ਡਾ. ਜਗਤਾਰ ਦੀ ਗ਼ਜ਼ਲਕਾਰੀ ਦੇ ਮੂਲ ਸਰੋਕਾਰ

ਡਾ. ਜਗਤਾਰ ਦੀ ਗ਼ਜ਼ਲਕਾਰੀ ਦੇ ਮੂਲ ਸਰੋਕਾਰ

ਜਗਤਾਰ ਪੰਜਾਬੀ ਗ਼ਜ਼ਲ ਸਿਰਜਣਾ ਵਿੱਚ ਇੱਕ ਪੂਰੇ ਦੌਰ ਦਾ ਨਾਂ ਹੈ ਜੋ ਪੰਜਾਬੀ ਭਾਸ਼ਾ ਦੀ ਗ਼ਜ਼ਲ ਉੱਪਰ ਬੜੇ ਗੂੜ੍ਹੇ ਤੇ ਸਥਾਈ ਪ੍ਰਭਾਵ ਅੰਕਿਤ ਕਰਦਾ ਹੈ। ਉਸ ਦੀ ਗ਼ਜ਼ਲਕਾਰੀ ਦਾ ਸਫ਼ਰ ਤਕਰੀਬਨ ਸਾਢੇ ਚਾਰ ਦਹਾਕੇ ਜਾਰੀ ਰਿਹਾ। ਜਗਤਾਰ ਪੰਜਾਬੀ ਗ਼ਜ਼ਲ ਸਿਰਜਣਾ ਵਿੱਚ ਇੱਕ ਪੂਰੇ ਦੌਰ ਦਾ ਨਾਂ ਹੈ ਜੋ ਪੰਜਾਬੀ ਭਾਸ਼ਾ ਦੀ ਗ਼ਜ਼ਲ ਉੱਪਰ ਬੜੇ ਗੂੜ੍ਹੇ ਤੇ ਸਥਾਈ ਪ੍ਰਭਾਵ ਅੰਕਿਤ ਕਰਦਾ ਹੈ। ਉਸ ਦੀ ਗ਼ਜ਼ਲਕਾਰੀ ਦਾ ਸਫ਼ਰ ਤਕਰੀਬਨ ਸਾਢੇ ਚਾਰ ਦਹਾਕੇ ਜਾਰੀ ਰਿਹਾ।

ਜਗਵਿੰਦਰ ਜੋਧਾ

ਜਗਤਾਰ ਪੰਜਾਬੀ ਗ਼ਜ਼ਲ ਸਿਰਜਣਾ ਵਿੱਚ ਇੱਕ ਪੂਰੇ ਦੌਰ ਦਾ ਨਾਂ ਹੈ ਜੋ ਪੰਜਾਬੀ ਭਾਸ਼ਾ ਦੀ ਗ਼ਜ਼ਲ ਉੱਪਰ ਬੜੇ ਗੂੜ੍ਹੇ ਤੇ ਸਥਾਈ ਪ੍ਰਭਾਵ ਅੰਕਿਤ ਕਰਦਾ ਹੈ। ਉਸ ਦੀ ਗ਼ਜ਼ਲਕਾਰੀ ਦਾ ਸਫ਼ਰ ਤਕਰੀਬਨ ਸਾਢੇ ਚਾਰ ਦਹਾਕੇ ਜਾਰੀ ਰਿਹਾ। ਇਸ ਕਾਲ ਖੰਡ ਵਿੱਚ ਆਈਆਂ ਤਬਦੀਲੀਆਂ ਦੇ ਨਕਸ਼ ਵੀ ਉਸ ਦੀ ਗ਼ਜ਼ਲ ਰਚਨਾ ਵਿੱਚੋਂ ਸਪੱਸ਼ਟ ਪਛਾਣੇ ਜਾ ਸਕਦੇ ਹਨ। ਉਸ ਦੀ ਗ਼ਜ਼ਲਕਾਰੀ ਪੁਸਤਕ ਰੂਪ ਵਿੱਚ ਸ਼ੀਸ਼ੇ ਦਾ ਜੰਗਲ (1980) ਨਾਲ ਪਾਠਕਾਂ ਸਾਹਮਣੇ ਆਈ ਤੇ ਮੋਮ ਦੇ ਲੋਕ (2006) ਤਕ ਬਾਦਸਤੂਰ ਜਾਰੀ ਰਹੀ, ਪਰ ਇਹ ਦੋਵੇਂ ਪੁਸਤਕਾਂ ਉਸ ਦੀ ਗ਼ਜ਼ਲ ਰਚਨਾ ਦੇ ਆਦਿ ਤੇ ਅੰਤ ਬਿੰਦੂ ਨਹੀਂ। ‘ਸ਼ੀਸ਼ੇ ਦਾ ਜੰਗਲ’ ਵਿੱਚ ਉਸ ਨੇ ਤਕਰੀਬਨ ਡੇਢ ਦਹਾਕੇ ਦੌਰਾਨ ਲਿਖੀਆਂ ਗ਼ਜ਼ਲਾਂ ਨੂੰ ਸ਼ਾਮਲ ਕੀਤਾ ਸੀ। ‘ਮੋਮ ਦੇ ਲੋਕ’ ਤੋਂ ਬਾਅਦ ਵੀ ਜਗਤਾਰ ਨੇ ਬਹੁਤ ਸਾਰੀਆਂ ਗ਼ਜ਼ਲਾਂ ਲਿਖੀਆਂ ਜੋ ਅਜੇ ਕਿਤੇ ਪ੍ਰਕਾਸ਼ਿਤ ਹੋਣ ਦੀ ਉਡੀਕ ਵਿੱਚ ਹਨ। ਜਗਤਾਰ ਦੀ ਗ਼ਜ਼ਲ ਚੇਤਨਾ ਉਸ ਦੀ ਹੋਂਦ ਦੇ ਇਰਦ-ਗਿਰਦ ਛਾਈ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚੋਂ ਸਮਕਾਲ ਪ੍ਰਤੀ ਉਸ ਦਾ ਹੁੰਗਾਰਾ ਇਸ ਵਿਧਾ ਦੇ ਮਾਧਿਅਮ ਰਾਹੀਂ ਪਛਾਣਿਆ ਜਾ ਸਕਦਾ ਹੈ। ਇਹ ਨਹੀਂ ਕਿ ਜਗਤਾਰ ਤੋਂ ਪਹਿਲਾਂ ਪੰਜਾਬੀ ਵਿੱਚ ਗ਼ਜ਼ਲ ਨਹੀਂ ਸੀ ਲਿਖੀ ਜਾ ਰਹੀ ਅਤੇ ਇਹ ਕਹਿਣਾ ਵੀ ਸ਼ਾਇਦ ਦਰੁਸਤ ਨਾ ਹੋਵੇ ਕਿ ਉਸ ਤੋਂ ਪਹਿਲਾਂ ਪੰਜਾਬੀ ਗ਼ਜ਼ਲ ਨੇ ਵੱਖਰੇ ਨਕਸ਼ ਗ੍ਰਹਿਣ ਕਰ ਲਏ ਸਨ। ਮੌਲਾ ਬਖਸ਼ ਕੁਸ਼ਤਾ ਨੇ ‘ਦੀਵਾਨ-ਏ-ਕੁਸ਼ਤਾ’ ਵਿੱਚ ਪੰਜਾਬੀ ਗ਼ਜ਼ਲ ਦੀ ਪ੍ਰਕਾਸ਼ਨਾ ਕਰਵਾਈ। ਇਸ ਤੋਂ ਬਾਅਦ ਪੰਜਾਬੀ ਗ਼ਜ਼ਲ ਨੂੰ ਉਰਦੂ ਫ਼ਾਰਸੀ ਗ਼ਜ਼ਲ ਦੇ ਨਿਯਮਾਂ ਮੁਤਾਬਿਕ ਢਾਲਣ ਦੀ ਸਖ਼ਤੀ ਵਰਤੀ ਗਈ। ਜ਼ਿਆਦਾਤਰ ਮੁਸਲਿਮ ਸ਼ਾਇਰ ਹੀ ਪੰਜਾਬੀ ਵਿੱਚ ਗ਼ਜ਼ਲਾਂ ਕਹਿੰਦੇ ਸਨ। ਉਨ੍ਹਾਂ ਸ਼ਾਇਰਾਂ ਦੀ ਭਾਸ਼ਾ ਪੰਜਾਬੀ ਹੋੋਣ ਦੇ ਬਾਵਜੂਦ ਰਚਨਾਤਮਕ ਪ੍ਰੇਰਨਾ ਤੇ ਸੁਹਜਾਤਮਕ ਆਦਰਸ਼ ਉਰਦੂ ਫ਼ਾਰਸੀ ਵਾਲੇ ਹੀ ਰਹੇ। ਅਰੂਜ਼ ਦੀ ਬਾਕਾਇਦਾ ਸਿਖਲਾਈ ਲਈ ਉਰਦੂ ਢੰਗ ਨਾਲ ਉਸਤਾਦੀ ਪਰੰਪਰਾ ਵੀ ਉਨ੍ਹਾਂ ਨੇ ਸਥਾਪਤ ਕੀਤੀ। ਆਜ਼ਾਦੀ ਤੋਂ ਬਾਅਦ ਪ੍ਰਗਤੀਵਾਦੀ ਲਹਿਰ ਦੀ ਚੜ੍ਹਤ ਦੇ ਸਮੇਂ ਪ੍ਰੋ. ਮੋਹਨ ਸਿੰਘ ਤੇ ਬਾਵਾ ਬਲਵੰਤ ਨੇ ਕੁਝ ਵੱਖਰੇ ਅੰਦਾਜ਼ ਦੀ ਗ਼ਜ਼ਲ ਲਿਖੀ ਜਿਸ ਵਿੱਚੋਂ ਪੰਜਾਬੀਅਤ ਦੀ ਮਹਿਕ ਆਉਂਦੀ ਹੈ। ਇਸ ਦੇ ਸਮਾਨਾਂਤਰ ਸਾਧੂ ਸਿੰਘ ਹਮਦਰਦ ਦੀ ਅਗਵਾਈ ਵਿੱਚ ‘ਗ਼ਜ਼ਲ ਲਹਿਰ’ ਦਾ ਐਲਾਨ ਹੋਇਆ। ਉਰਦੂ ਫ਼ਾਰਸੀ ਦੇ ਥੋੜ੍ਹੇ ਬਹੁਤੇ ਜਾਣਕਾਰ ਕੁਝ ‘ਉਸਤਾਦਾਂ’ ਨੇ ਪੰਜਾਬੀ ਵਿੱਚ ਸ਼ਾਇਰਾਂ ਦੀ ਤਾਲੀਮ ਦਾ ਬੀੜਾ ਚੁੱਕਿਆ। ਭਾਸ਼ਾ ਪ੍ਰਤੀ ਚੇਤਨਾ ਦੇ ਇਸ ਦੌਰ ਵਿੱਚ ਪੰਜਾਬੀ ਮੱਧਵਰਗ ਨੇ ਆਪਣਾ ਬਣਦਾ ਹਿੱਸਾ ਪਾਉਣ ਲਈ ਗ਼ਜ਼ਲ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ। ਪ੍ਰਗਤੀਵਾਦੀ ਕਵਿਤਾ ਆਪਣੀ ਰਚਨਾਤਮਕ ਊਰਜਾ ਹੰਢਾ ਚੁੱਕਣ ਪਿੱਛੋਂ ਦੁਹਰਾਉ ਦਾ ਸ਼ਿਕਾਰ ਹੋ ਗਈ। ਪ੍ਰਯੋਗਵਾਦੀ ਕਵਿਤਾ ਦੇ ਨਾਂ ਹੇਠ ਕਾਵਿ ਸਿਧਾਂਤਾਂ ਦਾ ਪਸਾਰ ਸ਼ੁਰੂ ਹੋ ਚੁੱਕਿਆ ਸੀ। ਇਸੇ ਸਮੇਂ ਜਗਤਾਰ ਨੇ ਗ਼ਜ਼ਲ ਵਿਧਾ ਨੂੰ ਆਪਣੀ ਰਚਨਾਕਾਰੀ ਦਾ ਮਾਧਿਅਮ ਬਣਾਇਆ। ਇਸ ਤੋਂ ਪਹਿਲਾਂ ਉਹ ਗੀਤਾਂ ਅਤੇ ਕਵਿਤਾਵਾਂ ਰਾਹੀਂ ਆਪਣੀ ਹਾਜ਼ਰੀ ਦਰਜ ਕਰਾ ਚੁੱਕਾ ਸੀ, ਪਰ ਗ਼ਜ਼ਲ ਸਿਰਜਣਾ ਸਮੇਂ ਉਹ ਵਧੇਰੇ ਸੁਚੇਤ ਤੇ ਨਿਰਲੇਪ ਹੋ ਕੇ ਆਪਣੇ ਕਾਰਜ ਵਿੱਚ ਜੁਟ ਗਿਆ। ਰਵਾਇਤੀ ਸ਼ਿਅਰਕਾਰੀ ਦੇ ਮੁਦੱਈਆਂ ਨੇ ਉਸ ਖ਼ਿਲਾਫ਼ ਮੁਹਾਜ਼ ਖੋਲ੍ਹ ਦਿੱਤਾ। ਇਸ ਦੇ ਜਵਾਬ ਵਿੱਚ ਜਗਤਾਰ ਦੀ ਲਿਖੀ ਗ਼ਜ਼ਲ ਬਾਅਦ ਵਿੱਚ ‘ਜੁਗਨੂੰ ਦੀਵਾ ਤੇ ਦਰਿਆ’ ਵਿੱਚ ਛਪੀ। 1200781cd _jagwinder jodhaਜਗਤਾਰ ਨੇ ਆਪਣੀ ਗ਼ਜ਼ਲ ਰਚਨਾ ਵਿੱਚ ਜੋ ਪੈਂਤੜਾ ਸੱਠਵਿਆਂ ਦੇ ਅੱਧ ਵਿੱਚ ਅਪਣਾਇਆ, ਆਖ਼ਰ ਤਕ ਉਸ ’ਤੇ ਡਟਿਆ ਰਿਹਾ। ਵੰਡ ਪਿੱਛੋਂ ਪੰਜਾਬ ਵਿੱਚ ਉਰਦੂ ਭਾਸ਼ਾ ਲਈ ਪੈਦਾ ਹੋਈ ਗ਼ਫ਼ਲਤ ਦੀ ਸਥਿਤੀ ਵਿੱਚ ਗ਼ਜ਼ਲ ਦੇ ਉਸਤਾਦਾਂ ਨੇ ਉਸੇ ਸ਼ਾਇਰੀ ਦਾ ਪਸਾਰ ਕੀਤਾ ਜੋ ਮੁੱਖ ਤੌਰ ’ਤੇ ਉਰਦੂ ਦੀ ਸਿਖਲਾਈ ਦੇਣ ਵਾਲੇ ਮਦਰੱਸਿਆਂ ਵਿੱਚੋਂ ਪੈਦਾ ਹੋਈ ਸੀ। ਇਸ ਗ਼ਜ਼ਲਗੋਈ ਦੀ ਮੂਲ ਸੁਰ ਦਰਬਾਰੀ ਅਦਬ ਦੇ ਪ੍ਰਚਾਰ ਵਾਲੀ ਤੇ ਨਵਾਬਸ਼ਾਹੀ ਦੀ ਹਿਤੈਸ਼ੀ ਸੀ। ਮੀਰ, ਗਾਲਿਬ, ਜ਼ੌਕ, ਇਕਬਾਲ ਤੇ ਫ਼ੈਜ਼ ਦੀ ਸ਼ਾਇਰੀ ਇਨ੍ਹਾਂ ਉਸਤਾਦਾਂ ਲਈ ਗੁੰਝਲਦਾਰ ਸੀ। ਜਗਤਾਰ ਨੇ ਇਸ ਗਾਡੀ ਰਾਹ ਤੋਂ ਅੱਡ ਹੋ ਕੇ ਤੁਰਦਿਆਂ ਇਸ ਤਕਨੀਕ ਨੂੰ ਰੱਦ ਕੀਤਾ। ਉਸ ਨੇ ਸਮਕਾਲੀ ਯੁੱਗ ਚੇਤਨਾ ਪ੍ਰਤੀ ਚਿੰਤਨੀ ਨੀਝ ਨਾਲ ਵੇਖਦਿਆਂ ਗ਼ਜ਼ਲ ਦੇ ਮਿਜ਼ਾਜ ਨਾਲ ਸੰਵਾਦ ਰਚਾਇਆ। ਉਹ ਨਜ਼ਮ ਦੀਆਂ ਕੁਝ ਕਿਤਾਬਾਂ ਪੰਜਾਬੀ ਸਾਹਿਤ ਨੂੰ ਦੇ ਚੁੱਕਾ ਸੀ। ਉਸ ਨੇ ਆਪਣਾ ਪੂਰਾ ਧਿਆਨ ਗ਼ਜ਼ਲ ਰਚਨਾ ਦੇ ਉਨ੍ਹਾਂ ਤੱਤਾਂ ’ਤੇ ਕੇਂਦਰਿਤ ਕੀਤਾ ਜਿਹੜੇ ਉਸ ਨੇ ਰੱਦ ਕਰਨੇ ਸਨ। ਵਿਸ਼ਿਆਂ ਪੱਖੋਂ ਨਵੀਂ ਧਰਾਤਲ ਦੀ ਤਲਾਸ਼ ਕੀਤੀ। ਗ਼ਜ਼ਲ ਲਈ ਸਮਕਾਲ ਵਿੱਚੋਂ ਆਪਣੀ ਭਾਸ਼ਾ ਘੜੀ। ਉਸ ਨੇ ਲਤੀਫ਼ ਦੀ ਨਵੀਂ ਪਰਿਭਾਸ਼ਾ ਆਪਣੀ ਸ਼ਾਇਰੀ ਰਾਹੀਂ ਪੇਸ਼ ਕੀਤੀ। ਉਹ ਚਿੱਥ ਕੇ ਸੁੱਟੇ ਵਿਸ਼ਿਆਂ, ਬਾਸੀ ਸ਼ਬਦਾਵਲੀ ਤੇ ਅਰਥ ਪ੍ਰਬੰਧ ਦੀ ਇਕਹਿਰੀ ਦਿਸ਼ਾ ਨੂੰ ਤੋੜ ਕੇ ਪਾਠਕਮੁਖੀ ਗ਼ਜ਼ਲ ਸਾਹਮਣੇ ਲਿਆਉਂਦਾ ਹੈ। ਉਸ ਦੀ ਗ਼ਜ਼ਲ ਸਾਢੇ ਚਾਰ ਦਹਾਕਿਆਂ ਦੇ ਇਤਿਹਾਸ ਵਿੱਚੋਂ ਕਸ਼ੀਦੀ ਹੋਈ ਚੇਤਨਾ ਦਾ ਪਰਤੌਅ ਹੈ। ਉਹ ਗ਼ਜ਼ਲ ਨੂੰ ਪੰਜਾਬੀ ਸੁਭਾਅ ਵਿੱਚ ਵਸੀ ਪ੍ਰਗਤੀਕਤਾ ਨਾਲ ਇਕਸੁਰ ਕਰਦਾ ਹੈ। ਪੰਜਾਬੀ ਦੀ ਸਕੂਲੀ ਗ਼ਜ਼ਲ ਭਾਵੇਂ ਕਿਸੇ ਗਾਇਨ ਸ਼ੈਲੀ ਨੂੰ ਉਭਾਰਨ ਵਿੱਚ ਕਾਮਯਾਬ ਨਹੀਂ ਹੋਈ, ਪਰ ਇਸ ਰਵਾਇਤ ਦੀ ਅੰਨ੍ਹੇਵਾਹ ਪੈਰਵੀ ਕਰਦੀ ਰਹੀ। ਇਸ ਦੇ ਮੁਕਾਬਲੇ ਜਗਤਾਰ ਦੀ ਗ਼ਜ਼ਲ ਉਸ ਧਾਰਾ ਦੇ ਵਧੇਰੇ ਨੇੜੇ ਹੈ ਜਿਹੜੀ ਸ਼ਿਅਰਾਂ ਨੂੰ ਰਚਨਾ ਦੇ ਵਿਭਿੰਨ ਯੂਨਿਟ ਮੰਨਦਿਆਂ ਵੀ ਖਿਆਲ ਦੀ ਮੁਸੱਲਸਲਤਾ ’ਤੇ ਜ਼ੋਰ ਦਿੰਦੀ ਹੈ। ਇਸ ਨਾਲ ਗ਼ਜ਼ਲ ਦੀ ਰੂਪਕਤਾ ਸ਼ਾਇਰ ਦੀ ਵਿਚਾਰਧਾਰਾ ਦਾ ਸਿੱਧਾ ਮਾਧਿਅਮ ਬਣਦੀ ਹੈ। ਇਸੇ ਲਈ ਜਗਤਾਰ ਦੇ ਸ਼ਿਅਰਾਂ ਵਿੱਚ ਵਿਸ਼ੇਸ਼ ਮੂਡ ਦੀ ਥਾਂ ਦਸ਼ਾ ਅਤੇ ਚਿੰਤਨੀ ਠਹਿਰਾਉ ਹੈ। ਉਹ ਲਿਖਦਾ ਹੈ: ਰਾਤ ਦੀ ਬਸ ਰਾਤ ਮੇਲਾ ਜੁਗਨੂੰਆਂ ਦਾ ਦੇਖਿਆ, ਫੇਰ ਜੀਵਨ ਭਰ ਲਈ ਕਾਲਖ ਮੁਕੱਦਰ ਹੋ ਗਈ। ਜਦੋਂ ਆਇਆ ਉਡਣ ਦਾ ਵਕਤ ਤਾਂ ਖ਼ੁਦ ਬੇਪਰਾ ਸਾਂ, ਕੀ ਕਰ ਬੈਠਾ ਮੈਂ ਲੱਕੜ ਕੀ ਚਿੜੀ ਨੂੰ ਖੰਭ ਲਾ ਕੇ। ਹਵਾ ਇਕਦਮ ਰੁਕੀ ਤੇ ਡਰ ਗਈ ਇਹ ਦੇਖ ਕੇ ਕੌਤਕ, ਭਰੀ ਪੱਤਝੜ ’ਚ ਵੀ ਪੱਥਰ ਦੀ ਅੱਖ ਵਿੱਚ ਸਬਜ਼ ਪੱਤਾ ਸੀ। ਉਹ ਦੀ ਗ਼ਜ਼ਲ ਦੀ ਭਾਸ਼ਾ ਅਣਵੰਡੇ ਪੰਜਾਬ ਦੇ ਸੱਭਿਆਚਾਰਕ ਤੇ ਭਾਸ਼ਾਈ ਵਿਰਸੇ ਵਿੱਚੋਂ ਆਉਂਦੀ ਹੈ। ਭਾਸ਼ਾ ਦਾ ਇਹ ਮਾਡਲ ਬਸਤੀਵਾਦੀ ਸ਼ਾਸਨ ਖ਼ਿਲਾਫ਼ ਪੰਜਾਬੀਆਂ ਦੀ ਆਵਾਜ਼ ਬਣਿਆ ਸੀ। ਇਸ ਸਮੇਂ ਤਕ ਮੰਦੇ ਢੰਗ ਦੀ ਕਵਿਤਾ ਆਪਣੀ ਉੱਚੀ ਸੁਰ ਨੂੰ ਕਰੀਬ ਕਰੀਬ ਤਿਆਗ ਚੁੱਕੀ ਸੀ ਤੇ ਸ਼ਿਵ ਕੁਮਾਰ ਤੇ ਹਰਿਭਜਨ ਸਿੰਘ ਪ੍ਰਗਤੀਕਤਾ ਨੂੰ ਨਵੇਂ ਸਿਰੇ ਤੋਂ ਪੇਸ਼ ਕਰ ਰਹੇ ਸਨ। ਸ਼ਿਵ ਕੁਮਾਰ ਨਿੱਜੀ ਵੇਦਨਾ ਨੂੰ ਲੋਕਧਾਰਾਈ ਪਿਛੋਕੜ ਵਿੱਚ ਪੇਸ਼ ਕਰਦਿਆਂ ਵੈਣਿਕ ਅੰਸ਼ਾਂ ਨੂੰ ਸੁਰਜੀਤ ਕਰ ਰਿਹਾ ਸੀ ਜਦੋਂਕਿ ਡਾ. ਹਰਿਭਜਨ ਸਿੰਘ ਆਜ਼ਾਦੀ ਦੇ ਸੁਪਨੇ ਦੇ ਟੁੱਟਣ ਦੀ ਹਕੀਕਤ ਦਾ ਬਦਲ ਪੇਸ਼ ਕਰ ਰਿਹਾ ਸੀ। ਜਗਤਾਰ ਨੇ ਇਸ ਦੇ ਸਮਾਨਾਂਤਰ ਸਥਾਪਤੀ ਦਾ ਵਿਰੋਧ ਕਰਨ ਵਾਲੀ ਭਾਸ਼ਾ ਚੁਣੀ। ਆਧੁਨਿਕਤਾਵਾਦ ਦੀ ਹਨੇਰੀ ਵਿੱਚ ਸਮੂਹ ਤੋਂ ਨਿਰਾਸ਼ ਕਾਵਿ ਪਾਤਰ ਜਗਤਾਰ ਦੀ ਗ਼ਜ਼ਲ ਵਿੱਚ ਵੀ ਹੈ, ਪਰ ਉਹ ਨਿਰਾਸ਼ ਅੰਦਰ ਵੱਲ ਮੁੜਿਆ, ਰੁਦਨਮਈ ਜਾਂ ਵਿਅਕਤੀਵਾਦੀ ਨਹੀਂ ਸਗੋਂ ਵਿਯੋਗਿਆ ਹੋਇਆ ਹੈ। ਉਹ ਆਖਦਾ ਹੈ: ਕਿਸ ਤਰ੍ਹਾਂ ਮੇਰੇ ਰਾਹਾਂ ਅੱਜਕੱਲ੍ਹ ਉਤਰਦੀ ਸ਼ਾਮ ਲਿਖ। ਕੀ ਅਜੇ ਕੱਚੇ ਘਰਾਂ ਵਿੱਚ ਹੈ ਮੁਹੱਬਤ ਆਮ ਲਿਖ। ਕੀ ਅਜੇ ਵੀ ਅੱਲੜ੍ਹਾਂ ਪਟਵਾਰੀਆਂ ਨੂੰ ਕਹਿੰਦੀਆਂ, ਜਿੰਦ ਸਾਡੀ ਕਾਗਜ਼ਾਂ ਵਿਚ ਯਾਰ ਦੇ ਤੂੰ ਨਾਮ ਲਿਖ। ਮੇਲਿਆਂ ਵਿਚ ਜਾ ਕੇ ਬਾਹਵਾਂ ’ਤੇ ਬੜੀ ਹੀ ਰੀਝ ਨਾਲ, ਯਾਰ ਲਿਖਵਾਉਂਦੇ ਨੇ ਯਾਰਾਂ ਦਾ ਅਜੇ ਵੀ ਨਾਮ ਲਿਖ। ਕੀ ਸੁਨੇਹੇ ਦਿੰਦੀਆਂ ਗਲੀਆਂ ’ਚ ਹਾਲੇ ਝਾਂਜਰਾਂ, ਪਨਘਟਾਂ ’ਤੇ ਰੌਣਕ ਹੁੰਦੀਆਂ ਸਵੇਰੇ ਸ਼ਾਮ ਲਿਖ। ਇਹ ਵਿਯੋਗਿਆ ਮੈਂ ਜਗਤਾਰ ਗ਼ਜ਼ਲਕਾਰੀ ਦਾ ਕੇਂਦਰੀ ਮੁੱਦਾ ਹੈ। ‘ਸ਼ੀਸ਼ੇ ਦਾ ਜੰਗਲ’ ਵਿੱਚ ਇਹ ਮੈਂ ਇੱਕ ਕਸ਼ਮਕਸ਼ ਦੇ ਰੂਬਰੂ ਹੈ। ਅੱਗੇ ਜਾ ਕੇ ਬਾਹਰੀ ਸੰਕਟਾਂ ਸਾਹਮਣੇ ਇਹ ਕਾਵਿ ਪਾਤਰ ਗੁੰਝਲਦਾਰ ਬਣਦਾ ਹੈ। ਘਰ, ਪਿੰਡ, ਪਿਆਰ ਤੇ ਸੰਕਟ ਉਸ ਦੀ ਗ਼ਜ਼ਲ ਰਚਨਾ ਦੇ ਮੂਲ ਸਰੋਕਾਰ ਹਨ। ਉਸ ਦੀ ਸਮੁੱਚੀ ਗ਼ਜ਼ਲਕਾਰੀ ਵਿੱਚ ਘਰ ਤੇ ਸਫ਼ਰ ਦੋ ਆਹਮਣੇ ਸਾਹਮਣੇ ਖੜ੍ਹੇ ਧੁਰੇ ਹਨ। ਘਰ ਦੀ ਰੂਹ ਮਾਰੂ ਖਸਲਤ ਸਫ਼ਰ ਲਈ ਮਜਬੂਰ ਕਰਦੀ ਹੈ। ਸਫ਼ਰ ’ਤੇ ਘਰ ਦਾ ਖਿਆਲ ਨਾਲ ਰਹਿੰਦਾ ਹੈ। ਘਰ ਸ਼ਖ਼ਸੀ ਆਜ਼ਾਦੀ ਵਿੱਚ ਰੁਕਾਵਟ ਉਪਜਾਉਂਦਾ ਹੈ। ਇਹ ਕਸ਼ਮਕਸ਼ ਉਸ ਆਰਥਿਕ ਸਥਿਤੀ ਵੱਲੋਂ ਘੜੇ ਮਨੁੱਖ ਦੀ ਹੈ ਜੋ ਰਵਾਇਤੀ ਮੁੱਲਾਂ ਤੇ ਨਵੀਂ ਚੇਤਨਾ ਵਿਚਕਾਰ ਸਮਤੋਲ ਬਿਠਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ: ਜ਼ਿੰਦਗੀ ਨੂੰ ਮੁੜ ਕੇ ਤੇਰੇ ਬਾਝ ਨਾ ਮਿਲਿਐ ਲਿਆਸ। ਹੋ ਕੇ ਆਤਸ਼ਦਾਨ ਸਾਹਮਣੇ ਬੈਠ ਕੇ ਪਤਨੀ ਦੇ ਪਾਸ। ਜਿਸ ’ਚ ਤੇਰੇ ਸੀ, ਫੋਟੋ ਸੀ, ਪਤਾ ਸੀ, ਉਹ ਕਿਤਾਬ, ਡਰਦਿਆਂ ਪਤਨੀ ਤੋਂ ਖਬਰੇ ਕਿਸ ਜਗ੍ਹਾ ਧਰ ਹੋ ਗਈ। ਅੰਦਰੂਨੀ ਸੰਕਟਾਂ ਸਾਹਮਣੇ ਕਸ਼ਮਕਸ਼ ਦੀ ਸ਼ਿਕਾਰ ਜਗਤਾਰ ਦੀ ਗ਼ਜ਼ਲ ਚੇਤਨਾ ਸਮਾਜਿਕ ਸੰਕਟਾਂ ਸਾਹਮਣੇ ਵਧੇਰੇ ਇਕਾਗਰ ਤੇ ਦ੍ਰਿੜ੍ਹ ਹੈ। ਬਾਹਰੀ ਸੰਕਟ ਦੇ ਸਨਮੁਖ ਜਗਤਾਰ ਦਾ ਕਾਵਿ ਪਾਤਰ ਵਧੇਰੇ ਸਾਬਤ ਕਦਮ ਲੱਗਦਾ ਹੈ। ਪੱਛਮੀ ਪੰਜਾਬ ’ਚ ਜਾ ਕੇ ਉਹ ਰਾਂਗਲੇ ਲਾਹੌਰ ਨੂੰ ਸੱਭਿਆਚਾਰਕ ਵਿਰਸੇ ਤੋਂ ਅੱਡ ਕਰਨ ’ਤੇ ਹੰਝੂ ਵਹਾਉਂਦਾ ਹੈ, ਦਰਗਾਹਾਂ ਦੇ ਕਤਲਗਾਹਾਂ ਨਾਲ ਰਲ ਜਾਣ ਦੀ ਸੰਪਰਦਾਇਕ ਰੁਚੀ ਦੀ ਨਿਖੇਧੀ ਕਰਦਾ ਹੈ। ‘ਜੁਗਨੂੰ ਦੀਵਾ ਤੇ ਦਰਿਆ’ ਦੀ ਸ਼ਾਇਰੀ ਪੰਜਾਬ ਸੰਕਟ ਦੇ ਮਾਰੂ ਪਲਾਂ ਵਿੱਚ ਤਣੀ ਹੋਈ ਮਾਨਸਿਕਤਾ ਦੀ ਗ਼ਜ਼ਲਗੋਈ ਹੈ। ਇਹ ਸ਼ਾਇਰੀ ਇਤਿਹਾਸ, ਮਿਥਿਹਾਸ ਦੇ ਉਨ੍ਹਾਂ ਅੰਸ਼ਾਂ ਨੂੰ ਸਭ ਤੋਂ ਵੱਧ ਮੁਖਾਤਿਬ ਹੈ ਜਿਹੜੇ ਜੀਵਨ ਦੇ ਉਸਾਰੂ ਪਲਾਂ ਨਾਲ  ਜੁੜੇ ਹਨ। ਜਗਤਾਰ ਗ਼ਜ਼ਲ ਕਾਵਿ ਦਾ ਇੱਕ ਪੱਖ ਕੁਦਰਤ ਤੇ ਮਨੁੱਖ ਦੇ ਸੰਤੁਲਨ ਨਾਲ ਜੁੜਿਆ ਹੋਇਆ ਹੈ। ਕੁਦਰਤ ਬਹੁਤ ਸਾਰੇ ਮੈਟਾਫਰਾਂ ਦੇ ਰੂਪ ਵਿੱਚ ਉਸ ਦੀ ਸ਼ਾਇਰੀ ਵਿੱਚ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਬਹੁਤੀ ਪੰਜਾਬੀ ਗ਼ਜ਼ਲ ਵਾਂਗ ਜੰਗਲ ਉਸ ਲਈ     ਸਥਾਪਤੀ ਵੱਲੋਂ ਸਥਾਪਤ ਨਿਜ਼ਾਮ ਦੇ ਸਮਵਿੱਥ ਡਰਾਉਣਾ ਜਾਂ ਪਛੜਿਆ ਨਹੀਂ। ਨਾ ਹੀ ਸੱਭਿਆਚਾਰ ਦੇ ਬਦਲ ਵਾਂਗ ਕੁਦਰਤੀ ਵਰਤਾਰੇ ਉਸ ਦੀਆਂ ਗ਼ਜ਼ਲਾਂ ਵਿੱਚ ਹਾਜ਼ਰ ਹਨ ਸਗੋਂ ਉਹ ਮਨੁੱਖ ਦੀ ਹੋਂਦ ਤੇ ਕੁਦਰਤ ਵਿਚਕਾਰ ਸਮਤੋਲ ਪੇਸ਼ ਕਰਦਾ ਹੈ। ਕੁਦਰਤ ਦੇ ਸੰਸਕ੍ਰਿਤੀਕਰਨ ਦੀ ਪ੍ਰਕਿਰਿਆ ਦੌਰਾਨ ਸਥਾਪਤੀ ਦੀ ਭੂਮਿਕਾ ਉਸ ਦੇ ਤਨਜ਼ ਦੀ ਧਾਰ ਹੇਠ ਰਹਿੰਦੀ ਹੈ। ਉਸ ਦੀ ਗ਼ਜ਼ਲ ਵਿਚਲਾ ਪਾਤਰ ਆਪਣੀ ਅਪੂਰਕਤਾ ਤੇ ਖਲਾਅ ਦੀ ਪੂਰਤੀ ਲਈ ਕੁਦਰਤ ਦੇ ਸਨਮੁਖ ਹੈ। ਇਸ ਵਿੱਚੋਂ ਕੁਦਰਤ ਦਾ ਜਸ਼ਨ ਗ਼ੈਰਹਾਜ਼ਰ ਹੈ ਤੇ ਸ਼ੋਸ਼ਣ ਦਾ ਵਿਸ਼ਲੇਸ਼ਣ ਕੇਂਦਰ ਵਿੱਚ ਆ ਜਾਂਦਾ ਹੈ: ਗੁੰਮ ਹੋ ਗਈ ਬੰਸਰੀ ਹਰ ਸ਼ਾਖ ਸ਼ਾਖ ’ਚੋਂ ਸਾਰੇ ਦਰੱਖਤ ਕੁਰਸੀਆਂ ਜਾਂ ਕਾਰ ਬਣ ਗਏ। ਪਰ ਤਾਂ ਲੈ ਆਇਐ ਸਜਾਵਟ ਦੇ ਲਈ ਤਾਂ ਸੀ ਕਮਾਲ, ਦਰਦ ਵੀ ਪੰਛੀ ਦਾ ਲੈ ਆਉਂਦਾ ਪਰਾਂ ਦੇ ਨਾਲ-ਨਾਲ। ਜਗਤਾਰ ਦੀ ਗ਼ਜ਼ਲ ਵਿੱਚ ਪੇਸ਼ ਮਨੁੱਖ ਪ੍ਰਬੰਧ ਤੋਂ ਮਿਲੀ ਅਪੂਰਨਤਾ ਭੋਗ ਰਿਹਾ ਹੈ। ਇਸ ਅਪੂਰਨਤਾ ਵਿੱਚੋਂ ਹੀ ਉਹ ਸਥਿਤੀਆਂ ਨਾਲ ਸੰਵਾਦ ਰਚਾਉਂਦਾ, ਉਨ੍ਹਾਂ ’ਤੇ ਵਿਅੰਗ ਕਰਦਾ ਤੇ ਉਨ੍ਹਾਂ ਨੂੰ ਰਚਦਾ ਹੈ। ਪਿਆਰ ਦਾ ਸਰੋਕਾਰ ਉਸ ਦੀ ਗ਼ਜ਼ਲਕਾਰੀ ਦਾ ਮੁੱਖ ਥੀਮ ਹੈ। ਇਸੇ ਲਈ ਪ੍ਰਕਿਰਤੀ ਉਸ ਦੀ ਗ਼ਜ਼ਲ ਵਿੱਚ ਪਿਆਰ ਨਾਲ ਇਕਸੁਰ ਹੋ ਕੇ ਪੇਸ਼ ਹੋਈ ਹੈ। ਗ਼ਜ਼ਲ ਦੇ ਰਵਾਇਤੀ ਪ੍ਰੇਮ ਭਾਵਾਂ ਵਿੱਚ ਸਵੈ ਦੇ ਪ੍ਰਵਚਨ ਦੀ ਰੁਦਨਮਈ ਸਥਿਤੀ ਦੇ ਮੁਕਾਬਲੇ ਜਗਤਾਰ ਕੋਲ ਇਸ ਅਪੂਰਨਤਾ ਦੇ ਅਹਿਸਾਸ ਪ੍ਰਤੀ ਇੱਕ ਖਿਝ ਹੈ। ਸਮਾਜਿਕ ਰਿਸ਼ਤਿਆਂ ਦੀ ਪਾਲਣਾ ਸਿਥਲ ਸਥਿਤੀਆਂ ਨੂੰ ਸਵੀਕਾਰ ਕਰਨਾ ਹੈ ਜਿਨ੍ਹਾਂ ਨੂੰ ਉਸ ਦੀ ਗ਼ਜ਼ਲ ਚੇਤਨਾ ਸਫ਼ਰ ਦੇ ਬਦਲ ਵਿੱਚ ਵਟਾਉਣਾ ਚਾਹੁੰਦੀ ਹੈ। ਉਸ ਦੇ ਆਖ਼ਰੀ ਸੰਗ੍ਰਹਿ ‘ਮੋਮ ਦੇ ਲੋਕ’ ਤਕ ਜਾਂਦਿਆਂ ਇਹ ਪ੍ਰੇਮ ਭਾਵ ਦੇਹ ਦੀ ਪਰਿਕਰਮਾ ਕਰਨ ਲੱਗਦੇ ਹਨ। ਪ੍ਰੇਮ ਦੀ ਭਾਸ਼ਾ ਬਣਨ ਦੀ ਭਾਸ਼ਾ ਵਿੱਚ ਵਟਣ ਲੱਗਦੀ ਹੈ। ਇੱਥੇ ਪੂਰਨਤਾ ਦੀ ਇੱਛਾ ਦੈਹਿਕ ਭੋਗ ਵਿੱਚ ਵਟ ਕੇ ਪ੍ਰੇਮ ਦੀ ਨਵੀਂ ਵਿਆਕਰਣ ਰਚਣ ਵੱਲ ਰੁਚਿਤ ਨਜ਼ਰ ਆਉਂਦੀ ਹੈ। ਸਮੁੱਚੇ ਤੌਰ ’ਤੇ ਜਗਤਾਰ ਦੀ ਗ਼ਜ਼ਲ ਵਿੱਚ ਪ੍ਰੇਮ ਦਾ ਸੰਕਲਪ ਪ੍ਰਬੰਧ ਨਾਲ ਟਕਰਾ ਦੇ ਇੱਕ ਜੁਜ਼ ਵਜੋਂ ਸਾਹਮਣੇ ਆਉਂਦਾ ਹੈ: ਕਦੇ ਜੁਗਨੂੰ, ਕਦੇ ਤਾਰਾ, ਕਦੇ ਮੈਂ ਅੱਥਰੂ ਬਣ ਕੇ, ਤਿਰੇ ਵਿਹੜੇ ਕਦੇ ਝਿੰਮਣੀ ਤੇਰੀ ’ਤੇ ਝਿਲਮਿਲਾਵਾਂਗਾ ਸੋਚਦਾ ਹਾਂ ਮਹਿਕ ਦੀ ਲਿੱਪੀ ’ਚ ਤੇਰਾ ਨਾਂ ਲਿਖਾਂ। ਪਰ ਕਿਤੇ ਮਹਿਫੂਜ਼ ਕੋਈ ਥਾਂ ਮਿਲੇ ਤਾਂ ਲਿਖਾਂ। ਇਹ ਕੌਣ ਆਇਆ, ਬਹਾਰ ਆਈ, ਬਰੂਹਾਂ ਦੇ ਵੀ ਸਾਹ ਪਰਤੇ, ਹੈ ਦਿਲ ਖੁਸ਼ਬੂ, ਲਹੂ ਖੁਸ਼ਬੂ, ਜਿਗਰ ਖੁਸ਼ਬੂ, ਨਜ਼ਰ ਖੁਸ਼ਬੂ। ਜੇਕਰ ਇਸ ਵਿਧਾ ਦੇ ਰੂਪਕ ਪ੍ਰਸੰਗ ਵਿੱਚ ਉਸਦੇ ਹਿੱਸੇ ਨੂੰ ਨਹੀਂ ਪਛਾਣਿਆ ਜਾਂਦਾ ਤਾਂ ਜਗਤਾਰ ਦੀ ਗ਼ਜ਼ਲ ਬਾਰੇ ਚਰਚਾ ਅਧੂਰੀ ਰਹੇਗੀ। ਗ਼ਜ਼ਲ ਲਹਿਰ ਨੇ  ਫ਼ਾਰਸੀ ਬਹਿਰਾਂ ਵਿੱਚੋਂ ਬਹੁਤੀਆਂ ਨੂੰ ਇਸ ਕਰਕੇ ਅਜ਼ਮਾਇਆ ਤਾਂ ਜੋ ਪੰਜਾਬੀ ਭਾਸ਼ਾ ਨਾਲੋਂ ਉਹ ਮਿਹਣਾ ਲਾਹਿਆ ਜਾ ਸਕੇ ਜੋ ਉਸ ਨੂੰ ਅਰੂਜ਼ ਲਈ ਸਾਰਥਿਕ ਨਹੀਂ ਮੰਨਦਾ ਸੀ। ਜਗਤਾਰ ਦਾ ਵਿਧਾਨ ਗ਼ਜ਼ਲ ਨੂੰ ਸਿਰਜਣ ਦਾ ਅਸਲ ਖਾਸਾ ਸਾਹਮਣੇ ਲਿਆਉਂਦਾ ਹੈ। ਉਸ ਦੀ ਸ਼ਾਇਰੀ ਅਗਲੇਰੀ ਗ਼ਜ਼ਲ ਲਈ ਰਾਹ ਪੱਧਰਾ ਕਰਦੀ ਹੈ।

ਸੰਪਰਕ: 94654-64502 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All