ਠੱਕਰਸੰਧੂ ’ਚ ਹੋਇਆ ਜਮਹੂਰੀ ਕਿਸਾਨ ਸਭਾ ਦਾ ਜਥੇਬੰਦਕ ਇਜਲਾਸ

ਜਥੇਬੰਦਕ ਇਜਲਾਸ ਦੌਰਾਨ ਜਮਹੂਰੀ ਕਿਸਾਨ ਸਭਾ ਦੇ ਆਗੂ ਅਤੇ ਚੁਣੀ ਕਮੇਟੀ।

ਸੁੱਚਾ ਸਿੰਘ ਪਸਨਾਵਾਲ ਧਾਰੀਵਾਲ, 14 ਫਰਵਰੀ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦਾ ਪੰਜਵਾਂ ਜਥੇਬੰਦਕ ਇਜਲਾਸ ਅੱਜ ਇਥੋਂ ਅੱਠ ਕਿਲੋਮੀਟਰ ਦੂਰੀ ’ਤੇ ਪੈਂਦੇ ਪਿੰਡ ਠੱਕਰਸੰਧੂ ਵਿੱਚ ਹੋਇਆ। ਇਜਲਾਸ ਦੀ ਪ੍ਰਧਾਨਗੀ ਸਾਥੀ ਅਜੀਤ ਸਿੰਘ ਠੱਕਰਸੰਧੂ, ਸੁਖਦੇਵ ਸਿੰਘ ਬਾਗੜੀਆਂ, ਖੁਸਵੰਤ ਸਿੰਘ ਮਾੜੀ ਬੁੱਚੀਆਂ, ਅਵਤਾਰ ਸਿੰਘ ਠੱਠਾ ਅਤੇ ਗੁਰਦੇਵ ਸਿੰਘ ਗਿੱਲ ਮੰਝ ਨੇ ਸਾਂਝੇ ਤੌਰ ’ਤੇ ਕੀਤੀ। ਇਜਲਾਸ ਵਿੱਚ ਜ਼ਿਲ੍ਹੇ ਭਰ ’ਚੋਂ ਚੁਣੇ ਹੋਏ ਡੈਲੀਗੇਟ ਸ਼ਾਮਲ ਹੋਏ। ਇਜਲਾਸ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸੀਨੀਅਰ ਕਿਸਾਨ ਆਗੂ ਅਜੀਤ ਸਿੰਘ ਸਿੱਧਵਾਂ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਜਲਾਸ ਦੌਰਾਨ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਸਖ਼ਤ ਅਲੋਚਨਾ ਕਰਦਿਆਂ ਕਿਸਾਨਾਂ ਨੂੰ ਇਨ੍ਹਾਂ ਨੀਤੀਆਂ ਵਿਰੁੱਧ ਜ਼ੋਰਦਾਰ ਸੰਘਰਸ਼ ਕਰਨ ਲਈ ਆਪਣੇ ਕਮਰਕੱਸੇ ਕਰ ਲੈਣ ’ਤੇ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕੇਂਦਰ ਸਰਕਾਰ ਨੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਰੁਪਏ ਮੁਆਫ਼ ਕਰ ਦਿੱਤੇ ਹਨ ਪਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਹੈ। ਜਥੇਬੰਦੀ ਦੇ ਸੂਬਾ ਜੁਆਇੰਟ ਸਕੱਤਰ ਰਘਬੀਰ ਸਿੰਘ ਪਕੀਵਾਂ ਨੇ ਜਥੇਬੰਦੀ ਦੇ ਜਥੇਬੰਧਕ ਢਾਂਚੇ ਨੂੰ ਮਜਬੂਤ ਕਰਨ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਧਕ ਮਜ਼ਬੂਤੀ ਦੇ ਅਨੁਪਾਤ ਨਾਲ ਹੀ ਜ਼ੋਰਦਾਰ ਸੰਘਰਸ਼ ਲੜੇ ਜਾ ਸਕਦੇ ਹਨ। ਇਸ ਲਈ ਹਰ ਪਿੰਡ ਵਿੱਚ ਮੈਂਬਰਸ਼ਿਪ ਅਧਾਰਿਤ ਇਕਾਈ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਸਾਨ ਆਗੂਆਂ ਨੂੰ ਹਰ ਫ਼ਸਲ ਤੇ ਕਿਸਾਨਾਂ ਦੇ ਘਰ-ਘਰ ਜਾ ਕੇ ਕਿਸਾਨ ਸੰਘਰਸ਼ਾਂ ਲਈ ਫੰਡ ਇਕੱਠਾ ਕਰਨ ਦੀ ਅਪੀਲ ਕੀਤੀ। ਜ਼ਿਲ੍ਹਾ ਸਕੱਤਰ ਬਲਵਿੰਦਰ ਰਵਾਲ ਨੇ ਜਥੇਬੰਦੀ ਦੇ ਪਿੱਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਡੇਲੀਗੇਟਾਂ ਵਲੋਂ ਰਿਪੋਰਟ ’ਤੇ ਭਰਪੂਰ ਬਹਿਸ ਕਰਨ ਮਗਰੋਂ ਪਾਸ ਕੀਤੀ ਗਈ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ, ਉੱਘੇ ਲੇਖਕ ਤੇ ਮੁਲਾਜ਼ਮ ਆਗੂ ਮੱਖਣ ਕੁਹਾੜ ਨੇ ਇਜਲਾਸ ਵਿੱਚ ਭਰਾਤਰੀ ਸੰਦੇਸ਼ ਦਿੱਤਾ। ਇਜਲਾਸ ਦੇ ਅਖੀਰ ਵਿੱਚ ਪਹਿਲੀ ਜ਼ਿਲ੍ਹਾ ਕਮੇਟੀ ਭੰਗ ਕਰਕੇ ਮੁੜ ਸਰਬਸੰਮਤੀ ਨਾਲ ਚੁਣੀ ਗਈ 29 ਮੈਂਬਰੀ ਦੀ ਜ਼ਿਲ੍ਹਾ ਕਮੇਟੀ ਵਿੱਚ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਰਵਾਲ, ਜ਼ਿਲ੍ਹਾ ਸਕੱਤਰ ਜਗੀਰ ਸਿੰਘ ਸਲਾਚ, ਸੀਨੀਅਰ ਮੀਤ ਪ੍ਰਧਾਨ ਅਜੀਤ ਸਿੰਘ ਠੱਕਰਸੰਧੂ, ਜੁਆਇੰਟ ਸਕੱਤਰ ਸੁਰਜੀਤ ਘੁਮਾਣ, ਵਿੱਤ ਸਕੱਤਰ ਕਪੂਰ ਸਿੰਘ ਘੁੰਮਣ, ਸੁਖਦੇਵ ਸਿੰਘ ਬਾਗੜੀਆਂ, ਗੁਰਦੇਵ ਸਿੰਘ ਗਿੱਲਮੰਝ, ਚੈਂਚਲ ਸਿੰਘ ਖੁੱਡੀ ਚੀਮਾ (ਸਾਰੇ ਮੀਤ ਪ੍ਰਧਾਨ), ਪ੍ਰੈੱਸ ਸਕੱਤਰ ਰਮਨੀਕ ਸਿੰਘ ਹੁੰਦਲ, ਦਫ਼ਤਰ ਸਕੱਤਰ ਗੁਰਨਾਮ ਸਿੰਘ ਮਾਨ, ਖੁਸਵੰਤ ਸਿੰਘ ਮਾੜੀ ਬੁੱਚੀਆਂ, ਅਵਤਾਰ ਸਿੰਘ ਠੱਠਾ ਆਦਿ ਸਣੇ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਚੁਣੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All