ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ

ਡਾ. ਅਰੁਣ ਮਿੱਤਰਾ

ਪਿਛਲੇ ਸਾਲਾਂ ਵਿੱਚ ਡਾਕਟਰਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ’ਚੋਂ ਕੁਝ ਬਹੁਤ ਗੰਭੀਰ ਰੂਪ ਵਾਲੀਆਂ ਹਨ, ਜਿਨ੍ਹਾਂ ਵਿੱਚ ਡਾਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਬਹੁਤੀ ਵਾਰ ਨੌਜਵਾਨ ਡਾਕਟਰ, ਜੋ ਕਿ ਨਿਯਮਿਤ ਡਿਊਟੀ ’ਤੇ ਰਹਿੰਦੇ ਹਨ ਅਤੇ ਬਿਨਾਂ ਖਾਣੇ ਜਾਂ ਆਰਾਮ ਦੇ ਹਸਪਤਾਲਾਂ ਵਿੱਚ ਦਿਨ ਰਾਤ ਅਣਥਕ ਮਿਹਨਤ ਕਰਦੇ ਹਨ, ਭੀੜਾਂ ਦਾ ਨਿਸ਼ਾਨਾ ਬਣੇ ਹਨ। ਇੰਝ ਦੀਆਂ ਘਟਨਾਵਾਂ ਨਾ ਕੇਵਲ ਉੱਭਰ ਰਹੇ ਡਾਕਟਰਾਂ ਦੇ ਵਿਸ਼ਵਾਸ ਨੂੰ ਹਿਲਾਉਂਦੀਆਂ ਹਨ ਬਲਕਿ ਮਰੀਜ਼ਾਂ ਪ੍ਰਤੀ ਉਨ੍ਹਾਂ ਦੇ ਰਵੱਈਏ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਡਰ ਦੇ ਮਾਹੌਲ ਵਿੱਚ ਕੋਈ ਵੀ ਡਾਕਟਰ ਕੰਮ ਨਹੀਂ ਕਰ ਸਕਦਾ। ਇਹ ਸੱਚ ਹੈ ਕਿ ਇਕ ਡਾਕਟਰ ਦਾ ਕੰਮ ਇਲਾਜ ਕਰਨਾ ਹੈ ਪਰ ਪੂਰੀ ਮਿਹਨਤ ਤੋਂ ਬਾਅਦ ਵੀ ਨਤੀਜੇ ਦੀ ਗਰੰਟੀ ਨਹੀਂ ਹੋ ਸਕਦੀ। ਰੋਗੀ ਦਾ ਠੀਕ ਹੋਣਾ ਬਿਮਾਰੀ ਦੀ ਪ੍ਰਕਿਰਤੀ ਅਤੇ ਕਈ ਹੋਰ ਕਾਰਕਾਂ ’ਤੇ ਨਿਰਭਰ ਕਰਦਾ ਹੈ। ਦੁਰਘਟਨਾਵਾਂ ਸਭ ਤੋਂ ਵਧੀਆ ਹੱਥਾਂ ਅਤੇ ਵਧੀਆ ਹਾਲਤਾਂ ਵਿੱਚ ਵੀ ਹੁੰਦੀਆਂ ਹਨ। ਲਾਪਰਵਾਹੀ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ, ਪਰ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਕਈ ਵਾਰ ਗਲਤੀਆਂ ਅਣਜਾਣੇ ਵਿੱਚ ਹੁੰਦੀਆਂ ਹਨ। ਹਾਲਾਂਕਿ ਇਸਦਾ ਇਹ ਮਤਲਬ ਨਹੀਂ ਹੈ ਕਿ ਡਾਕਟਰ ਜਵਾਬਦੇਹ ਨਹੀਂ ਹਨ। ਡਾਕਟਰਾਂ ਦੀ ਜਵਾਬਦੇਹੀ ਲਈ ਅਨੇਕਾਂ ਕਾਨੂੰਨ ਮੌਜੂਦ ਹਨ। ਭਾਵੁਕ ਹੋਈਆਂ ਭੀੜਾਂ ਵਲੋਂ ਹਿੰਸਾ ਨੂੰ ਕਿਸੇ ਵੀ ਸਥਿਤੀ ਵਿੱਚ ਮੁਆਫ਼ ਨਹੀਂ ਕੀਤਾ ਜਾ ਸਕਦਾ ਅਤੇ ਭਾਵਨਾਵਾਂ ਨੂੰ ਹਿੰਸਕ ਵਿਵਹਾਰ ਵਿੱਚ ਬਦਲਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਡਾਕਟਰ ਦੇ ਹੁਨਰ ਤੋਂ ਇਲਾਵਾ, ਰੋਗੀ ਦਾ ਉਸ ਵਿੱਚ ਵਿਸ਼ਵਾਸ ਸਭ ਤੋਂ ਜ਼ਰੂਰੀ ਹੈ। ਅਸਲ ਵਿੱਚ ਪਿਛਲੇ ਸਮੇਂ ਵਿੱਚ ਇਹ ਆਪਸੀ ਵਿਸ਼ਵਾਸ ਕਮਜ਼ੋਰ ਹੋਇਆ ਹੈ, ਜਿਸਦਾ ਡਾਕਟਰਾਂ ਅਤੇ ਮਰੀਜ਼ਾਂ ਦੇ ਆਪਸੀ ਸਬੰਧਾਂ ’ਤੇ ਮਾੜਾ ਅਸਰ ਪਾਇਆ ਹੈ। ਇਨ੍ਹਾਂ ਸਬੰਧਾਂ ਦਾ ਮਜ਼ਬੂਤ ਹੋਣਾ ਸਿਹਤਮੰਦ ਸਮਾਜ ਦੀ ਉਸਾਰੀ ਲਈ ਬਹੁਤ ਮਹੱਤਵਪੂਰਨ ਹੈ। ਸਮਾਜ ਵਿੱਚ ਸਮੁੱਚੇ ਤੌਰ ’ਤੇ ਕੀਮਤਾਂ ਕਦਰਾਂ ਵਿੱਚ ਆਈ ਗਿਰਾਵਟ ਨੇ ਡਾਕਟਰੀ ਪੇਸ਼ੇ ਨੂੰ ਵੀ ਪ੍ਰਭਾਵਤ ਕੀਤਾ ਹੈ। ਬਦਲੇ ਹੋਏ ਸਮਾਜਿਕ-ਆਰਥਿਕ ਸੰਬੰਧਾਂ ਵਿੱਚ, ਕੁਝ ਡਾਕਟਰੀ ਪੇਸ਼ੇਵਰ ਵੀ ਸਾਧਾਰਨ ਕਾਰੋਬਾਰੀਆਂ ਦੁਆਰਾ ਅਪਣਾਏ ਜਾਣ ਵਾਲੇ ਤਰੀਕਿਆਂ ਦੇ ਅਨੁਕੂਲ ਬਣ ਗਏ ਹਨ। ਕੁਝ ਡਾਕਟਰਾਂ ਦੁਆਰਾ ਲੈਬਾਰਟਰੀ ਟੈਸਟਾਂ ਆਦਿ ਦੇ ਲਈ ਕਟੌਤੀ ਅਤੇ ਕਮਿਸ਼ਨ ਲੈਂਦੇ ਹਨ। ਇਸਨੇ ਡਾਕਟਰਾਂ ਦੀ ਸਾਖ ਨੂੰ ਨੀਵਾਂ ਕੀਤਾ ਹੈ, ਹਾਲਾਂਕਿ ਹਾਲੇ ਵੀ ਸਾਡੇ ਸਮਾਜ ਵਿੱਚ ਇੱਕ ਡਾਕਟਰ ਨੂੰ ਰੱਬ ਤੋਂ ਬਾਅਦ ਦਾ ਦਰਜਾ ਦਿੱਤਾ ਜਾਂਦਾ ਹੈ। ਬਦਲੇ ਹੋਏ ਸਮਾਜੀ ਤੇ ਆਰਥਿਕ ਸਬੰਧਾਂ ਵਿੱਚ ਡਾਕਟਰਾਂ ਅਤੇ ਮਰੀਜ਼ਾਂ ਦੇ ਵਿਚਕਾਰ ਰਿਸ਼ਤਿਆਂ ਵਿੱਚ ਵੀ ਪਰਿਵਰਤਨ ਹੋ ਗਿਆ ਹੈ। ਸਿਹਤ ਸੰਭਾਲ ਵਿੱਚ ਕਾਰਪੋਰੇਟ ਖੇਤਰ ਦੇ ਪ੍ਰਵੇਸ਼ ਨੇ ਸਿਹਤ ਸੇਵਾਵਾਂ ਨੂੰ ਸੇਵਾ ਦੀ ਬਜਾਏ ਕਾਰੋਬਾਰ ਵਿੱਚ ਬਦਲ ਦਿੱਤਾ ਹੈ, ਜਿੱਥੇ ਕਿ ਮੁਨਾਫ਼ਾ ਹੀ ਇਕਮਾਤਰ ਉਦੇਸ਼ ਹੁੰਦਾ ਹੈ। ਇਹ ਸਿਹਤ ਸੰਭਾਲ ਦੇ ਸਿਧਾਂਤਾਂ ਦੇ ਵਿਰੁੱਧ ਹੈ। ਡਾਕਟਰੀ ਕੇਵਲ ਇੱਕ ਪੇਸ਼ਾ ਨਹੀਂ, ਬਲਕਿ ਇੱਕ ਜਨੂੰਨ ਹੈ। ਹਮਦਰਦੀ ਅਤੇ ਪਿਆਰ ਦੇ ਕੁਝ ਲਫ਼ਜ਼ ਰੋਗੀ ਨੂੰ ਉਸਦੇ ਦੁੱਖ ਭੁਲਾ ਦਿੰਦੇ ਹਨ ਤੇ ਕਸ਼ਟ ਘੱਟ ਕਰਨ ਵਿੱਚ ਸਹਾਈ ਹੁੰਦੇ ਹਨ। ਕਾਰਪੋਰੇਟ ਸਭਿਆਚਾਰ ਵਿੱਚ ਰਹਿਮ ਦਾ ਕੋਈ ਅਰਥ ਨਹੀਂ ਹੁੰਦਾ; ਇਹ ਸਿਰਫ ਲਾਭ ਹਿੱਤ ਹਨ। ਮੈਡੀਕਲ ਸਿੱਖਿਆ ਪ੍ਰਣਾਲੀ ਵੀ ਇਸ ਤੋਂ ਬਚੀ ਨਹੀਂ। ਮਹਿੰਗੀ ਸਿੱਖਿਆ ਪ੍ਰਾਪਤ ਕਰ ਕੇ ਬਣੇ ਡਾਕਟਰਾਂ ਦੇ ਵੀ ਮਰੀਜ਼ਾਂ ਪ੍ਰਤੀ ਵਿਹਾਰ ਵਿੱਚ ਫ਼ਰਕ ਹੋ ਸਕਦਾ ਹੈ। ਇਸ ਕਰ ਕੇ ਵਿਸ਼ਵ ਪੱਧਰ ’ਤੇ ਮਰੀਜ਼ਾਂ ਅਤੇ ਡਾਕਟਰਾਂ ਦੋਵਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਪ੍ਰਭਾਸ਼ਿਤ ਕਰਨ ਦੀ ਜ਼ਰੂਰਤ ਵਧੀ ਹੈ। ਭਾਰਤ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਰੀਜ਼ਾਂ ਦੇ ਅਧਿਕਾਰਾਂ ਦਾ ਇੱਕ 17 ਪੁਆਇੰਟ ਚਾਰਟਰ ਤਿਆਰ ਕੀਤਾ ਹੈ। ਇਨ੍ਹਾਂ ਵਿੱਚ ਸ਼ਾਮਲ ਮੱਦਾਂ ਹਨ - ਜਾਣਕਾਰੀ ਦਾ ਅਧਿਕਾਰ, ਰਿਕਾਰਡਾਂ ਅਤੇ ਰਿਪੋਰਟਾਂ ਦਾ ਅਧਿਕਾਰ, ਐਮਰਜੈਂਸੀ ਡਾਕਟਰੀ ਦੇਖਭਾਲ ਦਾ ਅਧਿਕਾਰ, ਸੂਚਿਤ ਸਹਿਮਤੀ ਦਾ ਅਧਿਕਾਰ, ਗੁਪਤਤਾ ਦਾ ਅਧਿਕਾਰ, ਮਨੁੱਖੀ ਸਨਮਾਨ ਅਤੇ ਨਿੱਜਤਾ, ਦੂਜੀ ਰਾਏ ਦਾ ਅਧਿਕਾਰ, ਦਰਾਂ ਵਿੱਚ ਪਾਰਦਰਸ਼ਿਤਾ ਦਾ ਅਧਿਕਾਰ ਅਤੇ ਦਰਾਂ ਅਨੁਸਾਰ ਦੇਖਭਾਲ, ਗੈਰ-ਵਿਤਕਰੇ ਦਾ ਅਧਿਕਾਰ, ਮਾਪਦੰਡਾਂ ਅਨੁਸਾਰ ਸੁਰੱਖਿਆ ਅਤੇ ਗੁਣਾਂ ਦੀ ਦੇਖਭਾਲ ਦਾ ਅਧਿਕਾਰ, ਜੇ ਉਪਲੱਬਧ ਹੋਣ ਤਾਂ ਇਲਾਜ ਦੇ ਵਿਕਲਪਾਂ ਦੀ ਚੋਣ ਕਰਨ ਦਾ ਅਧਿਕਾਰ, ਦਵਾਈਆਂ ਪ੍ਰਾਪਤ ਕਰਨ ਲਈ ਸਰੋਤ ਦੀ ਚੋਣ ਕਰਨ ਦਾ ਅਧਿਕਾਰ, ਸਹੀ ਰੈਫ਼ਰਲ ਅਤੇ ਟ੍ਰਾਂਸਫ਼ਰ ਦਾ ਅਧਿਕਾਰ ਜੋ ਵਿਗਾੜ ਵਾਲੇ ਵਪਾਰਕ ਪ੍ਰਭਾਵ ਤੋਂ ਮੁਕਤ ਹੋਵੇ ਦਾ ਅਧਿਕਾਰ, ਕਲੀਨਿਕਲ ਅਜਮਾਇਸ਼ਾਂ ਵਿੱਚ ਸ਼ਾਮਲ ਮਰੀਜ਼ਾਂ ਲਈ ਸੁਰੱਖਿਆ, ਬਾਇਓ ਮੈਡੀਕਲ ਅਤੇ ਸਿਹਤ ਖੋਜ ਵਿੱਚ ਸ਼ਾਮਲ ਭਾਗੀਦਾਰਾਂ ਦੀ ਸੁਰੱਖਿਆ ਦਾ ਅਧਿਕਾਰ, ਮਰੀਜ਼ ਦਾ ਚਾਰਜ ਲੈਣ ਜਾਂ ਹਸਪਤਾਲ ਤੋਂ ਮ੍ਰਿਤਕ ਦੀ ਦੇਹ ਪ੍ਰਾਪਤ ਕਰਨ ਦਾ ਅਧਿਕਾਰ, ਮਰੀਜ਼ਾਂ ਦੀ ਸਿੱਖਿਆ ਦਾ ਅਧਿਕਾਰ। ਸੁਪਰੀਮ ਕੋਰਟ ਦੇ ਅਨੁਸਾਰ, ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੋਨਾਂ ਹਸਪਤਾਲਾਂ ਵਿੱਚ ਮੁੱਢਲੀ ਐਮਰਜੈਂਸੀ ਮੈਡੀਕਲ ਦੇਖਭਾਲ ਮੁਹੱਈਆ ਕਰਾਉਣ ਦੀ ਜ਼ਿੰਮੇਵਾਰੀ ਹੈ, ਅਤੇ ਜ਼ਖ਼ਮੀ ਵਿਅਕਤੀਆਂ ਨੂੰ ਐਮਰਜੈਂਸੀ ਡਾਕਟਰੀ ਦੇਖਭਾਲ ਪ੍ਰਾਪਤ ਕਰਨ ਦਾ ਅਧਿਕਾਰ ਹੈ। ਐਮਰਜੈਂਸੀ ਕੇਸ ਦੀ ਦੇਖਭਾਲ ਪੈਸੇ ਦੇ ਕਾਰਨ ਰੋਕੀ ਨਹੀਂ ਜਾ ਸਕਦੀ। ਹਸਪਤਾਲ ਪ੍ਰਬੰਧਕਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਡਾਕਟਰਾਂ ਅਤੇ ਸਟਾਫ ਦੁਆਰਾ ਅਜਿਹੀ ਐਮਰਜੈਂਸੀ ਦੇਖਭਾਲ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਅਤੇ ਮੈਡੀਕਲ ਸਹਾਇਤਾ ਮਰੀਜ਼ਾਂ ਦੀ ਗੁਣਵੱਤਾ ਅਤੇ ਸੁਰੱਖਿਆ ’ਤੇ ਸਮਝੌਤਾ ਕੀਤੇ ਬਿਨਾਂ ਤੁਰੰਤ ਦਿੱਤੀ ਕੀਤੀ ਜਾਵੇ। ਚਾਰਟਰ ਨੇ ਮਰੀਜ਼ਾਂ ਦੀਆਂ ਡਿਊਟੀਆਂ ਵੀ ਨਿਸ਼ਚਤ ਕੀਤੀਆਂ ਹਨ, ਜਿਸ ਵਿੱਚ ਇਹ ਸ਼ਾਮਲ ਹੈ ਕਿ ਮਰੀਜ਼ ਨੂੰ ਡਾਕਟਰਾਂ ਅਤੇ ਹਸਪਤਾਲ ਦੇ ਹੋਰ ਸਟਾਫ ਦਾ ਮਾਨਵਤਾ ਅਤੇ ਪੇਸ਼ੇਵਰਾਂ ਵਜੋਂ ਸਤਿਕਾਰ ਕਰਨਾ ਚਾਹੀਦਾ ਹੈ। ਜੋ ਵੀ ਸ਼ਿਕਾਇਤ ਹੋਵੇ ਮਰੀਜ਼ ਜਾਂ ਰਿਸ਼ਤੇਦਾਰਾਂ ਨੂੰ ਕਿਸੇ ਵੀ ਰੂਪ ਵਿੱਚ ਹਿੰਸਾ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਅਤੇ ਹਸਪਤਾਲ ਜਾਂ ਮੈਡੀਕਲ ਸੇਵਾ ਕੇਂਦਰ ਦੀ ਕਿਸੇ ਵੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਮਰੀਜ਼ ਨੂੰ ਲਾਜ਼ਮੀ ਤੌਰ ’ਤੇ ਬਿਨਾਂ ਕਿਸੇ ਲੁੱਕ ਲੁੱਕਾਅ ਲੋੜੀਂਦੀ ਜਾਣਕਾਰੀ ਡਾਕਟਰਾਂ ਨੂੰ ਦੇਣੀ ਚਾਹੀਦੀ ਹੈ। ਮਰੀਜ਼ ਨੂੰ ਜਾਂਚ ਦੇ ਦੌਰਾਨ ਡਾਕਟਰ ਨਾਲ ਸਹਿਯੋਗ ਕਰਨਾ ਚਾਹੀਦਾ ਹੈ, ਮਰੀਜ਼ ਨੂੰ ਮੁਲਾਕਾਤ ਦੇ ਸਮੇਂ ਸੰਬੰਧੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਹਸਪਤਾਲ ਸਟਾਫ਼ ਅਤੇ ਸਾਥੀ ਮਰੀਜ਼ਾਂ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਮਨੁੱਖੀ ਅਧਿਕਾਰਾਂ ਬਾਬਤ 1948 ਦੀ ਸਰਵ ਵਿਆਪਕ ਘੋਸ਼ਣਾ ਨੇ ਸਾਰੇ ਮਨੁੱਖਾਂ ਦੇ ਬੁਨਿਆਦੀ ਮਾਣ ਅਤੇ ਬਰਾਬਰੀ ’ਤੇ ਜ਼ੋਰ ਦਿੱਤਾ ਹੈ। ਇਸ ਧਾਰਨਾ ਦੇ ਅਧਾਰ ’ਤੇ, ਮਰੀਜ਼ਾਂ ਦੇ ਅਧਿਕਾਰਾਂ ਦੀ ਧਾਰਨਾ ਪਿਛਲੇ ਕੁਝ ਦਹਾਕਿਆਂ ਵਿੱਚ ਪੂਰੀ ਦੁਨੀਆ ਵਿੱਚ ਵਿਕਸਤ ਕੀਤੀ ਗਈ ਹੈ। ਭਾਰਤ ਵਿੱਚ ਮਰੀਜ਼ਾਂ ਦੇ ਅਧਿਕਾਰਾਂ ਨਾਲ ਸੰਬੰਧਿਤ ਵੱਖ ਵੱਖ ਕਾਨੂੰਨੀ ਵਿਵਸਥਾਵਾਂ ਹਨ, ਜਿਵੇਂ ਕਿ ਭਾਰਤ ਦੇ ਸੰਵਿਧਾਨ ਦਾ ਆਰਟੀਕਲ 21, ਇੰਡੀਅਨ ਮੈਡੀਕਲ ਕੌਂਸਲ ਦਾ ਪੇਸ਼ੇਵਰ ਆਚਰਨ ਅਤੇ ਨੈਤਿਕਤਾ – 2002, ਡਰਗਜ਼ ਅਤੇ ਕਾਸਮੈਟਿਕਸ ਐਕਟ। ਅੰਤਰਰਾਸ਼ਟਰੀ ਚਾਰਟਰ ਤੋਂ ਪ੍ਰੇਰਿਤ ਹੋ ਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨ੍ਹਾਂ ਸਾਰੀਆਂ ਵਿਵਸਥਾਵਾਂ ਨੂੰ ਇੱਕ ਥਾਂ ’ਤੇ ਜੋੜ ਕੇ ਉਲੀਕਿਆ ਹੈ। ਇਹ ਮਹੱਤਵਪੂਰਨ ਹੈ ਕਿ ਇਹ ਡਾਕਟਰ ਅਤੇ ਮਰੀਜ਼ ਇਕ ਦੂਜੇ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝਣ।

ਸੰਪਰਕ: 9417000360

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਲਿਆ ਫੈ...

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਬਿੱਲ ਵਾਪਸ ਸੰਸਦ ਵਿਚ ਭੇਜਣ ਦੀ ਗੁਜ਼ਾਰਿਸ਼ ਕੀਤੀ

ਸ਼ਹਿਰ

View All