ਤਪੱਸਿਆ ਤੋਂ ਘੱਟ ਨਹੀਂ ਸਾਹਿਤਕਾਰੀ

ਸਾਹਿਤਕਾਰ ਨਿਰਸੰਦੇਹ ਸਮਾਜ ਦੀ ਉਪਜ ਹੁੰਦਾ ਹੈ ਅਤੇ ਸਾਰੀ ਉਮਰ ਉਹ ਸਮਾਜ ਦੇ ਹਿੱਤਾਂ ਦੀ ਗੱਲ ਹੀ ਕਰਦਾ ਰਹਿੰਦਾ ਹੈ। ਇਹ ਵੱਖਰੀ ਗੱਲ ਹੈ ਕਿ ਕਿਸੇ ਵਕਤ ਉਹ ਆਪਣੇ ਆਪ ਵਿੱਚ ਗੁੰਮ ਹੋ ਜਾਂਦਾ ਹੈ ਅਤੇ ਕਿਸੇ ਦੂਸਰੇ ਵਕਤ ਉਹ ਆਪਣੇ ਆਪ ਨੂੰ ਭੁਲਾ ਬੈਠਦਾ ਹੈ। ਮੂਲ ਰੂਪ ਵਿੱਚ ਉਹ ਇਕ ਯਾਤਰੀ ਵਾਂਗ ਲੰਮੇ ਸਫ਼ਰ ’ਤੇ ਨਿਕਲ ਪੈਂਦਾ ਹੈ ਤਾਂ ਜੋ ਉਹ ਆਪਣੇ ਆਦਰਸ਼ ਦੀ ਪ੍ਰਾਪਤੀ ਕਰ ਸਕੇ। ਕਿਤੇ ਉਹ ਰਸਤਾ ਭੁੱਲ ਵੀ ਜਾਂਦਾ ਹੈ ਜਾਂ ਫਿਰ ਮੰਜ਼ਿਲ ’ਤੇ ਪਹੁੰਚ ਕੇ ਉਸ ਨੂੰ ਨਿਰਾਸ਼ਾ ਹੁੰਦੀ ਹੈ    ਕਿ ਇਹ ਉਸ ਦੀ ਮੰਜ਼ਿਲ ਨਹੀਂ, ਬਲਕਿ ਇਕ ਪੜਾਅ ਹੈ। ਬਹਰਹਾਲ ਤਸਕੀਨ ਉਸ ਨੂੰ ਨਸੀਬ ਨਹੀਂ ਹੁੰਦੀ। ਹਮੇਸ਼ਾ ਉਸ ਨੂੰ ਇਹੀ ਅਹਿਸਾਸ ਰਹਿੰਦਾ ਹੈ ਕਿ ‘ਚਲੋ ਚਲੋ ਕਿ ਵੋਹ ਮੰਜ਼ਿਲ ਅਭੀ ਨਹੀਂ ਆਈ।’ ਆਪਣੇ ਮਨ ਦੀ ਇਕੱਲਤਾ ਵਿੱਚ ਸਾਹਿਤਕਾਰ ਸੋਚਦਾ ਹੈ ਕਿ ਉਹ ਇਸ ਲਈ ਅਣਗੌਲਿਆ ਰਹਿ ਗਿਆ ਹੈ ਕਿਉਂਕਿ ਸਰਕਾਰੇ-ਦਰਬਾਰੇ ਉਸ ਦੀ ਪੁੱਛ-ਪ੍ਰਤੀਤ ਨਹੀਂ। ਇਸ ਸਿਲਸਿਲੇ ਵਿੱਚ ਹੰਭਲਾ ਮਾਰਨ ਦੀ ਉਹ ਕੋਸ਼ਿਸ਼ ਕਰਦਾ ਹੈ। ਕਿਸੇ ਹੋਰ ਮੌਕੇ ’ਤੇ ਉਸ ਦਾ ਜੀਅ ਕਰਦਾ ਹੈ ਕਿ ਉਹ ਰੂਹਾਨੀ ਰੁਚੀਆਂ ਵਾਲਿਆਂ ਨਾਲ ਸੰਪਰਕ ਪੈਦਾ ਕਰੇ ਤਾਂ ਜੋ ਉਹਦਾ ਮਨ ਪਦਾਰਥਕ ਵਸਤੂਆਂ ਤੋਂ ਉਪਰਾਮ ਹੋ ਜਾਏ। ਇੰਜ ਉਸ ਨੂੰ ਮਾਨਸਿਕ ਸ਼ਾਂਤੀ ਪ੍ਰਾਪਤ ਹੋ ਜਾਵੇਗੀ ਅਤੇ ਉਹ ਆਪਣਾ ਰਚਨਾਤਮਕ ਕਾਰਜ ਨਿਰਵਿਘਨ ਕਰ ਸਕੇਗਾ। ਇਸ ਤਰ੍ਹਾਂ ਦੀ ਦੁਚਿਤੀ ਵਿੱਚ ਸਾਹਿਤਕਾਰ ਉਦੋਂ ਫਸ ਜਾਂਦਾ ਹੈ ਜਦੋਂ ਉਹ ਦੇਖਦਾ ਹੈ ਕਿ ਪਹੁੰਚ ਵਾਲੇ ਸਾਹਿਤਕਾਰ ਇਨਾਮਾਂ-ਇਕਰਾਮਾਂ ਨਾਲ ਲੱਦੇ ਪਏ ਹਨ ਜਾਂ ਉੱਚੀਆਂ ਕੁਰਸੀਆਂ ’ਤੇ ਸੁਸ਼ੋਭਿਤ ਹਨ। ਦੂਸਰੇ ਪਾਸੇ ਰੂਹਾਨੀ ਰਾਹਬਰ ਵੀ ਆਪਣਾ ਸਿੱਕਾ ਜਮਾਈ ਬੈਠੇ ਹਨ ਅਤੇ ਅੱਖਾਂ ਮੀਟ ਕੇ ਥਾਪੜਾ ਦਿੰਦੇ ਰਹਿੰਦੇ ਹਨ। ਇਸ ਭਾਂਤ ਦੇ ਮਾਹੌਲ ਦੀ ਤਰਜਮਾਨੀ ਕਰਦਾ ਹੈ, ਅੱਲਾਮਾ ਇਕਬਾਲ ਦਾ ਇਹ ਸ਼ਿਅਰ:- ਖ਼ੁਦਾਵੰਦਾ ਯਿਹ ਤੇਰੇ ਸਾਦਾ-ਦਿਲ ਬੰਦੇ ਕਿਧਰ ਜਾਏਂ ਕਿ ਦਰਵੇਸ਼ੀ ਭੀ ਅੱਯਾਰੀ ਹੈ, ਸੁਲਤਾਨੀ ਭੀ ਅੱਯਾਰੀ।

ਮੀਰ ਤਕੀ ਮੀਰ ਉਰਦੂ ਦਾ ਪ੍ਰਸਿੱਧ ਸ਼ਾਇਰ ਹੋਇਆ ਹੈ ਜੋ 1810 ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ ਜਦੋਂ ਮਿਰਜ਼ਾ ਗਾਲਿਬ ਦੀ ਉਮਰ 13 ਸਾਲ ਦੀ ਸੀ। ਉਸ ਨੇ ਆਪਣੀ ਹਯਾਤੀ ਵਿੱਚ ਬੜਾ ਔਖਾ ਸਮਾਂ ਦੇਖਿਆ। ਉਹ ਆਗਰੇ ਤੋਂ ਦਿੱਲੀ ਤਾਂ ਆ ਗਿਆ, ਜਵਾਨੀ ਦੇ ਦਿਨਾਂ ਵਿੱਚ ਪਰ ਨਾਦਰ ਸ਼ਾਹ ਦੇ ਹਮਲੇ ਕਾਰਨ, ਦਿੱਲੀ ਦੇ ਉਜੜਨ ’ਤੇ ਉਸ ਨੂੰ ਲਖਨਊ ਜਾਣਾ ਪਿਆ। ਉੱਥੇ ਉਸ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇਕ ਨਵਾਬ ਨੇ ਉਸ ਦੀ ਕੁਝ ਮਦਦ ਕੀਤੀ ਪਰ ਨਵਾਬੀ ਸ਼ਾਨ ਵਿੱਚ ਉਹ ਮੀਰ ਤਕੀ ਮੀਰ ਦੀ ਬਤੌਰ ਸ਼ਾਇਰ ਉਹ ਕਦਰ ਨਹੀਂ ਸੀ ਕਰਦਾ ਜਿਸ ਦਾ ਉਹ ਹੱਕਦਾਰ ਸੀ। ਇਕ ਵਾਰ ਮੀਰ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਨਵਾਬ ਦੇ  ਘਰੋਂ ਆ ਗਿਆ ਅਤੇ ਫੇਰ ਉਹ ਉੱਥੇ ਨਾ ਗਿਆ। ਇੰਜ ਉਹ ਥੋੜ੍ਹੀ ਜਿਹੀ ਮਾਲੀ ਮਦਦ ਜੋ ਉਸ ਨੂੰ ਮਿਲਦੀ ਸੀ, ਗਵਾ ਬੈਠਾ। ਇੱਥੋਂ ਤੱਕ ਕਿ ਭੁੱਖੇ ਰਹਿਣ ਦੀ ਨੌਬਤ ਆ ਗਈ। ਫੇਰ ਵੀ ਉਸ ਨੇ ਕਿਸੇ ਦੇ ਅੱਗੇ ਹੱਥ ਨਹੀਂ ਸੀ ਫੈਲਾਇਆ। ਬਲਕਿ ਉਸ ਅਵਸਥਾ ਵਿੱਚ ਇਹ ਸ਼ਿਅਰ ਕਿਹਾ:- ਆਗੇ ਕਿਸੂ (ਕਿਸੀ) ਕੇ ਕਯਾ ਕਰੇਂ, ਦਸਤੇ-ਤਮਾਅ (ਲਾਲਚ ਦਾ ਹੱਥ) ਦਰਾਜ਼ ਵੋਹ ਹਾਥ ਸੋ ਗਿਆ ਹੈ, ਸਿਰਹਾਨੇ ਧਰੇ ਧਰੇ। ਮਿਰਜ਼ਾ ਗ਼ਾਲਿਬ ਨੇ ਵੀ ਕਿਹਾ ਹੈ: ‘ਨਾ ਸਤਾਇਸ਼ ਕੀ ਤਮੰਨਾ, ਨਾ ਸਿਲੇ ਕੀ ਪਰਵਾ।’ ਯਾਨੀ ਮੈਨੂੰ ਨਾ ਤਾਂ ਪ੍ਰਸੰਸਾ ਦੀ ਇੱਛਾ ਹੈ ਅਤੇ ਨਾ ਹੀ ਕਿਸੇ ਇਨਾਮ ਦੀ ਪ੍ਰਵਾਹ। ਇਹ ਗੱਲ ਜਿੰਨੀ ਸਾਡੇ ਚਿੰਤਕ ਕਵੀ ਬਾਵਾ ਬਲਵੰਤ ’ਤੇ ਢੁਕਦੀ ਹੈ, ਕਿਸੇ ਹੋਰ ’ਤੇ ਨਹੀਂ।  ਸ਼ਿਮਲੇ ਮੈਂ ਅਕਤੂਬਰ 1951 ਵਿੱਚ ਜਦੋਂ ਗਿਆ ਸੀ ਤਾਂ ਮੇਰੀ ਸਭ ਤੋਂ ਪਹਿਲੀ ਮੁਲਾਕਾਤ ਈਸ਼ਵਰ ਚਿੱਤਰਕਾਰ ਨਾਲ ਹੋਈ। ਸ਼ੁਰੂ-ਸ਼ੁਰੂ ਵਿੱਚ ਉਹ ਮੈਨੂੰ ਆਪਣੀਆਂ ਕਵਿਤਾਵਾਂ ਸੁਣਾਉਂਦੇ ਰਹੇ, ਲੇਕਿਨ ਚੰਗਾ ਸਮਾਂ ਬੀਤਣ ਤੋਂ ਬਾਅਦ ਮੈਂ ਜਦੋਂ ਉਨ੍ਹਾਂ ਦੇ ਘਰ ਜਾਂਦਾ ਹੁੰਦਾ ਸੀ ਤਾਂ ਗੱਲਾਂ-ਗੱਲਾਂ ਵਿੱਚ ਉਹ ਆਪਣੀ ਥਾਂ ਤੋਂ ਉੱਠਦੇ ਅਤੇ ਅਲਮਾਰੀ ਵਿੱਚੋਂ ਬਾਵਾ ਬਲਵੰਤ ਦਾ ਕਾਵਿ-ਸੰਗ੍ਰਹਿ ‘ਬੰਦਰਗਾਹ’ ਫੜ ਲਿਆਉਂਦੇ। ਉਦੋਂ ਪੰਜਾਬੀ ਕਵੀਆਂ ਦੀਆਂ ਰਚਨਾਵਾਂ ਪ੍ਰਤੀ ਮੇਰੀ ਬਹੁਤੀ ਵਾਕਫ਼ੀਅਤ ਨਹੀਂ ਸੀ। ਇਸ ਲਈ ‘ਬੰਦਰਗਾਹ’ ਵਿਚਲੀਆਂ ਕੁਝ ਕਵਿਤਾਵਾਂ ਦੀ ਮੈਨੂੰ ਸਮਝ ਲਗਦੀ, ਕੁਝ ਦੀ ਨਾ ਲਗਦੀ। ਹੌਲੀ-ਹੌਲੀ ਈਸ਼ਵਰ ਹੋਰਾਂ ਨੇ ਬਾਵਾ ਬਲਵੰਤ ਦੇ ਜੀਵਨ ਪ੍ਰਤੀ ਕੁਝ ਚਾਨਣਾ ਪਾਇਆ ਅਤੇ ਉਸ ਦੀ ਪ੍ਰਗਤੀਸ਼ੀਲ ਵਿਚਾਰਧਾਰਾ ਬਾਰੇ ਜਾਣਕਾਰੀ ਦਿੱਤੀ ਤਾਂ ਮੈਂ ਉਹਦੀਆਂ ਰਚਨਾਵਾਂ ਦੀ ਗਹਿਰਾਈ ਤੀਕ ਪਹੁੰਚ ਸਕਿਆ। ਬਾਵਾ ਬਲਵੰਤ ਜਿੰਨਾ ਚਿਰ ਅੰਮ੍ਰਿਤਸਰ ਵਿੱਚ ਰਿਹਾ, ਕਿਰਤ ਕਮਾਈ ਕਰਦਾ ਰਿਹਾ, ਕਵਿਤਾਵਾਂ ਲਿਖਦਾ ਰਿਹਾ ਅਤੇ ਯਾਰਾਂ-ਦੋਸਤਾਂ ਦੀ ਮਹਿਫ਼ਿਲ ਵਿੱਚ

ਸ਼ਾਮਲ ਹੁੰਦਾ ਰਿਹਾ। ਉਦੋਂ ਉਸ ਨੂੰ ਇਸ਼ਕ ਦਾ ਰੋਗ ਵੀ ਲੱਗ ਗਿਆ ਸੀ, ਲੇਕਿਨ ਇਸ਼ਕ ਨੇ ਉਸ ਨੂੰ ਅਦਬ ਵੀ ਸਿਖਾਇਆ। ਆਪਣੀ ਕਵਿਤਾ ‘ਉਸ ਦਾ ਹਾਰ’ ਵਿੱਚ ਉਹ ਕਹਿੰਦਾ ਹੈ:- ਰੋਜ਼ ਉਸ ਦਾ ਹਾਰ ਟੁੱਟ ਜਾਇਆ ਕਰੇ, ਮੁਸਕਰਾਉਂਦੀ ਆ ਕੇ ਬਣਵਾਇਆ ਕਰੇ। ਮੇਰੇ ਪੁੱਛਣ ’ਤੇ ਕਿ ‘ਟੁੱਟਾ ਕਿਸ ਤਰ੍ਹਾਂ?’ ਪਾ ਕੇ ਵਲ ਗਰਦਨ ਨੂੰ ਸ਼ਰਮਾਇਆ ਕਰੇ। ਫੇਰ ਇਕ ਸਮਾਂ ਆਇਆ ਜਦੋਂ ਉਹ ਦਿੱਲੀ ਚਲਾ ਗਿਆ ਅਤੇ ਇਕ ਮਿਆਨੀ ਵਿੱਚ ਰਹਿਣ ਲੱਗ ਗਿਆ। ਉਦੋਂ ਉਹ ਸਹਿਜੇ ਹੀ ‘ਨਾ ਸਤਾਇਸ਼ ਕੀ ਤਮੰਨਾ, ਨਾ ਸਿਲੇ ਕੀ ਪਰਵਾ’ ਵਾਲੀ ਅਵਸਥਾ ਵਿੱਚ ਪਹੁੰਚ ਗਿਆ। ਡਾ. ਐਸ. ਤਰਸੇਮ ਦਿਆਂ ਲਫ਼ਜ਼ਾਂ ਵਿੱਚ: ‘ਸਨਮਾਨਾਂ ਦੇ ਚੱਕਰ ਵਿੱਚ ਪੈਣਾ ਸ਼ਾਇਦ ਉਹ ਦੰਭ ਜਾਂ ਪ੍ਰਪੰਚ ਤੋਂ ਵੱਧ ਕੁਝ ਨਹੀਂ ਸੀ ਸਮਝਦਾ। ਸਰਕਾਰੇ-ਦਰਬਾਰੇ ਪਹੁੰਚ ਕਰਨਾ, ਉਸ ਦੇ ਸੁਭਾਅ ਤੋਂ ਬਿਲਕੁਲ ਉਲਟ ਸੀ।  ਮਿੱਤਰਾਂ ਨੇ ਬੜੇ ਯਤਨਾਂ ਨਾਲ ਉਸ ਨੂੰ ਭਾਸ਼ਾ ਵਿਭਾਗ, ਪੰਜਾਬ ਦੀ ਪੈਨਸ਼ਨ ਲੈਣ ਲਈ ਮਨਾਇਆ। ਭਾਸ਼ਾ ਵਿਭਾਗ ਵੱਲੋਂ ਇਸ ਆਰਥਿਕ ਸਹਾਇਤਾ ਨੂੰ ਵੀ ਬਾਵਾ ਆਪਣੇ ਮਨ ਉਪਰ ਭਾਰ ਹੀ ਸਮਝਦਾ ਰਿਹਾ। ਬਲਰਾਜ ਸਾਹਨੀ ਵੱਲੋਂ 50 ਰੁਪਏ ਮਹੀਨਾ ਦੀ ਮਾਲੀ ਮਦਦ ਵੀ ਉਸ ਲਈ ਇਕ ਭਾਰ ਸੀ ਪਰ ਸੰਗਾਊ ਸੁਭਾਅ ਹੋਣ ਕਰਕੇ ਉਹ ਇਸ ਤੋਂ ਇਨਕਾਰੀ ਨਾ ਹੋ ਸਕਿਆ।’ ਬਾਵਾ ਬਲਵੰਤ ਨੇ ਆਪਣੇ ਜੀਵਨ ਨਿਰਬਾਹ ਲਈ ਕਿਸੇ ਦੇ ਅੱਗੇ ਹੱਥ ਨਹੀਂ ਸੀ ਫੈਲਾਇਆ ਅਤੇ ਨਾ ਹੀ ਕਿਸੇ ਪੁਰਸਕਾਰ ਦੀ ਚਾਹ ਕੀਤੀ ਸੀ। ਪੰਜਾਬੀ ਸਾਹਿਤ ਨੂੰ ਆਪਣੀਆਂ ਰਚਨਾਵਾਂ ਨਾਲ ਮਾਲਾ-ਮਾਲ ਕਰਨਾ ਹੀ ਉਸ ਦਾ ਲਕਸ਼ ਸੀ, ਜਿਸ ਵਿੱਚ ਉਹ ਸਫ਼ਲ ਰਿਹਾ। ਉਸ ਦਾ ਜੋ ਰੁਤਬਾ ਸੀ, ਬਤੌਰ ਪ੍ਰਗਤੀਸ਼ੀਲ ਕਵੀ, ਉਹ ਹਮੇਸ਼ਾ ਕਾਇਮ ਰਿਹਾ, ਸਗੋਂ ਵਕਤ ਦੇ ਨਾਲ-ਨਾਲ ਉਸ ਦਾ ਮੁਕਾਮ ਬੁਲੰਦ ਹੁੰਦਾ ਗਿਆ ਕਿਉਂਕਿ ਉਸ ਨੂੰ ਡਾ. ਮੁਹੰਮਦ ਇਕਬਾਲ ਦਾ ਇਹ ਸ਼ਿਅਰ ਯਾਦ ਸੀ:- ਐ ਤਾਇਰੇ-ਲਾਹੂਤੀ (ਉੱਚਾ ਉੱਡਣ ਵਾਲਾ ਪੰਛੀ) ਉਸ ਰਿਜ਼ਕ ਸੇ ਮੌਤ ਅੱਛੀ ਜਿਸ ਰਿਜ਼ਕ ਸੇ ਆਤੀ ਹੋ ਪਰਵਾਜ਼ ਮੇਂ ਕੋਤਾਹੀ। ਮੋਬਾਈਲ: 98725-55091

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All