ਟਿੱਬਿਆਂ ਵਿੱਚ ਉੱਗੇ ਬੋਹਡ਼

ਟਿੱਬਿਆਂ ਵਿੱਚ ਉੱਗੇ ਬੋਹਡ਼

ਅਮਨਦੀਪ ਸਿੰਘ ਸੰਧੂ

ਫ਼ਰੀਦਕੋਟ ਤੋਂ ਛਿਪਦੇ ਵਾਲੇ ਪਾਸੇ ਸਤਾਰਾਂ ਕੁ ਕਿਲੋਮੀਟਰ ਦੂਰ ਹੈ ਮੇਰਾ ਨਿੱਕਾ ਜਿਹਾ ਪਿੰਡ ਡੋਹਕ। ਮਾਲਵੇ ਦੇ ਟਿੱਬਿਆਂ ’ਚੋਂ ਫੁੱਟਿਆ ਮੁਕਤਸਰ ਜ਼ਿਲ੍ਹੇ ਦਾ ਆਖ਼ਰੀ ਪਿੰਡ। ਬਰਾਨੀ ਇਲਾਕੇ ਵਿੱਚ ਪੋਹਲੀ, ਥੋਹਰ ਤੇ ਕੌਡ਼ਤੁੰਮੇ ਹੀ ਉੱਗਦੇ ਹਨ ਪਰ ਮੇਰੇ ਪਿੰਡ ਦੇ ਕੱਕੇ ਰੇਤੇ ਵਿੱਚੋਂ ਕਈ ਹੀਰੇ ਨਿਕਲੇ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਟਿੱਬਿਆਂ ਵਿੱਚ ਤਿੱਖਡ਼ ਦੁਪਹਿਰੇ ਬੋਹਡ਼ ਦੀ ਛਾਂ ਵਾਂਗ ਹਨ। ਪਿਛਲੇ ਦਿਨੀਂ ਮੈਨੂੰ ਦਫ਼ਤਰ ਬੈਠੇ ਨੂੰ ਅਣਪਛਾਤੇ ਨੰਬਰ ਤੋਂ ਫੋਨ ਆਇਆ। ਕੰਮ ਦਾ ਜ਼ੋਰ ਸੀ, ਇਸ ਲੲੀ ਪਹਿਲਾਂ ਦਿਲ ਕੀਤਾ ਫੋਨ ਕੱਟ ਦੇਵਾਂ। ਬਾਅਦ ਵਿੱਚ ਫੋਨ ਚੁੱਕਣ ’ਤੇ ਭਾਰੀ ਆਵਾਜ਼ ਆਈ, ‘‘ਅਮਨਦੀਪ ਡੋਹਕ ਬੋਲ ਰਿਹੈ।’’ ਮੈਂ ਹਾਂ ਵਿੱਚ ਜਵਾਬ ਦਿੱਤਾ। ਉਨ੍ਹਾਂ ਦੱਸਿਆ, ‘‘ਮੈਂ ਮਾਸਟਰ ਗੁਰਜਿੰਦਰ ਬੋਲਦਾ। ਤੇਰੇ ਬਾਬੇ ਨੰਬਰਦਾਰ ਤੋਂ ਨੰਬਰ ਲਿਆ ਸੀ। ਤੈਨੂੰ ਮਿਲਣੈ।’’ ਉਨ੍ਹਾਂ ਨੂੰ ਮੈਂ ਦਫ਼ਤਰ ਆਉਣ ਲਈ ਕਿਹਾ। ਮੈਂ ਮਾਸਟਰ ਜੀ ਕੋਲ ਕੋਈ ਚਾਰ ਕੁ ਮਹੀਨੇ ਪਿੰਡ ਵਾਲੇ ਸਕੂਲ ਵਿੱਚ ਪਡ਼੍ਹਿਆ ਸੀ। ਇਸ ਲੲੀ ਮੈਂ ਪਛਾਣ ਗਿਆ ਸੀ, ਪਰ ਮੈਨੂੰ ਕਿਉਂ ਮਿਲਣਾ ਹੋਇਆ? ਇਹ ਸਵਾਲ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ। ਦਫ਼ਤਰ ਆਉਣ ’ਤੇ ਉਨ੍ਹਾਂ ਇਕ ਸੱਦਾ ਪੱਤਰ ਮੈਨੂੰ ਫਡ਼ਾਉਂਦਿਆਂ ਕਿਹਾ, ‘‘ਆਇਓ ਜ਼ਰੂਰ, ਅਸੀਂ ਪਿੰਡ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਸਨਮਾਨ ਲਈ 20 ਮਾਰਚ ਨੂੰ ਸਮਾਗਮ ਰੱਖਿਆ।’’ ਮੈਂ ਉਨ੍ਹਾਂ ਨੂੰ ਚਾਹ ਪਾਣੀ ਲਈ ਦਫ਼ਤਰ ਦੀ ਕੰਟੀਨ ਵੱਲ ਲੈ ਤੁਰਿਆ। ਮੈਂ ਸੋਚ ਰਿਹਾ ਸੀ ਕਿ ਮੇਰੇ ਪਿੰਡ ਦੀਆਂ ਕਿਹਡ਼ੀਆਂ ਉੱਘੀਆਂ ਸ਼ਖ਼ਸੀਅਤਾਂ ਹੋਈਆਂ? ਇਸ ਦੌਰਾਨ ਅਚਾਨਕ ਮੈਨੂੰ ਇਕ ਬੇਸੁਆਦੀ ਘਟਨਾ ਯਾਦ ਆ ਗਈ। ਇਕ ਵਾਰ ਕਾਲਜ ਦੀਆਂ ਛੁੱਟੀਆਂ ਦੌਰਾਨ ਮੈਂ ਪਿੰਡ ਗਿਆ ਸੀ। ਮੇਰੇ ਦਾਦਾ ਜੀ ਕਹਿੰਦੇ ਜਗਮੀਤ ਬਰਾਡ਼ ਆ ਰਿਹਾ, ਤੂੰ ਵੀ ਸੁਣ ਆ। ਪਿੰਡ ਦੀ ਦਾਣਾ ਮੰਡੀ ਵਿੱਚ ਪੁੱਜੇ ਤਾਂ ਪਿੰਡ ਦਾ ਇਕ ‘ਮੋਹਤਬਰ’ ਆਪਣੀ ਭਾਸ਼ਣ ਕਲਾ ਦੇ ਰੰਗ ਦਿਖਾ ਰਿਹਾ ਸੀ, ‘‘ਬਰਾਡ਼ ਸਾਹਬ ਸਾਡੇ ਪਿੰਡ ਦੀ ਮੰਗ ਮੁੰਗ ਕੋਈ ਨਹੀਂ ਪਰ ਆਹ ਬੰਬਈ ’ਚ ਜੋ ਬੰਬ ਧਮਾਕੇ ਹੋਏ ਹਨ, ਅਸੀਂ ਉਸ ਦੀ ਨਿੰਦਾ ਕਰਦੇ ਹਾਂ।’’ ਮੈਂ ਕਹਿਣਾ ਚਾਹੁੰਦਾ ਸੀ, ‘‘ਓਏ ਭਲਿਆਮਾਣਸਾ ਤੈਂ ਭਲਾ ਮੁੰਬਈ ਤੋਂ ਟਿੰਡੇ ਲੈਣੇ ਆਂ। ਅੱਧੇ ਤੋਂ ਵੱਧ ਪਿੰਡ ਵਿੱਚ ਨਾਲੀਆਂ ਨਹੀਂ। ਸਕੂਲ ਵਿੱਚ ਮਾਸਟਰ ਨਹੀਂ। ਪੀਣ ਨੂੰ ਸਾਫ਼ ਪਾਣੀ ਨਹੀਂ। ਗ਼ਰੀਬ ਘਰਾਂ ਦੀਆਂ ਅੌਰਤਾਂ ਪਾਣੀ ਢੋਹਣ ਲਈ ਸਾਰੀ ਦਿਹਾਡ਼ੀ ਸਿਰਾਂ ’ਤੇ ਤੌਡ਼ੇ ਚੁੱਕੀ ਫਿਰਦੀਆਂ। ਤੇਰੀ ਕੋਈ ਮੰਗ ਹੀ ਹੈਨੀ।’’ ਡਾਕਟਰਾਂ ਤੇ ਅਫ਼ਸਰਾਂ ਦੇ ਪਿੰਡ ਵਿੱਚ ਅੱਜ ਵੀ ਕੋਈ ਡਿਸਪੈਂਸਰੀ ਤੇ ਡਾਕਖਾਨਾ ਨਹੀਂ ਹੈ। ਇਸ ਦੌਰਾਨ ਅਸੀਂ ਕੰਟੀਨ ਵਿੱਚ ਪੁੱਜ ਗਏ। ਮਾਸਟਰ ਜੀ ਦੇ ਹੱਥ ਵਿੱਚ ਫਡ਼ੀ ਉੱਘੀਆਂ ਸ਼ਖ਼ਸੀਅਤਾਂ ਦੇ ਨਾਵਾਂ ਵਾਲੀ ਸੂਚੀ ਦੇਖਣ ’ਤੇ ਪਤਾ ਲੱਗਾ ਕਿ ਮੇਰੇ ਪਿੰਡ ਦੀ ਰੇਤਲੀ ਧਰਤੀ ਨੇ ਕਿਹਡ਼ੇ ਹੀਰੇ ਪੈਦਾ ਕੀਤੇ ਹਨ। ਸੂਚੀ ਵਿੱਚ ਪੰਦਰਾਂ ਡਾਕਟਰਾਂ ਅਤੇ ਪੰਜ ਜੱਜਾਂ ਦੇ ਨਾਂ ਸਨ। ਡਾ. ਹਰਦਾਸ ਸਿੰਘ ਸੰਧੂ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿੱਚੋਂ ਹੱਡੀਆਂ ਵਾਲੇ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਹਨ ਅਤੇ ਉਹ ਅੌਰਥੋਪੈਡਿਕਸ ਵਰਲਡ ਐਸੋਸੀਏਸ਼ਨ ਦੇ ਮੈਂਬਰ ਵੀ ਹਨ। ਡਾ. ਹਰਿੰਦਰ ਪਾਲ ਸਿੰਘ ਸੰਧੂ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਸਰਜਰੀ ਵਿਭਾਗ ਦੇ ਮੁਖੀ ਹਨ। ਇਹ ਦੋਵੇਂ ਡਾਕਟਰ ਤਾਂ ਪਿੰਡ ਦੇ ਸਕੂਲ ਵਿੱਚੋਂ ਹੀ ਪਡ਼੍ਹੇ ਹਨ। ਡਾ. ਸੁਖਜੀਤ ਇੰਦਰ ਸਿੰਘ ਸੰਧੂ ਪੰਜਾਬ ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਜਸਟਿਸ ਪੀਐਸ ਤੇਜੀ ਦਿੱਲੀ ਹਾਈ ਕੋਰਟ ਵਿੱਚ ਹਨ। ਜਸਟਿਸ ਬਲਬਹਾਦਰ ਸਿੰਘ ਤੇਜੀ ਵਧੀਕ ਸੈਸ਼ਨ ਜੱਜ ਅਤੇ ਰਾਜਪਾਲ ਸਿੰਘ ਤੇਜੀ ਦਿੱਲੀ ਤੀਸ ਹਜ਼ਾਰੀ ਕੋਰਟ ਵਿੱਚ ਵਧੀਕ ਸੈਸ਼ਨ ਜੱਜ ਹਨ। ਅਥਲੀਟ ਹਰਗੋਬਿੰਦ ਸਿੰਘ ਸੰਧੂ ਅਰਜੁਨ ਤੇ ਦਰੋਣਾਚਾਰੀਆ ਐਵਾਰਡੀ ਹਨ। ਮੁਖਤਿਆਰ ਸਿੰਘ ਉਰਫ਼ ਭੁੱਚਰ ਓਪਨ ਕਬੱਡੀ ਦਾ ਮੰਨਿਆ ਹੋਇਆ ਖਿਡਾਰੀ ਰਿਹਾ ਹੈ। ਅਵਤਾਰ ਸਿੰਘ ਸੰਧੂ ਇੰਟੈਲੀਜੈਂਸ ਬਿਊਰੋ ਦੇ ਸਹਾਇਕ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ ਹਨ। ਇਸ ਸੂਚੀ ਵਿੱਚ ਉੱਚੇ ਮੁਕਾਮ ਹਾਸਲ ਕਰਨ ਵਾਲੀਆਂ ਮੇਰੇ ਪਿੰਡ ਦੀਆਂ ਧੀਆਂ ਪਵਿੱਤਰ ਪਾਲ ਕੌਰ (ਸੇਵਾਮੁਕਤ ਡਿਪਟੀ ਡਾਇਰੈਕਟਰ, ਪੰਜਾਬ ਸਕੂਲ ਸਿੱਖਿਆ ਬੋਰਡ), ਡਾ. ਪਰਵਿੰਦਰ ਕੌਰ (ਐਮਡੀ), ਡਾ. ਨਵਜੋਤ ਕੌਰ (ਐਮਬੀਬੀਐਸ), ਡਾ. ਯਸ਼ਮੀਤ ਕੌਰ (ਐਮਡੀਐਸ) ਤੇ ਡਾ. ਵਨੀਤ ਕੌਰ (ਐਮਡੀ) ਦੇ ਨਾਂ ਵੀ ਸ਼ਾਮਲ ਸਨ। ਮਰਹੂਮ ਗੁਰਦੇਵ ਸਿੰਘ ਪੰਜਾਬ ਸਮਾਜ ਭਲਾਈ ਵਿਭਾਗ ਦੇ ਐਡੀਸ਼ਨਲ ਸਕੱਤਰ ਵਜੋਂ ਸੇਵਾਮੁਕਤ ਹੋਏ ਸਨ। ਮੇਰਾ ਪਿੰਡ ਨਾਲ ਵਾਹ ਘੱਟ ਹੀ ਰਿਹਾ ਹੈ, ਜਿਸ ਕਰਕੇ ਮੈਨੂੰ ਪਤਾ ਨਹੀਂ ਸੀ। ਮੇਰਾ ਬਚਪਨ ਮੋਗਾ ਵਿੱਚ ਬੀਤਿਆ। ਅੱਲ੍ਹਡ਼ ਉਮਰ ਤੋਂ ਜਵਾਨੀ ਵਿੱਚ ਪੈਰ ਫ਼ਰੀਦਕੋਟ ਵਿੱਚ ਧਰਿਆ। ਫ਼ਰੀਦਕੋਟ ਰਹਿੰਦਿਆਂ ਘੁਲਣ ਤੇ ਵੇਟਲਿਫਟਿੰਗ ਦਾ ਭੂਤ ਸਵਾਰ ਹੋਣ ਕਾਰਨ ਪਿੰਡ ਘੱਟ ਹੀ ਜਾਈਦਾ ਸੀ। ਇਕ ਵਾਰ ਚੌਡ਼ ਚੌਡ਼ ਵਿੱਚ ਖੱਬੀ ਬਾਂਹ ਨੂੰ ਵੱਜੇ ਮਰੋਡ਼ੇ ਨੇ ਜ਼ਿੰਦਗੀ ਦੇ ਰਾਹ ਹੀ ਮੋਡ਼ ਦਿੱਤੇ। ਮੈਂ ਪਡ਼੍ਹਦਾ ਲਿਖਦਾ ਪੱਤਰਕਾਰੀ ਵਿੱਚ ਆ ਵਡ਼ਿਆ। ਮੈਂ ਭਾਵੇਂ ਛੇ ਫੁੱਟ ਦੇ ਕਰੀਬ ਤੇ ਤਕਡ਼ੇ ਜੁੱਸੇ ਵਾਲਾ ਹਾਂ ਪਰ ਆਪਣੇ ਪਿੰਡ ਦੇ ਬਾਬਿਆਂ ਦੀਆਂ ਪ੍ਰਾਪਤੀਆਂ ਅੱਗੇ ਮੈਂ ਆਪਣੇ ਆਪ ਨੂੰ ਬੌਣਾ ਮਹਿਸੂਸ ਕੀਤਾ। ਮੈਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਮੈਂ ਵੀ ਉਸੇ ਪਿੰਡ ਦਾ ਹਾਂ, ਜਿੱਥੋਂ ਉਹ ਤੁਰ ਕੇ ਜ਼ਿੰਦਗੀ ਦੇ ਨਾਇਕਾਂ ਵਾਲੇ ਮੁਕਾਮ ’ਤੇ ਪੁੱਜੇ ਹਨ। ਮੈਂ ਨਿੱਕਾ ਤਾਂ ਮਹਿਸੂਸ ਕਰਦਾ ਹਾਂ, ਕਿਉਂਕਿ ਉਹ ਉਦੋਂ ਉਸ ਮੁਕਾਮ ’ਤੇ ਪੁੱਜੇ ਜਦੋਂ ਸਾਧਨ ਨਾਂ-ਮਾਤਰ ਸਨ। ਅੱਜ ਅਨੇਕਾਂ ਸਾਧਨ ਹੋਣ ਦੇ ਬਾਵਜੂਦ ਵੀ ਅਸੀ ਆਪਣੇ ਬਾਬਿਆਂ ਵੱਲੋਂ ਗੱਡੇ ਮੀਲ ਪੱਥਰਾਂ ਦੇ ਨੇਡ਼ੇ ਤੇਡ਼ੇ ਵੀ ਨਹੀਂ ਢੁੱਕ ਸਕੇ। ਮੇਰੇ ਪਿੰਡ ਦੀ ਜ਼ਮੀਨ ਭਾਵੇਂ ਹੁਣ ਬਰਾਨੀ ਨਹੀਂ ਰਹੀ ਪਰ ਹੁਣ ਲਾਲ ਵਿਰਲੇ ਹੀ ਪੈਦਾ ਹੋ ਰਹੇ ਹਨ।.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All