ਡੇਵਿਸ ਕੱਪ: ਭਾਰਤ ਨੇ ਪਾਕਿਸਤਾਨ ’ਤੇ 2-0 ਦੀ ਲੀਡ ਬਣਾਈ

ਨੂਰ-ਸੁਲਤਾਨ (ਕਜ਼ਾਖ਼ਸਤਾਨ), 29 ਨਵੰਬਰ ਰਾਮਕੁਮਾਰ ਰਾਮਨਾਥਨ ਅਤੇ ਸੁਮਿਤ ਨਾਗਲ ਨੇ ਪਾਕਿਸਤਾਨ ਦੇ ਆਪਣੇ ਵਿਰੋਧੀਆਂ ਨੂੰ ਟੈਨਿਸ ਦਾ ਸਖ਼ਤ ਸਬਕ ਸਿਖਾਉਂਦਿਆਂ ਡੇਵਿਸ ਕੱਪ ਮੁਕਾਬਲੇ ਵਿੱਚ ਅੱਜ ਇੱਥੇ ਭਾਰਤ ਨੂੰ 2-0 ਦੀ ਲੀਡ ਦਿਵਾਈ। ਸਿੰਗਲਜ਼ ਮੁਕਾਬਲੇ ਪੂਰੀ ਤਰ੍ਹਾਂ ਇਕਪਾਸੜ ਰਹੇ। ਰਾਮਕੁਮਾਰ ਨੇ ਪਹਿਲੇ ਮੈਚ ਵਿੱਚ 17 ਸਾਲਾ ਮੁਹੰਮਦ ਸ਼ੋਇਬ ਨੂੰ ਸਿਰਫ਼ 42 ਮਿੰਟ ਵਿੱਚ 6-0, 6-0 ਨਾਲ ਸ਼ਿਕਸਤ ਦਿੱਤੀ। ਸ਼ੋਇਬ ਸਿਰਫ਼ ਦੂਜੇ ਸੈੱਟ ਦੀ ਛੇਵੀਂ ਗੇਮ ਵਿੱਚ ਥੋੜ੍ਹੀ ਚੁਣੌਤੀ ਦੇ ਸਕਿਆ। ਇਸ ਮਗਰੋਂ ਨਾਗਲ ਨੇ ਡੇਵਿਸ ਕੱਪ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਉਸ ਨੇ ਦੂਜੇ ਸਿੰਗਲਜ਼ ਵਿੱਚ ਹੁਫੈਜ਼ਾ ਮੁਹੰਮਦ ਰਹਿਮਾਨ ਨੂੰ 64 ਮਿੰਟ ਤੱਕ ਚੱਲੇ ਮੈਚ ਵਿੱਚ 6-0, 6-2 ਨਾਲ ਹਰਾਇਆ। ਪਾਕਿਸਤਾਨ ਨੂੰ ਆਪਣੇ ਸੀਨੀਅਰ ਖਿਡਾਰੀਆਂ ਦੀ ਘਾਟ ਰੜਕੀ। ਉਸ ਦੇ ਸਟਾਰ ਖਿਡਾਰੀਆਂ ਨੇ ਇਹ ਮੁਕਾਬਲਾ ਬਦਲਵੀਂ ਥਾਂ ’ਤੇ ਕਰਵਾਉਣ ਕਾਰਨ ਵਿਰੋਧ ਵਜੋਂ ਆਪਣਾ ਨਾਮ ਵਾਪਸ ਲੈ ਲਿਆ ਸੀ। ਰਾਮਕੁਮਾਰ ਨੇ ਮੈਚ ਮਗਰੋਂ ਕਿਹਾ, ‘‘ਮੈਂ ਹਰ ਅੰਕ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਅਸੀਂ ਪਹਿਲੇ ਦਿਨ 2-0 ਦੀ ਲੀਡ ਬਣਾ ਕੇ ਖ਼ੁਸ਼ ਹਾਂ। ਸਾਨੂੰ ਉਮੀਦ ਹੈ ਕਿ ਕੱਲ੍ਹ ਜੀਵਨ ਅਤੇ ਲਿਏਂਡਰ ਪੇਸ ਸਾਨੂੰ ਜੇਤੂ ਲੀਡ ਦਿਵਾ ਦੇਣਗੇ।’’ ਮਾਹਿਰ ਲਿਏਂਡਰ ਪੇਸ ਅਤੇ ਜੀਵਨ ਨੇਦੁੰਚੇਝਿਆਨ ਹੁਣ ਸ਼ਨਿੱਚਰਵਾਰ ਨੂੰ ਡਬਲਜ਼ ਮੈਚ ਵਿੱਚ ਹੁਫੈਜ਼ਾ ਅਤੇ ਸ਼ੋਇਬ ਨਾਲ ਭਿੜਨਗੇ। ਭਾਰਤ ਹੁਣ ਤੱਕ ਪਾਕਿਸਤਾਨ ਖ਼ਿਲਾਫ਼ ਹੋਏ ਛੇ ਮੁਕਾਬਲਿਆਂ ਵਿੱਚੋਂ ਕੋਈ ਨਹੀਂ ਹਾਰਿਆ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All