ਝੋਨੇ ਦੇ ਸਮਰਥਨ ਮੁੱਲ ’ਚ 53 ਰੁਪਏ ਦਾ ਵਾਧਾ

ਕਪਾਹ, ਤੇਲ ਬੀਜਾਂ ਅਤੇ ਦਾਲਾਂ ਦੀਆਂ ਕੀਮਤਾਂ ’ਚ ਵੀ ਕੀਤਾ ਇਜ਼ਾਫਾ

ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਨਰੇਂਦਰ ਤੋਮਰ ਸੋਮਵਾਰ ਨੂੰ ਨਵੀਂ ਦਿੱਲੀ ’ਚ ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ। -ਫੋਟੋ:ਪੀਟੀਆਈ

ਨਵੀਂ ਦਿੱਲੀ, 1 ਜੂਨ ਕੇਂਦਰ ਸਰਕਾਰ ਨੇ ਫ਼ਸਲੀ ਵਰ੍ਹੇ 2020-21 ਲਈ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) 53 ਰੁਪਏ ਵਧਾ ਕੇ 1,868 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਇਸ ਦੇ ਨਾਲ ਤੇਲ ਬੀਜਾਂ, ਦਾਲਾਂ ਅਤੇ ਅਨਾਜ ਦੀਆਂ ਕੀਮਤਾਂ ’ਚ ਵੀ ਵਾਧਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਬੈਠਕ ਦੌਰਾਨ ਇਹ ਫ਼ੈਸਲੇ ਲਏ ਗਏ ਜਿਸ ਨਾਲ ਕਿਸਾਨਾਂ ਨੂੰ ਇਹ ਤੈਅ ਕਰਨ ’ਚ ਸਹਾਇਤਾ ਮਿਲੇਗੀ ਕਿ ਦੱਖਣੀ-ਪੱਛਮੀ ਮੌਨਸੂਨ ਦੇ ਪਹੁੰਚਣ ਨਾਲ ਉਹ ਸਾਉਣੀ ਦੀਆਂ ਕਿਹੜੀਆਂ ਫ਼ਸਲਾਂ ਦੀ ਬਿਜਾਈ ਕਰਨ। ਮੌਸਮ ਵਿਭਾਗ ਨੇ ਜੂਨ-ਸਤੰਬਰ ਦੇ ਸਮੇਂ ਦੌਰਾਨ ਮੌਨਸੂਨ ਆਮ ਵਾਂਗ ਰਹਿਣ ਦਾ ਅਨੁਮਾਨ ਲਗਾਇਆ ਹੈ। ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ,‘‘ਖੇਤੀ ਲਾਗਤ ਅਤੇ ਕੀਮਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਮੰਤਰੀ ਮੰਡਲ ਨੇ 14 ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਝੋਨੇ ਦੇ ਸਮਰਥਨ ਮੁੱਲ ’ਚ ਵਾਧੇ ਨਾਲ ਕਿਸਾਨਾਂ ਨੂੰ ਲਾਗਤ ’ਤੇ 50 ਫ਼ੀਸਦੀ ਲਾਭ ਯਕੀਨੀ ਤੌਰ ’ਤੇ ਹੋਵੇਗਾ। ਗਰੇਡ ਏ ਝੋਨੇ ਦਾ ਐੱਮਐੱਸਪੀ 1,835 ਰੁਪਏ ਤੋਂ ਵਧਾ ਕੇ 1,888 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਕਪਾਹ (ਦਰਮਿਆਨੇ ਰੇਸ਼ੇ) ਦਾ ਸਮਰਥਨ ਮੁੱਲ 260 ਰੁਪਏ ਵਧਾ ਕੇ 2020-21 ਲਈ 5,515 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਹ ਪਿਛਲੇ ਸਾਲ 5,255 ਰੁਪਏ ਪ੍ਰਤੀ ਕੁਇੰਟਲ ਸੀ। ਕਪਾਹ (ਲੰਬੇ ਰੇਸ਼ੇ) ਦਾ ਸਮਰਥਨ ਮੁੱਲ 5,550 ਰੁਪਏ ਤੋਂ ਵਧਾ ਕੇ 5,825 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਤਿਲ ਦੇ ਸਮਰਥਨ ਮੁੱਲ ’ਚ 370 ਰੁਪਏ ਦਾ ਵਾਧਾ ਕਰਦਿਆਂ ਇਹ 6855 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੇ ਹਨ। ਮਾਂਹ ਦੀ ਕੀਮਤ 300 ਰੁਪਏ ਵਧਾਈ ਗਈ ਹੈ ਜੋ ਹੁਣ 6 ਹਜ਼ਾਰ ਰੁਪਏ ਪ੍ਰਤੀ ਕੁਇੰਟਲ ’ਤੇ ਪਹੁੰਚ ਗਈ ਹੈ। ਬਾਜਰਾ 2150 ਰੁਪਏ, ਜੁਆਰ ਹਾਈਬ੍ਰਿਡ 2620 ਅਤੇ ਹੋਰ ਜੁਆਰ 2640, ਮੂੰਗੀ 7196, ਮੂੰਗਫਲੀ 5275, ਸੂਰਜਮੁਖੀ 5885, ਸੋਇਆਬੀਨ 3880 ਅਤੇ ਮੱਕੀ ਦਾ ਸਮਰਥਨ ਮੁੱਲ 1850 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ। -ਪੀਟੀਆਈ

ਕੈਪਟਨ ਵੱਲੋਂ ਝੋਨੇ ਦੇ ਭਾਅ ’ਚ ਵਾਧਾ ਰੱਦ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਜੀਰੀ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਅੱਜ ਕੀਤੇ ਵਾਧੇ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਰਫ਼ੋਂ ਝੋਨੇ ਦਾ ਭਾਅ 2902 ਰੁਪਏ ਪ੍ਰਤੀ ਕੁਇੰਟਲ ਐਲਾਨਣ ਦੀ ਮੰਗ ਕੇਂਦਰ ਤੋਂ ਕੀਤੀ ਗਈ ਸੀ ਪਰ ਕੇਂਦਰ ਨੇ ਮਾਮੂਲੀ 53 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ।

ਰੇਹੜੀ-ਫੜ੍ਹੀ ਵਾਲਿਆਂ ਨੂੰ 10 ਹਜ਼ਾਰ ਰੁਪਏ ਦੇਣ ’ਤੇ ਮੋਹਰ

ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਰੇਹੜੀ-ਫੜ੍ਹੀ ਵਾਲਿਆਂ ਨੂੰ 10 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਦੇਣ ਦੇ ਫ਼ੈਸਲੇ ’ਤੇ ਵੀ ਮੋਹਰ ਲਗਾ ਦਿੱਤੀ। ਉਹ ਇਹ ਪੈਸਾ ਇਕ ਸਾਲ ’ਚ ਮਾਸਿਕ ਕਿਸ਼ਤਾਂ ਰਾਹੀਂ ਮੋੜ ਸਕਣਗੇ। ਪੀਐੱਮ ਸਵੈਨਿਧੀ ਯੋਜਨਾ ਦਾ ਰੇਹੜੀ, ਫੜ੍ਹੀ ਅਤੇ ਹਾਕਰਾਂ ਸਮੇਤ ਕਰੀਬ 50 ਲੱਖ ਵਿਅਕਤੀਆਂ ਨੂੰ ਲਾਭ ਹੋਵੇਗਾ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਜੇਕਰ ਕਰਜ਼ਾ ਸਮੇਂ ਸਿਰ ਮੋੜਿਆ ਗਿਆ ਤਾਂ 7 ਫ਼ੀਸਦੀ ਵਿਆਜ ਸਬਸਿਡੀ ਲਾਭਪਾਤਰੀਆਂ ਦੇ ਸਿੱਧੇ ਬੈਂਕ ਖਾਤਿਆਂ ’ਚ ਪਾਈ ਜਾਵੇਗੀ। ਕਰਜ਼ਾ ਪਹਿਲਾਂ ਮੋੜਨ ’ਤੇ ਵੀ ਕੋਈ ਪੈਨਲਟੀ ਨਹੀਂ ਲਗਾਈ ਜਾਵੇਗੀ। ਉਧਰ ਕੇਂਦਰੀ ਕੈਬਨਿਟ ਨੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਮਜ਼ਬੂਤ ਕਰਨ ਲਈ 50 ਹਜ਼ਾਰ ਕਰੋੜ ਰੁਪਏ ਦੇ ਫੰਡ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਐੱਮਐੱਸਐੱਮਈਜ਼ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋ ਸਕਣਗੀਆਂ। ਇਸ ਨਾਲ ਘਾਟੇ ’ਚ ਚੱਲ ਰਹੇ ਦੋ ਲੱਖ ਉਦਯੋਗਾਂ ਨੂੰ ਲਾਭ ਮਿਲੇਗਾ। -ਪੀਟੀਆਈ

31 ਅਗਸਤ ਤੱਕ ਫਸਲੀ ਕਰਜ਼ੇ ਦੀਆਂ ਕਿਸ਼ਤਾਂ ਭਰਨ ਦੀ ਮੋਹਲਤ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਸਾਲਾਨਾ 4 ਫੀਸਦ ਰਿਆਇਤੀ ਦਰਾਂ ’ਤੇ ਖੇਤੀ ਕਰਜ਼ਾ ਲਿਆ ਹੈ ਅਤੇ ਉਹ 1 ਮਾਰਚ ਤੋਂ ਬਾਅਦ ਇਸ ਦਾ ਭੁਗਤਾਨ ਨਹੀਂ ਕਰ ਸਕੇ ਹਨ, ਉਹ ਹੁਣ 31 ਅਗਸਤ ਤੱਕ ਇਸ ਕਰਜ਼ੇ ਦਾ ਭੁਗਤਾਨ ਕਰ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ’ਚ ਲਿਆ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਕਿਸਾਨਾਂ ਨੂੰ ਕਰਜ਼ੇ ਦੀ ਕਿਸ਼ਤ ਭਰਨ ਲਈ ਵਾਧੂ ਸਮਾਂ ਦਿੱਤਾ ਗਿਆ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਜਿਹੜੇ ਕਿਸਾਨ 31 ਅਗਸਤ ਤੋਂ ਪਹਿਲਾਂ ਆਪਣਾ ਕਰਜ਼ਾ ਭਰ ਦੇਣਗੇ ਉਨ੍ਹਾਂ ਨੂੰ 4 ਫੀਸਦ ਵਿਆਜ਼ ਤੋਂ ਰਾਹਤ ਦਿੱਤੀ ਜਾਵੇਗੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਸ਼ਹਿਰ

View All