ਜੰਗਬਾਜ਼ਾਂ ਨੂੰ ਆਈਨਾ ਦਿਖਾਉਣ ਵਾਲੀ ਸੋਚ...

ਵਾਹਗਿਓਂ ਪਾਰ

ਮੋਦੀ ਸਰਕਾਰ ਵੱਲੋਂ ਕਸ਼ਮੀਰ ਸਬੰਧੀ ਲਏ ਫ਼ੈਸਲਿਆਂ ਤੋਂ ਪਾਕਿਸਤਾਨ ਵਿਚ ਜੋ ਰੋਹ ਹੈ, ਉਸ ਦਾ ਮੁਜ਼ਾਹਰਾ ਪਾਕਿਸਤਾਨੀ ਮੀਡੀਆ ਵਿਚ ਵੀ ਪੂਰੇ ਜ਼ੋਰ-ਸ਼ੋਰ ਨਾਲ ਦੇਖਣ-ਸੁਣਨ ਨੂੰ ਮਿਲ ਰਿਹਾ ਹੈ। ਮਾਹੌਲ ਦੀ ਤਲਖ਼ੀ ਦਾ ਅਸਰ ਫ਼ਕੀਰ ਸੱਯਦ ਐਜਾਜ਼ੂਦੀਨ ਵਰਗੇ ਅਮਨ ਦੂਤਾਂ ਤੇ ਸ਼ਾਇਸਤਾ ਹਸਤੀਆਂ ਦੀਆਂ ਲਿਖਤਾਂ ਵਿਚੋਂ ਵੀ ਨਜ਼ਰ ਆ ਰਿਹਾ ਹੈ। ਅਜਿਹੇ ਆਲਮ ਵਿਚ ਸੀਨੀਅਰ ਅਖ਼ਬਾਰਨਵੀਸ ਤੇ ਰੋਜ਼ਨਾਮਾ ‘ਪਾਕਿਸਤਾਨ ਟਾਈਮਜ਼’ ਦੇ ਸਾਬਕਾ ਮੁੱਖ ਸੰਪਾਦਕ ਆਈ.ਏ. ਰਹਿਮਾਨ ਦਾ ਲੇਖ ਨਾ ਸਿਰਫ਼ ਵੱਖਰੀ ਸੋਚ ਤੇ ਜੁਰਅੱਤਮੰਦੀ ਦਾ ਮੁਜ਼ਾਹਰਾ ਕਰਦਾ ਹੈ ਸਗੋਂ ਤਲਖ਼ੀ ਘਟਾਉਣ ਦੀ ਸਲਾਹ ਵੀ ਦਿੰਦਾ ਹੈ। ਰੋਜ਼ਨਾਮਾ ‘ਡਾਅਨ’ ਵਿਚ 9 ਅਗਸਤ ਨੂੰ ਪ੍ਰਕਾਸ਼ਿਤ ਇਸ ਲੇਖ ਵਿਚ ਰਹਿਮਾਨ ਨੇ ਲਿਖਿਆ ਹੈ ਕਿ ‘‘ਮੋਦੀ ਸਰਕਾਰ ਦੀ ਕਾਰਵਾਈ ਭੜਕਾਊ ਵੀ ਹੈ ਅਤੇ ਚੁਣੌਤੀਪੂਰਨ ਵੀ। ਇਹ ਕਸ਼ਮੀਰ ਦੇ ਲੋਕਾਂ ਨਾਲ ਵਾਅਦਾਖਿਲਾਫ਼ੀ ਤੇ ਬੇਵਫ਼ਾਈ ਹੈ। ਮੋਦੀ ਸਰਕਾਰ ਨੇ ਜਵਾਹਰਲਾਲ ਨਹਿਰੂ ਵੱਲੋਂ 1952 ਵਿਚ ‘ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ’ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਤੋੜਨ ਲੱਗਿਆਂ ਨਾ ਸੁਹਜ ਦਿਖਾਈ ਅਤੇ ਨਾ ਹੀ ਸੂਝ। ਉਸ ਦੀ ਕਾਰਵਾਈ ਭਾਰਤੀ ਸੈਕੂਲਰ ਪ੍ਰਬੰਧ ਉੱਤੇ ਵਾਰ ਹੋਣ ਤੋਂ ਇਲਾਵਾ ਭਾਰਤੀ ਜਮਹੂਰੀਅਤ ਦਾ ਦੰਭੀ ਚਿਹਰਾ ਤੇ ਸੁਭਾਅ ਵੀ ਬੇਪਰਦ ਕਰਦੀ ਹੈ। ਇਸ ਕਾਰਵਾਈ ਨੇ ਭਾਰਤ ਤੇ ਪਾਕਿਸਤਾਨ ਨੂੰ ਇਕ ਹੋਰ ਜੰਗ ਦੇ ਕਰੀਬ ਖਿੱਚ ਲਿਆਂਦਾ ਹੈ।’’ ਲੇਖ ਅਨੁਸਾਰ ‘‘ਕਸ਼ਮੀਰ ਜੱਦੋਜਹਿਦ ਮੁੱਕਣ ਵਾਲੀ ਨਹੀਂ। ਇਹ 16ਵੀਂ ਸਦੀ ਵਿਚ ਹੱਬਾ ਖ਼ਾਤੂਨ ਵੱਲੋਂ ਸ਼ਹਿਨਸ਼ਾਹ ਅਕਬਰ ਖ਼ਿਲਾਫ਼ ਵਿੱਢੀ ਜੱਦੋਜਹਿਦ ਦੀ ਯਾਦ ਦਿਵਾਉਂਦੀ ਹੈ। ...ਭਾਰਤ ਵਿਚ ਫਿਰਕਾਪ੍ਰਸਤਾਂ ਦੀ ਤਾਦਾਦ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਧੀ ਹੈ। ਫਿਰਕਾਪ੍ਰਸਤੀ ਖ਼ਿਲਾਫ਼ ਸੈਕੂਲਰ ਲੋਕਾਂ ਦਾ ਸੰਘਰਸ਼ ਜਾਰੀ ਹੈ, ਪਰ ਹਕੂਮਤਾਂ ਨਾਲ ਲੜਨਾ ਆਸਾਨ ਨਹੀਂ ਹੁੰਦਾ, ਖ਼ਾਸ ਤੌਰ ’ਤੇ ਜਦੋਂ ਅੰਧ-ਰਾਸ਼ਟਰਵਾਦ ਦੀ ਹਨੇਰੀ ਝੁੱਲ ਰਹੀ ਹੋਵੇ। ਅਜਿਹੇ ਆਲਮ ਵਿਚ ਪਾਕਿਸਤਾਨ ਨੂੰ ਪਿੱਟ-ਸਿਆਪੇ ਜਾਂ ਅਖੌਤੀ ਮਿੱਤਰ ਮੁਲਕਾਂ ਦੀਆਂ ਲੇਲ੍ਹੜੀਆਂ ਕੱਢਣ ਦੀ ਨੀਤੀ ਤਿਆਗ ਕੇ ਵੱਧ ਅਸਲਵਾਦੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਇਹ ਸਾਫ਼ ਹੈ ਕਿ ਪਾਕਿਸਤਾਨ (ਭਾਰਤੀ ਕਬਜ਼ੇ ਵਾਲੇ) ਕਸ਼ਮੀਰ ਵਿਚ ਸਿੱਧੇ ਤੌਰ ’ਤੇ ਦਖ਼ਲ ਨਹੀਂ ਦੇ ਸਕਦਾ। ਅਜਿਹਾ ਦਖ਼ਲ ਉਸ ਨੂੰ ਪੁੱਠਾ ਪਵੇਗਾ। ਜੰਗ, ਮੌਜੂਦਾ ਸਥਿਤੀ ਦਾ ਹੱਲ ਨਹੀਂ। ਜੰਗਬਾਜ਼ਾਨਾ ਪਹੁੰਚ ਭਾਰਤੀ ਮੂਲਵਾਦੀਆਂ ਨੂੰ ਤਕੜਾ ਕਰੇਗੀ ਅਤੇ ਕਸ਼ਮੀਰੀਆਂ ਦੇ ਦੁਖੜੇ ਵਧਾਏਗੀ। ਦੂਜੇ ਪਾਸੇ ਭਾਰਤ ਖ਼ਿਲਾਫ਼ ਪ੍ਰਚਾਰ ਮੁਹਿੰਮ ਬਰਕਰਾਰ ਰੱਖਣ ਦੇ ਬਵਜੂਦ ਦੱਖਣੀ ਏਸ਼ੀਆ ਵਿਚ ਅਮਨ ਬਣਾਈ ਰੱਖਣ ਦੇ ਹੀਲੇ ਪਾਕਿਸਤਾਨ ਲਈ ਵੱਧ ਕਾਰਗਰ ਸਾਬਤ ਹੋਣਗੇ। ਇਮਰਾਨ ਖ਼ਾਨ ਦੀ ਹਕੂਮਤ ਆਪਣੇ ਸਿਆਸੀ ਦੁਸ਼ਮਣਾਂ ਤੇ ਤੱਤੇ ਅਨਸਰਾਂ ਦੇ ਦਬਾਅ ਨੂੰ ਘਟਾਉਣ ਲਈ ਜੋ ਕੁਝ ਕਰ ਸਕਦੀ ਸੀ, ਉਸ ਨੇ ਕਰ ਲਿਆ। ਉਸ ਦੇ ਅਗਲੇ ਕਦਮ ਵੱਧ ਸੁਹਜਮਈ ਹੋਣੇ ਚਾਹੀਦੇ ਹਨ ਤਾਂ ਜੋ ਦੁਨੀਆਂ ਨੂੰ ਇਹ ਜ਼ਾਹਿਰ ਹੋ ਜਾਵੇ ਕਿ ਭੜਕਾਹਟ ਪਾਕਿਸਤਾਨ ਨਹੀਂ, ਭਾਰਤ ਪੈਦਾ ਕਰ ਰਿਹਾ ਹੈ।’’

* * * ਤਹਿਜ਼ੀਬੀ ਤਬਾਦਲੇ ਬੰਦ

ਪਾਕਿਸਤਾਨ ਨੇ ਨਾ ਸਿਰਫ਼ ਭਾਰਤੀ ਫਿਲਮਾਂ ਦਿਖਾਏ ਜਾਣ ਉੱਤੇ ਪਾਬੰਦੀ ਲਾਈ ਹੈ ਸਗੋਂ ਹਰ ਕਿਸਮ ਦਾ ਸਭਿਆਚਾਰਕ ਆਦਾਨ-ਪ੍ਰਦਾਨ ਵੀ ਰੋਕ ਦਿੱਤਾ ਹੈ। ਵਜ਼ੀਰੇ ਆਜ਼ਮ ਦੀ ਸੂਚਨਾ ਤੇ ਪ੍ਰਸਾਰਨ ਮਾਮਲਿਆਂ ਬਾਰੇ ਸਹਾਇਕ ਡਾ. ਫਿਰਦੌਸ ਆਸ਼ਿਕ ਆਵਾਨ ਨੇ ਕਿਹਾ ਹੈ ਕਿ ‘ਭਾਰਤ ਨੂੰ ਨਾਂਹ’ ਹੁਣ ਨਵਾਂ ਪਾਕਿਸਤਾਨੀ ਕੌਮੀ ਨਾਅਰਾ ਹੈ। ਅੰਗਰੇਜ਼ੀ ਰੋਜ਼ਨਾਮਾ ‘ਡੇਲੀ ਟਾਈਮਜ਼’ ਅਨੁਸਾਰ ਡਾ. ਆਵਾਨ ਨੇ ਕਿਹਾ ਕਿ ਜਦੋਂ ਕਿਸੇ ਮੁਲਕ ਨਾਲ ਸਿਧਾਂਤਕ ਤੇ ਵਿਚਾਰਧਾਰਕ ਲੜਾਈ ਹੋਵੇ ਤਾਂ ਹਰ ਪ੍ਰਕਾਰ ਦਾ ਆਦਾਨ-ਪ੍ਰਦਾਨ ਬੰਦ ਹੋ ਜਾਨਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ‘‘ਭਾਰਤ ਸਭਿਆਚਾਰਕ ਆਦਾਨ-ਪ੍ਰਦਾਨ ਦੇ ਨਾਂ ’ਤੇ ਪਾਕਿਸਤਾਨੀ ਨੌਜਵਾਨ ਪੀੜ੍ਹੀ ਦਾ ਦਿਲੋ-ਦਿਮਾਗ਼ ਪਲੀਤ ਕਰਦਾ ਆਇਆ ਹੈ। ਹੁਣ ਇਹ ਸਿਲਸਿਲਾ ਬੰਦ ਕੀਤਾ ਜਾ ਰਿਹਾ ਹੈ।’’

* * *

ਕੌਮੀ ਹਿੱਤਾਂ ਦੀ ਖ਼ਾਤਿਰ...

