ਡਾ. ਹਰਿਭਜਨ ਸਿੰਘ ਭਾਟੀਆ ਦੀ ਅਮੋਲ ਪੁਸਤਕ

ਡਾ. ਹਰਿਭਜਨ ਸਿੰਘ ਭਾਟੀਆ ਦੀ ਅਮੋਲ ਪੁਸਤਕ

ਆਤਮਜੀਤ ਸਿੰਘ

ਪੰਜਾਬੀ ਸਾਹਿਤ ਦੇ ਅਧਿਐਨ ਦਾ ਅਧਿਐਨ ਕਰਨ ਵਾਲੇ ਵਿਦਵਾਨਾਂ ਵਿੱਚ ਡਾ. ਹਰਿਭਜਨ ਸਿੰਘ ਭਾਟੀਆ ਦਾ ਨਾਂ ਸਿਰਮੌਰ ਹੈ ਕਿਉਂਕਿ ਉਹ ਪ੍ਰਮਾਣੀਕ ਮੈਟਾ-ਸਮੀਖਿਅਕ ਹੈ। ਉਸ ਦੀ ਵਿਦਵਤਾ, ਸੁਹਿਰਦਤਾ, ਇਕਾਗਰਤਾ, ਨਿਰੰਤਰਤਾ, ਮਿਹਨਤ ਅਤੇ ਨਿਰਪੱਖਤਾ ਨਿਰ-ਵਿਵਾਦ ਹੈ; ਇਸੇ ਕਰਕੇ ਉਹ ਆਲੋਚਨਾ ਦੇ ਆਲੋਚਕ ਵਜੋਂ ਭਲੀ ਭਾਂਤ ਸਥਾਪਿਤ ਹੈ। ਹੁਣ ਭਾਟੀਆ ਦੀ ਵੱਡ ਅਕਾਰੀ ਮੈਟਾ ਸਮੀਖਿਆ ਪੁਸਤਕ ‘ਸੰਵਾਦ ਪੁਨਰ-ਸੰਵਾਦ’ ਪ੍ਰਕਾਸ਼ਤ ਹੋਈ ਹੈ। ਪਿਛਲੇ 33 ਸਾਲਾਂ ਦਾ ਅਧਿਆਪਨ ਕਾਰਜ ਅਤੇ 25 ਸਾਲ ਦਾ ਸਮੀਖਿਆ ਕਾਰਜ ਕਰਦਿਆਂ ਉਸ ਨੇ 20 ਮਿਆਰੀ ਪੁਸਤਕਾਂ ਦਾ ਯੋਗਦਾਨ ਪਾਇਆ ਹੈ ਜਿਨ੍ਹਾਂ ਵਿੱਚੋਂ 6 ਮੌਲਿਕ ਅਤੇ 14 ਸੰਪਾਦਿਤ ਪ੍ਰਕਾਸ਼ਨਾਵਾਂ ਹਨ। ਪੰਜਾਬੀ ਅਕਾਦਮੀ ਦਿੱਲੀ ਵੱਲੋਂ 2004 ਵਿੱਚ ਪ੍ਰਕਾਸ਼ਿਤ ‘ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ’ਅਤੇ 2010 ਵਿੱਚ ਛਪੀ ਚਿੰਤਨ ਪੁਨਰ-ਚਿੰਤਨ’ ਉਸ ਦੀਆਂ ਬਹੁ ਚਰਚਿਤ ਰਚਨਾਵਾਂ ਹਨ। ਉਸ ਦੇ ਸਮੁੱਚੇ ਪ੍ਰਕਾਸ਼ਨ ਨੇ ਉਸ ਦੀ ਅਕਾਦਮਿਕਤਾ ਦਾ ਜੋ ਬਿੰਬ ਸਿਰਜਿਆ ਹੈ ਸੱਜਰੀ ਪੁਸਤਕ ਨੇ ਨਾ ਸਿਰਫ਼ ਉਸ ਨੂੰ ਗੂੜ੍ਹਾ ਅਤੇ ਪਕੇਰਾ ਕੀਤਾ ਹੈ ਬਲਕਿ ਕਈ ਨਵੀਆਂ ਦਿਸ਼ਾਵਾਂ ਵੱਲ ਵੀ ਵਿਸਤਾਰਿਆ ਹੈ। ‘ਸੰਵਾਦ ਪੁਨਰ-ਸੰਵਾਦ’ ਵਿੱਚ ਸਮੇਂ, ਸਥਾਨ, ਸਮੱਗਰੀ ਅਤੇ ਸਰੋਕਾਰਾਂ ਦੇ ਪੱਖੋਂ ਵੱਡੀ ਵੰਨਗੀ ਹੈ ਜੋ ਮੈਟਾ-ਸਮੀਖਿਅਕ ਦੀ ਪਾਠ, ਉਸ ਦੇ ਪਾਚਨ, ਵਿਸ਼ਲੇਸ਼ਨ ਅਤੇ ਪੰਜਾਬੀ ਸਾਹਿਤ ਦੇ ਵਿਸ਼ਾਲ ਸੰਸਾਰ ਦਾ ਵਿਸ਼ੇਸ਼ੱਗ ਹੋਣ ਦੀ ਸਾਖੀ ਬਣ ਰਹੀ ਹੈ। ਇੱਕ ਪਾਸੇ ਉਹ ਗੁਰਬਾਣੀ, ਸੂਫ਼ੀ ਅਤੇ ਕਿੱਸਾ ਕਾਵਿ-ਧਾਰਾਵਾਂ ਵਿਚਲੇ ਚਿੰਤਨ ਨਾਲ ਸੰਵਾਦ ਰਚਾ ਰਿਹਾ ਹੈ, ਦੂਜੇ ਪਾਸੇ ਆਧੁਨਿਕ ਨਾਵਲ ਅਤੇ ਨਾਟਕ ਦਾ ਪੁਨਰ-ਚਿੰਤਨ ਕਰਦਾ ਹੈ। ਜਿੱਥੇ ਬਨਾਰਸੀ ਦਾਸ ਜੈਨ, ਕੁਸ਼ਤਾ, ਦੀਵਾਨਾ ਅਤੇ ਸੇਰੇਬ੍ਰਿਆਕੋਵ ਦੇ ਇਤਿਹਾਸ ਉਸ ਨੂੰ ਆਕਰਸ਼ਿਤ ਕਰਦੇ ਹਨ ਉੱਥੇ ਉਹ (ਵੱਡੇ) ਡਾ. ਹਰਿਭਜਨ ਸਿੰਘ ਅਤੇ ਜੋਗਿੰਦਰ ਸਿੰਘ ਰਾਹੀ ਜੇਹੇ ਵਿਲੱਖਣ ਸਮੀਖਿਆਕਾਰਾਂ ਉੱਤੇ ਵੀ ਆਪਣਾ ਧਿਆਨ ਇਕਾਗਰ ਕਰਦਾ ਹੈ। ਪੰਜਾਬੀ ਆਲੋਚਨਾ ਦੇ ਸਮਾਜ-ਸ਼ਾਸਤਰ ਦੀ ਗੱਲ ਵੀ ਕਰਦਾ ਹੈ ਅਤੇ ਵਿਸ਼ਵੀਕਰਨ ਦੇ ਸਰੋਕਾਰਾਂ ਦੀ ਵੀ। ਇਵੇਂ ਹੀ ਉਹਦਾ ਧਿਆਨ ਪਰਵਾਸੀ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ ਵੱਲ ਵੀ ਜਾਂਦਾ ਹੈ। ਹਰਿਭਜਨ ਸਿੰਘ ਭਾਟੀਆ ਆਪਣੇ ਮਨਸ਼ੇ ਨੂੰ ਖੁੱਲ੍ਹੇ ਰੂਪ ਵਿੱਚ ਸਾਡੇ ਸਨਮੁਖ ਲਿਆਉਂਦਾ ਹੈ: ‘‘ਫ਼ੋਕੀ ਸ਼ੁਹਰਤ, ਸਸਤੀ ਲੋਕ-ਪ੍ਰਿਅਤਾ, ਮੁਨਾਫ਼ਾ ਜਾਂ ਖ਼ੁਸ਼ਾਮਦ ਨਹੀਂ, ਉਚੇਰੇ ਵਿਦਿਅਕ ਮਨੋਰਥ ਨਾਲ ਜੁੜਨ ਦੀ ਲੋਚਾ ਇਸ ਕਾਰਜ ਦਾ ਪ੍ਰੇਰਨਾ ਬਿੰਦੂ ਹੈ।’’ ਹਰਿਭਜਨ ਸਿੰਘ ਭਾਟੀਆ ਨੇ ਇਸ ਪੁਸਤਕ ਦੀ ਲਾਜਵਾਬ ਭੂਮਿਕਾ ਲਿਖੀ ਹੈ; ਉਸ ਦੇ ਇਸ ਮਜ਼ਮੂਨ ਨੂੰ ਸਾਹਿਤ ਦਾ ਸਵਾਦ ਲੈਣ ਵਾਲੇ ਜਾਂ ਸਮੀਖਿਆ ਕਰਨ ਵਾਲੇ ਹਰ ਬਸ਼ਰ ਨੂੰ ਪੜ੍ਹਨਾ ਚਾਹੀਦਾ ਹੈ। ਉਸ ਨੇ ਸਾਹਿਤ ਨੂੰ ਮਨੁੱਖ ਦੁਆਰਾ ਸਿਰਜੇ ਗਏ ਸਭ ਤੋਂ ਖ਼ੂਬਸੂਰਤ ਢਾਂਚਿਆਂ ਵਿੱਚੋਂ ਇੱਕ ਕਿਹਾ ਹੈ ਅਤੇ ਬਹੁਤ ਸਾਦੇ ਸ਼ਬਦਾਂ ਵਿੱਚ ਸਾਹਿਤ ਦੀ ਸਾਰਥਕਤਾ ਅਤੇ ਜੀਵਨ ਵਿੱਚ ਉਸਦੀ ਭੂਮਿਕਾ ਦਾ ਨਿਚੋੜ ਕੱਢਿਆ ਹੈ: ‘‘ਸਵਾਲ ਉੱਠ ਰਹੇ ਹਨ ਕਿ ਇਸ ਬਾਜ਼ਾਰੂ ਯੁੱਗ ਵਿੱਚ ਸਾਹਿਤ, ਸਾਹਿਤ-ਅਧਿਐਨ ਅਤੇ ਅਧਿਐਨ ਦੇ ਅਧਿਐਨ ਦੀ ਕਿੰਨੀ ਕੁ ਜ਼ਰੂਰਤ ਹੈ। ਜੁਆਬ ਹੈ: ਮਨੁੱਖ ਦੀ ਕੋਮਲਤਾ, ਮਨੁੱਖਤਾ, ਸੰਵੇਦਨਾ ਅਤੇ ਉਸ ਅੰਦਰ ਨਾਬਰੀ ਦੀ ਭਾਵਨਾ ਨੂੰ ਜ਼ਿੰਦਾ ਰੱਖਣ ਲਈ ਸਾਹਿਤ ਅਤੇ ਸਾਹਿਤ-ਅਧਿਐਨ ਦੀ ਲੋੜ ਹਮੇਸ਼ਾ ਬਣੀ ਰਹੇਗੀ।’’ ਉਹ ਇਸ ਗੱਲ ਨੂੰ ਕਥਨ ਦੇ ਪੱਧਰ ਉੱਤੇ ਹੀ ਨਹੀਂ ਵਰਤਦਾ ਬਲਕਿ ਸਮੀਖਿਆ ਦੀ ਸਮੀਖਿਆ ਦੌਰਾਨ ਇਸ ਨੂੰ ਨੁਮਾਇਆਂ ਤੌਰ ’ਤੇ ਲਾਗੂ ਵੀ ਕਰਦਾ ਹੈ। ਉਸ ਨੂੰ (ਵੱਡੇ) ਡਾਕਟਰ ਹਰਿਭਜਨ ਸਿੰਘ ਦਾ ਅਨੁਯਾਈ ਮੰਨਿਆਂ ਜਾਂਦਾ ਹੈ। ਉਸਦਾ ਪ੍ਰਸੰਸਕ ਹੁੰਦਿਆਂ ਵੀ ਭਾਟੀਆ ਨੂੰ ਇਤਰਾਜ਼ ਹੈ ਕਿ ਸਮਾਜ-ਸ਼ਾਸਤਰ ਦੀ ਥਾਂ ਸਾਹਿਤ-ਸ਼ਾਸਤਰ ਨੂੰ ਹਰ ਕਿਸਮ ਦੀ ਕਸੌਟੀ ਮੰਨ ਲੈਣ ਕਾਰਨ (ਵੱਡੇ) ਡਾ. ਹਰਿਭਜਨ ਸਿੰਘ ਦੀ ਸਮੀਖਿਆ ਵਿੱਚੋਂ ਲੇਖਕ, ਪਾਠਕ, ਸਮਾਜ ਅਤੇ ਸਾਹਿਤ-ਅਧਿਐਨ ਦੀਆਂ ਦੁਜੀਆਂ ਵਿਧੀਆਂ ਪੂਰੀ ਤਰ੍ਹਾਂ ਖਾਰਜ ਹੋ ਗਈਆਂ ਅਤੇ ਇਹ ਉਸ ਦੀ ਸੀਮਾ ਬਣ ਗਈ। ਡਾਕਟਰ ਭਾਟੀਆ ਦੀ ਇਸ ਸਮਾਜ-ਸ਼ਾਸਤਰੀ ਪਹੁੰਚ ਸਦਕਾ ਹੀ ਪਾਕਿਸਤਾਨੀ ਪੰਜਾਬੀ ਸਾਹਿਤ ਵਿੱਚ ਸਮੀਖਿਆ ਦੀ ਮੰਦ-ਸਥਿਤੀ ਦੇ ਬਾਵਜੂਦ ਉਸ ਨੂੰ ਨਜਮ ਹੁਸੈਨ ਸੱਯਦ ਦਾ ਕੰਮ ਬਹੁਤ ਮੁੱਲਵਾਨ ਲੱਗਦਾ ਹੈ। ਸ਼ਾਇਦ ਇਸ ਦਾ ਇੱਕ ਕਾਰਨ ਨਜਮ ਹੁਸੈਨ ਸੱਯਦ ਦੀ ਸੈਕੂਲਰ ਬਿਰਤੀ ਵੀ ਹੈ ਹਾਲਾਂਕਿ ਡਾਕਟਰ ਭਾਟੀਆ ਅਨੁਸਾਰ ਨਜਮ ਦੀਆਂ ਸੀਮਾਵਾਂ ਵੀ ਹਨ: ‘‘ਏਥੇ ਇਹ ਵੀ ਧਿਆਨਯੋਗ ਹੈ ਕਿ ਉਸ ਦੀ ਆਲੋਚਨਾ ਦੀ ਬਿਰਤੀ ਅਤੀਤਮੁਖੀ ਹੈ। ਉਹ ਮੱਧਕਾਲ ਦੇ ਪਾਠਾਂ ਵਿੱਚ ਵਰਤਮਾਨ ਦੇ ਮਸਲਿਆਂ ਦੇ ਰੰਗਾਂ ਨੂੰ ਭਰਦਾ ਹੈ। ਵਿਰਸੇ ਦੀ ਚਕਾਚੌਂਧ ਕਰ ਦੇਣ ਵਾਲੀ ਪ੍ਰਤੀਕਵਾਦੀ ਵਿਆਖਿਆ ਉਸ ਦੀ ਸੀਮਾ ਵੀ ਹੈ ਅਤੇ ਸੰਭਾਵਨਾ ਵੀ।’’ ਪਰ ਭਾਟੀਆ ਦੀ ਵਿਲੱਖਣ ਖ਼ੂਬੀ ਇਹ ਹੈ ਕਿ ਉਹ ਸੈਕੂਲਰਿਜ਼ਮ ਅਤੇ ਮਨੁੱਖ ਦੀ ਬਰਾਬਰੀ ਦੇ ਭਾਵ ਨੂੰ ਵਿਸ਼ੇਸ਼ ਰੂਪ ਵਿੱਚ ਵਡਿਆਉਂਦਾ ਹੈ; ਇਸੇ ਕਰਕੇ ਉਹ ਮਜ਼੍ਹਬ ਦੀ ਦ੍ਰਿਸ਼ਟੀ ਤੋਂ ਸਮੀਖਿਆ ਕਰਨ ਵਾਲਿਆਂ ਦੇ ਹੱਕ ਵਿੱਚ ਨਹੀਂ ਭੁਗਤਦਾ। ਉਸ ਦੀ ਨਜ਼ਰ ਵਿੱਚ ਗੁਰਬਾਣੀ ਦੀ ਸੰਕੀਰਨ ਸੰਪਰਦਾਇਕ ਅਤੇ ਸ਼ਰਧਾਤਮਕ ਵਿਆਖਿਆ ਦਾ ਬਹੁਤਾ ਸਾਹਿਤਕ ਮੁੱਲ ਨਹੀਂ ਹੈ। ਇਸੇ ਦ੍ਰਿਸ਼ਟੀ ਤੋਂ ਉਹ ਡਾਕਟਰ ਜਗਬੀਰ ਸਿੰਘ ਦੇ ਗੁਰਬਾਣੀ-ਚਿੰਤਨ ਦੀ ਪ੍ਰਸੰਸਾ ਕਰਦਾ ਹੈ ਕਿਉਂਕਿ ਉਹ ਸ਼ਰਧਾ ਅਤੇ ਵਿਸ਼ਵਾਸ ਦੇ ਦਾਇਰੇ ਵਿੱਚ ਰਹਿੰਦਿਆਂ ਵੀ ਗੁਰਬਾਣੀ ਅਧਿਐਨ ਦੇ ਕਾਰਜ ਨੂੰ ਸੰਪਰਦਾਇਕ ਸੋਚ ਤੋਂ ਮੁਕਤ ਹੋ ਕੇ ਅਤੇ ਸਮੁੱਚੇ ਭਾਰਤੀ ਦਰਸ਼ਨ ਅਤੇ ਵਿਵੇਕ ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਭਾਟੀਆ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਨਜਮ ਹੁਸੈਨ ਸੂਫ਼ੀ-ਕਾਵਿ ਨੂੰ ਉਸ ਦੇ ਸਮੇਂ ਅਤੇ ਧਾਰਮਿਕ ਪ੍ਰਸੰਗ ਵਿੱਚੋਂ ਬਾਹਰ ਕੱਢ ਕੇ ਅਜੋਕੇ ਸਮੇਂ, ਪ੍ਰਸੰਗਾਂ ਅਤੇ ਤਰਕ ਨਾਲ ਜੋੜਦਾ ਹੈ। ਪਰ ਨਾਲ ਹੀ ਭਾਟੀਆ ਨੂੰ ਇਹ ਇਤਰਾਜ਼ ਹੈ ਕਿ  ਪ੍ਰੋ. ਕਿਸ਼ਨ ਸਿੰਘ ਸਮਾਜ ਦੇ ਪ੍ਰਸੰਗ ਵਿੱਚ ਰਚਨਾ ਦੀ ਆਪ-ਹੁਦਰੀ ਵਿਆਖਿਆ ਕਰਦਾ ਹੈ ਅਤੇ ਅਤਰ ਸਿੰਘ ਰਚਨਾ ਤੋਂ ਬਾਹਰ ਜਾ ਕੇ ਅਪ੍ਰਸੰਗਿਕ ਵਿਚਾਰਾਂ ਦੀ ਉਸਾਰੀ ਕਰਦਾ ਹੈ। ਇਉਂ ਭਾਟੀਆ ਦੇ ਸਾਹਿਤ-ਚਿੰਤਨ ਦੀ ਗੌਲਣਯੋਗ ਖ਼ੂਬੀ ਇਹ ਹੈ ਕਿ ਉਸ ਦੀ ਸੋਚ ਵਿੱਚ ਸਾਹਿਤ ਦੀ ਸਾਹਿਤਕਤਾ ਅਤੇ ਸਮਾਜਿਕਤਾ ਦਾ ਮਸਲਾ ਇੱਕੋ ਸਮੇਂ ਨੁਮਾਇਆਂ ਬਣਿਆਂ ਰਹਿੰਦਾ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਉਸ ਦੇ ਸਮੀਖਿਆ ਮਾਡਲ ਵਿੱਚ ਰਚਨਾ ਦੀ ਸਾਹਿਤਕਤਾ ਅਤੇ ਸਮਾਜਿਕਤਾ ਦੇ ਪੂਰਕ ਸੰਬੰਧਾਂ ਦਾ ਵਿਸ਼ਲੇਸ਼ਨ ਜ਼ਿਆਦਾ ਮਹੱਤਵਪੂਰਨ ਹੈ। ਪਰ ਉਸ ਦੇ ਗੁਰਬਾਣੀ ਚਿੰਤਨ ਨੇ ਸਵਾਲ ਵੀ ਪੈਦਾ ਕੀਤੇ ਹਨ। (ਵੱਡੇ) ਡਾਕਟਰ ਹਰਿਭਜਨ ਸਿੰਘ ਦੇ ਇਸ ਖ਼ਿਆਲ ਨੂੰ ਉਹ ਰੱਦ ਨਹੀਂ ਕਰਦਾ ਕਿ ‘‘ਬਾਣੀ ਦੇਵ ਕੇਂਦ੍ਰਿਤ ਰਚਨਾ ਹੈ। ਉਸ ਵਿੱਚ ਮਨੁੱਖ ਨੂੰ ਵੀ ਸਥਾਨ ਪ੍ਰਾਪਤ ਹੈ ਪਰ      ਦੁਜੈਲਾ ਸਥਾਨ... ਗ੍ਰਹਿਣਯੋਗ ਉਹੀ ਹੈ ਜੋ ਦੇਵ ਮੁਖ ਹੈ ਬਾਕੀ ਸਭ ਕੁਝ ਤਿਆਗਣਯੋਗ ਹੈ। ਮਨੁੱਖ ਦੀ ਯਾਤਰਾ ਨਿਰੋਲ ਬ੍ਰਹਮਤਾ ਵੱਲ ਹੈ ਨਿਰੋਲ ਮਨੁੱਖਤਾ ਵੱਲ ਨਹੀਂ।’’ ਪਰ ‘ਗੁਰਬਾਣੀ ਚਿੰਤਨ: ਪੁਨਰ ਸੰਵਾਦ’ ਵਾਲੇ ਬਹੁਮੁੱਲੇ ਕਾਂਡ ਦੇ ਅੰਤ ਵਿੱਚ ਉਹ ਬਾਣੀ ਸਮੀਖਿਅਕ ਪਾਸੋਂ ਜਿਸ ਮਨੁੱਖਵਾਦੀ ਵਿਆਖਿਆ ਦੀ ਮੰਗ ਕਰਦਾ ਹੈ ਉਸ ਨਾਲ ਨਿਸਚੇ ਹੀ ਪ੍ਰੋਫ਼ੈਸਰ ਕਿਸ਼ਨ ਸਿੰਘ ਦੀ ਸਮੀਖਿਆ ਵਾਲਾ ਸੰਕਟ ਪੈਦਾ ਹੋ ਸਕਦਾ ਹੈ ਅਤੇ ਸਮੀਖਿਅਕ ਦੇ ਆਪ-ਹੁਦਰੇਪਣ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ। ਜਾਂ ਤਾਂ ਡਾਕਟਰ ਭਾਟੀਆ ਨੂੰ (ਵੱਡੇ) ਹਰਿਭਜਨ ਸਿੰਘ ਦੀ ਬਾਣੀ ਦੀ ਸਮਝ ਨੂੰ ਰੱਦ ਕਰਨਾ ਪਵੇਗਾ ਤੇ ਜਾਂ ਫ਼ਿਰ ਗੁਰਬਾਣੀ ਅਤੇ ਸਮਾਜ-ਸ਼ਾਸਤਰੀ ਮਸਲਿਆਂ ਦੀ ਕੋਈ ਵਡੇਰੀ ਵਿਆਖਿਆ ਕਰਕੇ ਆਪਣੇ ਮੱਤ ਨੂੰ ਵਧੇਰੇ ਸਮਝਣਯੋਗ ਅਤੇ ਸਟੀਕ ਬਣਾਉਣਾ ਪਵੇਗਾ। ਵਰਤਮਾਨ ਰੂਪ ਵਿੱਚ ਉਸ ਦੇ ਸਮੁੱਚੇ ਥੀਸਿਸ ਵਿੱਚ ਛਿਦਰ ਪ੍ਰਤੀਤ ਹੁੰਦਾ ਹੈ। ਉਮੀਦ ਹੈ ਡਾਕਟਰ ਭਾਟੀਆ ਇਸ ਵਿਸ਼ੇ ਨੂੰ ਜਲਦੀ ਹੀ ਵੱਡੇ ਪੱਧਰ ’ਤੇ ਛੂਹੇਗਾ। ਸਾਡੀ ਸਮੀਖਿਆ ਨੇ ਪੰਜਾਬੀ ਵਿਚ ਲਿਖੇ ਸਾਹਿਤ ਦੇ ਇਤਿਹਾਸਾਂ ਉੱਤੇ ਘੱਟ-ਵੱਧ ਹੀ ਆਪਣੀਆਂ ਟਿੱਪਣੀਆਂ ਦਿੱਤੀਆਂ ਹਨ, ਪਰ ਭਾਟੀਆ ਨੇ ਇਸ ਇੱਕੋ ਪੁਸਤਕ ਵਿੱਚ ਮੌਲਾ ਬਖ਼ਸ਼ ਕੁਸ਼ਤਾ, ਬਨਾਰਸੀ ਦਾਸ ਜੈਨ, ਸੇਰੇਬ੍ਰਿਆਕੋਵ ਅਤੇ ਮੋਹਨ ਸਿੰਘ ਦੀਵਾਨਾ ਦੇ ਸਾਹਿਤ ਇਤਿਹਾਸਾਂ ਉੱਤੇ ਚਾਰ ਭਰਪੂਰ ਲੇਖ ਲਿਖੇ ਹਨ। ਜਿੱਥੇ ਪਹਿਲੇ ਤਿੰਨ ਘੱਟ ਜਾਣੇ ਜਾਂਦੇ ਇਤਿਹਾਸਾਂ ਨੂੰ ਉਨ੍ਹਾਂ ਦੀਆਂ ਖੂਬੀਆਂ ਅਤੇ ਕਮਜ਼ੋਰੀਆਂ ਸਹਿਤ ਅਗਰਭੂਮਣ ਵਿੱਚ ਲਿਆਂਦਾ ਗਿਆ ਹੈ, ਉੱਥੇ ਨਿਸਚਿਤ ਤੌਰ ’ਤੇ ਭਾਟੀਆ ਮੋਹਨ ਸਿੰਘ ਦੀਵਾਨਾ ਨੂੰ ਉਸ ਦਾ ਹੱਕ ਦਿਵਾਉਣ ਲਈ ਪ੍ਰਤੀਬੱਧ ਪ੍ਰਤੀਤ ਹੋ ਰਿਹਾ ਹੈ। ਉਹ ਉਸ ਨੂੰ ਪਹਿਲਾ ਪ੍ਰਮਾਣੀਕ ਸਾਹਿਤ-ਇਤਿਹਾਸਕਾਰ ਮੰਨਦਾ ਹੈ ਕਿਉਂਕਿ ਉਹ ਹੀ ਹੈ ਜੋ ਨਾ ਕੇਵਲ ਸਮੱਗਰੀ ਇਕੱਠੀ ਕਰਨ ਅਤੇ ਜੀਵਨ ਦੇ ਵੇਰਵਿਆਂ ਤੋਂ ਅਗਾਂਹ ਜਾਂਦਾ ਹੈ ਬਲਕਿ ਸਿਧਾਂਤ, ਖੋਜ, ਆਲੋਚਨਾ ਅਤੇ ਇਤਿਹਾਸਕਾਰੀ ਦੇ ਪ੍ਰਸਪਰ ਨਿਖੇੜਿਆਂ ਤੋਂ ਵੀ ਵਾਕਫ਼ ਹੈ। ਉਸ ਨੂੰ ਇਤਿਹਾਸ ਦੇ ਦਰਸ਼ਨ ਦੀ ਵੀ ਸੋਝੀ ਹੈ। ਉਸ ਕੋਲ ਇਤਿਹਾਸ ਦੇ ਉਦਭਵ ਅਤੇ ਵਿਕਾਸ ਨੂੰ ਜਾਨਣ ਦੀ ਸੂਝ ਵੀ ਹੈ ਅਤੇ ਤੱਥਾਂ ਨੂੰ ਟਿਕਾਉਣ ਦੀ ਵਿਧੀ ਵੀ। ਭਾਟੀਆ ਅਤਰ ਸਿੰਘ ਦੇ ਇਸ ਇਤਰਾਜ਼ ਨਾਲ ਸਹਿਮਤ ਨਹੀਂ ਕਿ ਦੀਵਾਨਾ ਨੇ ਸੈਕੂਲਰ ਸਾਹਿਤ ਦੀ ਗੱਲ ਨਹੀਂ ਕੀਤੀ ਅਤੇ ਸਿਰਫ਼ ਸੰਪਰਦਾਇਕ ਸਾਹਿਤ ਨੂੰ ਵਿਚਾਰਿਆ ਹੈ। ਉਹ ਡਾਕਟਰ ਰਵੀ ਨਾਲ ਸਹਿਮਤ ਹੈ ਅਤੇ ਲਿਖਦਾ ਹੈ, ‘‘ਹਕੀਕਤ ਇਹ ਹੈ ਕਿ ਉਸ ਦੇ ਸਾਹਿਤ ਇਤਿਹਾਸਕਾਰੀ ਦੇ ਕਾਰਜ ਉੱਪਰ ਟਿੱਪਣੀ ਕਰਨ ਵਾਲੇ ਉਸ ਨੂੰ ਉਸ ਇਤਿਹਾਸਿਕ ਕਾਲ-ਖੰਡ ਅਤੇ ਪਿਛੋਕੜ ਵਿੱਚ ਟਿਕਾਅ ਕੇ ਨਹੀਂ ਵੇਖਦੇ ਜਿਸ ਵਿੱਚ ਉਸ ਨੇ ਇਹ ਕਾਰਜ ਕੀਤਾ।’’ ਭਾਟੀਆ ਦਾ ਇਸ਼ਾਰਾ ਅੰਗਰੇਜ਼ੀ ਰਾਜ ਵੱਲ ਹੈ ਜਿਹੜਾ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਅਪਣਾ ਰਿਹਾ ਸੀ। ਭਾਟੀਆ ਦਾ ਹੇਠ ਲਿਖਿਆ ਕਥਨ ਬਹੁਤ ਮੁੱਲਵਾਨ ਹੈ: ‘‘ਲੇਖਕਾਂ ਦੇ ਜੀਵਨ ਸਮਾਚਾਰ ਪ੍ਰਸਤੁਤ ਕਰਨ ਵੇਲੇ ਉਸ ਤੋਂ ਪੂਰਬਲੇ ਅਧਿਏਤਾ ਵਿਸ਼ੇਸ਼ਕਰ ਬਾਵਾ ਬੁੱਧ ਸਿੰਘ ਅਤੇ ਮੌਲਾ ਬਖ਼ਸ਼ ਕੁਸ਼ਤਾ ਮਿੱਥ ਤੋਂ ਮਿੱਥ ਸਿਰਜਣ ਤੱਕ ਦਾ ਸਫ਼ਰ ਤੈਅ ਕਰਦੇ ਸਨ, ਉੱਥੇ ਦੀਵਾਨਾ ਮਿੱਥ ਤੋਂ ਇਤਿਹਾਸ ਵੱਲ ਦਾ ਸਫ਼ਰ ਕਰਨ ਦਾ ਰਾਹ ਅਖ਼ਤਿਆਰ ਕਰਕੇ ਤੱਥ ਪ੍ਰਤੀ ਆਪਣੇ ਵਤੀਰੇ ਨੂੰ ਬਦਲਦਾ ਅਤੇ ਆਪਣੀ ਵੱਖਰਤਾ ਸਥਾਪਿਤ ਕਰਦਾ ਹੈ।’’ ਇਸ ਪ੍ਰਸੰਗ ਵਿੱਚ ਭਾਟੀਆ ਦੀ ਮੋਹਨ ਸਿੰਘ ਦੀਵਾਨਾ ਉੱਤੇ ਪ੍ਰਕਾਸ਼ਤ ਹੋ ਰਹੀ ਪੂਰੀ ਪੁਸਤਕ ਦਾ ਵੀ ਇੰਤਜ਼ਾਰ ਰਹੇਗਾ। ਸੰਵਾਦ ਪੁਨਰ-ਸੰਵਾਦ’ ਦਾ ਪਹਿਲਾ ਲੇਖ ਇਸ ਸਮੁੱਚੀ ਪੁਸਤਕ ਵਿੱਚ ਫੈੇਲੇ ਹੋਏ ਸਰੋਕਾਰਾਂ ਦਾ ਐਲਾਨਨਾਮਾ ਹੈ। ‘ਵਿਸ਼ਵੀਕਰਨ: ਪੰਜਾਬੀ ਸੱਭਿਆਚਾਰ ਅਤੇ ਸਾਹਿਤ ਚਿੰਤਨ’ ਵਿੱਚ ਉਹ ਵਿਸ਼ਵੀਕਰਨ ਅਤੇ ਮੰਡੀਕਰਨ ਦੇ ਭਿਆਨਕ ਅਤੇ ਡਰਾਉਣੇ ਪੱਖਾਂ ਨੂੰ ਉਜਾਗਰ ਕਰਕੇ ਪੱਛਮ ਦੀ ਅੰਨ੍ਹੇਵਾਹ ਨਕਲ ਅਤੇ ਪਿਛਲੱਗ ਹੋਣ ਦੀ ਨੀਤੀ ਦਾ ਖੰਡਣ ਕਰਦਾ ਹੈ ਭਾਵੇਂ ਕਿ ਉਸ ਅਨੁਸਾਰ ਪੱਛਮ ਨੂੰ ਪਿੱਠ ਦੇਣਾ ਵੀ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ। ਹੱਲ ਤਾਂ ਚੌਫ਼ੇਰੇ ਵਪਰਦੀਆਂ ਘਟਨਾਵਾਂ ਅਤੇ ਸੋਚਾਂ ਦਾ ਵਿਸ਼ਲੇਸ਼ਣ ਕਰਕੇ ਨਤੀਜਿਆਂ ਨੂੰ ਆਪਣੀ ਸਥਿਤੀ ਉੱਤੇ ਢੁਕਾਉਣ ਵਿੱਚ ਹੈ ਨਾ ਕਿ ਅੰਨ੍ਹੇਵਾਹ ਚੀਜ਼ਾਂ ਨੂੰ ਠੋਸਣ ਵਿੱਚ। ਇਸੇ ਲਈ ਉਸ ਨੂੰ ਡਰ ਹੈ ਕਿ ਪੰਜਾਬੀ ਚਿੰਤਨ ਸਿਰਫ਼ ਅਕਾਦਮਿਕ ਅੱਯਾਸ਼ੀ ਤੱਕ ਸੀਮਿਤ ਹੋ ਰਿਹਾ ਹੈ ਅਤੇ ਚਿੰਤਕ ਮਹਿਜ਼ ਉਪਭੋਗੀ ਬਣ ਰਿਹਾ ਹੈ। ‘ਸੰਵਾਦ ਪੁਨਰ-ਸੰਵਾਦ’ ਸਿਰਫ਼ ਅਕਾਦਮਿਕ ਅਭਿਆਸ ਮਾਤਰ ਨਹੀਂ ਹੈ; ਇਹ ਪੁਸਤਕ ਸਾਨੂੰ ਸਭ ਨੂੰ ਜਾਗਣ ਦਾ ਹੋਕਾ ਦੇ ਰਹੀ ਹੈ। ਇਸ ਪੁਸਤਕ ਦਾ ਮਹੱਤਵ ਸਾਹਿਤ-ਸਮੀਖਿਆ ਤੱਕ ਸੀਮਿਤ ਨਹੀਂ; ਇਹ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਵੀ ਸਬਲ ਢੰਗ ਨਾਲ ਛੁਹ ਰਹੀ ਹੈ। ਇਉਂ ਇਹ ਇੱਕੋ ਸਮੇਂ ਵੱਡ ਮਿਆਰੀ, ਵੱਡ ਪਸਾਰੀ ਅਤੇ ਵੱਡ ਅਕਾਰੀ ਰਚਨਾ ਹੈ ਜਿਸ ਵਾਸਤੇ ਡਾਕਟਰ ਭਾਟੀਆ ਧੰਨਵਾਦ ਦਾ ਪਾਤਰ ਹੈ।

ਮੋਬਾਈਲ: 98760-18501

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All