ਤਰਕ ਦਾ ਸੰਵਾਦ ਰਚਾਉਂਦੀ ਕਹਾਣੀ

ਕੇ.ਐਲ. ਗਰਗ ਪੁਸਤਕ ਪੜਚੋਲ

ਮਨਮੋਹਨ ਬਾਵਾ ਇਤਿਹਾਸ ਦਾ ਗਲਪੀਕਰਨ ਕਰਨ ਅਤੇ ਯਾਤਰਾ ਸਾਹਿਤ ਸਿਰਜਣ ਵਿਚ ਵਡਮੁੱਲਾ ਯੋਗਦਾਨ ਪਾ ਚੁੱਕਿਆ ਹੈ। ਇਤਿਹਾਸਕ ਪਾਤਰਾਂ ਨੂੰ ਸਿਰਜਣ ਲਈ ਉਹ ਯਥਾਰਥ ਦਾ ਨਿਭਾਅ ਤਾਂ ਕਰਦਾ ਹੀ ਹੈ, ਆਪਣਾ ਮਾਨਵਵਾਦੀ ਦ੍ਰਿਸ਼ਟੀਕੋਣ ਵੀ ਬਣਾਈ ਰੱਖਦਾ ਹੈ। ‘ਬੋਧ ਕਹਾਣੀਆਂ’ (ਕੀਮਤ: 250 ਰੁਪਏ; ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ) ਉਸ ਦੀ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਪੁਸਤਕ ਹੈ ਜਿਸ ਵਿਚ ਉਸ ਨੇ ਕੁੱਲ ਨੌਂ ਕਹਾਣੀਆਂ ਸ਼ਾਮਲ ਕੀਤੀਆਂ ਹਨ। ਇਨ੍ਹਾਂ ਕਹਾਣੀਆਂ ਨੂੰ ਲੇਖਕ ਨੇ ਵਿਸ਼ੇਸ਼ ਯੋਜਨਾ ਅਤੇ ਵਿਧੀ ਨਾਲ ਲਿਖਿਆ-ਵਿਚਾਰਿਆ ਹੈ। ਇਸੇ ਲਈ ਇਨ੍ਹਾਂ ਕਹਾਣੀਆਂ ਦਾ ਬੋਧ ਅਤੇ ਸ਼ੈਲੀ ਵੱਖਰੀ ਕਿਸਮ ਦੀ ਹੈ। ਇਹ ਸਾਰੀਆਂ ਕਹਾਣੀਆਂ ਮਹਾਤਮਾ ਬੁੱਧ ਦੇ ਜੀਵਨ ਅਤੇ ਉਨ੍ਹਾਂ ਦੇ ਸਮੇਂ ਨਾਲ ਸਬੰਧਤ ਹਨ। ਇਕ-ਦੋ ਕਹਾਣੀਆਂ ਉਨ੍ਹਾਂ ਦੇ ਸ਼ਿਸ਼ ਆਨੰਦ ਨਾਲ ਵੀ ਜੁੜੀਆਂ ਹੋਈਆਂ ਹਨ। ਇਨ੍ਹਾਂ ਸਾਰੀਆਂ ਕਹਾਣੀਆਂ ਵਿਚ ਇਸਤਰੀਆਂ ਦਾ ਚਰਿੱਤਰ ਅਤੇ ਉਨ੍ਹਾਂ ਦੀਆਂ ਬੁੱਧ ਧਰਮ ’ਚ ਜਾਣ ਵਾਲੇ ਸੰਨਿਆਸੀਆਂ ਕਾਰਨ ਪੈਦਾ ਹੋਈਆਂ ਮਾਨਸਿਕ ਤੇ ਸਰੀਰਕ ਸਮੱਸਿਆਵਾਂ ਦੇ ਵੇਰਵੇ ਸ਼ਾਮਲ ਹਨ। ਇਹ ਸਾਰੇ ਇਸਤਰੀ ਪਾਤਰ ਇਤਿਹਾਸ ਦੇ ਮੰਨੇ-ਪ੍ਰਮੰਨੇ ਚਰਿੱਤਰ ਹਨ ਜਿਨ੍ਹਾਂ ਦਾ ਜ਼ਿਕਰ ਬੋਧ ਸਾਹਿਤ ਵਿਚ ਥਾਂ ਪੁਰ ਥਾਂ ਮਿਲਦਾ ਹੈ। ਲੇਖਕ ਨੇ ਇਨ੍ਹਾਂ ਇਸਤਰੀਆਂ ਦੇ ਮਾਨਸਿਕ ਸੰਤਾਪ, ਯਾਤਨਾਵਾਂ ਅਤੇ ਕਲੇਸ਼ਾਂ ਦਾ ਬਹੁਤ ਬਾਰੀਕਬੀਨੀ ਨਾਲ ਬਿਰਤਾਂਤ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਹ ਮਹਾਤਮਾ ਬੁੱਧ, ਉਸ ਦੇ ਸ਼ਿਸ਼ਾਂ, ਆਪਣੇ ਪਤੀਆਂ ਅਤੇ ਮਾਪਿਆਂ ਨਾਲ ਆਪਣੇ ਸੰਤਾਪ ਬਾਰੇ ਸੰਵਾਦ ਰਚਾਉਂਦੀਆਂ ਪ੍ਰਤੀਤ ਹੁੰਦੀਆਂ ਹਨ ਜਿਨ੍ਹਾਂ ਦੇ ਉੱਤਰ ਤਥਾਗਤ ਬਹੁਤ ਹੀ ਸਹਿਜਤਾ ਅਤੇ ਸ਼ਾਲੀਨਤਾ ਨਾਲ ਦਿੰਦੇ ਹਨ। ਪਹਿਲੀ ਕਹਾਣੀ ‘ਯਸ਼ੋਧਰਾ’ ਦੀ ਗੱਲ ਕਰੀਏ। ਯਸ਼ੋਧਰਾ ਮਹਾਤਮਾ ਬੁੱਧ ਯਾਨੀ ਗੌਤਮ ਦੀ ਪਤਨੀ ਹੈ ਜੋ ਇਕ ਪੁੱਤਰ ਰਾਹੁਲ ਨੂੰ ਜਨਮ ਦਿੰਦੀ ਹੈ। ਮਹਾਤਮਾ ਬੁੱਧ ਸੱਚ ਦੀ ਖੋਜ ਵਿਚ ਉਨ੍ਹਾਂ ਦੋਵਾਂ ਨੂੰ ਸੁੱਤਿਆਂ ਛੱਡ, ਘਰਬਾਰ ਤਿਆਗ ਕੇ ਤਪੱਸਿਆ ਕਰਨ ਨਿਕਲ ਜਾਂਦੇ ਹਨ। ਸੱਤ ਵਰ੍ਹਿਆਂ ਬਾਅਦ ਉਹ ਯੋਗ ਪ੍ਰਾਪਤ ਕਰਕੇ ਆਪਣੀ ਰਾਜਧਾਨੀ ਪਰਤਦੇ ਹਨ। ਪਿਤਾ ਅਤੇ ਪਤਨੀ ਨੂੰ ਮਿਲਦੇ ਹਨ। ਉਨ੍ਹਾਂ ਦੇ ਆਪਸੀ ਸੰਵਾਦ ਵਿਚ ਹੀ ਇਸ ਕਹਾਣੀ ਦੀਆਂ ਜੜ੍ਹਾਂ ਲੱਭੀਆਂ ਜਾ ਸਕਦੀਆਂ ਹਨ। ਯਸ਼ੋਧਰਾ ਗੌਤਮ ਤੋਂ ਅਨੇਕਾਂ ਸਵਾਲ ਪੁੱਛਦੀ ਹੋਈ ਇਹ ਵੀ ਜਾਨਣਾ ਚਾਹੁੰਦੀ ਹੈ ਕਿ ਆਖ਼ਰ ਉਸ ਦਾ ਤੇ ਉਸ ਦੇ ਬੱਚੇ ਦਾ ਕਸੂਰ ਕੀ ਸੀ ਜੋ ਉਹ ਉਨ੍ਹਾਂ ਨੂੰ ਸੁੱਤਿਆਂ ਛੱਡ ਕੇ ਚਲੇ ਗਏ। ‘ਸੁਜਾਤਾ’ ਉਹ ਇਸਤਰੀ ਹੈ ਜੋ ਮਹਾਤਮਾ ਬੁੱਧ ਨੂੰ ਤਪੱਸਿਆ ਕਰਨ ’ਤੇ ਸੁੱਕ ਕੇ ਕੰਡਾ ਹੋਣ ਵਕਤ ਰੱਜ ਕੇ ਦੁੱਧ ਪਿਲਾਉਂਦੀ ਹੈ। ਸੁਜਾਤਾ ਵੱਲੋਂ ਪੇਸ਼ ਕੀਤੇ ਦੁੱਧ ਤੇ ਖੀਰ ਕਾਰਨ ਹੀ ਮਹਾਤਮਾ ਬੁੱਧ ਇਹ ਸਮਝ ਸਕੇ ਕਿ ਭੁੱਖੇ ਪਿਆਸੇ ਰਹਿ ਕੇ ਤਪ ਕਰਨ ਦਾ ਕੋਈ ਲਾਭ ਨਹੀਂ। ਉਸ ਤੋਂ ਬਾਅਦ ਹੀ ਉਹ ਖਾਣਾ ਖਾਣ ਅਤੇ ਸਰੀਰ ਨੂੰ ਬਲਸ਼ਾਲੀ ਬਣਾਉਣ ’ਚ ਯਕੀਨ ਕਰਨ ਲੱਗਦੇ ਹਨ। ‘ਚੰਡਾਲਿਕਾ’ ਭਿੱਖੂ ਆਨੰਦ ’ਤੇ ਮੋਹਿਤ ਹੋ ਜਾਂਦੀ ਹੈ ਤੇ ਉਸ ਦੇ ਧੋਖੇ ਨਾਲ ਖਾਣੇ ਵਿਚ ਨਸ਼ੇ ਵਾਲੀਆਂ ਜੜੀਆਂ ਬੂਟੀਆਂ ਦਾ ਰਸ ਮਿਲਾ ਕੇ ਆਪਣੀ ਕਾਮ ਪੂਰਤੀ ਕਰਨ ਦੀ ਵਿਉਂਤ ਬਣਾਉਂਦੀ ਹੈ। ਪਰ ਸਮੇਂ ਸਿਰ ਨਸ਼ਾ ਉਤਰ ਜਾਣ ਕਾਰਨ ਉਸ ਦੀ ਯੋਜਨਾ ਸਫ਼ਲ ਨਾ ਹੋਈ ਤੇ ਉਹ ਫਿਰ ਵੀ ਆਪਣੇ ਪ੍ਰੇਮ ਦੀ ਮਾਰੀ ਬੁੱਧ ਧਰਮ ਵਿਚ ਸ਼ਾਮਲ ਹੋ ਜਾਂਦੀ ਹੈ ਤੇ ਮਹਾਤਮਾ ਬੁੱਧ ਤੋਂ ਆਗਿਆ ਲੈ ਕੇ ਆਨੰਦ ਵਾਲੇ ਮਠ ਵਿਚ ਹੀ ਰਹਿਣ ਦੀ ਅਨੁਮਤੀ ਪਾ ਲੈਂਦੀ ਹੈ। ‘ਅੰਬਪਾਲੀ’ ਤੇ ‘ਉਤਪਲਵਰਨਾ’ ਦੋ ਅਜਿਹੇ ਪਾਤਰ ਹਨ ਜੋ ਆਪਣੀ ਸੁੰਦਰਤਾ ਕਾਰਨ ਪ੍ਰਸਿੱਧ ਸਨ। ਹਰ ਕੋਈ ਉਨ੍ਹਾਂ ਨੂੰ ਪਾਉਣਾ ਚਾਹੁੰਦਾ ਸੀ। ਉਨ੍ਹਾਂ ਦੇ ਮਾਪਿਆਂ ਵੱਲੋਂ ਜਨਪਦ ਦੇ ਲੋਕਾਂ ਦੀ ਨਾਰਾਜ਼ਗੀ ਤੋਂ ਬਚਣ ਲਈ ਇਨ੍ਹਾਂ ਨੂੰ ਵੇਸ਼ਿਆ ਅਤੇ ਸੰਨਿਆਸਨੀ ਬਣਨ ਦੀ ਸਲਾਹ ਦਿੱਤੀ ਜਾਂਦੀ ਹੈ। ‘ਇਕ ਸੱਚ ਇਹ ਵੀ’ ਕਹਾਣੀ ਵਿਚ ਸ਼ੋਭਨ ਵੱਲੋਂ ਬੁੱਧ ਭਿੱਖੂ ਬਣ ਜਾਣ ’ਤੇ ਉਸ ਦੀ ਪਤਨੀ ਸੋਮਾਂ ਮਹਾਤਮਾ ਬੁੱਧ ਨੂੰ ਮਿਲ ਕੇ ਅਨੇਕਾਂ ਪ੍ਰਸ਼ਨ ਖੜ੍ਹੇ ਕਰਦੀ ਹੈ। ਮਰਦ ਅਤੇ ਔਰਤ ਦੇ ਅਧਿਕਾਰਾਂ ਬਾਰੇ ਸੰਵਾਦ ਛੇੜਦੀ ਹੈ। ‘ਕਿਸੇ ਦਿਨ ਤਾਂ ਬਦਲੇਗਾ’ ਵਿਚ ਉੱਚ ਜਾਤੀ ਦੇ ਲੋਕ ਦਲਿਤਾਂ ਤੇ ਆਦਿਵਾਸੀਆਂ ਨੂੰ ਗ਼ੁਲਾਮ ਬਣਾ ਕੇ ਉਨ੍ਹਾਂ ਦੀਆਂ ਪਤਨੀਆਂ ਨੂੰ ਵੀ ਆਪਣੀ ਜਾਇਦਾਦ ਸਮਝਦੇ ਹੋਏ ਸੰਤਾਨ ਪੈਦਾ ਕਰਦੇ ਹਨ। ਸੰਤਾਨ ਹੋਣ ਦੇ ਨਾਤੇ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਸੰਪਤੀ ’ਤੇ ਅਧਿਕਾਰ ਨਹੀਂ ਹੁੰਦਾ। ਦੇਵ ਸੁਰਮਨ ਦੀ ਅਜਿਹੀ ਔਲਾਦ ਨਾਗਦੱਤ ਅਜਿਹੇ ਕਈ ਪ੍ਰਸ਼ਨ ਉਠਾਉਂਦਾ ਹੈ ਜਿਨ੍ਹਾਂ ਦਾ ਤਰਕ ਦੇ ਆਧਾਰ ’ਤੇ ਕੋਈ ਉੱਤਰ ਨਹੀਂ ਦਿੱਤਾ ਜਾ ਸਕਦਾ। ਇਤਿਹਾਸ ਅਜਿਹੇ ਕਿੰਤੂਆਂ-ਪ੍ਰੰਤੂਆਂ ਬਾਰੇ ਚੁੱਪ ਧਾਰੀ ਬੈਠਾ ਹੈ। ਇਨ੍ਹਾਂ ਸਾਰੀਆਂ ਕਹਾਣੀਆਂ ਦੇ ਪਾਤਰ ਭਾਵੇਂ ਇਤਿਹਾਸਕ ਹਨ, ਪਰ ਉਨ੍ਹਾਂ ਦੀਆਂ ਵੇਦਨਾਵਾਂ, ਸੰਤਾਪ ਤੇ ਉਲਝਣਾਂ ਆਮ ਯਥਾਰਥਕ ਇਨਸਾਨਾਂ ਜਿਹੀਆਂ ਹੀ ਹਨ। ਬਾਵਾ ਨੇ ਇਨ੍ਹਾਂ ਕਹਾਣੀਆਂ ਰਾਹੀਂ ਨਵੇਂ ਬੋਧ, ਨਵੇਂ ਸੰਕਲਪਾਂ ਅਤੇ ਨਵੀਂ ਸ਼ੈਲੀ ਦੀ ਸਿਰਜਣਾ ਕੀਤੀ ਹੈ। ਇਹ ਸਾਡੇ ਗਿਆਨ ਵਿਚ ਵੀ ਵਾਧਾ ਕਰਦੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਨੇ ਉਪ ਚੇਅਰਮੈਨ ਤੋਂ ਖੋਹ ਕੇ ਰੂਲ ਬੁੱਕ...

ਮੋਦੀ ਵੱਲੋਂ ਖੇਤੀ ਬਿੱਲ ਕਿਸਾਨੀ ਲਈ ਇਤਿਹਾਸਕ ਕਰਾਰ

ਮੋਦੀ ਵੱਲੋਂ ਖੇਤੀ ਬਿੱਲ ਕਿਸਾਨੀ ਲਈ ਇਤਿਹਾਸਕ ਕਰਾਰ

ਪੰਜਾਬ ਦੇ ਕਿਸਾਨਾਂ ਲਈ ਪੰਜਾਬੀ ’ਚ ਕੀਤਾ ਟਵੀਟ

ਇਰਾਨ ਖਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਬਹਾਲ ਹੋਈਆਂ: ਅਮਰੀਕਾ

ਇਰਾਨ ਖਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਬਹਾਲ ਹੋਈਆਂ: ਅਮਰੀਕਾ

ਕਈ ਮੁਲਕਾਂ ਨੇ ਅਮਰੀਕਾ ਦੇ ਕਦਮ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ

ਸ਼ਹਿਰ

View All