ਡੁੱਲ੍ਹੇ ਖ਼ੂਨ ਦਾ ਤਰਾਨਾ

ਹਰਫ਼ਾਂ ਦੇ ਆਰ-ਪਾਰ/ ਵਰਿੰਦਰ ਵਾਲੀਆ

ਡੁੱਲ੍ਹੇ ਹੋਏ ਤੱਤੇ ਖ਼ੂਨ ਨਾਲ ਲਿਖੇ ਹਰਫ਼ ਮਜ਼ਲੂਮਾਂ ਦਾ ਤਰਾਨਾ ਬਣ ਜਾਂਦੇ ਹਨ। ਕਾਲੇ ਅਮਰੀਕੀਆਂ ਦੀਆਂ  ਇੱਕ ਰੁੱਖ ਤੋਂ ਲਮਕਦੀਆਂ ਲਾਸ਼ਾਂ ਨੂੰ ਦੇਖਣ ਤੋਂ ਬਾਅਦ ਏਬਿਲ ਮੀਰੋਪੋਲ ਨਾਂ ਦੇ ਯਹੂਦੀ ਨੇ ‘ਅਜੀਬ ਫ਼ਲ’ ਗੀਤ ਲਿਖਿਆ ਜੋ ਅਣਮਨੁੱਖੀ ਤਸੀਹੇ ਝੱਲਣ ਵਾਲੇ ਗੁਲਾਮਾਂ ਲਈ ਰਾਸ਼ਟਰੀ ਤਰਾਨਾ ਬਣ ਗਿਆ। ਕਾਲੇ ਅਮਰੀਕੀ ਗੁਲਾਮਾਂ ਦੀ ਰੂਹ ਕੰਬਾ ਦੇਣ ਵਾਲੀ ਦਾਸਤਾਨ ਨੂੰ ਗੁਰਚਰਨ ਸਿੰਘ ਜੈਤੋ ਨੇ ‘ਗੁਲਾਮੀ ਵਾਲੀ ਜੂਨ ਬੁਰੀ’ ਪੁਸਤਕ ਵਿੱਚ ਅੰਕਿਤ ਕੀਤਾ ਹੈ। ‘ਇੱਕ ਗੀਤ ਦੀ ਆਤਮ-ਕਥਾ’ ਵਾਲੇ ਕਾਂਡ ਵਿੱਚ ਉਨ੍ਹਾਂ ਨੇ ਦੋ ਕਾਲੇ ਗੁਲਾਮਾਂ ਦੀਆਂ ਰੁੱਖ ਨਾਲ ਲਟਕਦੀਆਂ ਲਾਸ਼ਾਂ ਵਾਲੀ ਤਸਵੀਰ ਦਿੱਤੀ ਹੈ, ਜਿਨ੍ਹਾਂ ਨੂੰ ਦੇਖਣ ਲਈ ਭੀੜ ਉਮੜੀ ਹੋਈ ਹੈ। ਏਬਿਲ ਨੇ ਜਦੋਂ ਇਹ ਫ਼ੋਟੋ ਦੇਖੀ ਤਾਂ ਉਹ ਧੁਰ ਅੰਦਰ ਤਾਈਂ ਜ਼ਖ਼ਮੀ ਹੋ ਗਿਆ। ‘ਅਜੀਬ ਫ਼ਲ’ ਨਾਂ ਦਾ ਗੀਤ ਉਸ ਦੇ ਜ਼ਖ਼ਮਾਂ ਵਿੱਚੋਂ ਉੱਠੀਆਂ ਪੀੜਾਂ ’ਚੋਂ ਪੈਦਾ ਹੋਇਆ ਸੀ, ਜਿਸ ਦਾ ਪੰਜਾਬੀ ਉਲਥਾ ਜੈਤੋ ਨੇ ਇਸ ਪ੍ਰਕਾਰ ਕੀਤਾ ਹੈ: ਕਿਉਂ ਦੱਖਣ ਵਿੱਚ ਰੁੱਖਾਂ ’ਤੇ ਅਜੀਬ ਜਿਹੇ ਫ਼ਲ ਲੱਗਦੇ ਨੇ? ਲਹੂ ਹੀ ਲਹੂ ਜੜ੍ਹਾਂ ਵਿੱਚ, ਪੱਤੇ ਵੀ ਲਹੂ-ਲੁਹਾਣ ਨੇ ਕਾਲੀਆਂ ਲਾਸ਼ਾਂ ਨੂੰ ਝੂਲੇ ਦਿੰਦੀਆਂ, ਦੱਖਣੀ ਤੇਜ਼ ਹਵਾਵਾਂ... ਇਸ ਫ਼ੋਟੋ ਵਿੱਚ ਥੋਮਸ ਸ਼ਿੱਪ ਅਤੇ ਅਬਰਾਹਮ ਸਮਿੱਥ ਨਾਂ ਦੇ ਦੋ  ਕਾਲੇ ਅਮਰੀਕੀਆਂ ਨੂੰ ਜ਼ਾਲਮ ਗੋਰਿਆਂ ਦੀ ਭੀੜ ਨੇ 7 ਅਗਸਤ 1930 ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਕੇ ਰੁੱਖ ’ਤੇ ਟੰਗ ਦਿੱਤਾ ਸੀ। ਅਮਰੀਕਾ ਦੇ ਇੰਡੀਆਨਾ ਸੂਬੇ ਦੇ ਕਸਬੇ, ਮੇਰੀਓਨ ਵਿੱਚ ਕੀਤੇ ਇਨ੍ਹਾਂ ਘਿਨਾਉਣੇ ਕਤਲਾਂ ਦੀ ਫ਼ੋਟੋ ਲਾਰੈਂਸ ਬੀਟਲਰ ਨਾਂ ਦੇ ਫ਼ੋਟੋਗ੍ਰਾਫ਼ਰ ਨੇ ਖਿੱਚੀ ਸੀ। ਇਹ ਗੀਤ ਸੰਨ 1937 ਵਿੱਚ ਕਮਿਊਨਿਸਟ ਯੂਨੀਅਨ ਦੇ ਪਰਚੇ ‘ਨਿਊਯਾਰਕ ਟੀਚਰ’ ਵਿੱਚ ਛਪਿਆ ਤਾਂ ਇਹ ਜਮਹੂਰੀ ਹੱਕਾਂ ਲਈ ਲੜਨ ਵਾਲਿਆਂ ਅਤੇ ਗੁਲਾਮਾਂ ਲਈ ਜਵਾਲਾ ਬਣ ਗਿਆ। ਕਾਲੀ ਅਮਰੀਕੀ ਗਾਇਕਾ ਬਿਲੀਆ ਹੋਲੀਡੇਅ ਨੇ ਇਹ ਗੀਤ ਸੰਨ 1939 ਵਿੱਚ ਕੈਫੇ ਸੁਸਾਇਟੀ ਨਾਂ ਦੀ ਸੰਸਥਾ ਵਿੱਚ ਪਹਿਲੀ ਵਾਰ ਗਾਇਆ ਤਾਂ ਸੰਨਾਟਾ ਛਾ ਗਿਆ। ਅਮਰੀਕਾ ਦਾ ਮਨਹੂਸ ਨਸਲਵਾਦੀ ਚਿਹਰਾ ਨੰਗਾ ਕਰਨ ਵਾਲਾ ‘ਅਜੀਬ ਫ਼ਲ’ ਹੋਲੀਡੇਅ ਦਾ ਸਭ ਤੋਂ ਵੱਧ ਵਿਕਣ ਵਾਲਾ ਗੀਤ ਬਣ ਗਿਆ ਸੀ। “ਜਦੋਂ ਗੀਤ ਸ਼ੁਰੂ ਹੋਣ ਲੱਗਦਾ ਤਾਂ ਹਾਲ ਵਿੱਚ ਬੈਠੇ ਲੋਕਾਂ ਨੂੰ ਬਾਵਰਚੀ ਖਾਣਾ-ਪੀਣਾ ਪਰੋਸਣਾ ਬੰਦ ਕਰ ਦਿੰਦੇ। ਰੋਸ਼ਨੀਆਂ ਬੰਦ ਕਰ ਦਿੱਤੀਆਂ ਜਾਂਦੀਆਂ। ਸਿਰਫ਼ ਇੱਕੋ ਰੋਸ਼ਨੀ ਗੋਲ ਚੱਕਰ ਬਣਾਉਂਦੀ ਹੋਈ ਮੰਚ ’ਤੇ ਖੜੀ ਹੋਲੀਡੇਅ ’ਤੇ ਜਾ ਟਿਕਦੀ। ਫੇਰ ਸਟੇਜ ਦੇ ਇੱਕ ਪਾਸਿਓਂ ਸਾਜ਼ਿੰਦੇ ਹੌਲੀ-ਹੌਲੀ ਆਪਣੇ ਸਾਜ਼ਾਂ ਵਿੱਚੋਂ ਮਧੁਰ ਧੁਨਾਂ ਛੇੜਦੇ। ਸਟੇਜ ਦੇ ਵਿਚਕਾਰ ਹੋਲੀਡੇਅ ਅੱਖਾਂ ਮੁੰਦ ਲੈਂਦੀ ਜਿਵੇਂ ਉਸ ਦੀ ਲਿਵ ਅਰਦਾਸ ਕਰਨ ਲਈ ਲੱਗ ਗਈ ਹੋਵੇ। ਸਰੋਤੇ ਆਪਣੇ ਸਾਹ ਸੂਤ ਲੈਂਦੇ। ਅਜਿਹਾ ਮਾਹੌਲ ਸਿਰਜਿਆ ਜਾਂਦਾ ਕਿ ਸਿਰਫ਼ ਕੰਨ ਸੁਣ ਰਹੇ ਹੁੰਦੇ, ਦਿਲ ਧੜਕ ਰਹੇ ਹੁੰਦੇ ਤੇ ਸ਼ੋਰ ਬੰਦ ਹੋ ਜਾਂਦਾ। ਹੋਲੀਡੇਅ ਵੱਲੋਂ ਗਾਇਆ ਜਾਂਦਾ ਇੱਕ-ਇੱਕ ਸ਼ਬਦ ਸਰੋਤਿਆਂ ਦੇ ਦਿਲਾਂ ਦੀਆਂ ਗਹਿਰਾਈਆਂ ਵਿੱਚ ਉਤਰ ਕੇ ਅਜਿਹਾ ਅਸਰ ਕਰਦਾ ਕਿ ਉਨ੍ਹਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ। ਠੱਲ੍ਹੇ ਹੋਏ ਪਾਣੀ ਭਾਵਨਾਵਾਂ ਦਾ ਦਰਿਆ ਬਣ ਕੇ ਸੈਂਕੜੇ-ਹਜ਼ਾਰਾਂ ਅੱਖਾਂ ਥਾਣੀਂ ਵਹਿ ਤੁਰਦੇ।” ਦੁਨੀਆਂ ਦੇ ਗੁਲਾਮੀ ਨਾਲ ਜੂਝ ਰਹੇ ਲੋਕਾਂ ਨੂੰ ਸਮਰਪਿਤ ਇਹ ਪੁਸਤਕ, ਅਮਰੀਕਾ ਦੇ ਪਾਜ ਉਘਾੜਦੀ ਹੈ, ਜੋ ਆਪਣੇ ਆਪ ਨੂੰ ਵਿਸ਼ਵ ਵਿੱਚ ਜਮਹੂਰੀ ਹੱਕਾਂ ਦਾ ਪਹਿਰੇਦਾਰ ਹੋਣ ਦਾ ਦਾਅਵਾ ਕਰਦਾ ਹੈ। ਦੋ ਸਦੀਆਂ ਤਕ ਅਮਰੀਕਾ ਵਿੱਚ ਜ਼ਰ-ਖਰੀਦ ਗੁਲਾਮੀ ਪ੍ਰਥਾ ਸਿਖਰਾਂ ’ਤੇ ਰਹੀ। ਅਫ਼ਰੀਕਾ ਤੋਂ ਸਮੁੰਦਰੀ ਜਹਾਜ਼ਾਂ ਵਿੱਚ ਕਾਲੇ ਗੁਲਾਮ ਲਿਆ ਕੇ ਅਮਰੀਕਾ ਵਿੱਚ  ਸਰ੍ਹੇ-ਬਾਜ਼ਾਰ ਖਰੀਦੇ ਤੇ ਵੇਚੇ ਜਾਂਦੇ। ਗੁਰਚਰਨ ਸਿੰਘ ਜੈਤੋ ਨੇ ਗੁਲਾਮੀ ਨਾਲ ਜੂਝਦੇ ਲੋਕਾਂ ਦੇ ਗੀਤਾਂ ਤੇ ਹਉਕਿਆਂ ਦਾ ਪੰਜਾਬੀ ਵਿੱਚ ਉਲਥਾ ਕਰਕੇ ਮਜ਼ਲੂਮਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਦਿੱਤੀ ਹੈ। ਇਨ੍ਹਾਂ ਵਿੱਚ ਕੁਝ ਹੱਡ-ਬੀਤੀਆਂ ਵੀ ਹਨ, ਜੋ ਇਤਿਹਾਸ ਬਣ ਗਈਆਂ। ਲਾਸਾਂ ਤੇ ਲਾਸ਼ਾਂ ਦੀ ਇਬਾਰਤ ਪੜ੍ਹ ਕੇ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ। ਸਾਹਿਲ ’ਤੇ ਬੈਠ ਕੇ ਡੁੱਬਣ ਵਾਲਿਆਂ ਦੀ ਹਕੀਕਤ ਜਾਨਣ ਦੀ ਕੋਸ਼ਿਸ਼ ਕਰਨ ਵਾਲੇ ਮਹਿਜ਼ ਤਮਾਸ਼ਬੀਨ ਹੁੰਦੇ ਹਨ। ਡੁੱਬ ਕੇ ਦਰਿਆਵਾਂ ਦੀ ਗਹਿਰਾਈ ਨਾਪਣ ਵਾਲੇ ਲੋਕ ਵਿਰਲੇ ਹੀ ਹੁੰਦੇ ਹਨ। ਜਬਰ-ਜ਼ੁਲਮ ਨੂੰ ਹੰਢਾਉਣ ਤੋਂ ਬਾਅਦ ਤÉਾਰੀਖ ਆਖਰ ਬੋਲਦੀ ਹੈ, ‘ਲਮਹੋਂ ਨੇ ਖ਼ਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ’। ਅਜਿਹੀ ਇਤਿਹਾਸਕ ਖ਼ਤਾ ਨੂੰ ਸ਼ਿੱਦਤ ਨਾਲ ਮਹਿਸੂਸ ਕਰਨ ਵਾਲੇ ਵਿਰਲੇ-ਟਾਵੇਂ ਹੁੰਦੇ ਹਨ। ਬੇਕਸੂਰ ਲੋਕਾਂ ਦੇ ਕਤਲਾਂ ਤੋਂ ਬਾਅਦ ਜ਼ਮੀਰ ਵਾਲੇ ਲੋਕ ਝੰਜੋੜੇ ਜਾਂਦੇ ਹਨ। ਸਾਲ 2008 ਵਿੱਚ ਤਾਲਿਬਾਨ ਨੇ ਜਦੋਂ ਪਾਕਿਸਤਾਨ ਵਿੱਚ ਰਹਿੰਦੇ ਤਿੰਨ ਸਿੱਖਾਂ ਨੂੰ ਅਗਵਾ ਕਰ ਕੇ ਉਨ੍ਹਾਂ ਵਿੱਚੋਂ ਇੱਕ ਜਸਪਾਲ ਸਿੰਘ ਦਾ ਸਿਰ ਕਲਮ ਕਰ ਦਿੱਤਾ ਤਾਂ ਉੱਥੋਂ ਦੇ ਡਿਪਟੀ ਅਟਾਰਨੀ ਜਨਰਲ ਖ਼ੁਰਸ਼ੀਦ ਖ਼ਾਨ ਨੇ ਆਪਣੇ ਦੀਨੀ ਭਾਈਆਂ ਨੂੰ ਰੱਜ ਕੇ ਕੋਸਣਾ ਸ਼ੁਰੂ ਕਰ ਦਿੱਤਾ ਸੀ। ਸਿੱਖ ਭਾਈਚਾਰੇ ਕੋਲੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਲਈ ਉਹ ਪਿਸ਼ਾਵਰ ਦੇ ਗੁਰਦੁਆਰੇ ਭਾਈ ਜੋਗਾ ਸਿੰਘ ਗਿਆ। ਸਿਰ ’ਤੇ ਕੇਸਰੀ ਪਟਕਾ ਬੰਨ੍ਹ ਕੇ ਉਸ ਨੇ ਸੰਗਤਾਂ ਦੇ ਜੋੜੇ ਸਾਫ਼ ਕਰਨ ਦੀ ਸੇਵਾ ਸ਼ੁਰੂ ਕਰ ਦਿੱਤੀ। ਇਹ ‘ਤਨਖ਼ਾਹ’ ਜ਼ਮੀਰ ਦੇ ਤਖ਼ਤ ਤੋਂ ਸੁਣਾਈ ਗਈ ਸੀ ਕਿਉਂਕਿ ਰਹਿਤ-ਮਰਿਆਦਾ ਮੁਤਾਬਕ ਸਿੰਘ ਸਾਹਿਬਾਨ ਕਿਸੇ ਗ਼ੈਰ-ਸਿੱਖ ਨੂੰ ਧਾਰਮਿਕ ਸਜ਼ਾ ਨਹੀਂ ਲਗਾ ਸਕਦੇ। ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਤੋਂ ਬਾਅਦ ਉਹ ਹਰਿਮੰਦਰ ਸਾਹਿਬ ਦੇ ਜੋੜਾ ਘਰ ਵਿੱਚ ਵੀ ਸੇਵਾ ਕਰਨ ਗਿਆ। ਸੇਵਾ ਕਰਦਿਆਂ ਉਸ ਦੀਆਂ ਅੱਖਾਂ ਛਲਕ ਪੈਂਦੀਆਂ ਹਨ, ਜੋ ਇਨਸਾਨੀਅਤ ਦਾ ਪੈਗ਼ਾਮ ਦਿੰਦੀਆਂ ਹਨ। ਖ਼ੁਰਸ਼ੀਦ ਖ਼ਾਨ ਨੇ ਕਿਹਾ ਕਿ ਹਿੰਦੁਸਤਾਨ ਤੇ ਪਾਕਿਸਤਾਨ ਵਿੱਚ ਬਹੁਤ ਯੁੱਧ ਹੋ ਚੁੱਕੇ ਹਨ ਤੇ ਹੁਣ ਸਾਈਂ ਮੀਆਂ ਮੀਰ ਵਾਲੀਆਂ ਪਾਕਿ ਇੱਟਾਂ ਦੀ ਮੁੜ ਲੋੜ ਹੈ ਜਿਸ ਨਾਲ ਸਾਂਝੀਵਾਲਤਾ ਦੀ ਨੀਂਹ ਹੋਰ ਪਕੇਰੀ ਹੋ ਸਕੇ। ਉਸ ਦਾ ਮੰਨਣਾ ਹੈ ਕਿ ਇਸਲਾਮ ਵਿੱਚ ਬੇਗੁਨਾਹਾਂ ਦੇ ਕਤਲ ਲਈ ਕੋਈ ਜਗ੍ਹਾ ਨਹੀਂ ਹੈ। ਖ਼ੁਰਸ਼ੀਦ ਖ਼ਾਨ ਠੀਕ ਹੀ ਕਹਿੰਦਾ ਹੈ। ਹਲਾਲਖੋਰਾਂ ’ਤੇ ਤਨਜ਼ ਕਰਦਿਆਂ ਕਬੀਰ ਫੁਰਮਾਉਂਦੇ ਹਨ: ਜੀਅ ਜੁ ਮਾਰਹਿ ਜੋਰੁ ਕਰਿ ਕਹਿਤੇ ਹਹਿ ਜੁ ਹਲਾਲ ਧਰਮ ਦੇ ਨਾਂ ’ਤੇ ਕੀਤਾ ਗਿਆ  ਹਲਾਲ ਜਾਂ ਜਬਰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸੱਚ ਤਾਂ ਇਹ ਹੈ ਕਿ ਇਨਸਾਨੀਅਤ ਤੋਂ ਡਿੱਗਿਆ ਵਿਅਕਤੀ ਹਲਕਾਅ ਜਾਂਦਾ ਹੈ। ਅਜਿਹੇ ਵਿਅਕਤੀ ਜੋਸ਼ ਅਤੇ ਹੋਸ਼ ਦੇ ਸਮਤੋਲ ਨੂੰ ਗਵਾ ਬੈਠਦੇ ਹਨ। ਫਫੜੇ ਭਾਈਕੇ ਵਾਲੇ ਵੇਦ ਮੇਘ ਨਾਥ ‘ਸਿੱਧ’ ਹਲਕਾਏ ਹੋਏ ਜਾਨਵਰ ਦੇ ਲੱਛਣਾਂ ਦਾ ਵੇਰਵਾ ਦਿੰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੇ ਹੇਠਲੇ ਜਬਾੜੇ ਅਤੇ ਲੱਤਾਂ ਕਮਜ਼ੋਰ ਹੋ ਜਾਂਦੀਆਂ ਹਨ। ਹਲਕੇ ਕੁੱਤੇ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ ਅਤੇ ਉਸ ਦੇ ਭੌਂਕਣ ਦਾ ਢੰਗ ਹੀ ਬਦਲ ਜਾਂਦਾ ਹੈ। ਹਲਕਾਏ ਕੁੱਤੇ, ਗਿੱਦੜ ਜਾਂ ਲੂੰਬੜ ਦਾ ਕੱਟਿਆ ਰੋਗੀ ਪਾਣੀ ਤੋਂ ਡਰਦਾ ਹੈ ਤੇ ਉਸ ਦਾ ਹੋਸ਼ ਟਿਕਾਣੇ ਨਹੀਂ ਰਹਿੰਦਾ। ਉਸ ਦਾ ਮੂੰਹ ਭਾਵੇਂ ਸੁੱਕਦਾ ਹੈ ਫਿਰ ਵੀ ਉਹ ਪਾਣੀ ਤੋਂ ਤ੍ਰਹਿੰਦਾ ਹੈ। ਉਸ ਨੂੰ ਚਾਨਣਾ ਬੁਰਾ ਲੱਗਦਾ ਹੈ। ਦਿਲ ਦਹਿਲਣਾ ਅਤੇ ਮਾਲਕ ਸਮੇਤ ਆਪਣੇ ਲੋਕਾਂ ਨੂੰ ਵੱਢਣ ਪੈਣਾ ਆਦਿ ਹਲਕਾਅ ਦੇ ਮੁੱਖ ਲੱਛਣ ਹਨ। ਉਪਰੋਕਤ ਸਾਰੇ ਲੱਛਣ ਇਨਸਾਨੀਅਤ ਤੋਂ ਡਿੱਗਣ ਵਾਲੇ ਲੋਕਾਂ ਵਿੱਚ ਵੀ ਹੁੰਦੇ ਹਨ ਜੋ ਬੇਗੁਨਾਹਾਂ ਦੇ ਖ਼ੂਨ ਨਾਲ ਆਪਣੇ ਹੱਥ ਰੰਗਦੇ ਹਨ। ਸਦੀਆਂ ਤੋਂ ਮਨੁੱਖ ਦਾ ਵਫ਼ਾਦਾਰ ਸਾਥੀ ਮੰਨਿਆ ਜਾਂਦਾ ਕੁੱਤਾ ਜਦੋਂ ਹਲਕ ਜਾਵੇ ਤਾਂ ਉਹ ਆਪਣੇ ਮਾਲਕ ਨੂੰ ਵੀ ਵੱਢ ਲੈਂਦਾ ਹੈ। ਚਾਨਣ ਤੇ ਪਾਣੀ ਤੋਂ ਡਰਨ ਵਾਲੇ ਹਲਕਾਏ ਲੋਕ, ਬੇਗੁਨਾਹਾਂ ਦੇ ਕਤਲਾਂ ਨੂੰ ਅੰਜਾਮ ਦਿੰਦੇ ਹਨ। ਜਿਸ ਦਾ ਆਪਣਾ ਦਿਲ ਦਹਿਲਦਾ ਰਹੇ, ਉਹੀ ਦਹਿਸ਼ਤ ਦਾ ਰਸਤਾ ਅਪਣਾਉਂਦਾ ਹੈ। ਤਲੀ ’ਤੇ ਸਿਰ ਰੱਖ ਕੇ ਦੂਜਿਆਂ ਦੀ ਖਾਤਰ ਲੜਨ ਵਾਲੇ ਯੋਧੇ ਹੋਰ ਵਰਗ ਵਿੱਚ ਆਉਂਦੇ ਹਨ। ਉਨ੍ਹਾਂ ਦਾ ਸ਼ੁਮਾਰ, ‘ਪਹਿਲਾ ਮਰਣੁ ਕਬੂਲਿ, ਜੀਵਣ ਕੀ ਛਡਿ ਆਸਿ।।’ ਵਾਲਿਆਂ ਵਿੱਚ ਹੁੰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All