ਜੰਗ: ਮਾਨਵਘਾਤੀ ਕਹਿਰ

ਗੁਰਬਚਨ ਸਿੰਘ ਭੁੱਲਰ ਪਸ਼ੂ ਬਿਰਤੀ

ਪਹਿਲੀ ਆਲਮੀ ਜੰਗ ਵਿਚ ਲਗਭਗ ਤਬਾਹ ਹੋ ਗਏ ਫਰਾਂਸ ਦੇ ਇਕ ਪਿੰਡ ਦਾ ਦ੍ਰਿਸ਼।

ਸਮਾਜ-ਵਿਗਿਆਨ ਵਿਚ ਬੰਦੇ ਨੂੰ ‘ਸਮਾਜਿਕ ਪਸ਼ੂ’ ਕਿਹਾ ਜਾਂਦਾ ਹੈ। ਸਮਾਜਿਕ ਰੂਪ ਧਾਰ ਚੁੱਕੇ ਇਸ ਪਸ਼ੂ ਦਾ ਮੂਲ ਹੋਰ ਪਸ਼ੂਆਂ ਨਾਲ ਸਾਂਝਾ ਹੈ। ਆਪਣੀ ਖੁਰਲੀ ਵਿਚ ਚਾਰਾ ਪਿਆ ਹੋਣ ਦੇ ਬਾਵਜੂਦ ਨਾਲ ਦੀ ਖੁਰਲੀ ਵਾਲੇ ਨੂੰ ਢੁੱਡ ਮਾਰ ਕੇ ਪਰ੍ਹੇ ਕਰਦਿਆਂ ਉਹਦੀ ਖੁਰਲੀ ਵਿਚੋਂ ਚਾਰਾ ਖਾਣ ਦੀ ਰੁਚੀ ਮਨੁੱਖ ਵਿਚ ਸਦਾ ਹੀ ਬਣੀ ਰਹੀ ਹੈ। ਇਹ ਅੱਜ ਵੀ ਬਣੀ ਹੋਈ ਹੈ ਤੇ ਭਵਿੱਖ ਵਿਚ ਵੀ ਇਸ ਦੇ ਮਿਟ ਜਾਣ ਦੇ ਕੋਈ ਆਸਾਰ ਨਹੀਂ ਦਿਸਦੇ। ਨਿੱਜੀ ਜਾਇਦਾਦ ਲਈ ਹਾਬੜ ਇਸੇ ਰੁਚੀ ਦੀ ਸਾਕਾਰਤਾ ਹੈ। ਮਾਰਕਸ ਤੇ ਏਂਗਲਜ਼ ਅਨੁਸਾਰ ਇਸ ਸਿਆਪੇ ਦੀ ਜੜ੍ਹ ਹਜ਼ਾਰਾਂ ਪੀੜ੍ਹੀਆਂ ਪਹਿਲਾਂ ਹੋਇਆ ਸਾਡਾ ਉਹ ਪੁਰਖਾ ਸੀ ਜਿਸ ਨੇ ਰੱਜਣ ਮਗਰੋਂ ਬਚਿਆ ਮਾਸ ਸ਼ਿਕਾਰ ਦੇ ਪਿੰਜਰ ਕੋਲ ਹੀ ਛੱਡ ਆਉਣ ਦੀ ਰੀਤ ਤੋੜ ਕੇ ਅਗਲੇ ਦਿਨ ਖਾਣ ਵਾਸਤੇ ਆਪਣੇ ਘੁਰਨੇ ਵਿਚ ਲਿਆ ਰੱਖਿਆ। ਇਹੋ ਨਿੱਜੀ ਜਾਇਦਾਦ ਦਾ ਮੁੱਢ ਸੀ। ਬਹੁਤ ਅੱਗੇ ਚੱਲ ਕੇ ਘਰੇਲੂ ਬਣਾਏ ਗਏ ਪਸ਼ੂਆਂ ਵਾਸਤੇ ਚਰਾਂਦਾਂ ਦੀ ਲੋੜ ਨੇ ਚਰਾਂਦਾਂ ਉੱਤੇ ਕਬਜ਼ੇ ਦੀਆਂ ਲੜਾਈਆਂ ਜ਼ਰੂਰੀ ਬਣਾ ਦਿੱਤੀਆਂ। ਇਨ੍ਹਾਂ ਲੜਾਈਆਂ ਦਾ ਆਧੁਨਿਕ ਤੇ ਹੁਣ ਤੱਕ ਦਾ ਸਿਖਰੀ ਰੂਪ ਸਾਡੇ ਸਮਕਾਲ ਵਿਚ ਲੜੀਆਂ ਗਈਆਂ ਦੋ ਸੰਸਾਰ ਜੰਗਾਂ ਸਨ। ਮਨੁੱਖ ਜਾਨਵਰੀ ਜੰਗਲ ਤੋਂ ਸਭਿਅਤਾ ਤੱਕ ਪਹੁੰਚ ਗਿਆ ਹੈ। ਇਸ ਸਫ਼ਰ ਵਿਚ ਇਹਨੇ ਆਪਣੇ ਦਿਮਾਗ਼ ਦਾ ਦੰਗ ਕਰਨ ਵਾਲਾ ਹੀ ਨਹੀਂ ਸਗੋਂ ਭੈਅਭੀਤ ਕਰਨ ਵਾਲਾ ਵਿਕਾਸ ਕਰ ਲਿਆ ਹੈ। ਇਹਦੀ ਲੜਨ-ਭਿੜਨ ਦੀ ਆਦਤ ਫੇਰ ਵੀ ਗਈ ਨਹੀਂ। ਏਨਾ ਜ਼ਰੂਰ ਹੋ ਗਿਆ ਹੈ ਕਿ ਇਸ ਆਦਤ ਦੇ ਸਮਾਨੰਤਰ ਮਨੁੱਖੀ ਸੋਚ ਦੀ ਇਕ ਅਜਿਹੀ ਤੰਦ ਵੀ ਮਜ਼ਬੂਤੀ ਫੜਨ ਲੱਗੀ ਹੈ ਜੋ ਜੰਗ ਨੂੰ ਮਨੁੱਖ ਦੀ ਕੁਦਰਤੀ ਚਾਹ ਨਹੀਂ ਮੰਨਦੀ। ਅਮਨ ਦੀ ਚਾਹ ਦੀ ਤੰਦ ਨੂੰ ਦੋਵਾਂ ਸੰਸਾਰ ਜੰਗਾਂ ਦੀ ਲਿਆਂਦੀ ਬਰਬਾਦੀ ਕਾਰਨ ਹੋਰ ਬਲ ਮਿਲਿਆ।

ਪਹਿਲੀ ਆਲਮੀ ਜੰਗ: ਜ਼ਖ਼ਮੀ ਫ਼ੌਜੀਆਂ ਨੂੰ ਇਲਾਜ ਲਈ ਲਿਜਾਂਦੇ ਸਾਥੀ।

ਪਹਿਲੀ ਸੰਸਾਰ ਜੰਗ (1914-1918) ਸਾਮਰਾਜੀ ਜੰਗਬਾਜ਼ਾਂ ਨੇ ‘ਸਭ ਜੰਗਾਂ ਦਾ ਅੰਤ ਕਰਨ ਵਾਲੀ ਜੰਗ’ ਦੇ ਫ਼ਰੇਬੀ ਨਾਅਰੇ ਨਾਲ ਛੇੜੀ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸਾਂ ਵਿਚਕਾਰ ਹੁੰਦੇ ਰਹਿੰਦੇ ਝਗੜਿਆਂ ਨੂੰ ਇਹ ਜੰਗ ਇਕੋ ਵਾਰ ਅੰਤਿਮ ਰੂਪ ਵਿਚ ਨਿਬੇੜ ਦੇਵੇਗੀ ਤੇ ਫੇਰ ਸਭ ਦੇਸ ਅਮਨ-ਚੈਨ ਨਾਲ ਰਹਿ ਸਕਣਗੇ। ਸੱਤ ਕਰੋੜ ਫ਼ੌਜੀ ਇਸ ਦੇ ਰਣਖੇਤਰਾਂ ਵਿਚ ਉਤਰੇ ਜਿਨ੍ਹਾਂ ਵਿਚੋਂ ਛੇ ਕਰੋੜ ਯੂਰਪੀ ਸਨ। ਇਹ ਜੰਗ 90 ਲੱਖ ਫ਼ੌਜੀਆਂ ਅਤੇ 70 ਲੱਖ ਸਿਵਲੀਅਨਾਂ ਦੀ ਮੌਤ ਬਣ ਕੇ ਆਈ। ਕੋਈ 70 ਲੱਖ ਫ਼ੌਜੀ ਸਦਾ ਵਾਸਤੇ ਅਪਾਹਜ ਹੋ ਗਏ। ਇਹਦੇ ਨਤੀਜੇ ਵਜੋਂ ਹੋਏ ਟਕਰਾਵਾਂ ਤੇ ਕਤਲਾਮਾਂ ਅਤੇ ਫੈਲੀਆਂ ਭੁੱਖਮਰੀਆਂ, ਬੀਮਾਰੀਆਂ ਤੇ ਮਹਾਂਮਾਰੀਆਂ ਨੇ ਦੁਨੀਆ ਭਰ ਵਿਚ ਜਿਨ੍ਹਾਂ ਲੋਕਾਂ ਨੂੰ ਮੌਤ ਦੇ ਮੂੰਹ ਪਾਇਆ, ਉਨ੍ਹਾਂ ਦੀ ਗਿਣਤੀ ਦੇ ਅੰਦਾਜ਼ੇ, ਪੰਜ ਕਰੋੜ ਤੋਂ ਲੈ ਕੇ ਦਸ ਕਰੋੜ ਤੱਕ, ਬਹੁਤ ਫ਼ਰਕ ਵਾਲੇ ਹਨ। ਪਰ ਜੇ ਦਲੀਲ ਦੀ ਖ਼ਾਤਰ ਇਨ੍ਹਾਂ ਵਿਚੋਂ ਸਭ ਤੋਂ ਘੱਟ ਭਾਵ ਪੰਜ ਕਰੋੜ ਮੌਤਾਂ ਦਾ ਅੰਦਾਜ਼ਾ ਵੀ ਸਹੀ ਮੰਨ ਲਿਆ ਜਾਵੇ, ਇਹ ਅੰਕੜਾ ਹੀ ਬਹੁਤ ਭਿਆਨਕ ਤੇ ਦਿਲ-ਕੰਬਾਊ ਹੈ। ਪਹਿਲੀ ਸੰਸਾਰ ਜੰਗ ਵਿਚ ਏਨਾ ਵੱਡਾ ਘਾਣ ਕੀਤਾ ਤਾਂ ਗਿਆ ਸੀ ਉਹਨੂੰ ‘ਸਭ ਜੰਗਾਂ ਦਾ ਅੰਤ ਕਰਨ ਵਾਲੀ ਜੰਗ’ ਆਖ ਕੇ, ਪਰ ਸਾਮਰਾਜੀ ਤਾਕਤਾਂ ਦਾ ਅਸਲੀ ਅਣਮਨੁੱਖੀ ਚਿਹਰਾ ਇਕ ਵਾਰ ਫੇਰ ਨੰਗਾ ਹੋਣ ਵਿਚ ਮਸਾਂ ਦੋ ਦਹਾਕੇ ਲੱਗੇ। 1939 ਵਿਚ ਦੂਜੀ ਸੰਸਾਰ ਜੰਗ ਦੀ ਮਨੁੱਖ-ਮਾਰੂ ਰਣਭੇਰੀ ਦੀ ਮਾਤਮੀ ਗੂੰਜ ਨੇ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਵਿਚ ਕਾਂਬਾ ਛੇੜ ਦਿੱਤਾ। 1945 ਤੱਕ ਚੱਲੀ ਇਸ ਜੰਗ ਨੇ ਦੁਨੀਆ ਦੇ ਵੱਡੀ ਗਿਣਤੀ ਦੇਸਾਂ ਨੂੰ ਦੋ ਧੜਿਆਂ ਵਿਚ ਵੰਡ ਦਿੱਤਾ। ਨਤੀਜੇ ਵਜੋਂ ਤੀਹ ਤੋਂ ਵੱਧ ਦੇਸਾਂ ਦੇ ਕੋਈ ਦਸ ਕਰੋੜ ਫ਼ੌਜੀ ਇਸ ਵਿਚ ਸਿੱਧੇ ਸ਼ਾਮਲ ਹੋ ਗਏ। ਪਹਿਲੀ ਸੰਸਾਰ ਜੰਗ ਦੇ ਮੁਕਾਬਲੇ ਇਸ ਜੰਗ ਵਿਚ ਬੇਹਿਸਾਬ ਆਰਥਿਕ, ਸਨਅਤੀ ਤੇ ਵਿਗਿਆਨਕ ਸਮਰੱਥਾਵਾਂ ਝੋਕ ਦਿੱਤੀਆਂ ਗਈਆਂ ਅਤੇ ਫ਼ੌਜੀ ਤੇ ਸਿਵਲੀਅਨ ਸਾਧਨਾਂ ਤੇ ਵਸੀਲਿਆਂ ਦਾ ਫ਼ਰਕ ਮੇਸ ਕੇ ਉਨ੍ਹਾਂ ਦੀ ਅੰਨ੍ਹੇਵਾਹ ਕੁਵਰਤੋਂ ਕੀਤੀ ਗਈ। ਇਸ ਸਭ ਕੁਝ ਦਾ ਨਤੀਜਾ ਇਹ ਨਿਕਲਿਆ ਕਿ ਇਹ ਚੰਦਰੀ ਜੰਗ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਮਾਨਵਘਾਤੀ ਕਹਿਰ ਬਣ ਗਈ।

ਪਹਿਲੀ ਆਲਮੀ ਜੰਗ: ਖੋਪਰੀਆਂ ਦਾ ਢੇਰ। ਫੋਟੋ: ਜੌਹਨ ਮੈਕਗ੍ਰਾਅ।

ਰਣਖੇਤਰ ਧਰਤੀ ਦੇ ਵੱਡੇ ਹਿੱਸੇ ਉੱਤੇ ਫੈਲਿਆ ਹੋਇਆ ਹੋਣ ਕਾਰਨ ਜਾਣਕਾਰੀ ਤੋਂ ਪਰ੍ਹੇ ਰਹੀਆਂ ਮੌਤਾਂ ਨੂੰ ਛੱਡ ਕੇ ਜੰਗ ਵਿਚ ਹੋਈਆਂ ਸਿੱਧੀਆਂ ਮੌਤਾਂ ਦੀ ਗਿਣਤੀ ਛੇ ਕਰੋੜ ਤੱਕ ਪੁੱਜ ਗਈ। ਉਸ ਵਿਚ ਦੋ ਕਰੋੜ ਫ਼ੌਜੀ ਸਨ ਅਤੇ ਚਾਰ ਕਰੋੜ ਸਿਵਲੀਅਨ। ਇਹ ਮੌਤਾਂ ਜਾਣਬੁੱਝ ਕੇ ਕੀਤੇ ਗਏ ਬੇਦੋਸਿਆਂ ਦੇ ਨਸਲਘਾਤਾਂ, ਕਤਲਾਮਾਂ ਅਤੇ ਹੀਰੋਸ਼ੀਮਾ ਤੇ ਨਾਗਾਸਾਕੀ ਉੱਤੇ ਬਿਨਾਂ-ਮਤਲਬ ਵਹਿਸ਼ੀ ਐਟਮੀ ਬੰਬਾਰੀਆਂ ਕਾਰਨ ਹੋਈਆਂ। ਅਣਗਿਣਤ ਹੋਰ ਮੌਤਾਂ ਦਾ ਕਾਰਨ ਜੰਗ ਦੇ ਨਤੀਜੇ ਵਜੋਂ ਫੈਲੀਆਂ ਬੀਮਾਰੀਆਂ, ਮਹਾਂਮਾਰੀਆਂ ਤੇ ਭੁੱਖਮਰੀਆਂ ਬਣੀਆਂ। ਬੰਗਾਲ ਦੀ ਭੁੱਖਮਰੀ ਇਹਦੀ ਇਕ ਮਿਸਾਲ ਹੈ। ਇਸ ਜੰਗ ਕਾਰਨ ਹੋਈਆਂ ਕੁੱਲ ਮੌਤਾਂ ਦਾ ਅੰਦਾਜ਼ਾ 1940 ਦੀ ਸੰਸਾਰ ਦੀ ਕੁੱਲ ਵਸੋਂ ਦਾ ਤਿੰਨ ਫ਼ੀਸਦੀ ਲਾਇਆ ਜਾਂਦਾ ਹੈ! ਦੁਨੀਆ ਦੀ ਕਿਸੇ ਵੀ ਜੰਗ ਦੀ ਗੱਲ ਪਰ ਜੰਗ ਨੇ ਮੁਕਦੀ ਨਹੀਂ ਕੀਤੀ, ਉਹ ਗੱਲਬਾਤ ਦੀ ਮੇਜ਼ ਉੱਤੇ ਜਾ ਕੇ ਹੀ ਨਿੱਬੜੀ। ਕਰੋੜਾਂ ਲੋਕਾਂ ਦੀ ਜਾਨ ਦਾ ਖਾਉ ਬਣੀਆਂ ਦੋਵਾਂ ਸੰਸਾਰ ਜੰਗਾਂ ਦਾ ਰਸਮੀ ਅੰਤ ਵੀ ਗੱਲਬਾਤ ਦੀ ਮੇਜ਼ ਉੱਤੇ ਹੀ ਹੋਇਆ। ਪਹਿਲੀ ਸੰਸਾਰ ਜੰਗ ਦਾ ਅੰਤ ‘ਪੈਰਿਸ ਪੀਸ ਕਾਨਫਰੰਸ’ ਵਿਚ ਚੱਲੀ ਲੰਮੀ ਗੱਲਬਾਤ ਮਗਰੋਂ 28 ਜੂਨ 1919 ਨੂੰ ਸਹੀਬੰਦ ਹੋਈ ‘ਅਮਨ ਸੰਧੀ’ ਰਾਹੀਂ ਹੋਇਆ। ਇਸੇ ਤਰ੍ਹਾਂ 1945 ਵਿਚ ਖ਼ਤਮ ਹੋ ਚੁੱਕੀ ਦੂਜੀ ਸੰਸਾਰ ਜੰਗ ਦਾ ਅੰਤਿਮ ਨਿਬੇੜਾ ਵੀ ਪੈਰਿਸ ਵਿਚ ਹੀ ਹੋਈ ਲੰਮੀ ਗੱਲਬਾਤ ਮਗਰੋਂ 10 ਫਰਵਰੀ 1947 ਨੂੰ ਸਹੀਬੰਦ ਕੀਤੀਆਂ ਗਈਆਂ ‘ਪੈਰਿਸ ਅਮਨ ਸੰਧੀਆਂ’ ਰਾਹੀਂ ਹੋਇਆ।

ਪਹਿਲੀ ਆਲਮੀ ਜੰਗ ਦੌਰਾਨ ਨੇਸਤੋ-ਨਾਬੂਦ ਹੋਏ ਇਕ ਸ਼ਹਿਰ ਦੀ ਕਹਾਣੀ ਕਹਿੰਦੀ ਹੋਈ ਟੇਢੀ ਤਖ਼ਤੀ। ਫੋਟੋ: ਲਾਇਬਰੇਰੀ ਔਫ ਕਾਂਗਰਸ

ਇਕ ਬਿਲਕੁਲ ਸੱਜਰੀ ਮਿਸਾਲ ਲਈਏ। ਦੁਨੀਆ ਦੇ ਸਭ ਤੋਂ ਵੱਧ ਹਥਿਆਰਬੰਦ ਤੇ ਹੋਰ ਸਾਧਨਾਂ ਨਾਲ ਲੈਸ ਦੇਸ ਅਮਰੀਕਾ ਨੇ ਆਪਣੀ ਵਡੇਰਾਸ਼ਾਹੀ ਹੈਂਕੜ ਨਾਲ ਅਕਤੂਬਰ 2001 ਵਿਚ ਅਫ਼ਗ਼ਾਨਿਸਤਾਨ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਕਾਰਨ ਤੇ ਮੰਤਵ ਜੌੜੇ ਟਾਵਰਾਂ ਨੂੰ ਢਾਹੁਣ ਦੇ ਦੋਸ਼ੀ ਤਾਲਿਬਾਨੀਆਂ ਨੂੰ ਸਜ਼ਾ ਦੇਣਾ ਦੱਸਿਆ ਗਿਆ। ਅਫ਼ਗ਼ਾਨਿਸਤਾਨ ਦੀ ਤਾਲਿਬਾਨੀ ਸਰਕਾਰ ਨੂੰ ਹਰਾਉਣ ਲਈ ਕੋਈ ਕਸਰ ਨਾ ਛਡਦਿਆਂ ਉਹਨੇ ਆਪਣੇ ਨਾਟੋ ਵਾਲੇ ਸੰਗੀ-ਸਾਥੀ ਦੇਸ ਵੀ ਨਾਲ ਤੋਰ ਲਏ। ਸਰਕਾਰ ਖੁੱਸਣ ਮਗਰੋਂ ਵੀ ਪਰ ਤਾਲਿਬਾਨੀਆਂ ਨੇ ਅਮਰੀਕਾ ਨੂੰ ਲੰਮੀ ਜੰਗ ਵਿਚ ਅਜਿਹਾ ਉਲਝਾਇਆ ਕਿ ਉਹ ਹੁਣ ਤੱਕ ਦਸ ਅਰਬ ਡਾਲਰ, ਭਾਵ ਸੱਤ ਸੌ ਖਰਬ ਰੁਪਏ ਖਰਚ ਕੇ ਤੇ 2,400 ਫ਼ੌਜੀ ਗੁਆ ਕੇ ਆਖ਼ਰ ਇਨ੍ਹੀਂ ਦਿਨੀਂ ਉਸੇ ਤਾਲਿਬਾਨ ਨਾਲ ਗੱਲਬਾਤ ਦੀ ਮੇਜ਼ ਉੱਤੇ ਬੈਠਾ ਹੋਇਆ ਹੈ। ਸੱਠ ਤੋਂ ਵੱਧ ਪੁਸਤਕਾਂ ਦੀ ਰਚਣਹਾਰ ਕੈਨੇਡੀਅਨ ਲੇਖਕ ਮਾਰਗਰੇਟ ਐਲੀਨਰ ਐਟਵੁੱਡ ਨੇ ਇਸ ਸਾਰੇ ਵਰਤਾਰੇ ਦਾ ਤੱਤ ਕੁਝ ਇਕ ਸ਼ਬਦਾਂ ਵਿਚ ਕੱਢ ਦਿੱਤਾ ਹੈ, ‘‘ਜੰਗ ਭਾਸ਼ਾ ਦੀ ਅਸਫਲਤਾ ਕਾਰਨ ਹੁੰਦੀ ਹੈ।’’ ਪਾਕਿਸਤਾਨ ਨਾਲ ਸ਼ਾਲਾਂ ਦੇ ਵਟਾਂਦਰੇ ਅਤੇ ਬਿਨਾਂ ਬੁਲਾਏ ਜਾ ਕੇ ਦਿੱਤੇ ਵਿਆਹ ਦੇ ਸ਼ਗਨ ਤੋਂ ਤੁਰ ਕੇ ਮਾਮਲਾ ਹੁਣ ਕੁੱਟੀ ਤੱਕ ਪਹੁੰਚ ਗਿਆ ਹੈ। ਜੱਫੀਆਂ ਜੱਫੋ-ਜੱਫੀ ਹੋ ਰਹੀਆਂ ਹਨ। ਬੋਲ-ਬੁਲਾਰਾ ਤੱਕ ਬੰਦ ਹੋ ਗਿਆ ਹੈ। ਅੱਜਕੱਲ੍ਹ ਸਾਡੇ ਦੇਸ ਦੇ ਕੁਝ ਵਿਸ਼ੇਸ਼-ਰੰਗੇ ਹਜੂਮ ਤੇ ਨਵੇਂ ਅਰਥਾਂ ਵਾਲੀ ਦੇਸਭਗਤੀ ਦਾ ਭੇਖ ਧਾਰਨ ਵਾਲੇ ਐਂਕਰ ਦੋਵਾਂ ਦੇਸਾਂ ਵਿਚਕਾਰ ਜੰਗੀ ਮਾਹੌਲ ਪੈਦਾ ਕਰਨ ਲਈ ਸਾਹੋ-ਸਾਹ ਤੇ ਹਾਲੋਂ-ਬੇਹਾਲ ਹੋ ਰਹੇ ਹਨ। ਕਿਸੇ ਨੇ ਅਜਿਹੇ ਪੰਜ ਐਂਕਰਾਂ ਤੇ ਇਕ ਐਂਕਰਨੀ ਦਾ ਤਸਵੀਰ-ਸਮੂਹ ਸੋਸ਼ਲ ਮੀਡੀਆ ਉੱਤੇ ਪਾਉਂਦਿਆਂ ਸਿਰਲੇਖ ਠੀਕ ਹੀ ‘ਲਸ਼ਕਰ-ਏ-ਮੀਡੀਆ’ ਦਿੱਤਾ ਹੋਇਆ ਹੈ। ਇਕ ਐਂਕਰ ਨੂੰ ਤਾਂ ਭਾਰਤ-ਪਾਕ ਜੰਗ ਦੀ ਸੰਭਾਵਨਾ ਦਾ ਏਨਾ ਚਾਅ ਚੜ੍ਹਿਆ ਕਿ ਉਹ ਆਪਣਾ ਪ੍ਰੋਗਰਾਮ ਪੇਸ਼ ਕਰਨ ਵਾਸਤੇ ਫ਼ੌਜੀ ਵਰਦੀ ਦੀ ਨਕਲ ਵਿਚ ਸਜ ਕੇ ਸਟੂਡੀਓ ਆ ਪਹੁੰਚਿਆ।

ਗੁਰਬਚਨ ਸਿੰਘ ਭੁੱਲਰ

ਪਾਕਿਸਤਾਨ ਨਾਲ ਸਾਡਾ ਤਣਾਉ ਨਾੜੂਏ ਦੀ ਸਾਂਝ ਦੇ ਬਾਵਜੂਦ, ਬਦਕਿਸਮਤੀ ਨੂੰ, ਉਹਦੇ ਜਨਮ ਤੋਂ ਵੀ ਪਹਿਲਾਂ ਉਹਦੇ ਵਿਚਾਰ ਦੇ ਜਨਮ ਦੇ ਨਾਲ ਹੀ ਬਣ ਗਿਆ ਸੀ। ਇਹ ਤਣਾਉ ਇਕ ਦੇਸ ਨੂੰ ਦੋ ਦੇਸਾਂ ਵਿਚ ਵੰਡਣ ਵਾਲੀ ਲਕੀਰ ਖਿੱਚੀ ਜਾਣ ਤੋਂ ਵੀ ਪਹਿਲਾਂ ਉਸ ਲਕੀਰ ਦੀ ਆਉ-ਆਈ ਦੀਆਂ ਅਫ਼ਵਾਹਾਂ ਨਾਲ ਹੀ ਕਤਲਾਂ ਤੇ ਅੱਗਾਂ ਤੱਕ ਪਹੁੰਚ ਗਿਆ ਸੀ। ਅੱਗੇ ਚੱਲ ਕੇ ਸਮੇਂ ਸਮੇਂ ਇਹ ਜੰਗ ਦਾ ਰੂਪ ਵੀ ਧਾਰਦਾ ਰਿਹਾ। ਰਾਜਨੀਤਕ ਤਾਪਮਾਨ ਘਟਾਉਣ-ਵਧਾਉਣ ਵਾਸਤੇ ਕਸ਼ਮੀਰ ਮੌਜੂਦ ਹੈ। ਇੱਥੇ ਧਿਆਨ ਮੰਗਦੀ ਗੱਲ ਇਹ ਹੈ ਕਿ ਹਰ ਜੰਗ ਦੇ ਨਤੀਜੇ ਵਜੋਂ ਕੌਮੀ ਝੰਡਾ ਪਾ ਕੇ ਵਿਹੜੇ ਵਿਚ ਲਿਆ ਰੱਖੇ ਗਏ ਡੱਬੇ ਵਾਲਾ ਘਰ ਹਰ ਹਾਲ ਕਿਸੇ ਸਾਧਾਰਨ ਨਾਗਰਿਕ ਦਾ ਹੁੰਦਾ ਹੈ। ਇਹ ਡੱਬਾ ਕਦੀ ਕਿਸੇ ਐਂਕਰ, ਕਿਸੇ ‘ਵੱਡੇ ਬੰਦੇ’, ਕਿਸੇ ਨੇਤਾ, ਕਿਸੇ ਧਨਾਢ, ਕਿਸੇ ਕਾਰੋਬਾਰੀ ਦੇ ਘਰ ਨਹੀਂ ਪਹੁੰਚਦਾ। ਬਦਕਿਸਮਤੀ ਇਹ ਹੈ ਕਿ ਇਨ੍ਹਾਂ ਬੇਨੁਕਸਾਨੇ ਲੋਕਾਂ ਦੀ ਆਵਾਜ਼ ਮੀਡੀਆ ਵਿਚ ‘ਦੇਸ ਦੀ ਆਵਾਜ਼’ ਬਣ ਕੇ ਗੂੰਜਦੀ ਹੈ ਅਤੇ ਟੱਬਰ ਨੂੰ ਰੁੱਖੀ-ਮਿੱਸੀ ਰੋਟੀ ਦੇਣ ਖ਼ਾਤਰ ਮੌਤ ਦੇ ਮੂੰਹ ਗਏ ਤੇ ਅੰਤ ਨੂੰ ਡੱਬੇ ਵਿਚ ਬੰਦ ਹੋ ਕੇ ਆਏ ਮਨੁੱਖ ਦੇ ਟੱਬਰ ਦੀ ਆਵਾਜ਼ ਕੀਰਨੇ ਬਣ ਕੇ ਚਾਰਦੀਵਾਰੀ ਵਿਚ ਹੀ ਦਬ ਕੇ ਰਹਿ ਜਾਂਦੀ ਹੈ। ਨੇਤਾ ਡੱਬੇ ਨੂੰ ਮੱਥਾ ਟੇਕਣ ਦੀਆਂ ਤਸਵੀਰਾਂ ਖਿਚਵਾਉਂਦੇ ਹਨ ਅਤੇ ਉਨ੍ਹਾਂ ਦਾ ਦੇਸਭਗਤਕ ਫ਼ਰਜ਼ ਖ਼ਤਮ ਹੋ ਜਾਂਦਾ ਹੈ। ਇਹਦੇ ਸਮਾਨੰਤਰ ਮਰਨ ਵਾਲੇ ਦੇ ਟੱਬਰ ਦਾ ਅਨੰਤ ਨਰਕ-ਕਾਲ ਸ਼ੁਰੂ ਹੋ ਜਾਂਦਾ ਹੈ। ਹੁਣ ਪਰ ਬੇਆਵਾਜ਼ਿਆਂ ਦੀ ਆਵਾਜ਼ ਨੂੰ ਉੱਚੀ ਹੋਣ ਲਈ ਵੀ ਸੋਸ਼ਲ ਮੀਡੀਆ ਦੇ ਸਾਧਨ ਹਾਸਲ ਹਨ। ਪਿਛਲੇ ਦਿਨੀਂ ਕਸ਼ਮੀਰ ਵਿਚ ਇਕ ਹੈਲੀਕਾਪਟਰ ਡਿੱਗਿਆ ਤਾਂ ਨਾਸਿਕ-ਨਿਵਾਸੀ ਸਕੁਆਡਰਨ ਲੀਡਰ ਨਿਨਾਦ ਮੰਦਾਵਗਨੇ ਦੀ ਮੌਤ ਹੋ ਗਈ। ਨਵੇਂ ਭਾਰਤ ਦੇ ਨਵੇਂ ਰਾਜਨੀਤਕ ਰੀਤੀ-ਰਿਵਾਜ ਅਨੁਸਾਰ ਉਹਦੇ ਅੰਤਿਮ ਸੰਸਕਾਰ ਸਮੇਂ ਨਕਲੀ ਦੇਸਭਗਤਾਂ ਦਾ ਹਜੂਮ ਵੀ ਜਾ ਪਹੁੰਚਿਆ ਤੇ ਫ਼ਿਰਕੂ ਜ਼ਹਿਰ ਨਾਲ ਭਰੇ ਨਾਅਰੇ ਲਾਉਂਦਿਆਂ ਸਾਹੋ-ਸਾਹ ਹੋਣ ਲੱਗਿਆ। ਰੋਮ-ਰੋਮ ਅਸਹਿ ਪੀੜ ਵਿਚ ਪਰੁੱਚੀ ਉਹਦੀ ਮੁਟਿਆਰ ਵਿਧਵਾ, ਵਿਜੈਤਾ ਮੰਦਾਵਗਨੇ ਨੇ ਉਸ ਕਹਿਰ ਦੀ ਘੜੀ ਵਿਚ ਵੀ ਸਾਫ਼ ਸ਼ਬਦਾਂ ਵਿਚ ਉਨ੍ਹਾਂ ਨੂੰ ਫ਼ਿਰਕੂ ਜ਼ਹਿਰ ਫੈਲਾਉਣੀ ਬੰਦ ਕਰਨ ਲਈ ਕਿਹਾ। ਉਹਨੇ ਹੱਥ ਜੋੜੇ, ‘‘ਮੇਰੇ ਪਤੀ ਦੀ ਕੁਰਬਾਨੀ ਨੂੰ ਮਾੜੀਆਂ ਭਾਵਨਾਵਾਂ ਭੜਕਾਉਣ ਦਾ ਵਸੀਲਾ ਮਤ ਬਣਾਉ!’’ ਦੋਵਾਂ ਦੇਸਾਂ ਵਿਚਕਾਰ ਅਮਨ-ਚੈਨ ਦੀ ਆਵਾਜ਼ ਬੁਲੰਦ ਕਰਦਿਆਂ ਉਹਨੇ ਕਿਹਾ, ‘‘ਅਸੀਂ ਜੰਗ ਨਹੀਂ ਚਾਹੁੰਦੇ। ਤੁਹਾਨੂੰ ਉਸ ਨੁਕਸਾਨ ਦੀ ਕੋਈ ਥਾਹ ਨਹੀਂ ਜੋ ਜੰਗ ਕਾਰਨ ਲੋਕਾਂ ਨੂੰ ਝੱਲਣਾ ਪੈਂਦਾ ਹੈ। ਦੋਵਾਂ ਵਿਚੋਂ ਕਿਸੇ ਵੀ ਧਿਰ ਦਾ ਕੋਈ ਵੀ ਹੋਰ ਨਿਨਾਦ ਮਰਨਾ ਨਹੀਂ ਚਾਹੀਦਾ!’’ ਉਹਨੇ ਜੰਗ-ਜੰਗ ਖੇਡਣ ਦਾ ਸੱਦਾ ਦੇਣ ਵਾਲੇ ਨਕਲੀ ਦੇਸਭਗਤਾਂ ਨੂੰ ਕਰਾਰੇ ਹੱਥੀਂ ਲਿਆ, ‘‘ਮੈਂ ਸੋਸ਼ਲ ਮੀਡੀਆ ਦੇ ਜੰਗੀ ਯੋਧਿਆਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਹ ਜੋ ਕੁਝ ਕਰ ਰਹੇ ਹਨ, ਕਰਨਾ ਬੰਦ ਕਰਨ। ਜੇ ਤੁਹਾਡੇ ਵਿਚ ਏਨਾ ਹੀ ‘ਜੋਸ਼’ ਹੈ ਤਾਂ ਜਾ ਕੇ ਭਰਤੀ ਹੋਵੋ ਤੇ ਦੇਖੋ, ਕੀ ਬਣਦਾ ਹੈ।’’ ਜੰਗ ਬਾਰੇ ਕਿਸੇ ਸਿਆਣੇ ਦਾ ਇਹ ਕਥਨ ਬਹੁਤ ਅਰਥਪੂਰਨ ਹੈ, ‘‘ਜੰਗ ਦਾ ਜਸ਼ਨ ਉਹ ਮਨਾਉਂਦੇ ਹਨ ਜੋ ਕਦੀ ਜੰਗ ਲੜੇ ਨਹੀਂ ਹੁੰਦੇ ਤੇ ਜੋ ਕਦੀ ਜੰਗ ਲੜੇ ਹੁੰਦੇ ਹਨ, ਉਹ ਜੰਗ ਦਾ ਜਸ਼ਨ ਨਹੀਂ ਮਨਾਉਂਦੇ।’’ ਜੰਗ ਅਜਿਹੀ ਚੰਦਰੀ ਘਟਨਾ ਹੁੰਦੀ ਹੈ ਜਿਸ ਨੂੰ ਹਾਰਨ ਵਾਲਾ ਤਾਂ ਹਾਰਦਾ ਹੀ ਹੈ, ਜਿੱਤਣ ਵਾਲਾ ਵੀ ਹਾਰਦਾ ਹੀ ਹੈ! ਕਾਠ ਦੇ ਡੱਬਿਆਂ ਵਿਚ ਬੰਦ ਹੋ ਕੇ ਮਨੁੱਖੀ ਦੇਹਾਂ ਦੋਵਾਂ ਧਿਰਾਂ ਦੇ ਘਰੀਂ ਪਹੁੰਚਦੀਆਂ ਹਨ। ਜੰਗ ਵਿਚੋਂ ਕਦੀ ਕਿਸੇ ਨੇ ਕੁਝ ਨਹੀਂ ਖੱਟਿਆ। ਮੈਨੂੰ ਆਪਣੇ ਫ਼ੌਜੀ ਰਹੇ ਮਿੱਤਰ, ਸਵਰਗੀ ਤਰਲੋਕ ਮਨਸੂਰ ਦੀ ਇਕ ਕਹਾਣੀ ਚੇਤੇ ਆਉਂਦੀ ਹੈ। ਅੰਗਰੇਜ਼ਾਂ ਵੇਲੇ ਉਨ੍ਹਾਂ ਦੇ ਘਰਾਂ ਵਿਚ ਸੇਵਾਦਾਰਾਂ ਵਜੋਂ ਕੰਮ ਕਰਨ ਵਾਲਿਆਂ ਨੇ ਆਪਣੀ ਅਰਦਲੀਪੁਣੇ ਦੀ ਹੀਣਤ ਤੇ ਬੇਸ਼ਰਮੀ ਧੋਣ ਲਈ ਇਹ ਤੋਤਕੜਾ ਘੜਿਆ ਹੋਇਆ ਸੀ ਕਿ ਮੇਮਾਂ ਪੰਜਾਬੀਆਂ ਨੂੰ ਬਹੁਤ ਪਸੰਦ ਕਰਦੀਆਂ ਹਨ। ਤਰਲੋਕ ਦੀ ਕਹਾਣੀ ਦਾ ਫ਼ੌਜੀ ਜਦੋਂ ਜੰਗ ਵਿਚੋਂ ਲੰਘ ਕੇ ਘਰ ਆਉਂਦਾ ਹੈ, ਉਹਦੇ ਯਾਰ-ਬੇਲੀ ਆ ਪਹੁੰਚਦੇ ਹਨ। ਸੁੱਖਸਾਂਦ ਦੀ ਪੁੱਛ-ਦੱਸ ਮਗਰੋਂ ਉਹ ਇਸੇ ਤੋਤਕੜੇ ਵੱਲ ਇਸ਼ਾਰਾ ਕਰਦਿਆਂ ਉਹਤੋਂ ਉਹਦੀ ਖੱਟੀ ਬਾਰੇ ਪੁਛਦੇ ਹਨ। ਉਹ ਪਤਲੂਨ ਦਾ ਇਕ ਪੌਂਚਾ ਚੁੱਕ ਕੇ ਲੱਕੜ ਦੀ ਲੱਤ ਦਿਖਾਉਂਦਿਆਂ ਨਮ ਅੱਖਾਂ ਨਾਲ ਆਖਦਾ ਹੈ, ‘‘ਮੈਂ ਤਾਂ ਐਹ ਖੱਟ ਕੇ ਲਿਆਇਆ ਹਾਂ!’’ ਉਂਗਲੀ ਨੂੰ ਲਹੂ ਲਾਏ ਤੋਂ ਵੀ ਬਿਨਾਂ ਨਕਲੀ ਦੇਸਭਗਤੀ ਦੀਆਂ ਵਰਦੀਆਂ ਪਾ ਕੇ ਜੰਗ-ਜੰਗ ਖੇਡਣ ਦਾ ਸੱਦਾ ਦੇਣ ਵਾਲੇ ਇਨ੍ਹਾਂ ਜਾਅਲੀ ਯੋਧਿਆਂ ਦੇ ਵਿਰੁੱਧ ਅਮਨ ਦੀ ਆਵਾਜ਼ ਉੱਚੀ ਹੋਣੀ ਚਾਹੀਦੀ ਹੈ। ਇਹ ਆਵਾਜ਼ ਪੰਜਾਬੀਆਂ ਵੱਲੋਂ ਖਾਸ ਕਰ ਕੇ ਉੱਚੀ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਲੱਖਾਂ ਭੈਣ-ਭਾਈ ਸਰਹੱਦੀ ਪਿੰਡਾਂ ਵਿਚ ਹਰ ਦਿਨ ਜੰਗੀ ਦਹਿਸ਼ਤ ਵਿਚ ਜਿਉਂਦੇ ਹਨ। ਮੈਨੂੰ ਚੇਤੇ ਹੈ, ਪਿਛਲੀ ਸਦੀ ਦੇ ਪੰਜਾਹਵਿਆਂ ਵਿਚ ਜੰਗਬਾਜ਼ਾਂ ਵਿਰੁੱਧ ਉੱਠੀ ਅਮਨ ਲਹਿਰ ਦੀ 15 ਮਾਰਚ 1950 ਨੂੰ ਸਟਾਕਹੋਮ ਤੋਂ ਜਾਰੀ ਕੀਤੀ ਅਮਨ ਅਪੀਲ ਨੇ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਅਮਨ ਦੀ ਢਾਲ ਬਣਾ ਦਿੱਤਾ ਸੀ। ਆਓ, ਰਲ਼ ਕੇ ਆਪਣੇ ਮੋਹਨ ਸਿੰਘ ਦਾ ਅਮਨ ਲਹਿਰ ਸਮੇਂ ਚਹੁੰ ਕੂੰਟੀਂ ਗੂੰਜਦਾ ਰਿਹਾ ਗੀਤ ਫੇਰ ਬੁਲੰਦ ਆਵਾਜ਼ ਵਿਚ ਗਾਈਏ, ‘‘ਤੁਰਿਆ ਅਮਨ ਦਾ ਕਾਫ਼ਲਾ, ਜਹਾਨ ਨਾਲ ਹੈ, ਕਾਮਗਾਰ ਨਾਲ ਹੈ, ਕਿਸਾਨ ਨਾਲ ਹੈ!’’

ਸੰਪਰਕ:, 011-42502364

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All