਵਾਂਗ ਕੋਈ ਵੱਡਾ ਲਾਲਚ ਵੀ ਨਹੀਂ ਹੁੰਦਾ। ਬਹੁਤੀ ਵਾਰ ਇਹ ਝੂਠ ਕਿਤਾਬ ਦਾ ਲੇਖਕ ਆਪ ਕਹਿ ਕੇ ਲਿਖਵਾਉਂਦਾ ਹੈ। ਕਿਤਾਬ ਉੱਪਰ ‘ਦੋ ਸ਼ਬਦ’ ਹਮੇਸ਼ਾ ਆਪਣੇ ਪਸੰਦੀਦਾ ਲੇਖਕ, ਮਿੱਤਰ ਜਾਂ ਕਿਸੇ ਵੱਡੇ ਪ੍ਰਸਿੱਧ ਲੇਖਕ ਤੋਂ ਲਿਖਵਾਏ ਜਾਂਦੇ ਹਨ। ਕਈ ਨਵੇਂ ਲੇਖਕ ਮੈਨੂੰ ਭੁਲੇਖੇ ਨਾਲ ਵੱਡਾ ਲੇਖਕ ਸਮਝ ਕੇ ਮੁੱਖ-ਬੰਦ ਲਿਖਵਾਉਣ ਆ ਜਾਂਦੇ ਹਨ। ਮੈਨੂੰ ਮੁੱਖ-ਬੰਦ ਲਿਖਣਾ ਨਹੀਂ ਆਉਂਦਾ, ਨਾ ਹੀ ਮੈਂ ਸਿੱਖਣਾ ਚਾਹੁੰਦਾ ਹਾਂ। ਮੈਂ ਸਿਰਫ਼ ਟਾਈਟਲ ਦੇ ਪਿੱਛੇ ਥੋੜ੍ਹਾ ਬਹੁਤ ਲਿਖਣ ਲਈ ‘ਹਾਂ’ ਕਰਦਾ ਹਾਂ। ਦਰਅਸਲ, ਮੈਂ ਵੀ ਇੱਕ ਸਫ਼ਰਨਾਮੇ ਉੱਤੇ ਦੋਸਤੀ ਦੇ ਦਬਾਅ ਹੇਠ ਝੂਠ ਲਿਖਿਆ ਸੀ ਤੇ ਮੈਨੂੰ ਹੁਣ ਉਸ ਦਾ ਪਛਤਾਵਾ ਰਹਿੰਦਾ ਹੈ। ਇੱਕ ਕੁੜੀ ਨੇ ਮਿੰਨੀ ਕਹਾਣੀਆਂ ਦੀ ਪੁਸਤਕ ਲਈ ਮੇਰੇ ਕੋਲੋਂ ਟਾਈਟਲ ਦੇ ਪਿਛਲੇ ਪਾਸੇ ਲਈ ਲਿਖਵਾਇਆ। ਜੋ ਕੁਝ ਉਸ ਦੀ ਖ਼ਾਸੀਅਤ ਸੀ ਮੈਂ ਉੱਪਰਲੇ ਪੈਰ੍ਹੇ ਵਿੱਚ ਲਿਖ ਦਿੱਤੀ ਅਤੇ ਜੋ ਵੀ ਕਮੀਆਂ ਸਨ ਉਹ ਹੇਠਲੇ ਪੈਰ੍ਹੇ ਵਿੱਚ ਲਿਖੀਆਂ। ਮੈਨੂੰ ਉਸ ਸਮੇਂ ਬੜੀ ਹੈਰਾਨੀ ਹੋਈ ਕਿ ਛਪੀ ਹੋਈ ਪੁਸਤਕ ਉੱਪਰ ਸਿਰਫ਼ ਉੱਪਰਲਾ ਪੈਰ੍ਹਾ ਸੀ ਤੇ ਹੇਠਲਾ ਗਾਇਬ ਕਰ ਦਿੱਤਾ ਗਿਆ ਸੀ। ਜਦੋਂ ਮੈਂ ਨਵਾਂ ਨਵਾਂ ਸਾਂ ਤਾਂ ਅਖ਼ਬਾਰਾਂ ਵਿੱਚੋਂ ਰੀਵਿਊ ਪੜ੍ਹ ਕੇ ਚੰਗੀਆਂ ਪੁਸਤਕਾਂ ਦੇ ਨਾਂ ਨੋਟ ਕਰ ਲਏ। ਜਦੋਂ ਕਈ ਵਧੀਆ ਕਿਤਾਬਾਂ ਇਕੱਠੀਆਂ ਹੋ ਗਈਆਂ ਤਾਂ ਮੈਂ ਡਾਕ ਰਾਹੀਂ ਮੰਗਵਾ ਲਈਆਂ। ਮੈਂ ਘਰ ਆਈਆਂ ਕਿਤਾਬਾਂ ਹੌਲੀ ਹੌਲੀ ਪੜ੍ਹ ਕੇ ਵੇਖੀਆਂ ਤਾਂ ਆਪਣੇ ਆਪ ਨੂੰ ਬੜਾ ਠੱਗਿਆ ਠੱਗਿਆ ਮਹਿਸੂਸ ਕੀਤਾ ਕਿਉਂਕਿ ਉਨ੍ਹਾਂ ਵਿੱਚੋਂ ਸਿਰਫ਼ ਚਾਰ ਪੁਸਤਕਾਂ ਪੜ੍ਹਨਯੋਗ ਸਨ, ਬਾਕੀ ਚੌਦਾਂ ਕਿਤਾਬਾਂ ਦੇ ਰੀਵਿਊ ਝੂਠ ਹੀ ਲਿਖੇ ਗਏ ਸਨ। ਜੋ ਕੁਝ ਉਨ੍ਹਾਂ ਕਿਤਾਬਾਂ ਦੀ ਪੜਚੋਲ ਵਿੱਚ ਲਿਖਿਆ ਗਿਆ ਸੀ, ਉਹ ਕੁਝ ਤਾਂ ਕਿਤਾਬਾਂ ਵਿੱਚ ਕਿਤੇ ਵੀ ਨਹੀਂ ਸੀ। ਮੈਨੂੰ ਆਪਣੇ ਨਾਜਾਇਜ਼ ਖ਼ਰਚੇ ਗਏ ਉਹ ਰੁਪਏ ਹੁਣ ਵੀ ਦੁਖਦੇ ਹਨ। ਮੁੜ ਕਦੇ ਮੈਂ ਸਿਰਫ਼ ਰੀਵਿਊ ਪੜ੍ਹ ਕੇ ਪੁਸਤਕ ਨਹੀਂ ਮੰਗਵਾਈ। ਕਿਸੇ ਲੇਖਕ ਵੱਲੋਂ ਕਿਤਾਬ ਬਾਰੇ ਕੁਝ ਲਿਖਣ ਦਾ ਮਕਸਦ ਪਾਠਕਾਂ ਨੂੰ ਇਹ ਦੱਸਣਾ ਹੁੰਦਾ ਹੈ ਕਿ ਇਹ ਕਿਤਾਬ ਕਿਉਂ ਪੜ੍ਹੋ ਜਾਂ ਕਿਉਂ ਨਾ ਪੜ੍ਹੋ; ਇਸ ਕਿਤਾਬ ਵਿੱਚ ਤੁਹਾਡੇ ਲਈ ਇਹ ਇਹ ਕੁਝ ਹੈ, ਇਹ ਇੰਨੀ ਦਿਲਚਸਪ ਹੈ ਆਦਿ। ਨਵੇਂ ਪਾਠਕ ਆਪਣੇ ਪਸੰਦੀਦਾ ਲੇਖਕ ਦੇ ਲਿਖੇ ਉੱਤੇ ਯਕੀਨ ਕਰ ਕੇ ਕਿਤਾਬ ਖ਼ਰੀਦਦੇ ਹਨ, ਪਰ ਉਸ ਦੀ ਮੰਨ ਕੇ ਖ਼ਰੀਦੀ ਗਈ ਕਿਤਾਬ ਪੜ੍ਹਨ ਵੇਲੇ ਪੂਰੀ ਤਰ੍ਹਾਂ ਉਹੋ ਜਿਹੀ ਨਹੀਂ ਹੁੰਦੀ ਜਿਸ ਤਰ੍ਹਾਂ ਦਾ ਉਸ ਬਾਰੇ ਹੁੱਬ ਕੇ ਲਿਖਿਆ ਗਿਆ ਹੁੰਦਾ ਹੈ। ਮੈਂ ਸਿਰਫ਼ ਆਪਣੇ ਪਹਿਲੇ ਨਾਵਲ ਵਿੱਚ ਮੁੱਖ-ਬੰਦ ਲਿਖਵਾਇਆ ਸੀ। ਉਸ ਤੋਂ ਬਾਅਦ ਮਹਿਸੂਸ ਕੀਤਾ ਕਿ ਲਿਖਤ ਅਤੇ ਪਾਠਕ ਵਿਚਕਾਰ ਤੀਜੇ ਵਿਅਕਤੀ ਨੂੰ ਰੋੜਾ ਨਹੀਂ ਬਣਨਾ ਚਾਹੀਦਾ। ਜੇਕਰ ਕਿਸੇ ਤੀਜੇ ਵਿਅਕਤੀ ਤੋਂ ਲਿਖਵਾਉਣ ਦੀ ਜ਼ਰੂਰਤ ਹੋਵੇ ਤਾਂ ਉਹ ਕਿਤਾਬ ਦੇ ਪਿਛਲੇ ਪਾਸੇ ਜ਼ਿਆਦਾ ਠੀਕ ਰਹਿੰਦਾ ਹੈ ਜਦੋਂ ਤਕ ਪਾਠਕ ਕਿਤਾਬ ਪੜ੍ਹ ਕੇ ਪੂਰੀ ਕਰ ਲੈਂਦਾ ਹੈ। ਮੈਂ ਆਪਣੀ ਬਾਅਦ ਵਾਲੀ ਕਿਸੇ ਵੀ ਕਿਤਾਬ ਵਿੱਚ ਅੱਗੇ ਮੁੱਖ-ਬੰਦ ਨਹੀਂ ਲਿਖਵਾਇਆ। ਮੇਰੇ ਨਾਵਲ ‘ਭਾਗੂ’ ਦੇ ਅਗਲੇ ਸੰਸਕਰਣਾਂ ਵਿੱਚ ਵੀ ਉਹ ਨਹੀਂ ਹੈ। ਮੈਂ ਜਦੋਂ ਉੱਘੇ ਆਲੋਚਕ ਡਾ. ਤੇਜਵੰਤ ਮਾਨ ਤੋਂ ਪਹਿਲੀ ਵਾਰ ਨਾਵਲ ਦਾ ਮੁੱਖ-ਬੰਦ ਲਿਖਵਾਉਣ ਲਈ ਗਿਆ ਤਾਂ ਉਨ੍ਹਾਂ ਨੇ ਮੈਨੂੰ ਚਾਹ ਪਿਆਉਂਦਿਆਂ ਇਹ ਗੱਲ ਕਹੀ, ‘‘ਜੇ ਮੈਨੂੰ ਤੇਰਾ ਨਾਵਲ ਚੰਗਾ ਲੱਗਿਆ ਫੇਰ ਮੁੱਖ-ਬੰਦ ਲਿਖੂੰ।’’ ਇਸ ਖਰੀ ਗੱਲ ਨੇ ਮੇਰੀ ਪੀਤੀ ਚਾਹ ਉਲਟੀ ਕੱਢਣ ਵਾਲੀ ਕਰ ਦਿੱਤੀ, ਪਰ ਘਰ ਆ ਕੇ ਇਸ ਗੱਲ ਬਾਰੇ ਸੋਚਿਆ ਤਾਂ ਇਹ ਮੈਨੂੰ ਚੰਗੀ ਲੱਗਣ ਲੱਗ ਪਈ। ਮੈਂ ਇਸ ਨੂੰ ਆਪਣੇ ਲਈ ਫ਼ਾਇਦੇਮੰਦ ਸਮਝਿਆ ਕਿ ਜੇਕਰ ਮੁੱਖ-ਬੰਦ ਨਾ ਲਿਖਿਆ ਤਾਂ ਇਸ ਦਾ ਮਤਲਬ ਅਜੇ ਨਾਵਲ ਛਪਵਾਉਣ ਵਾਲਾ ਨਹੀਂ ਹੈ। ਮੈਂ ਉਸ ਉੱਪਰ ਹੋਰ ਸੋਧ ਕਰ ਲਵਾਂਗਾ। ਕੁਝ ਲੇਖਕ ਮੁੱਖ-ਬੰਦ ਲਿਖਣ ਲਈ ਕਲਮਾਂ ਹਮੇਸ਼ਾ ਤਿੱਖੀਆਂ ਕਰੀ ਰੱਖਦੇ ਹਨ ਅਤੇ ਮੁੱਖ-ਬੰਦ ਲਿਖਵਾਉਣ ਲਈ ਹੋਕਾ ਦਿੰਦੇ ਰਹਿੰਦੇ ਹਨ। ਇੱਕ ਮਸ਼ਹੂਰ ਆਲੋਚਕ ਨੂੰ ਮੈਂ ਆਪਣਾ ਨਾਵਲ ‘ਤੀਵੀਂਆਂ’ ਉਸ ਨੂੰ ਪੁੱਛ ਕੇ ਭੇਜਿਆ। ਮੈਂ ਮਹੀਨੇ ਕੁ ਬਾਅਦ ਉਸ ਨੂੰ ਪੁੱਛਿਆ, ‘‘ਸਰ, ਨਾਵਲ ਪੜ੍ਹ ਲਿਆ?’’ ਅੱਗੋਂ ਉਸ ਨੇ ਬੜੀ ਬੇਪ੍ਰਵਾਹੀ ਨਾਲ ਕਿਹਾ, ‘‘ਓ ਕਾਕਾ! ਇਹ ਤਾਂ ਕਿਤਾਬ ਛਪੀ ਹੈ। ਮੈਂ ਸਮਝਿਆ ਸੀ ਕਿ ਕਿਤੇ ਖਰੜੈ। ਮੁੱਖ-ਬੰਦ ਲਿਖਣ ਲਈ ਤਾਂ ਮੈਂ ਪੜ੍ਹ ਲੈਂਦਾ। ਹੁਣ ਪੜ੍ਹਨ ਦਾ ਕੀ ਫ਼ਾਇਦਾ?’’ ਪਤਾ ਨਹੀਂ ਉਸ ਨੂੰ ਮੁੱਖ-ਬੰਦ ਲਿਖ ਕੇ ਕੀ ਫ਼ਾਇਦਾ ਹੋਣਾ ਸੀ! ਕਈ ਤਾਂ ਇਸ ਫ਼ਾਇਦੇ ਨੂੰ ਬੜਾ ਹੁੱਬ ਕੇ ਦੱਸਦੇ ਹਨ ਕਿ ਅਸੀਂ ਇੰਨੀਆਂ ਪੁਸਤਕਾਂ ਦੇ ਮੁੱਖ-ਬੰਦ ਲਿਖ ਦਿੱਤੇ ਹਨ। ਮੈਨੂੰ ਜਾਪਦਾ ਹੈ ਕਿ ਜ਼ਿਆਦਾ ਮੁੱਖ-ਬੰਦ ਲਿਖਣ ਨਾਲੋਂ ਨਵੇਂ ਲੇਖਕ ਨੂੰ ਹੋਰ ਮਿਹਨਤ ਕਰਨ ਦੀ ਸਲਾਹ ਦੇਣਾ ਵੱਡਾ ਤੇ ਚੰਗਾ ਕੰਮ ਹੈ। ਕੱਚਘਰੜ ਲਿਖਤ ਨੂੰ ਫੋਕੀ ਹੱਲਾਸ਼ੇਰੀ ਦੇਣਾ ਆਪਣੇ ਪੈਰਾਂ ਹੇਠ ਆਪ ਕੁਹਾੜਾ ਮਾਰਨ ਵਾਂਗ ਹੈ। ਜੇ ਇਸ ਤਰ੍ਹਾਂ ਝੂਠ ਬੋਲਿਆ ਜਾਂਦਾ ਰਿਹਾ ਤਾਂ ਆਮ ਪਾਠਕ ਚੰਗੀ ਮਾੜੀ ਕਿਤਾਬ ਵਿੱਚ ਫ਼ਰਕ ਕਿਵੇਂ ਲੱਭੇਗਾ? ਜੇ ਉਹ ਇੱਕ ਦੋ ਵਾਰ ਠੱਗਿਆ ਗਿਆ ਤਾਂ ਸਾਹਿਤ ਨਾਲੋਂ ਟੁੱਟ ਜਾਵੇਗਾ। ਫਿਰ ਲੇਖਕ ਰੋਣਾ ਰੋਂਦੇ ਹਨ ਕਿ ਕਿਤਾਬ ਵਿਕਦੀ ਨਹੀਂ। ਵਿਕੇ ਕਿਵੇਂ? ਅਸੀਂ ਆਪ ਤਾਂ ਚਾਂਦੀ ਉੱਪਰ ਸੋਨੇ ਦੀ ਝਾਲ਼ ਫੇਰ ਕੇ ਠੱਗੀ ਮਾਰ ਰਹੇ ਹਾਂ, ਪਾਠਕ ਦੁਬਾਰਾ ਆਪਣੇ ’ਤੇ ਇਤਬਾਰ ਕਿਵੇਂ ਕਰੇਗਾ? ਕਈ ਤਾਂ ਆਪਣੇ ਮੁੱਖ-ਬੰਦ ਲਿਖਣ ਦੀ ਰਫ਼ਤਾਰ ਵਧਾਉਣ ਲਈ ਲੇਖਕ ਨੂੰ ਹੀ ਕਹਿ ਦਿੰਦੇ ਹਨ ਕਿ ਤੂੰ ਮੇਰੇ ਨਾਮ ਹੇਠ ਆਪਣਾ ਮੁੱਖ-ਬੰਦ ਆਪ ਹੀ ਲਿਖ ਲੈ। ਇਹ ਚਲਾਕੀਆਂ ਹੁਣ ਕਈ ਨਵੇਂ ਲੇਖਕ ਵੀ ਸਿੱਖ ਗਏ ਹਨ। ਜਿਸ ਲੇਖਕ ਤੋਂ ਕੁਝ ਲਿਖਵਾਉਣਾ ਹੈ ਉਸ ਨੂੰ ਇਹ ਪੇਸ਼ਕਸ਼ ਪਹਿਲਾਂ ਹੀ ਕਰ ਦਿੰਦੇ ਹਨ ਕਿ ਤੁਹਾਡਾ ਸਮਾਂ ਬਹੁਤ ਕੀਮਤੀ ਹੈ, ਇਸ ਕਰਕੇ ਮੁੱਖ-ਬੰਦ ਮੈਂ ਆਪ ਹੀ ਲਿਖ ਲੈਂਦਾ ਹਾਂ। ਥੱਲੇ ਤੁਹਾਡਾ ਨਾਮ ਪਾ ਦਿਆਂਗਾ। ਇੱਕ ਨਵੇਂ ਲੇਖਕ ਦਾ ਮੈਨੂੰ ਫੋਨ ਆਇਆ, ‘‘ਮੈਂ ਤੁਹਾਡੇ ਤੋਂ ਮੁੱਖ-ਬੰਦ ਲਿਖਵਾਉਣਾ ਸੀ ਜੀ।’’ ‘‘ਤੂੰ ਵੀਰ, ਕਿਸੇ ਕਵਿਤਾ ਵਾਲੇ ਤੋਂ ਲਿਖਵਾ ਲੈ। ਕਵਿਤਾ ਬਾਰੇ ਤਾਂ ਮੈਨੂੰ ਕੁਝ ਨਹੀਂ ਆਉਂਦਾ,’’ ਮੈਂ ਫੇਸਬੁੱਕ ਉੱਤੇ ਪੜ੍ਹਿਆ ਸੀ, ਉਹ ਕਵਿਤਾ ਦੀ ਕਿਤਾਬ ਦੀ ਤਿਆਰੀ ਕਰ ਰਿਹਾ ਸੀ। ‘‘ਮੈਂ ਤਾਂ ਕਹਾਣੀਆਂ ਦੀ ਕਿਤਾਬ ਦਾ ਲਿਖਵਾਉਣੈ। ਕਵਿਤਾ ਤੇ ਕਹਾਣੀਆਂ ਦੀਆਂ ਦੋ ਕਿਤਾਬਾਂ ’ਕੱਠੀਆਂ ਛਪਵਾਉਣੀਆਂ ਨੇ।’’ ‘‘ਜ਼ਰੂਰੀ ਨਹੀਂ ਹੁੰਦਾ ਕਿ ਜੋ ਆਪਾਂ ਲਿਖਿਐ, ਉਹ ਸਭ ਕੁਝ ਛਪੇ। ਕੁਝ ਚੰਗਾ ਲਿਖਣ ਲਈ ਬਹੁਤ ਸਾਰਾ ਅਭਿਆਸ ਦੇ ਤੌਰ ’ਤੇ ਵੀ ਲਿਖਿਆ ਜਾਂਦਾ ਹੈ। ਤੂੰ ਇਸ ਤਰ੍ਹਾਂ ਕਰ, ਕਿਤਾਬ ਵਿੱਚ ਛਪਵਾਉਣ ਲਈ ਪਹਿਲਾਂ ਚੰਗੀਆਂ ਚੰਗੀਆਂ ਕਹਾਣੀਆਂ ਦੀ ਛਾਂਟੀ ਕਰ ਲੈ। ਫੇਰ ਉਨ੍ਹਾਂ ਕਹਾਣੀਆਂ ਨੂੰ ਉਨ੍ਹਾਂ ਦੋਸਤਾਂ ਮਿੱਤਰਾਂ ਨੂੰ ਪੜ੍ਹਾ ਕੇ ਵੇਖ ਜੋ ਤੈਨੂੰ ਸਹੀ ਰਾਇ ਦੇ ਸਕਣ, ਫੇਰ ਕਿਤਾਬ ਛਪਵਾਈਂ,’’ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ‘‘ਮੈਂ ਛਾਂਟੀ ਵੀ ਕਰ ਲਈ ਤੇ ਰਾਇ ਵੀ ਲੈ ਲਈ। ਬਹੁਤ ਜ਼ਬਰਦਸਤ ਕਹਾਣੀਆਂ ਨੇ।’’ ‘‘ਚੰਗਾ ਭੇਜ ਦੇ ਫੇਰ,’’ ਮੈਂ ਹਾਂ ਕਰ ਦਿੱਤੀ। ‘‘ਜੇ ਮੈਂ ਥੋਡੇ ਕੋਲ ਭੇਜੂੰਗਾ ਥੋਡਾ ਕੀਮਤੀ ਸਮਾਂ ਖ਼ਰਾਬ ਹੋਊਗਾ। ਨਾਲੇ ਮੇਰੀ ਕਿਤਾਬ ਲੇਟ ਹੋਜੂ। ਮੈਨੂੰ ਪਤੈ, ਮੈਂ ਕੀ ਲਿਖਿਐ। ਮੈਂ ਆਪ ਈ ਲਿਖ ਲੈਂਨਾ, ਨਾਮ ਤੁਹਾਡਾ ਪਾ ਦਿਆਂਗਾ,’’ ਉਸ ਨੇ ਮੇਰੇ ‘ਕੀਮਤੀ ਸਮੇਂ ਦੀ ਕਦਰ’ ਕਰਦਿਆਂ ਕੀਮਤੀ ਸੁਝਾਅ ਦਿੱਤਾ। ‘‘ਤੈਨੂੰ ਤਾਂ ਪਤਾ ਹੈ ਕਿ ਤੂੰ ਕੀ ਲਿਖਿਐ, ਪਰ ਮੈਨੂੰ ਬਿਨਾਂ ਪੜ੍ਹੇ ਕਿਵੇਂ ਪਤਾ ਲੱਗੇਗਾ ਕਿ ਤੂੰ ਕੀ ਲਿਖਿਆ ਹੈ? ਮੈਂ ਬਿਨਾਂ ਪੜ੍ਹੇ ਇਹ ਨਹੀਂ ਕਰ ਸਕਦਾ। ਬਾਕੀ ਮੈਂ ਲਿਖਾਂਗਾ ਵੀ ਓਵੇਂ ਜਿਵੇਂ ਮੈਨੂੰ ਕਹਾਣੀਆਂ ਲੱਗਣਗੀਆਂ। ਇੱਕ ਗੱਲ ਹੋਰ, ਮੁੱਖ-ਬੰਦ ਮੈਨੂੰ ਲਿਖਣਾ ਨਹੀਂ ਆਉਂਦਾ ਮੈਂ ਸਿਰਫ਼ ਟਾਈਟਲ ਦੇ ਪਿਛਲੇ ਪਾਸੇ ਲਈ ਲਿਖ ਸਕਦਾ ਹਾਂ।’’ ‘‘ਚਲੋ ਮੈਂ ਭੇਜ ਦਿੰਦਾ ਹਾਂ ਜੀ। ਤੁਸੀਂ ਚਾਹੇ ਮੇਰੇ ਵਿਰੋਧ ਵਿੱਚ ਲਿਖ ਦੇਣਾ ਮੈਂ ਉਹ ਵੀ ਛਪਵਾਵਾਂਗਾ,’’ ਉਸ ਨੇ ਹੌਸਲਾ ਦਿਖਾਇਆ। ਮੈਨੂੰ ਵੀ ਉਸ ਦਾ ਇਹ ਹੌਸਲੇ ਵਾਲਾ ਫ਼ੈਸਲਾ ਚੰਗਾ ਲੱਗਿਆ। ਉਸ ਨੇ ਖਰੜਾ ਭੇਜ ਦਿੱਤਾ। ਮੈਂ ਪੜ੍ਹ ਕੇ ਵੇਖਿਆ। ਉਹ ਕਹਾਣੀਆਂ ਨਹੀਂ, ਕਹਾਣੀਆਂ ਲਿਖਣ ਲਈ ਕੱਚਾ ਮਸਾਲਾ ਜ਼ਰੂਰ ਸੀ। ਮੈਂ ਫੋਨ ਕਰ ਕੇ ਫਿਰ ਉਸ ਨੂੰ ਸੁਝਾਅ ਦਿੱਤਾ ਕਿ ਉਹ ਹੋਰ ਮਿਹਨਤ ਕਰੇ। ਕਿਤਾਬ ਛਪਵਾਉਣ ਦੀ ਅਜੇ ਕਾਹਲ ਨਾ ਕਰੇ। ਪਰ ਉਹ ਮੰਨਣ ਵਾਲਾ ਕਿੱਥੇ ਸੀ! ਮੈਨੂੰ ਲਿਖਣ ਲਈ ਜ਼ੋਰ ਪਾਉਂਦਾ ਰਿਹਾ। ਮੈਂ ਉਸ ਦੀਆਂ ਲਿਖਤਾਂ ਦੀਆਂ ਖ਼ੂਬੀਆਂ ਅਤੇ ਕਮੀਆਂ ਬਾਰੇ ਲਿਖ ਕੇ ਭੇਜ ਦਿੱਤਾ। ਉਹ ਮੇਰਾ ਭੇਜਿਆ ਛਪਵਾਉਣ ਦਾ ਹੌਸਲਾ ਨਾ ਕਰ ਸਕਿਆ। ਕੁਝ ਸਮੇਂ ਬਾਅਦ ਕਿਸੇ ਦੇ ਤਾਰੀਫ਼ੀ ਸ਼ਬਦਾਂ ਨਾਲ ਉਸ ਦੀ ਕਹਾਣੀਆਂ ਦੀ ਕਿਤਾਬ ਛਪ ਕੇ ਆ ਗਈ। ਇੱਕ ਨਾਵਲਕਾਰ ਨੇ ਵੀ ਮੈਨੂੰ ਆਪਣਾ ਖਰੜਾ ਪੜ੍ਹਨ ਅਤੇ ਉਸ ਬਾਰੇ ਲਿਖਣ ਲਈ ਭੇਜਿਆ ਸੀ। ਮੈਂ ਉਸ ਦੇ ਪਹਿਲੇ ਵੀਹ ਪੱਚੀ ਪੰਨੇ ਪੜ੍ਹੇ। ਇੰਨੇ ਪੰਨਿਆਂ ਵਿੱਚੋਂ ਮੈਨੂੰ ਉਸ ਦਾ ਲਿਖਿਆ ਕੱਖ ਪੱਲੇ ਨਾ ਪਿਆ। ਮੈਂ ਉਸ ਨੂੰ ਕਹਿ ਦਿੱਤਾ ਕਿ ਮੈਂ ਇਸ ਬਾਰੇ ਚੰਗਾ ਮਾੜਾ ਕੁਝ ਨਹੀਂ ਲਿਖ ਸਕਦਾ ਕਿਉਂਕਿ ਨਾਵਲ ਮੇਰੇ ਸਿਰ ਉੱਪਰੋਂ ਦੀ ਲੰਘ ਰਿਹਾ ਹੈ। ਉਸ ਨੇ ਲਿਖਣ ਲਈ ਇੱਕ ਦੋ ਮਿੱਤਰਾਂ ਤੋਂ ਸਿਫ਼ਾਰਿਸ਼ ਵੀ ਲਗਵਾਈ, ਪਰ ਮੈਂ ਆਪਣੀ ਮਜਬੂਰੀ ਦੱਸ ਕੇ ਖਰੜਾ ਵਾਪਸ ਕਰ ਦਿੱਤਾ। ਅੱਜਕੱਲ੍ਹ ਉਹ ਨਾਵਲਕਾਰ ਹਰ ਇੱਕ ਕੋਲ ਮੇਰੇ ਬਾਰੇ ਮੰਦਾ ਬੋਲਦਾ ਫਿਰਦਾ ਹੈ, ਪਰ ਮੈਂ ਹੱਸ ਕੇ ਉਸ ਦੀ ਗੱਲ ਨੂੰ ਟਾਲ ਦਿੰਦਾ ਹਾਂ। ਕਈ ਤਾਂ ਮੁੱਖ-ਬੰਦ ਲਿਖਣ ਲਈ ਨਵੇਂ ਲੇਖਕਾਂ ਨੂੰ ਸੁੰਘਦੇ ਰਹਿੰਦੇ ਹਨ। ਮੈਂ ਸ਼ੁਰੂ ਵਿੱਚ ਜਿਸ ਸਾਹਿਤ ਸਭਾ ਵਿੱਚ ਜਾਂਦਾ ਹੁੰਦਾ ਸਾਂ ਉਸ ਦਾ ਪ੍ਰਧਾਨ ਮੇਰੇ ਨਾਲ ਇਸ ਲਈ ਨਾਰਾਜ਼ ਹੋ ਗਿਆ ਕਿ ਮੈਂ ਆਪਣੇ ਨਾਵਲ ‘ਭਾਗੂ’ ਨਾਵਲ ਦਾ ਮੁੱਖ-ਬੰਦ ਉਸ ਤੋਂ ਕਿਉਂ ਨਹੀਂ ਲਿਖਵਾਇਆ। ਉਸ ਨੇ ਸਭਾ ਵਿੱਚ ਹੀ ਮੈਨੂੰ ਮਿਹਣਾ ਮਾਰ ਦਿੱਤਾ ਸੀ ਕਿ ‘‘ਕੁਝ ਬੰਦੇ ਆਉਂਦੇ ਤਾਂ ਇੱਥੇ ਹਨ, ਪਰ ਮੁੱਖ-ਬੰਦ ਲਿਖਵਾਉਣ ਲਈ ਬਾਹਰਲਿਆਂ ਨਾਲ ਅੱਟੀ ਸੱਟੀ ਕਰਦੇ ਫਿਰਦੇ ਹਨ। ਇਹ ਤਾਂ ਘਰ ਦਾ ਜੋਗੀ ਜੋਗੜਾ, ਬਾਹਰਲਾ ਜੋਗੀ ਸਿੱਧ ਵਾਲੀ ਗੱਲ ਹੋ ਗਈ। ਅਸੀਂ ਕਿਹੜਾ ਕਿਸੇ ਤੋਂ ਘੱਟ ਆਂ!’’ ਸ਼ੁਰੂ ਵਿੱਚ ਮੈਂ ਕੁਝ ਕਿਤਾਬਾਂ ਇਸ ਲਈ ਵੀ ਖ਼ਰੀਦ ਲਈਆਂ ਸਨ ਕਿ ਉਨ੍ਹਾਂ ਦੇ ਮੁੱਖ-ਬੰਦ ਮਸ਼ਹੂਰ ਲੇਖਕਾਂ ਨੇ ਲਿਖੇ ਹੋਏ ਸਨ, ਪਰ ਉਨ੍ਹਾਂ ਨੇ ਮੈਨੂੰ ਨਿਰਾਸ਼ ਨਹੀਂ ਕੀਤਾ ਸੀ। ਉਹ ਸੱਚਮੁੱਚ ਚੰਗੀਆਂ ਕਿਤਾਬਾਂ ਸਨ। ਦਰਅਸਲ, ਲੇਖਕ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਪੇਸ਼ ਕੀਤੀ ਜਾ ਰਹੀ ਲਿਖਤ ਬਾਰੇ ਸੱਚ ਦੱਸੇ। ਉਸ ਦਾ ਝੂਠ ਬੋਲਣਾ ਆਪਣੇ ਫ਼ਰਜ਼ਾਂ ਤੋਂ ਭੱਜਣ ਵਾਂਗ ਤਾਂ ਹੈ ਹੀ, ਨਾਲ ਹੀ ਆਮ ਪਾਠਕਾਂ ਨਾਲ ਵੀ ਧੋਖਾ ਕਰਨਾ ਹੈ। ਜੇ ਲੇਖਕ ਨੇ ਸੱਚ ਨਹੀਂ ਬੋਲਣਾ ਤਾਂ ਉਸ ਦਾ ਇਹ ਗਿਲਾ ਕਰਨਾ ਵੀ ਜਾਇਜ਼ ਨਹੀਂ ਕਿ ਪਾਠਕ ਘਟ ਰਹੇ ਹਨ।

ਸੰਪਰਕ: 94172-41787 (ਲੇਖਕ ਨੂੰ ਉਸ ਦੇ ਨਾਵਲ ‘ਤੀਵੀਂਆਂ’ ਲਈ ਭਾਰਤੀ ਸਾਹਿਤ ਅਕਾਦਮੀ, ਦਿੱਲੀ ਨੇ ਪੁਰਸਕਾਰ ਨਾਲ ਸਨਮਾਨਿਤ ਕੀਤਾ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਆਮ ਤੌਰ ’ਤੇ ਪਹਿਲੀ ਜੂਨ ਨੂੰ ਕੇਰਲ ਪੁੱਜਦਾ ਹੈ ਮੌਨਸੂਨ

ਸ਼ਹਿਰ

View All