ਅੰਗਰੇਜ਼ੀ ਰੋਜ਼ਨਾਮਾ ‘ਦਿ ਨਿਊਜ਼’ ਦੀ ਸੰਪਾਦਕੀ ਅਨੁਸਾਰ ਭਾਰਤ ਨਾਲ ਵਪਾਰ ਮੁਅੱਤਲ ਕਰਨ ਦੇ ਫ਼ੈਸਲੇ ਨਾਲ ਨਾ ਪਾਕਿਸਤਾਨ ਨੂੰ ਜ਼ਿਆਦਾ ਨੁਕਸਾਨ ਹੋਣ ਵਾਲਾ ਹੈ ਅਤੇ ਨਾ ਹੀ ਭਾਰਤ ਨੂੰ। ਦਰਅਸਲ, 1965 ਦੀ ਜੰਗ ਤੋਂ ਬਾਅਦ ਦੋਵਾਂ ਮੁਲਕਾਂ ਦਰਮਿਆਨ ਵਪਾਰ ਕਦੇ ਵੀ ਜ਼ੋਰ ਨਹੀਂ ਫੜ ਸਕਿਆ। 2017-18 ਦੇ ਅੰਕੜਿਆਂ ਅਨੁਸਾਰ ਦੁਵੱਲਾ ਵਪਾਰ 2.4 ਅਰਬ ਡਾਲਰਾਂ ਦਾ ਸੀ। ਇਹ ਵਪਾਰ ਭਾਰਤ ਦੇ ਕੁੱਲ ਵਪਾਰ ਦਾ 0.31 ਫ਼ੀਸਦੀ ਤੇ ਕੁੱਲ ਪਾਕਿਸਤਾਨੀ ਵਪਾਰ ਦਾ 3.2 ਫ਼ੀਸਦੀ ਬਣਦਾ ਸੀ। ਅੱਸੀ ਫ਼ੀਸਦ ਮਾਲ ਭਾਰਤ ਤੋਂ ਪਾਕਿਸਤਾਨ ਆਉਂਦਾ ਸੀ। ਇਸ ਤਰ੍ਹਾਂ ਬਰਾਮਦਾਤ ਪੱਖੋਂ ਜਿੰਨਾ ਵੀ ਨੁਕਸਾਨ ਹੋਵੇਗਾ, ਉਹ ਭਾਰਤ ਦਾ ਹੋਵੇਗਾ। ਪਾਕਿਸਤਾਨੀ ਮਾਲ ਤਾਂ ਪਹਿਲਾਂ ਹੀ ਬਹੁਤਾ ਭਾਰਤ ਨਹੀਂ ਸੀ ਜਾਂਦਾ। ‘ਦਿ ਨਿਊਜ਼’ ਦੀ ਇਸ ਸੰਪਾਦਕੀ ਤੋਂ ਉਲਟ ‘ਡਾਅਨ’ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਕਰਾਚੀ ਤੇ ਲਾਹੌਰ ਦੇ ਵਪਾਰੀਆਂ ਨੇ ਕਬੂਲ ਕੀਤਾ ਹੈ ਕਿ ਵਪਾਰ ਮੁਅੱਤਲ ਕਰਨ ਨਾਲ ਨੁਕਸਾਨ ਪਾਕਿਸਤਾਨ ਦਾ ਵੱਧ ਹੋਇਆ ਹੈ। ਉਂਜ, ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਕੌਮੀ ਹਿੱਤਾਂ ਦੀ ਖ਼ਾਤਿਰ ਇਹ ਨੁਕਸਾਨ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ। ਕਰਾਚੀ ਚੈਂਬਰ ਆਫ਼ ਕਾਮਰਸ ਅਨੁਸਾਰ ਪਾਕਿਸਤਾਨੀ ਕੱਪੜਾ ਮਿੱਲਾਂ ਭਾਰਤ ਤੋਂ ਰੰਗ ਤੇ ਰਸਾਇਣ ਮੰਗਵਾਉਂਦੀਆਂ ਸਨ ਜੋ ਚੀਨੀ ਜਾਂ ਕੋਰਿਆਈ ਮਾਲ ਤੋਂ 35-40 ਫ਼ੀਸਦੀ ਸਸਤੇ ਪੈਂਦੇ ਸਨ। ਇਸ ਦਾ ਲਾਭ ਖ਼ਪਤਕਾਰਾਂ ਨੂੰ ਹੁੰਦਾ ਸੀ। ਹੁਣ ਖ਼ਪਤਕਾਰਾਂ ਲਈ ਕੱਪੜਾ ਕੁਝ ਮਹਿੰਗਾ ਹੋਣਾ ਸੁਭਾਵਿਕ ਹੈ। ਪਾਕਿਸਤਾਨ ਟੀ ਐਸੋਸੀਏਸ਼ਨ (ਪੀ.ਟੀ.ਏ.) ਦੇ ਪ੍ਰਧਾਨ ਸ਼ੋਏਬ ਪਰਾਚਾ ਮੁਤਾਬਿਕ ਪਾਕਿਸਤਾਨ, ਭਾਰਤੀ ਚਾਹ ਪੱਤੀ ਦਾ ਵੱਡਾ ਦਰਾਮਦਕਾਰ ਸੀ। ਹੁਣ ਇਹ ਮਾਲ ਕੀਨੀਆ ਤੇ ਚੀਨ ਤੋਂ ਮੰਗਵਾਉਣਾ ਪਵੇਗਾ। ਲਿਹਾਜ਼ਾ, ਚਾਹ-ਪੱਤੀ ਵੀ ਮਹਿੰਗੀ ਹੋਵੇਗੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੂੰ ਯਕੀਨ ਹੈ ਕਿ ਖਪਤਕਾਰ ਕੌਮੀ ਹਿੱਤਾਂ ਦੀ ਖ਼ਾਤਿਰ ਇਸ ਮਹਿੰਗਾਈ ਦਾ ਬੁਰਾ ਨਹੀਂ ਮਨਾਉਣਗੇ।

* * *

ਜੋਨ ਆਫ਼ ਲਾਹੌਰ...

'ਡਾਅਨ’ ਨੇ ਆਪਣੇ ਐਤਵਾਰ (11 ਅਗਸਤ) ਦੇ ਅੰਕ ਵਿਚ ‘ਜੋਨ ਆਫ਼ ਲਾਹੌਰ’ ਦੇ ਸਿਰਲੇਖ ਹੇਠ ਕਾਮਰਾਨ ਅਸਗਰ ਅਲੀ ਦਾ ਇਕ ਖ਼ੂਬਸੂਰਤ ਲੇਖ ਛਾਪਿਆ ਹੈ ਜੋ ਕਿ ਇਕ ਪਾਕਿਸਤਾਨੀ ਕਮਿਊਨਿਸਟ ਆਗੂ ਨੂੰ ਸਮਰਪਿਤ ਬ੍ਰਿਟਿਸ਼ ਮੋਹਤਰਮਾ ਬਾਰੇ ਹੈ। ਜੋਨ ਅਫ਼ਜ਼ਲ ਦਾ ਦੇਹਾਂਤ 16 ਜੁਲਾਈ ਨੂੰ ਲੰਡਨ ਵਿਚ ਹੋਇਆ। ਉਹ ਦਸ ਵਰ੍ਹਿਆਂ ਤੋਂ ਵੱਧ ਸਮਾਂ ਲਾਹੌਰ ਰਹੀ ਅਤੇ ਆਪਣੀ ਸਮਰਪਣ ਭਾਵਨਾ ਸਦਕਾ ਲੋਕ ਮਨਾਂ ’ਤੇ ਡੂੰਘੀ ਛਾਪ ਛੱਡੀ। 20 ਵਰ੍ਹਿਆਂ ਤੋਂ ਘੱਟ ਉਮਰ ਦੀ ਜ਼ੋਨ ਗਿਡੇਰੋ ਦੀ ਮੁਲਾਕਾਤ ਚੌਧਰੀ ਮੁਹੰਮਦ ਅਫ਼ਜ਼ਲ ਨਾਲ 1940ਵਿਆਂ ਦੌਰਾਨ ਬੀਬੀਸੀ, ਲੰਡਨ ਵਿਚ ਹੋਈ। ਸਰਕਾਰੀ ਕਾਲਜ, ਲਾਹੌਰ ਤੋਂ ਅੰਗਰੇਜ਼ੀ ਸਾਹਿਤ ਵਿਚ ਐਮ.ਏ. ਕਰਨ ਵਾਲਾ ਚੌਧਰੀ ਅਫ਼ਜ਼ਲ ਉਨ੍ਹੀਂ ਦਿਨੀਂ ਬੀਬੀਸੀ ਦੀ ਹਿੰਦੋਸਤਾਨੀ ਪ੍ਰਸਾਰਨ ਸੇਵਾ ਲਈ ਕੰਮ ਕਰ ਰਿਹਾ ਸੀ। ਉਸ ਨੂੰ ਇਹ ਨੌਕਰੀ ਉਰਦੂ ਦੇ ਉੱਘੇ ਵਿਅੰਗਕਾਰ ਪ੍ਰੋ. ਅਹਿਮਦ ਸ਼ਾਹ ਬੁਖ਼ਾਰੀ ਨੇ ਆਪਣੇ ਭਰਾ ਜ਼ੈੱਡ.ਏ. ਬੁਖ਼ਾਰੀ ਦੇ ਜ਼ਰੀਏ ਦਿਵਾਈ ਸੀ। ਜ਼ੈੱਡ.ਏ. ਬੁਖ਼ਾਰੀ ਭਾਵੇਂ ਖ਼ੁਦ ਆਲ ਇੰਡੀਆ ਰੇਡੀਓ, ਦਿੱਲੀ ਵਿਚ ਜਨਰਲ ਮੈਨੇਜਰ ਸੀ, ਪਰ ਬੀਬੀਸੀ ਦੀ ਹਿੰਦੋਸਤਾਨੀ ਸੇਵਾ ਸ਼ੁਰੂ ਕਰਨ ਵਿਚ ਉਸ ਦੀ ਭਰਪੂਰ ਮਦਦ ਲਈ ਗਈ ਸੀ। ਚੌਧਰੀ ਅਫ਼ਜ਼ਲ ਖ਼ੁਦ ਜਾਗੀਰਦਾਰ ਪਰਿਵਾਰ ਵਿਚੋਂ ਸੀ, ਪਰ ਲੰਡਨ ਰਹਿੰਦਿਆਂ ਉਹ ਖੱਬੇ-ਪੱਖੀ ਸੋਚ ਨੂੰ ਪ੍ਰਣਾਇਆ ਗਿਆ। ਪਾਕਿਸਤਾਨ ਬਣਨ ਮਗਰੋਂ ਉਹ 1948 ਵਿਚ ਲਾਹੌਰ ਆ ਗਿਆ। 1950 ਵਿਚ ਜੋਨ ਵੀ ਲਾਹੌਰ ਪਹੁੰਚ ਗਈ। ਨਿਕਾਹ ਮਗਰੋਂ ਦੋਵਾਂ ਨੇ ਅਫ਼ਜ਼ਲ ਪਰਿਵਾਰ ਦੇ ਮਾਡਲ ਟਾਊਨ, ਲਾਹੌਰ ਸਥਿਤ ਬੰਗਲੇ ਦੀ ਦੂਜੀ ਮੰਜ਼ਿਲ ਨੂੰ ਆਪਣੇ ਆਸ਼ੀਆਨੇ ਵਿਚ ਬਦਲ ਲਿਆ। ਅਫ਼ਜ਼ਲ, ਪਾਕਿਸਤਾਨ ਟਰੇਡ ਯੂਨੀਅਨ ਫੈਡਰੇਸ਼ਨ (ਪੀਟੀਯੂਐਫ) ਦਾ ਜਨਰਲ ਸਕੱਤਰ ਸੀ। 1951 ਵਿਚ ਉਸ ਨੂੰ ਰਾਵਲਪਿੰਡੀ ਸਾਜ਼ਿਸ਼ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕੇਸ ਕੁਝ ਖੱਬੇ-ਪੱਖੀ ਆਗੂਆਂ ਵੱਲੋਂ ਚੰਦ ਫ਼ੌਜੀ ਅਫ਼ਸਰਾਂ ਨਾਲ ਮਿਲ ਕੇ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਦਾ ਤਖ਼ਤਾ ਉਲਟਾਉਣ ਦੀ ਕਥਿਤ ਸਾਜ਼ਿਸ਼ ਬਾਰੇ ਸੀ। ਚੌਧਰੀ ਅਫ਼ਜ਼ਲ ਛੇ ਸਾਲ ਜੇਲ੍ਹ ਵਿਚ ਰਿਹਾ। ਜੋਨ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਬੇਦਖ਼ਲ ਕਰ ਦਿੱਤਾ। ਇਨ੍ਹਾਂ ਛੇ ਸਾਲਾਂ ਦੌਰਾਨ ਉਹ ਤਿੰਨ ਵੱਖ ਵੱਖ ਥਾਵਾਂ ’ਤੇ ਨੌਕਰੀ ਕਰਦੀ ਰਹੀ। ਉਹ ਰੋਜ਼ਾਨਾ 16 ਮੀਲ ਸਾਈਕਲ ਚਲਾ ਕੇ ਵੱਖ ਵੱਖ ਥਾਵਾਂ ’ਤੇ ਪੁੱਜਦੀ। ਉਸ ਦੀ ਕਮਾਈ ਦਾ ਅੱਧਾ ਹਿੱਸਾ ਜੇਲ੍ਹ ਵਿਚ ਬੰਦ ਚੌਧਰੀ ਅਫ਼ਜ਼ਲ ਵਾਸਤੇ ਮਹਿੰੰਗੀਆਂ ਸਿਗਰਟਾਂ ਖਰੀਦਣ ਉੱਤੇ ਖਰਚ ਹੋ ਜਾਂਦਾ। ਬਾਕੀ ਰਕਮ ਨਾਲ ਉਹ ਆਪਣਾ ਗੁਜ਼ਾਰਾ ਮਸਾਂ ਹੀ ਚਲਾਉਂਦੀ। ਇਕ ਦਹਾਕਾ ਇੰਜ ਹੀ ਗੁਜ਼ਾਰਨ ਮਗਰੋਂ ਅਫ਼ਜ਼ਲ ਜੋੜੇ ਨੇ ਲੰਡਨ ਪਰਤਣਾ ਵਾਜਬ ਸਮਝਿਆ। ਲੰਡਨ ਵਿਚ ਚੌਧਰੀ ਅਫ਼ਜ਼ਲ ਬਿਮਾਰ ਹੀ ਰਿਹਾ। ਜੋਨ ਨੇ ਉਸ ਦੀ ਸੇਵਾ ਕਰਨ ਪੱਖੋਂ ਕੋਈ ਕਮੀ ਬਾਕੀ ਨਹੀਂ ਛੱਡੀ। 1981 ਵਿਚ ਅਫ਼ਜ਼ਲ ਦੇ ਚਲਾਣੇ ਮਗਰੋਂ ਵੀ ਜੋਨ ਨੇ ਅਫ਼ਜ਼ਲ ਦੇ ਕਾਮਰੇਡ ਦੋਸਤਾਂ ਨੂੰ ਕਦੇ ਮਾੜਾ ਮੂੰਹ ਨਹੀਂ ਦਿੱਤਾ ਭਾਵੇਂ ਕਿ ‘‘ਉਹ ਸਿਰਫ਼ ਮਹਿੰਗੀ ਸਕੌਚ ਪੀਣ ਲਈ ਮੇਰੇ ਘਰ ਆਉਂਦੇ ਸਨ।’’ ਅਫ਼ਜ਼ਲ ਦੇ ਜਿਨ੍ਹਾਂ ਦੋਸਤਾਂ ਦਾ ਉਹ ਸੱਚਮੁੱਚ ਸਤਿਕਾਰ ਕਰਦੀ ਸੀ, ਉਨ੍ਹਾਂ ਵਿਚ ਫ਼ੈਜ਼ ਅਹਿਮਦ ਫ਼ੈਜ਼ ਤੇ ਸੱਯਦ ਸਿਬਤੇ ਹਸਨ ਸ਼ਾਮਲ ਸਨ। ਫ਼ੈਜ਼ ਦੀ ਬੇਟੀ ਸਲੀਮਾ ਹਾਸ਼ਮੀ, ਜੋਨ ਦੇ ਬਹੁਤ ਕਰੀਬ ਸੀ। ਉਹ ਹੀ ਆਖ਼ਰੀ ਦਿਨਾਂ ਦੌਰਾਨ ਜੋਨ ਦੀ ਦੇਖਭਾਲ ਕਰਦੀ ਰਹੀ।

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All