ਤਾਪਮਾਨ ਦੇ ਵਾਧੇ ਨੇ ਪੰਜਾਬ ਦਮੋਂ ਕੱਢਿਆ

ਬਠਿੰਡਾ ਵਿੱਚ ਸੋਮਵਾਰ ਨੂੰ ਪਾਰਾ 45 ਡਿਗਰੀ ਸੈਲਸੀਅਸ ਨੇੜੇ ਜਾ ਪਹੁੰਚਣ ਮਗਰੋਂ ਇਕ ਨੌਜਵਾਨ ਨਲਕੇ ਦੇ ਪਾਣੀ ਨਾਲ ਮੂੰਹ ਧੋਂਦਾ ਹੋਇਆ। ਫੋਟੋ: ਪਵਨ ਸ਼ਰਮਾ

ਚਰਨਜੀਤ ਭੁੱਲਰ ਚੰਡੀਗੜ੍ਹ, 25 ਮਈ ਪੰਜਾਬ ’ਚ ਵਧਦੀ ਤਪਸ਼ ਨੇ ਪੰਜਾਬ ਨੂੰ ਹਾਲੋਂ ਬੇਹਾਲ ਕਰ ਦਿੱਤਾ ਹੈ। ਲੋਕਾਂ ਖਾਸ ਕਰਕੇ ਗਰੀਬ ਗੁਰਬੇ ਲਈ ਇਹ ਗਰਮੀ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਜਾਪਦੀ। ਅਗਲੇ ਦੋ ਦਿਨਾਂ ਵਿੱਚ ਪੰਜਾਬ ਨੂੰ ਅਜੇ ਗਰਮੀ ਝੱਲਣੀ ਪਵੇਗੀ। ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਅੱਜ ਪਾਰਾ ਦੋ ਤੋਂ ਢਾਈ ਡਿਗਰੀ ਸੈਲਸੀਅਸ ਤਕ ਚੜ੍ਹ ਗਿਆ। ਮਾਲਵੇ ਦੇ ਰੇਤਲੇ ਇਲਾਕੇ ਅੱਜ ਵਧੇਰੇ ਤਪਦੇ ਰਹੇ। ਮੌਸਮ ਵਿਭਾਗ ਅਨੁਸਾਰ ਬਠਿੰਡਾ ਜ਼ਿਲ੍ਹਾ ਐਤਕੀਂ ਗਰਮੀ ਦੇ ਮਾਮਲੇ ’ਚ ਸਿਖਰ ’ਤੇ ਹੈ। ਅੱਜ ਬਠਿੰਡਾ ’ਚ ਤਾਪਮਾਨ 45 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਜਦੋਂ ਕਿ ਹਰਿਆਣਾ ਦੇ ਨਾਰਨੌਲ ਵਿੱਚ ਪਾਰਾ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ‘ਰੈੱਡ ਅਲਰਟ’ ਜਾਰੀ ਕੀਤਾ ਹੋਇਆ ਹੈ ਅਤੇ ਮਾਲਵਾ ਖ਼ਿੱਤਾ ਗਰਮੀ ਦੇ ਭਿਆਨਕ ਦੌਰ ਵਿੱਚੋਂ ਦੀ ਗੁਜ਼ਰ ਰਿਹਾ ਹੈ। ਪੰਜਾਬ ’ਚੋਂ ਸਿਰਫ਼ ਮੁਹਾਲੀ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਗੁਰਦਾਸਪੁਰ ਤੋਂ ਬਿਨਾਂ ਬਾਕੀ ਪੰਜਾਬ ਅੱਜ ਤਪਦਾ ਰਿਹਾ। ਇਸ ਵਾਰ ਗਰਮੀ ਪਛੜ ਕੇ ਸ਼ੁਰੂ ਹੋਈ ਹੈ। ਵੇਰਵਿਆਂ ਅਨੁਸਾਰ ਅੱਜ ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਪਟਿਆਲਾ ਅਤੇ ਅੰਮ੍ਰਿਤਸਰ ਦਾ ਤਾਪਮਾਨ 44-44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਪਠਾਨਕੋਟ ਦਾ 42 ਡਿਗਰੀ, ਚੰਡੀਗੜ੍ਹ ਦਾ 43 ਡਿਗਰੀ ਅਤੇ ਲੁਧਿਆਣਾ ਦਾ 44.2 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਸਾਰ ਆਉਂਦੇ ਦੋ ਦਿਨ ਹੋਰ ਅਹਿਮ ਹਨ ਅਤੇ ਲੂ ਤੇ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਗਰਮੀ ਪੈਣ ਨਾਲ ਅੱਜ ਸ਼ਹਿਰੀ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਬਿਜਲੀ ਦੀ ਖਪਤ ਵੀ ਨਾਲੋਂ ਨਾਲ ਵਧਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਕਿ 28 ਮਈ ਨੂੰ ਥੋੜ੍ਹੀ ਰਾਹਤ ਮਿਲੇਗੀ ਅਤੇ 29 ਤੇ 30 ਮਈ ਨੂੰ ਪੰਜਾਬ ਵਿਚ ਬਾਰਸ਼ ਪੈਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਦੁਪਹਿਰ ਦੇ ਚਾਰ ਪੰਜ ਘੰਟੇ ਲੋਕਾਂ ਨੂੰ ਘਰਾਂ ’ਚੋਂ ਬਾਹਰ ਨਾ ਨਿਕਲਣ ਦੀ ਅਪੀਲ ਵੀ ਕੀਤੀ ਹੈ। ਨਰਮਾ ਪੱਟੀ ਵਿਚ ਨਰਮੇ ਦੀ ਬਿਜਾਂਦ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਕਿਸਾਨਾਂ ਮਜ਼ਦੂਰਾਂ ਦਾ ਖੇਤਾਂ ਵਿੱਚ ਜੁਟੇ ਰਹਿਣਾ ਮਜਬੂਰੀ ਵੀ ਹੈ। ਇਸ ਦੌਰਾਨ ਨਹਿਰੀ ਪਾਣੀ ’ਚ ਵਾਧੇ ਦੀ ਮੰਗ ਵੀ ਉੱਠਣ ਲੱਗੀ ਹੈ। ਸਿੱਧੀ ਬਿਜਾਈ ਦਾ ਝੋਨਾ ਵੱਧ ਰਕਬੇ ਵਿਚ ਬੀਜਿਆ ਜਾ ਰਿਹਾ ਹੈ। ਪਰਵਾਸੀ ਮਜ਼ਦੂਰਾਂ ਦੀ ਹਿਜਰਤ ਵਿੱਚ ਵੀ ਗਰਮੀ ਆਪਣਾ ਰੰਗ ਦਿਖਾਉਣ ਲੱਗੀ ਹੈ। ਨਰਮਾ ਪੱਟੀ ਵਿਚ ਕਿਤੇ ਕਿਤੇ ਗਰਮੀ ਕਰਕੇ ਨਰਮਾ ਝੁਲਸਣ ਦੀਆਂ ਵੀ ਰਿਪੋਰਟਾਂ ਹਨ। ਹਾਲਾਂਕਿ ਖੇਤੀ ਮਹਿਕਮਾ ਇਨ੍ਹਾਂ ਰਿਪੋਰਟਾਂ ਤੋਂ ਇਨਕਾਰੀ ਹੈ। ਗਰਮੀ ਕਾਰਨ ਮੌਤ ਗਿੱਦੜਬਾਹਾ: ਇੱਥੇ ਰੇਲਵੇ ਸਟੇਸ਼ਨ ’ਤੇ ਗਰਮੀ ਕਾਰਨ ਅੱਜ ਇੱਕ ਵਿਅਕਤੀ ਦੀ ਮੌਤ ਹੋ ਗਈ। ਵਿਵੇਕ ਆਸ਼ਰਮ ਦੇ ਐਂਬੂਲੈਂਸ ਚਾਲਕ ਸ਼ਮਿੰਦਰ ਸਿੰਘ ਨੇ ਦੱਸਿਆ ਕਿ 44-45 ਸਾਲ ਦਾ ਇਹ ਵਿਅਕਤੀ ਸਵੇਰੇ ਲਗਪਗ 10 ਵਜੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਵਾਲੰਟੀਅਰਾਂ ਨੇ ਉਥੇ ਪਹੁੰਚ ਕੇ ਉਸਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਹ ਮੌਤ ਗਰਮੀ ਕਾਰਨ ਹੋਈ ਹੋ ਸਕਦੀ ਹੈ। ਹਾਲਾਂਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਏਐੱਸਆਈ ਪਰਮਪਾਲ ਸਿੰਘ ਨੇ ਕਿਹਾ ਕਿ ਮੌਤ ਦੇ ਕਾਰਨਾਂ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ। 28 ਤੋਂ ਬਾਅਦ ਮਿਲੇਗੀ ਗਰਮੀ ਤੋਂ ਰਾਹਤ: ਮੌਸਮ ਵਿਭਾਗ ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਉੱਤਰ ਭਾਰਤ ਵਿੱਚ ਪੈ ਰਹੀ ਅੰਤਾਂ ਦੀ ਗਰਮੀ ਤੇ ਤਪਸ਼ ਤੋਂ 28 ਮਈ ਤੋਂ ਬਾਅਦ ਹੀ ਕੁਝ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਮਾਹਿਰਾਂ ਨੇ 29 ਤੇ 30 ਮਈ ਨੂੰ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਧੂੜ ਭਰੀ ਹਨੇਰੀ ਝੁੱਲਣ ਤੇ ਗਰਜ ਨਾਲ ਛਿੱਟੇ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਉਂਜ 28 ਮਈ ਤਕ ਮੌਸਮ ਖੁਸ਼ਕ ਰਹੇਗਾ ਤੇ ਦੋ ਦਿਨ (25 ਤੇ 26 ਮਈ) ਤਪਸ਼ ਆਪਣੀ ਸਿਖਰ ’ਤੇ ਹੋਵੇਗੀ। ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਕੁਝ ਥਾਈਂ ਪਿਛਲੇ ਕੁਝ ਦਿਨਾਂ ਤੋਂ ਪਾਰਾ 45 ਡਿਗਰੀ ਤੋਂ ਉਪਰ ਜਾਣ ਮਗਰੋਂ ਮੌਸਮ ਵਿਭਾਗ ਨੇ ‘ਲਾਲ’ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਦੁਪਹਿਰ ਇਕ ਤੋਂ ਸ਼ਾਮ ਪੰਜ ਵਜੇ ਤਕ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਸੀ। ਆਈਐੱਮਡੀ ਦੇ ਖੇਤਰੀ ਮੌਸਮ ਵਿਭਾਗ ਦੇ ਮੁਖੀ ਕੁਲਦੀਪ ਸ੍ਰੀਵਾਸਤਵਾ ਨੇ ਕਿਹਾ ਕਿ ਪੱਛਮੀ ਗੜਬੜੀ ਤੇ ਪੂਰਬੀ ਹਵਾਵਾਂ ਕਰਕੇ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ 29 ਤੇ 30 ਮਈ ਧੂੜ ਭਰੀ ਹਨੇਰੀ ਚੱਲਣ ਦੇ ਨਾਲ ਗਰਜ ਨਾਲ ਛਿੱਟੇ ਪੈ ਸਕਦੇ ਹਨ। ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੇਗੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All