ਤਬਾਹੀ ਵੱਲ ਵਧ ਰਿਹਾ ਐਮੇਜ਼ੌਨ

ਐਮੇਜ਼ੌਨ ਜੰਗਲਾਂ ਨੂੰ ਧਰਤੀ ਦੇ ਫੇਫੜੇ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਹ ਧਰਤੀ ਦੀ ਕੁੱਲ ਲੋੜੀਂਦੀ ਆਕਸੀਜਨ ਦਾ ਵੀਹ ਫ਼ੀਸਦੀ ਹਿੱਸਾ ਪ੍ਰਦਾਨ ਕਰਦੇ ਹਨ। ਇਨ੍ਹਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੇ ਪੂਰੀ ਦੁਨੀਆਂ ਵਿਚ ਤਰਥੱਲੀ ਮਚਾ ਦਿੱਤੀ ਹੈ। ਇਹ ਰਚਨਾ ਐਮੇਜ਼ੌਨ ਜੰਗਲਾਂ ਦੀ ਅਹਿਮੀਅਤ ਬਾਰੇ ਦੱਸਦੀ ਹੈ।

ਵਿਜੈ ਬੰਬੇਲੀ ਵਾਤਾਵਰਣਕ ਤਬਾਹੀ

ਐਮੇਜ਼ੌਨ ਲਾਤੀਨੀ ਅਮਰੀਕੀ ਮੁਲਕਾਂ ਦਾ ਸਾਂਝਾ ਜੰਗਲ ਹੈ। ਪ੍ਰਿਥਵੀ ਦਾ ਸਾਂਝਾ ਵਿਰਸਾ। ਇਹ ਐਮੇਜ਼ੌਨ ਦਰਿਆ ਦੀ ਘਾਟੀ ਹੈ। ਧਰਤੀ ਉੱਪਰ ਦਰਿਆਵਾਂ ਦੇ ਦੋ ਸੋਮੇ ਹਨ: ਗਲੇਸ਼ੀਅਰ (ਬਰਫ਼ੀਲੇ ਪਹਾੜ) ਅਤੇ ਸੰਘਣੇ ਜੰਗਲ। ਜਿੱਥੇ ਐਮੇਜ਼ੌਨ ਜੰਗਲ ਐਮੇਜ਼ੌਨ ਦਰਿਆ ਦਾ ਜਨਮਦਾਤਾ ਹੈ, ਉੱਥੇ ਇਹ ਦਰਿਆ ਵੀ ਇਸ ਜੰਗਲ ਦਾ ਪੂਰਕ ਹੈ। ਦੋਵਾਂ ਦੀ ਹੋਂਦ ਇਕ-ਦੂਜੇ ਤੋਂ ਬਗੈਰ ਕਿਆਸੀ ਨਹੀਂ ਜਾ ਸਕਦੀ। ਉਵੇਂ ਹੀ ਦੋਵਾਂ ਦੀ ਹੋਣੀ ਵੀ ਇਕ ਹੈ ਜਿਵੇਂ ਰੁੱਖ ਅਤੇ ਪਾਣੀ ਨਾਲ ਮਨੁੱਖ ਦੀ। ਐਮੇਜ਼ੌਨ ਖਿੱਤੇ ਕੋਲ ਇਸ ਵੇਲੇ ਦੁਨੀਆਂ ਦੇ ਬਿਹਤਰੀਨ ਰੁੱਖਾਂ ਦਾ ਵੱਡਾ ਜ਼ਖੀਰਾ ਹੈ ਭਾਵ ਇਹ ਦੁਨੀਆਂ ਦਾ ਸਭ ਤੋਂ ਵੱਡਾ ਜੰਗਲ ਹੈ। ਇਹ ਧਰਤੀ ਉੱਪਰ ਵਰਖਾ ਵਣਾਂ ਦਾ ਅਹਿਮ ਨਮੂਨਾ ਹੈ। ਜੰਗਲ ਮੀਂਹ ਦੇ ਜਨਮਦਾਤੇ ਹਨ ਅਤੇ ਮੀਂਹ ਪਾਣੀ ਦਾ ਮੁੱਢਲਾ ਸੋਮਾ। ਐਮੇਜ਼ੌਨ ਦੁਆਲੇ ਜੰਗਲੀ ਖੇਤਰ ਦਾ ਰਕਬਾ 53,61,300 ਵਰਗ ਕਿਲੋਮੀਟਰ (8.15 ਕਰੋੜ ਏਕੜ) ਹੈ ਜਿਹੜਾ ਸੰਯੁਕਤ ਰਾਜ ਅਮਰੀਕਾ ਦੇ 90 ਫ਼ੀਸਦੀ ਖੇਤਰਫਲ ਬਰਾਬਰ ਬਣਦਾ ਹੈ। ਐਮੇਜ਼ੌਨ ਦੇ ਜੰਗਲੀ ਰਕਬੇ ਵਿਚ ਘੱਟੋ-ਘੱਟ ਨੌਂ ਮੁਲਕ ਹਨ- ਬ੍ਰਾਜ਼ੀਲ, ਬੋਲੀਵੀਆ, ਪੇਰੂ, ਇਕੁਆਡੋਰ, ਕੋਲੰਬੀਆ, ਵੈਨਜ਼ੂਏਲਾ, ਗੁਆਨਾ, ਸੁਰੀਨਾਮ ਅਤੇ ਫਰੈਂਚ ਗੁਆਨਾ, ਪਰ 60 ਫ਼ੀਸਦੀ ਭਾਗ ਬ੍ਰਾਜ਼ੀਲ ਦਾ ਹੈ ਭਾਵ ਐਮੇਜ਼ੌਨ ਅਤੇ ਬ੍ਰਾਜ਼ੀਲ ਇਕ-ਦੂਜੇ ਨਾਲ ਰਲਗੱਡ ਹਨ। ਇਸ ਵਿਚ 400 ਤੋਂ ਵੱਧ ਜਨ-ਜਾਤੀ ਸਮੂਹ ਵਸਦੇ ਹਨ ਜਿਨ੍ਹਾਂ ਵਿਚੋਂ ਤਕਰੀਬਨ ਅੱਧਿਆਂ ਦਾ ਹਾਲੇ ਤੀਕ ਵੀ ਦੁਨੀਆਂ ਨਾਲ ਕੋਈ ਸੰਪਰਕ ਨਹੀਂ। ਇਨ੍ਹਾਂ ਦੀਆਂ ਵਿਲੱਖਣ ਮਾਨਤਾਵਾਂ ਅਤੇ ਰਹਿਣੀ ਬਹਿਣੀ ਆਦਿ ਮਨੁੱਖ ਦਾ ਝਲਕਾਰਾ ਪਾਉਂਦੀਆਂ ਹਨ। ਐਮੇਜ਼ੌਨ ਧਰਤੀ ਉੱਪਰ ਸੰਘਣੀ ਹਰਿਆਲੀ ਦਾ ਉਹ ਛਤਰ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਸੂਰਜ ਦੀ ਮਾਰੂ ਤਪਸ਼ ਤੋਂ ਬਚਾਅ ਰਿਹਾ ਹੈ। ਦੁਨੀਆਂ ਨੂੰ ਕੁੱਲ ਲੋੜੀਂਦੀ ਆਕਸੀਜਨ ਦਾ 20 ਫ਼ੀਸਦੀ ਇਕੱਲੇ ਐਮੇਜ਼ੌਨ ਜੰਗਲਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਐਮੇਜ਼ੌਨ ਦਰਿਆ ਦੀਆਂ ਇਕ ਹਜ਼ਾਰ ਤੋਂ ਵੱਧ ਸਹਾਇਕ ਨਦੀਆਂ ਹਨ ਤੇ ਇਹ 6,400 ਕਿਲੋਮੀਟਰ ਦਾ ਪੈਂਡਾ ਮਾਰਦਾ, ਵਲ-ਵਲੇਵੇਂ ਖਾਂਦਾ ਅੰਧ-ਮਹਾਂਸਾਗਰ ਵਿਚ ਜਾ ਵਿਲੀਨ ਹੁੰਦਾ ਹੈ। ਲੰਬਾਈ ਦੇ ਪੱਖ ਤੋਂ ਨੀਲ ਨਦੀ (6600 ਕਿਲੋਮੀਟਰ) ਹੀ ਇਸ ਤੋਂ ਵੱਡੀ ਹੈ ਤੇ ਸਾਡੇ ਦੇਸ਼ ਦੀ ਗੰਗਾ ਇਸ ਤੋਂ ਕੁਝ ਛੋਟੀ, ਪਰ ਜਲ ਦੀ ਮਾਤਰਾ ਦੇ ਪੱਖ ਤੋਂ ਐਮੇਜ਼ੌਨ ਦਾ ਕੋਈ ਸਾਨੀ ਨਹੀਂ। ਹਰ ਘੰਟੇ ਲਗਭਗ 170 ਅਰਬ ਗੈਲਨ ਪਾਣੀ ਸਮੁੰਦਰ ਵਿਚ ਜਾ ਰਲਦਾ ਹੈ। ਇਹ ਮਾਤਰਾ ਨੀਲ ਨਦੀ ਦੇ ਵਹਿਣ ਨਾਲੋਂ 60 ਗੁਣਾ ਜ਼ਿਆਦਾ ਹੈ। ਇਸ ਦਾ ਪਾੜ? ਕੋਈ ਕਹਿਣ ਵਾਲੀ ਗੱਲ ਨਹੀਂ। ਦਰਿਆ ਦੇ ਦਹਾਨੇ ਤੋਂ ਇਕ ਕਿਲੋਮੀਟਰ ਉੱਪਰ ਵੱਲ ਵੀ ਇਕ ਕੰਢੇ ਉੱਪਰ ਖੜ੍ਹੇ ਹੋ ਕੇ ਤੁਸੀਂ ਦੂਜੇ ਕੰਢੇ ਦੀ ਸਾਰ ਨਹੀਂ ਲੈ ਸਕਦੇ। ਤੇ ਇਸ ਦੇ ਜੰਗਲ? ਐਮੇਜ਼ੌਨ ਜੰਗਲ ਏਨੇ ਸੰਘਣੇ ਹਨ ਕਿ ਕਈ ਭਾਗਾਂ ਵਿਚ ਸੂਰਜ ਦੀ ਰੌਸ਼ਨੀ ਦਾ ਵੀ ਨਹੀਂ ਲੰਘਦੀ। ਤਣੇ ਏਨੇ ਉੱਚੇ ਹਨ ਕਿ ਥਮ੍ਹਲਿਆਂ ਉੱਪਰ ਸਾਵੀਂ ਛੱਤ ਪਈ ਭਾਸਦੀ ਹੈ। ਤਣਿਆਂ ਗਲ ਲੱਗੀਆਂ ਵੇਲਾਂ ਦੂਰ ਉੱਪਰ ਟਾਹਣੀਆਂ ਵਿਚ ਜਾ ਵੜਦੀਆਂ ਹਨ ਤੇ ਇਸ ਵਿਚ ਪਿੜੀਆਂ ਪਾ ਕੇ ਇਸ ਛਤਰ ਨੂੰ ਹੋਰ ਵੀ ਸੰਘਣਾ ਕਰ ਦਿੰਦੀਆਂ ਹਨ। ਇਹ ਜੰਗਲ ਆਕਸੀਜਨ, ਪਾਣੀ, ਵੰਨ-ਸੁਵੰਨਤਾ ਹੀ ਨਹੀਂ ਸਗੋਂ ਦੁਰਲੱਭ ਜੜ੍ਹੀ-ਬੂਟੀਆਂ ਦਾ ਵੀ ਅਮੀਰ ਖ਼ਜ਼ਾਨਾ ਹੈ। ਦੁਨੀਆਂ ਦੇ ਮਾਹਿਰ ਜੀਵ-ਵਿਗਿਆਨੀ ਵੀ ਅਜੇ ਤੀਕ ਐਮੇਜ਼ੌਨ ਦੀ ਜੀਵਨ ਬਣਤਰ ਨੂੰ ਬਿਆਨ ਨਹੀਂ ਕਰ ਸਕੇ। ਸੰਯੁਕਤ ਰਾਜ ਦੀ ਕੌਮੀ ਵਿਗਿਆਨ ਅਕਾਦਮੀ ਮੁਤਾਬਿਕ: ‘‘ਐਮੇਜ਼ੌਨ ਦੇ ਦਸ ਵਰਗ ਕਿਲੋਮੀਟਰ ਰਕਬੇ ਵਿਚ 25 ਲੱਖ ਕੀਟ ਪ੍ਰਜਾਤੀਆਂ ਸਮੇਤ ਰੁੱਖਾਂ-ਬਨਸਪਤੀ ਦੀਆਂ ਤਕਰੀਬਨ 50 ਹਜ਼ਾਰ, ਪਸ਼ੂਆਂ ਤੇ ਥਣਧਾਰੀਆਂ ਦੀਆਂ ਸੈਂਕੜੇ, 2200 ਕਿਸਮ ਦੀਆਂ ਮੱਛੀਆਂ, ਪੰਛੀਆਂ ਦੀਆਂ 1900 ਅਤੇ ਸੱਪਾਂ ਦੀਆਂ ਸੌ ਤੋਂ ਵੱਧ ਕਿਸਮਾਂ ਹਨ। ਹਰ ਰੁੱਖ ਉੱਪਰ ਖੋੜਾਂ ਤੇ ਘੁਰਨਿਆਂ ਅੰਦਰ ਕੀੜਿਆਂ-ਮਕੌੜਿਆਂ ਦੀਆਂ ਚਾਰ ਸੌ ਤੋਂ ਵੀ ਵੱਧ ਪ੍ਰਜਾਤੀਆਂ ਦੇਖਣ ਵਿਚ ਆਈਆਂ ਹਨ। ਜਲ ਜੀਵਾਂ ਦੀਆਂ ਸੱਠ ਤੋਂ ਵਧੀਕ ਸ਼੍ਰੇਣੀਆਂ ਢਾਈ ਕੁ ਕਿਲੋਮੀਟਰ ਦੇ ਘੇਰੇ ’ਚ ਤੁਹਾਨੂੰ ਮਿਲ ਜਾਣਗੀਆਂ।’’ ਐਮੇਜ਼ੋਨ ਘਾਟੀ ਵਿਚ ਪੌਦਿਆਂ ਦੀਆਂ 40,000 ਤੋਂ ਵੱਧ ਜਿਣਸਾਂ ਗਿਣੀਆਂ ਜਾ ਚੁੱਕੀਆਂ ਹਨ। ਕਈ ਪੌਦੇ, ਜੀਵ-ਜੰਤੂ ਅਤੇ ਪੰਖੇਰੂ ਐਮੇਜ਼ੌਨ ਵਰਗੇ ਹੀ ਹੈਰਾਨੀਜਨਕ ਹਨ ਜਿਵੇਂ ਲਿਲੀ ਦਾ ਫੁੱਲ ਇਕ ਮੀਟਰ ਚੌੜਾ ਹੋ ਸਕਦਾ ਹੈ, ਤਿਤਲੀਆਂ ਦੀਆਂ ਖੰਭੜੀਆਂ ਨਹੀਂ ਸਗੋਂ ਖੰਭ 20 ਸੈਂਟੀਮੀਟਰ ਤਕ ਲੰਮੇ ਹੁੰਦੇ ਹਨ, ਪਿਰਾਰਕੂ ਮੱਛੀ ਦਾ ਕੱਦ ਦੋ ਮੀਟਰ ਹੁੰਦਾ ਹੈ, ਏਥੇ ਅਜਿਹੇ ਪੌਦੇ ਵੀ ਹਨ ਜਿਹੜੇ ਗਲੇ-ਸੜੇ ਮਾਸ ਦੀ ਸੜਿਆਂਦ ਮਾਰਦੇ ਹਨ ਤੇ ਹਰੇਕ ਜੀਵ ਇਕ ਦੂਜੇ ਦੇ ਸ਼ਿਕਾਰ ਉੱਪਰ ਹੀ ਜੀਅ ਰਿਹਾ ਹੈ, ਪਰ ਹਰੇਕ ਨੂੰ ਹੀ ਪ੍ਰਕਿਰਤੀ ਨੇ ਸੁਰੱਖਿਆ ਲਈ ਦਾਅ-ਪੇਚ ਵੀ ਸਿਖਾ ਦਿੱਤੇ ਹਨ।

ਵਿਜੈ ਬੰਬੇਲੀ

ਐਮੇਜ਼ੌਨ ਦੇ ਜੰਗਲਾਂ ਕੋਲ ਪ੍ਰਾਣੀ-ਮੰਡਲ ਦੀ ਉਤਪਤੀ ਅਤੇ ਵਿਕਾਸ ਦੇ ਅਜਿਹੇ ਭੇਤ ਹਨ ਜਿਨ੍ਹਾਂ ਤਕ ਸਾਡੀ ਅਜੇ ਤੀਕ ਰਸਾਈ ਨਹੀਂ ਹੋ ਸਕੀ। ਇਹ ਬਨਸਪਤੀਆਂ ਦਾ ਖ਼ਜ਼ਾਨਾ ਤੇ ਬੇਸ਼ੁਮਾਰ ਔਸ਼ਧੀਆਂ ਦਾ ਭੰਡਾਰ ਹੈ। ਦੁਨੀਆਂ ਦੀਆਂ ਹਰ ਚਾਰ ਫਾਰਮੇਸੀਆਂ ਵਿਚੋਂ ਇਕ ਫਾਰਮੇਸੀ ਦਾ ਆਧਾਰ ਇਹ ਸੰਘਣੇ ਤਪਤ-ਖੰਡੀ ਜੰਗਲ ਹਨ। ਅਨੁਮਾਨ ਲਗਾਇਆ ਗਿਆ ਹੈ ਕਿ ਇੱਥੇ 1400 ਅਜਿਹੇ ਪੌਦੇ ਹਨ ਜਿਨ੍ਹਾਂ ਕੋਲ ਕੈਂਸਰ ਦੇ ਵਿਪਰੀਤੀ ਗੁਣ ਹਨ। ਇਸ ਜੀਵ-ਰਸਾਇਣੀ ਗੁਦਾਮ ਵਿਚ ਤੁਹਾਨੂੰ ਦੁਨੀਆਂ ਭਰ ਦੇ ਅੱਧੇ ਪੌਦਿਆਂ ਤੇ ਜੀਵਾਂ ਦੀ ਸੰਭਾਲ ਮਿਲ ਜਾਏਗੀ। ਦੁਖਾਂਤ ਇਹ ਹੈ ਕਿ ਅੱਜ ਦੀ ਮਨੁੱਖੀ ਨਸਲ ਏਸੇ ਜੀਵਨ ਵਰਧਕ ਸੋਮੇ ਨੂੰ ਬੁਰੀ ਤਰ੍ਹਾਂ ਨਸ਼ਟ ਕਰ ਰਹੀ ਹੈ। ਜੰਗਲੀ ਰਕਬਾ ਖ਼ਤਮ ਕਰਨ ਦਾ ਅਰਥ ਹੈ ਧਰਤੀ ਉਪਰੋਂ ਅਣਗਿਣਤ ਜੀਵ ਨਸਲਾਂ ਦਾ ਸਫ਼ਾਇਆ। ਇਕ ਸਰਵੇਖਣ ਅਨੁਸਾਰ ‘‘ਦੁਨੀਆਂ ਦੀਆਂ ਘੱਟੋ-ਘੱਟ ਇਕ-ਤਿਹਾਈ ਪ੍ਰਾਣੀ ਜਿਣਸਾਂ ਇਸ ਗੁੰਝਲਦਾਰ ਵਾਤਾਵਰਣ ਵਿਚ ਇਕੱਠੀਆਂ ਰਹਿ ਰਹੀਆਂ ਹਨ। ਇਸ ਵਿਚੋਂ ਜਿਨ੍ਹਾਂ ਦੇ ਵਿਗਿਆਨਕ ਨਾਂ ਰੱਖ ਕੇ ਸੂਚੀਬੱਧ ਕੀਤਾ ਗਿਆਂ ਹੈ, ਉਹ ਤਾਂ ਅਜੇ ਨਾਂ-ਮਾਤਰ ਹੀ ਹਨ। ਐਮੇਜ਼ੌਨ ਦੇ ਜੰਗਲ ਸਿਰਫ਼ ਰੁੱਖਾਂ ਦੇ ਝੁੰਡ ਹੀ ਨਹੀਂ ਸਗੋਂ ਇਕ ਬਹੁਤ ਵੱਡਾ ਕੁਦਰਤੀ ਕਾਰਖਾਨਾ ਹੈ ਜਿਹੜਾ ਪੌਸ਼ਟਿਕ ਤੱਤਾਂ ਅਤੇ ਨਮੀ ਨੂੰ ਮੁੜ ਵਾਤਾਵਰਣ ਦੇ ਚੱਕਰ ਵਿਚ ਲਿਆਉਂਦਾ ਹੈ। ਜੇਕਰ ਐਮੇਜ਼ੌਨ ਜੰਗਲ ਤਬਾਹ ਹੋ ਗਏ ਤਾਂ ਵਾਯੂਮੰਡਲ ਵਿਚ ਰਲ ਰਹੇ ਜਲਵਾਸ਼ਪ ਦੀ ਮਾਤਰਾ 20 ਫ਼ੀਸਦੀ ਘਟ ਜਾਵੇਗੀ। ਸਿਰਫ਼ ਨਮੀ ਦੀ ਘਾਟ ਹੀ ਨਹੀਂ ਸਗੋਂ ਬਨਸਪਤੀ ਦਾ ਹਰਾ ਕੱਜਣ ਲੋਪ ਹੋਣ ਨਾਲ ਧਰਤੀ ਦੀ ਕਾਰਬਨ ਡਾਇਆਕਸਾਈਡ ਚੂਸਣ ਦੀ ਸਮਰੱਥਾ ਵੀ ਘਟ ਜਾਂਦੀ ਹੈ। ਇਸ ਦਾ ਮਾੜਾ ਅਸਰ ਆਕਸੀਜਨ ਉਤਪਾਦਨ ਉੱਪਰ ਵੀ ਪੈਂਦਾ ਹੈ। ਇਸੇ ਤਰ੍ਹਾਂ ਨਾਈਟਰੋਜਨ ਨੂੰ ਮੁੜ ਗੇੜ ਵਿਚ ਲਿਆਉਣ ਦਾ ਕਾਰਜ ਵੀ ਢਿੱਲਾ ਪੈ ਜਾਂਦਾ ਹੈ। ਇਸ ਕਾਰਨ ਪੌਦਿਆਂ ਨੂੰ ਪੂਰੇ ਨਾਈਟਰੇਟ ਨਾ ਮਿਲਣ ਕਰਕੇ ਬਨਸਪਤੀ ਦੀ ਵੰਨ-ਸੁਵੰਨਤਾ ਉੱਪਰ ਮਾਰੂ ਪ੍ਰਭਾਵ ਪੈਂਦੇ ਹਨ। ਐਮੇਜ਼ੌਨ ਖੇਤਰ ਦੇ ਅੱਧੇ ਹੈਕਟੇਅਰ ਵਿਚ ਸ਼ੀਤ-ਊਸ਼ਣੀ ਜੰਗਲਾਂ ਨਾਲੋਂ ਦਸ ਗੁਣਾਂ ਜ਼ਿਆਦਾ ਵੰਨ-ਸੁਵੰਨਤਾ ਭਰਪੂਰ ਬਨਸਪਤੀ ਹੈ, ਪਰ ਹੁਣ ਮਨੁੱਖੀ ਹਵਸ ਅਤੇ ਧਨ-ਕੁਬੇਰਾਂ ਦੀ ਲਾਲਸਾ ਕਾਰਨ ਇਹ ਸਭ ਕੁਝ ਖ਼ਾਤਮੇ ਵੱਲ ਵਧਦਾ ਦਿਸਦਾ ਹੈ। ਸੰਯੁਕਤ ਰਾਸ਼ਟਰ ਅਨੁਸਾਰ: ‘‘ਦੁਨੀਆਂ ਦੇ ਤਪਤਖੰਡੀ ਬਰਖਾ ਵਾਲੇ ਖੇਤਰਾਂ ਵਿਚ ਹਰ ਸਾਲ 75 ਲੱਖ ਹੈਕਟੇਅਰ ਜੰਗਲ ਲੋਪ ਹੋ ਰਹੇ ਹਨ। ਇਸ ਤਰ੍ਹਾਂ ਜੰਗਲਾਂ ਦੇ ਲੋਪ ਹੋਣ ਦੀ ਦਰ ਪਹਿਲਾਂ ਨਾਲੋਂ ਤਕਰੀਬਨ ਪੰਜਾਹ ਫ਼ੀਸਦੀ ਵਧ ਗਈ ਹੈ। ‘ਸੰਸਾਰ ਜੰਗਲੀ ਜੀਵ ਫੰਡ’ ਦਾ ਕਹਿਣਾ ਹੈ ਕਿ ਕਟਾਈ ਜਾਂ ਅੱਗ ਕਾਰਨ ਇਨ੍ਹਾਂ ਜੰਗਲਾਂ ਦੀ ਤਬਾਹੀ 10 ਤੋਂ 20 ਹੈਕਟੇਅਰ ਪ੍ਰਤੀ ਮਿੰਟ ਹੁੰਦੀ ਹੈ। ਸੰਯੁਕਤ ਰਾਜ ਦੀ ਕੌਮੀ ਵਿਗਿਆਨ ਅਕਾਦਮੀ ਮੁਤਾਬਿਕ ਇਹ ਦਰ ਦੋ ਕਰੋੜ ਹੈਕਟੇਅਰ ਪ੍ਰਤੀ ਸਾਲ ਹੈ।’’ ਦਰ-ਹਕੀਕਤ; ਵਪਾਰੀਆਂ ਅਤੇ ਕੁਝ ਮੁਲਕਾਂ ਦੀ ਖੋਟੀ ਨਿਗਾਹ ਖਣਿਜਾਂ, ਤੇਲ-ਗੈਸਾਂ ਨਾਲ ਭਰਪੂਰ ਇਸ ਖਿੱਤੇ ਉੱਤੇ ਹੈ। ਐਮੇਜ਼ੌਨ ਜੰਗਲਾਂ ਦੇ ਮੁੱਕਣ ਨਾਲ ਸਿਰਫ਼ ਦੱਖਣੀ ਅਮਰੀਕਾ ਉੱਪਰ ਹੀ ਕਰੋਪੀ ਨਹੀਂ ਆਵੇਗੀ ਸਗੋਂ ਸਮੁੱਚੇ ਗ੍ਰਹਿ ਦੀ ਹੋਣੀ ਇਸ ਆਫ਼ਤ ਦੀ ਗ੍ਰਿਫ਼ਤ ਵਿਚ ਹੋਵੇਗੀ। ਜੇ ਇਹ ਜੰਗਲ ਘਟ ਗਏ ਤਾਂ ਦਸ ਲੱਖ ਜੀਵ ਸ਼੍ਰੇਣੀਆਂ ਵੀ ਮੁੱਕ ਜਾਣਗੀਆਂ। ਇਉਂ ਧਰਤੀ ਅਨਮੋਲ ਜਲ ਵਿਰਸੇ ਤੋਂ ਵੀ ਵਾਂਝੀ ਹੋ ਜਾਵੇਗੀ। ਇੰਨੀ ਲੱਕੜ ਸੜਨ ਨਾਲ ਜਲਣ ਕਿਰਿਆ ਵਿਚ ਹੋਣ ਵਾਲੇ ਵਾਧੇ ਨਾਲ ਮੌਸਮੀ ਵਿਗਾੜਾਂ ਨੂੰ ਵੀ ਰੋਕਿਆ ਨਹੀਂ ਜਾ ਸਕਦਾ। ਐਮੇਜ਼ੌਨ ਜੰਗਲਾਂ ਦੀ ਤਬਾਹੀ ਧਰਤੀ ਉੱਪਰਲੇ ਜਲਵਾਯੂ ਦੀ ਬਣਤਰ ਨੂੰ ਵਿਗਾੜ ਦੇਵੇਗੀ। ਦਰਅਸਲ, ਇਹ ਜੰਗਲ ਵਾਧੂ ਤਪਸ਼ ਨੂੰ ਚੂਸ ਕੇ ਤਾਪਮਾਨ ਦੀ ਵੰਡ ਉੱਪਰ ਪੂਰਾ ਨਿਯੰਤਰਣ ਰੱਖਦੇ ਹਨ ਅਤੇ ਇਸ ਦੇ ਨਾਲ ਹੀ ਜੈਨਰੇਟਰ ਵਾਂਗ ਬੱਦਲਾਂ ਨੂੰ ਵੀ ਉਤੇਜਿਤ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਇਨ੍ਹਾਂ ਦੇ ਮੁੱਢਲੇ ਸਰੂਪ ਵਿਚ ਪਿਆ ਕਿਸੇ ਤਰ੍ਹਾਂ ਦਾ ਵਿਗਾੜ ਧਰਤੀ ਦੇ ਜਲਵਾਯੂ ਉੱਪਰ ਅਣਕਿਆਸਿਆ, ਅਣਡਿੱਠਾ ਅਤੇ ਅਕੱਥ ਵਿਗਾੜ ਪਾ ਸਕਦਾ ਹੈ। ਇਨ੍ਹਾਂ ਜੰਗਲਾਂ ਦੀ ਲੱਕੜ ਵਿਚ 75 ਬਿਲੀਅਨ ਘਣ ਕਾਰਬਨ ਹੈ। ਜਦੋਂ ਅਸੀਂ ਇਨ੍ਹਾਂ ਰੁੱਖਾਂ ਨੂੰ ਜ਼ਮੀਨਾਂ-ਖਣਿਜਾਂ ਦੀ ਹਵਸ ਕਾਰਨ ਸਾੜ ਦਿੱਤਾ ਤਾਂ ਕਿਆਸ ਕਰੋ ਕਿੰਨੀ ਹੋਰ ਕਾਰਬਨ ਡਾਇਆਕਸਾਈਡ ਸਾਡੇ ਵਾਯੂਮੰਡਲ ਵਿਚ ਰਲ ਜਾਵੇਗੀ। ਪਹਿਲਾਂ ਹੀ ਇਸ ਗੈਸ ਦੀ ਵਧਦੀ ਮਾਤਰਾ ਕਰ ਕੇ ਪੌਣ ਹੁੰਮਦੀ ਜਾ ਰਹੀ ਹੈ। ਇਹ ਸਾਡੀਆਂ ਧਰੁਵੀ ਬਰਫ਼ਾਂ ਨੂੰ ਪਿਘਲਾ ਕੇ ਜਲਵਾਯੂ ਦਾ ਸੁਭਾਅ ਤੇ ਮੁਹਾਂਦਰਾ ਹੀ ਬਦਲ ਦੇਵੇਗੀ। ਜੰਗਲਾਂ ਦੇ ਮੁੱਕਣ ਵਾਲੀ ਗੱਲ ਨਿਰਸੰਦੇਹ ਭਿਆਨਕ ਹੈ, ਪਰ ਇਕ ਗੱਲ ਜਿਹੜੀ ਜੰਗਲਾਂ ਦੇ ਮੁੱਕਣ ਤੋਂ ਪਹਿਲਾਂ ਹੀ ਵਾਪਰ ਜਾਣੀ ਹੈ, ਉਹ ਜ਼ਿਆਦਾ ਖ਼ਤਰਨਾਕ ਹੈ ਤੇ ਉਹ ਹੈ ਜਲਵਾਯੂ ਵਿਚ ਨਾਟਕੀ ਤਬਦੀਲੀ। ਜਲਵਾਯੂ ਬਦਲਣ ਨਾਲ ਪੌਦਿਆਂ ਅਤੇ ਜਾਨਵਰਾਂ ਦਾ ਸਮੂਹਿਕ ਵਿਨਾਸ਼ ਵੀ ਹੋ ਸਕਦਾ ਹੈ। ਐਮੇਜ਼ੌਨ ਦਾ ਵਿਨਾਸ਼ ਸਰਵ-ਵਿਆਪੀ ਵਿਨਾਸ਼ ਦਾ ਸੂਚਕ ਬਣ ਜਾਵੇਗਾ। ਸਮਿਥਸੋਨੀਅਨ ਸੰਸਥਾ ਦਾ ਵਿਗਿਆਨੀ ਥਾਮਸੇ ਲਵਜਾਏ ਲਿਖਦਾ ਹੈ: ‘‘ਐਮੇਜ਼ੋਨ ਸਿਰਫ਼ ਵਹਿੰਦਾ ਹੋਇਆ ਜਲ ਪ੍ਰਵਾਹ ਨਹੀਂ ਸਗੋਂ ਪ੍ਰਾਣੀ ਵਿਗਿਆਨ ਦਾ ਅਮੀਰ-ਤਰੀਨ ਪੁਸਤਕਾਲਾ ਹੈ। ਦੁਨੀਆਂ ਦੀ ਮਹਾਨ ਪ੍ਰਯੋਗਸ਼ਾਲਾ। ਗਲੋਬ ਉੱਪਰਲੇ ਜਲਵਾਯੂ ਦਾ ਧੁਰਾ। ਇਹ ਸਮੁੱਚੀ ਪ੍ਰਿਥਵੀ ਦੀ ਹੋਣੀ ਦਾ ਪ੍ਰਤੀਕ ਹੈ।’’ ਅਖੌਤੀ ਵਿਕਾਸ ਦੇ ਕਰੂਰ ਹੱਥ ਇਸ ਤੋਂ ਪਰ੍ਹੇ ਰਹਿਣੇ ਚਾਹੀਦੇ ਹਨ। ਮੁੱਕਦੀ ਗੱਲ ਇਹ ਹੈ ਕਿ ਸਾਡਾ ਭਵਿੱਖ ਪਦਾਰਥਕ ਸਹੂਲਤਾਂ ਅਤੇ ਸਿਆਸਤ ਦੇ ਤੱਕੜ ਵਿਚ ਨਹੀਂ ਸਗੋਂ ਭੌਤਿਕ ਤੱਕੜ ਵਿਚ ਲਟਕਦਾ ਹੈ ਅਤੇ ਚੌਗਿਰਦੇ ਨਾਲ ਜੁੜਿਆ ਹੋਇਆ ਹੈ। ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ? ਇਸ ਦਾ ਨਿਤਾਰਾ ਇਸ ਗੱਲ ਉੱਪਰ ਨਿਰਭਰ ਕਰਦਾ ਹੈ ਕਿ ਅਸੀਂ ਕੁਦਰਤ ਦੀ ਸੰਭਾਲ ਕਿੰਨੀ ਕੁ ਕੀਤੀ ਹੈ।

ਸੰਪਰਕ: 94634-39075

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All