ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’

ਇਹ ਸਾਲ ਬੌਲੀਵੁੱਡ ਦੀ ਟਿਕਟ ਖਿੜਕੀ ’ਤੇ ਜ਼ਬਰਦਸਤ ਟੱਕਰ ਵਾਲਾ ਹੈ। ਸਾਲ ਦੀ ਸ਼ੁਰੂਆਤ ਕਈ ਧਮਾਕੇਦਾਰ ਫ਼ਿਲਮਾਂ ਨਾਲ ਹੋ ਚੁੱਕੀ ਹੈ। ਇਸ ਸਾਲ ਕਈ ਵੱਡੇ ਸਟਾਰ ਟਿਕਟ ਖਿੜਕੀ ’ਤੇ 20-20 ਖੇਡਣਗੇ। ਅਕਸ਼ੈ ਕੁਮਾਰ, ਸਲਮਾਨ ਖ਼ਾਨ, ਵਿੱਕੀ ਕੌਸ਼ਲ, ਆਯੂਸ਼ਮਾਨ ਖੁਰਾਣਾ, ਆਮਿਰ ਖ਼ਾਨ, ਅਮਿਤਾਬ ਬੱਚਨ ਸਮੇਤ ਕਈ ਸੁਪਰਸਟਾਰ’ਜ਼ ਦੀਆਂ ਫ਼ਿਲਮਾਂ ਸਾਲ ਦੀ ਪਹਿਲੀ ਛਿਮਾਹੀ ਵਿਚ ਭਿੜਨਗੀਆਂ।

ਅਸੀਮ ਚਕਰਵਰਤੀ

ਸਾਲ 2020 ਦੀ ਸ਼ੁਰੂਆਤ ਕਈ ਧਮਾਕੇਦਾਰ ਫ਼ਿਲਮਾਂ ਨਾਲ ਹੋ ਚੁੱਕੀ ਹੈ। ‘ਸ਼ਿਮਲਾ ਮਿਰਚੀ’, ‘ਤਾਨਾਜੀ’, ‘ਛਪਾਕ’ ਫ਼ਿਲਮਾਂ ਤਾਂ ਇਸ ਮਹੀਨੇ ਦੀ ਸ਼ੁਰੂਆਤ ਵਿਚ ਰਿਲੀਜ਼ ਹੋ ਚੁੱਕੀਆਂ ਹਨ। ਇਸ ਮਹੀਨੇ ਦੇ ਅੰਤ ਵਿਚ ਅਤੇ ਫਰਵਰੀ ਵਿਚ ‘ਸਟਰੀਟ ਡਾਂਸਰ’, ‘ਪੰਗਾ’, ‘ਛਲਾਂਗ’, ‘ਜਵਾਨੀ ਜਾਨੇਮਨ’ ਸਮੇਤ ਕੁਝ ਹੋਰ ਫ਼ਿਲਮਾਂ ਟਿਕਟ ਖਿੜਕੀ ’ਤੇ ਆਉਣਗੀਆਂ। ਇਸ ਮਹੀਨੇ ਪ੍ਰਦਰਸ਼ਿਤ ਫ਼ਿਲਮਾਂ ‘ਛਪਾਕ’, ‘ਤਾਨਾਜੀ-ਦਿ ਅਨਸੰਗ ਵਾਰੀਅਰ’ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਹਨ ਜਿਨ੍ਹਾਂ ਵਿਚਕਾਰ ਦਿਲਚਸਪ ਟੱਕਰ ਦੇਖਣ ਨੂੰ ਮਿਲ ਰਹੀ ਹੈ। ਜਿਵੇਂ ‘ਛਪਾਕ’ ‘ਤਾਨਾਜੀ-ਦਿ ਅਨਸੰਗ ਵਾਰੀਅਰ’ 10 ਜਨਵਰੀ ਨੂੰ ਰਿਲੀਜ਼ ਹੋਈਆਂ ਹਨ, ਉੱਥੇ ‘ਪੰਗਾ’ ਅਤੇ ‘ਸਟਰੀਟ ਡਾਂਸਰ’ ਵੀ 24 ਜਨਵਰੀ ਨੂੰ ਇਕ ਦਿਨ ਹੀ ਰਿਲੀਜ਼ ਹੋ ਰਹੀਆਂ ਹਨ। ਇਹ ਚਾਰੋ ਇਸ ਮਹੀਨੇ ਦੀਆਂ ਬੇਹੱਦ ਅਹਿਮ ਫ਼ਿਲਮਾਂ ਹਨ। ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਕਹਿੰਦੇ ਹਨ, ‘40 ਕਰੋੜ ਰੁਪਏ ਦੇ ਬਜਟ ਵਿਚ ਬਣੀ ਦੀਪਿਕਾ ਪਾਦੁਕੋਣ ਦੀ ‘ਛਪਾਕ’ ਦੇ ਸਾਹਮਣੇ ਅਜੇ ਦੇਵਗਨ ਦੀ 150 ਕਰੋੜ ਦੀ ਵਿਸ਼ਾਲ ਫ਼ਿਲਮ ‘ਤਾਨਾਜੀ-ਦਿ ਅਨਸੰਗ ਵਾਰੀਅਰ’ ਹੈ। ਦੋਵੇਂ ਫ਼ਿਲਮਾਂ ਦੀ ਵਾਗਡੋਰ ਇੰਡਸਟਰੀ ਦੇ ਦੋ ਉਮਦਾ ਅਦਾਕਾਰਾਂ ਦੀਪਿਕਾ ਅਤੇ ਅਜੇ ਦੇਵਗਨ ਨੇ ਸੰਭਾਲੀ ਹੋਈ ਹੈ। ਕੁਝ ਇਸ ਤਰ੍ਹਾਂ ਦਾ ਹੀ ਹਾਲ ਕੰਗਨਾ ਰਣੌਤ ਦੀ ‘ਪੰਗਾ’ ਅਤੇ ਸ਼੍ਰਧਾ-ਵਰੁਣ ਦੀ ‘ਸਟਰੀਟ ਡਾਂਸਰ’ ਦਾ ਵੀ ਹੈ। ਇਹ ਵੀ ਅਲੱਗ ਤਰ੍ਹਾਂ ਦੀਆਂ ਫ਼ਿਲਮਾਂ ਹਨ, ਪਰ ਫਿਲਹਾਲ ਅਸ਼ਵਨੀ ਅਈਅਰ ਤਿਵਾੜੀ ਦੀ ‘ਪੰਗਾ’ ਵਿਚ ਇਕ ਕਬੱਡੀ ਖਿਡਾਰਨ ਦੇ ਤੌਰ ’ਤੇ ਕੰਗਨਾ ਦਾ ਤੇਵਰ ਹੁਣ ਤੋਂ ਹੀ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਉਂਜ ਵੀ ‘ਬਰੇਲੀ ਦੀ ਬਰਫ਼ੀ’ ਦੇ ਬਾਅਦ ਤੋਂ ਡਾਇਰੈਕਟਰ ਅਸ਼ਵਨੀ ਅਈਅਰ ਤਿਵਾੜੀ ਨੇ ਬਹੁਤ ਉਮੀਦਾਂ ਜਗਾਈਆਂ ਹਨ। ਦੂਜੇ ਪਾਸੇ ਕੋਰਿਓਗ੍ਰਾਫਰ ਅਤੇ ਡਾਇਰੈਕਟਰ ਰੇਮੋ ਡਿਸੂਜਾ ਲਈ ‘ਸਟਰੀਟ ਡਾਂਸਰ’ ਉਸਦੇ ਮੂਡ ਮੁਤਾਬਿਕ ਫ਼ਿਲਮ ਹੈ। ਇਸਤੋਂ ਪਹਿਲਾਂ ਵੀ ਉਸ ਦੀਆਂ ਡਾਂਸ ਆਧਾਰਿਤ ਫ਼ਿਲਮਾਂ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਇਸ ਮਹੀਨੇ ਦੀ ਇਕ ਹੋਰ ਅਹਿਮ ਫ਼ਿਲਮ ਹੋਵੇਗੀ ‘ਜਵਾਨੀ ਜਾਨੇਮਨ’। ਨਿਰਦੇਸ਼ਕ ਨਿਤਿਨ ਕੱਕੜ ਦੀ ਇਸ ਫ਼ਿਲਮ ਵਿਚ ਤੱਬੂ ਅਤੇ ਸੈਫ ਅਲੀ ਖ਼ਾਨ ਹਨ। ਸਾਲ ਦੇ ਦੂਜੇ ਮਹੀਨੇ ਫਰਵਰੀ ਵਿਚ ‘ਮਲੰਗ’, ਇਮਤਿਆਜ਼ ਅਲੀ ਦੀ ਬੇਨਾਮ ਫ਼ਿਲਮ, ‘ਭੂਤ 1- ਦਿ ਹੰਟੇਡ ਸ਼ਿਪ’, ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਵਰਗੀਆਂ ਫ਼ਿਲਮਾਂ ਰਿਲੀਜ਼ ਹੋਣਗੀਆਂ, ਪਰ ਇਨ੍ਹਾਂ ਵਿਚ ਅਨਿਲ ਕਪੂਰ ਦੀ ਮੁੱਖ ਭੂਮਿਕਾ ਵਾਲੀ ‘ਮਲੰਗ’ ਅਹਿਮ ਹੋਵੇਗੀ। ਆਦਿੱਤਿਆ ਰਾਏ ਕਪੂਰ, ਦਿਸ਼ਾ ਪਟਾਨੀ, ਕੁਣਾਲ ਖੇਮੂ, ਅੰਮ੍ਰਿਤਾ ਖ਼ਾਨ ਵੀ ਇਸ ਵਿਚ ਹਨ। ਇਮਤਿਆਜ਼ ਦੀ ਫ਼ਿਲਮ ਅਤੇ ‘ਮਲੰਗ’ ਇਕ ਹੀ ਦਿਨ 14 ਫਰਵਰੀ ਨੂੰ ਰਿਲੀਜ਼ ਹੋਣਗੀਆਂ। ਮਾਰਚ ਵਿਚ ਵੀ ‘ਬਾਗੀ-3’, ‘ਗੁੰਜਨ ਸਕਸੈਨਾ’, ‘ਅੰਗਰੇਜ਼ੀ ਮੀਡੀਅਮ’ ਅਤੇ ‘ਸੂਰਿਆਵੰਸ਼ੀ’ ਸਮੇਤ ਲਗਪਗ ਅੱਧਾ ਦਰਜਨ ਫ਼ਿਲਮਾਂ ਰਿਲੀਜ਼ ਹੋਣਗੀਆਂ। ਇਸ ਮਹੀਨੇ ਦੇ ਸ਼ੁਰੂ ਵਿਚ ਆਉਣ ਵਾਲੀ ਫ਼ਿਲਮ ‘ਬਾਗੀ-3’ ਦਾ ਵੱਡਾ ਆਕਰਸ਼ਣ ਟਾਈਗਰ ਸ਼ਰੌਫ ਹੋਵੇਗਾ। ਇਸਦਾ ਨਿਰਦੇਸ਼ਕ ਅਤੇ ਕੋਰਿਓਗ੍ਰਾਫਰ ਅਹਿਮਦ ਖ਼ਾਨ ਹੈ। ਇਹ ਮਹੀਨਾ ਨਵੀਂ ਅਭਿਨੇਤਰੀ ਜਾਹਨਵੀ ਲਈ ਵੀ ਅਹਿਮ ਹੈ। ਉਸਦੀ ਬਾਇਓਪਿਕ ‘ਗੁੰਜਨ ਸਕਸੈਨਾ’ ਵੀ ਇਸ ਮਹੀਨੇ ਰਿਲੀਜ਼ ਹੋਵੇਗੀ। ਫਿਰ ‘ਅੰਗਰੇਜ਼ੀ ਮੀਡੀਅਮ’ ਵੀ ਆਵੇਗੀ। ਲੰਬੀ ਬਿਮਾਰੀ ਦਾ ਸਾਹਮਣਾ ਕਰ ਚੁੱਕਿਆ ਅਭਿਨੇਤਾ ਇਰਫਾਨ ਖ਼ਾਨ ਅਰਸੇ ਬਾਅਦ ਪਰਦੇ ’ਤੇ ਨਜ਼ਰ ਆਵੇਗਾ, ਪਰ ਇਸ ਮਹੀਨੇ ਦਾ ਸਭ ਤੋਂ ਵੱਡਾ ਆਕਰਸ਼ਣ ਅਕਸ਼ੈ ਕੁਮਾਰ ਅਤੇ ਉਸਦੀ ਫ਼ਿਲਮ ‘ਸੂਰਿਆਵੰਸ਼ੀ’ ਹੋਵੇਗੀ। ਫ਼ਿਲਮ ਦਾ ਨਿਰਦੇਸ਼ਕ ਰੋਹਿਤ ਸ਼ੈਟੀ ਹੈ। ਕੈਟਰੀਨਾ ਕੈਫ ਇਸ ਵਿਚ ਹਮੇਸ਼ਾਂ ਦੀ ਤਰ੍ਹਾਂ ਸ਼ੋਅਪੀਸ ਦੇ ਤੌਰ ’ਤੇ ਮੌਜੂਦ ਰਹੇਗੀ। ਅਪਰੈਲ ਦੀ ਸ਼ੁਰੂਆਤ ਵਿਚ ਰਣਵੀਰ ਸਿੰਘ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘83’ ਰਿਲੀਜ਼ ਹੋਵੇਗੀ। 1983 ਦੇ ਕ੍ਰਿਕਟ ਵਿਸ਼ਵ ਕੱਪ ’ਤੇ ਆਧਾਰਿਤ ਇਸ ਫ਼ਿਲਮ ਦੇ ਕੇਂਦਰ ਵਿਚ ਸ਼ਾਨਦਾਰ ਕਪਤਾਨ ਕਪਿਲ ਦੇਵ ਨੂੰ ਰੱਖਿਆ ਗਿਆ ਹੈ। ਕਪਿਲ ਦੇਵ ਦੇ ਕਿਰਦਾਰ ਵਿਚ ਹੋਵੇਗਾ ਰਣਵੀਰ ਸਿੰਘ ਤੇ ਉਸਦੀ ਪਤਨੀ ਦੇ ਰੂਪ ਵਿਚ ਹੋਵੇਗੀ ਦੀਪਿਕਾ ਪਾਦੁਕੋਣ। ਨਿਰਦੇਸ਼ਕ ਕਬੀਰ ਖ਼ਾਨ ਤੋਂ ‘ਬਜਰੰਗੀ ਭਾਈਜਾਨ’ ਵਰਗੇ ਬਿਹਤਰੀਨ ਡਾਇਰੈਕਸ਼ਨ ਦੀ ਉਮੀਦ ਦਰਸ਼ਕ ਇਸ ਫ਼ਿਲਮ ਤੋਂ ਵੀ ਕਰ ਰਹੇ ਹਨ। ਇਸ ਮਹੀਨੇ ਦੀਆਂ ਹੋਰ ਫ਼ਿਲਮਾਂ ਵਿਚ ‘ਰੂਹਅਫਜ਼ਾ’, ‘ਗੁਲਾਬੋ ਸਿਤਾਬੋ’, ‘ਚਿਹਰੇ’, ‘ਲੁਟਕੇਸ਼’ ਅਤੇ ‘ਲੁੱਡੋ’ ਆਦਿ ਹਨ। ਜਿੱਥੇ ‘ਰੂਹਅਫਜ਼ਾ’ ਵਿਚ ਜਾਹਨਵੀ ਕਪੂਰ ਅਤੇ ਰਾਜਕੁਮਾਰ ਰਾਓ ਹਨ, ਉੱਥੇ ‘ਗੁਲਾਬੋ ਸਿਤਾਬੋ’ ਵਿਚ ਅਮਿਤਾਬ ਬੱਚਨ ਅਤੇ ਆਯੂਸ਼ਮਾਨ ਖੁਰਾਣਾ ਹਨ। ‘ਗੁਲਾਬੋ ਸਿਤਾਬੋ’ ਨਿਰਦੇਸ਼ਕ ਸੁਜੀਤ ਸਰਕਾਰ ਦੀ ਫ਼ਿਲਮ ਹੋਣ ਕਾਰਨ ਕਾਫ਼ੀ ਅਹਿਮ ਹੈ। ਇਸ ਮਹੀਨੇ ਅਮਿਤਾਬ ਦੀ ਫ਼ਿਲਮ ‘ਚਿਹਰੇ’ ਵੀ ਰਿਲੀਜ਼ ਹੋਵੇਗੀ ਜਿਸ ਵਿਚ ਇਮਰਾਨ ਹਾਸ਼ਮੀ ਵੀ ਹੈ। ਮਈ ਵਿਚ ‘ਕੁਲੀ-1’, ‘ਦਿਲ ਬੇਚਾਰਾ’, ‘ਸ਼ਕੁੰਤਲਾ ਦੇਵੀ’, ‘ਲਕਸ਼ਮੀ ਬੰਬ’, ‘ਰਾਧੇ’ ਆਦਿ ਰਿਲੀਜ਼ ਹੋਣਗੀਆਂ, ਪਰ ਇਹ ਮਹੀਨਾ ਇਕ ਤਰ੍ਹਾਂ ਨਾਲ ‘ਰਾਧੇ’ ਯਾਨੀ ਸਲਮਾਨ ਖ਼ਾਨ ਦੇ ਨਾਂ ਹੋਵੇਗਾ। ਇਸ ਮਹੀਨੇ ਦੇ ਅੰਤ ਵਿਚ ਪ੍ਰਭੂਦੇਵਾ ਨਿਰਦੇਸ਼ਤ ‘ਰਾਧੇ’ ਰਿਲੀਜ਼ ਹੋਵੇਗੀ। ਉਂਜ ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਦੀ ‘ਕੁਲੀ-1’, ਸੁਸ਼ਾਂਤ ਸਿੰਘ ਰਾਜਪੂਤ ਦੀ ‘ਦਿਲ ਬੇਚਾਰਾ’, ਵਿਦਿਆ ਬਾਲਨ ਦੀ ‘ਸ਼ਕੁੰਤਲਾ ਦੇਵੀ’ ਅਤੇ ‘ਲਕਸ਼ਮੀ ਬੰਬ’ ਇਸ ਮਹੀਨੇ ਦਾ ਆਕਰਸ਼ਣ ਹੋਣਗੀਆਂ। ਟਰੇਡ ਪੰਡਿਤ ਅਮੋਦ ਮਹਿਰਾ ਦਾ ਕਹਿਣਾ ਹੈ ਕਿ ਇਨ੍ਹਾਂ ਫ਼ਿਲਮਾਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਰੀਆਂ ਇਕ ਦੂਜੇ ਨੂੰ ਟੱਕਰ ਦਿੰਦੀਆਂ ਦਿਖਾਈ ਦੇ ਰਹੀਆਂ ਹਨ। ਸਲਮਾਨ ਦੀ ‘ਰਾਧੇ’ ਨੂੰ ਅਕਸ਼ੈ ਦੀ ‘ਲਕਸ਼ਮੀ ਬੰਬ’ ਤੋਂ ਚੰਗੀ ਚੁਣੌਤੀ ਮਿਲ ਸਕਦੀ ਹੈ। ਜੂਨ ਵਿਚ ‘ਇੰਦੂ ਕੀ ਜਵਾਨੀ, ‘ਨਿਕੰਮਾ’, ‘ਖਾਲੀ-ਪੀਲੀ’, ‘ਮੁੰਬਈ ਸਾਗਾ’, ‘ਥਲਾਇਵੀ’ ਆਦਿ ਰਿਲੀਜ਼ ਹੋਣਗੀਆਂ, ਪਰ ਇਨ੍ਹਾਂ ਸਭ ਵਿਚਕਾਰ ਜੌਹਨ ਅਬਰਾਹਮ ਦੀ ‘ਮੁੰਬਈ ਸਾਗਾ’ ਅਤੇ ਕੰਗਨਾ ਰਣੌਤ ਦੀ ‘ਥਲਾਇਵੀ’ ਨੂੰ ਲੈ ਕੇ ਜ਼ਿਆਦਾ ਸ਼ੁਦਾਅ ਹੈ। ‘ਮੁੰਬਈ ਸਾਗਾ’ ਅੰਡਰਵਰਲਡ ’ਤੇ ਆਧਾਰਿਤ ਹੈ। ਇਸਦੇ ਨਿਰਦੇਸ਼ਕ ਸੰਜੈ ਗੁਪਤਾ ਮਾਫ਼ੀਆ ਗਤੀਵਿਧੀਆਂ ’ਤੇ ਫ਼ਿਲਮਾਂ ਬਣਾਉਣ ਲਈ ਮਸ਼ਹੂਰ ਹਨ। ਦੂਜੇ ਪਾਸੇ ਜੌਹਨ ਵੀ ਅਜਿਹੀਆਂ ਭੂਮਿਕਾ ਵਿਚ ਖੁੱਲ੍ਹ ਕੇ ਸਾਹਮਣੇ ਆਉਂਦੇ ਹਨ। ਕੰਗਨਾ ਦੀ ਫ਼ਿਲਮ ‘ਥਲਾਇਵਾ’ ਦਾ ਵਿਸ਼ਾ ਬਹੁਤ ਦਮਦਾਰ ਹੈ। ਇਹ ਜੈਲਲਿਤਾ ਦੀ ਬਾਇਓਪਿਕ ਹੈ। ਇਸ ਵਿਚ ਐੱਮਜੀਆਰ ਦੀ ਭੂਮਿਕਾ ‘ਰੋਜ਼ਾ’ ਅਤੇ ‘ਬੌਂਬੇ’ ਵਰਗੀਆਂ ਫ਼ਿਲਮਾਂ ਦੇ ਹਰਮਨਪਿਆਰੇ ਹੀਰੋ ਅਰਵਿੰਦ ਸਵਾਮੀ ਕਰ ਰਹੇ ਹਨ। ਬਾਕੀ ਕੰਗਨਾ ਦੀ ਪ੍ਰਤਿਭਾ ਤੋਂ ਤਾਂ ਸਾਰੇ ਜਾਣੂ ਹੀ ਹਨ।

ਛੋਟੇ ਵੱਡੇ ਚਰਚਿਤ ਸਿਤਾਰੇ

ਇਨ੍ਹਾਂ ਛੇ ਮਹੀਨਿਆਂ ਦੀਆਂ ਫ਼ਿਲਮਾਂ ਦਾ ਅਨੁਮਾਨ ਲਗਾਈਏ ਤਾਂ ਫਿਲਹਾਲ ਇਸ ਵਾਰ ਦੀ ਬਾਜ਼ੀ ਅਕਸ਼ੈ ਕੁਮਾਰ ਨੇ ਮਾਰ ਰੱਖੀ ਹੈ। ‘ਸੂਰਿਆਵੰਸ਼ੀ’ ਅਤੇ ‘ਲਕਸ਼ਮੀ ਬੰਬ’ ਵਰਗੀਆਂ ਫ਼ਿਲਮਾਂ ਉਸ ਲਈ ਟਰੰਪ ਕਾਰਡ ਬਣੀਆਂ ਰਹਿਣਗੀਆਂ। ਨਵੇਂ ਦੌਰ ਦੇ ਨਾਇਕਾਂ ਵਿਚ ਰਣਵੀਰ ਸਿੰਘ ਦਾ ਪੱਲੜਾ ਸਭ ਤੋਂ ਜ਼ਿਆਦਾ ਭਾਰੀ ਰਹੇਗਾ। ਨਾਇਕਾਵਾਂ ਵਿਚ ਕੰਗਨਾ ਫਿਰ ਤੋਂ ਤੇਜ਼ੀ ਨਾਲ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ। ‘ਪੰਗਾ’ ਅਤੇ ‘ਥਲਾਇਵੀ’ ਵਰਗੀਆਂ ਪ੍ਰਮੁੱਖ ਫ਼ਿਲਮਾਂ ਤੋਂ ਉਸਨੂੰ ਬਹੁਤ ਉਮੀਦਾਂ ਹਨ। ਨਵੇਂ ਸਿਤਾਰਿਆਂ ਵਿਚ ਕਾਰਤਿਕ ਆਰੀਅਨ, ਸਾਰਾ ਅਲੀ ਖ਼ਾਨ, ਜਾਹਨਵੀ ਕਪੂਰ ਚਰਚਾ ਵਿਚ ਰਹਿਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All