ਜੋਬਨ ਰੁੱਤ ਹੀ ਜ਼ਿੰਦਗੀ ਦਾ ਧੁਰਾ

ਜੋਬਨ ਰੁੱਤ ਹੀ ਜ਼ਿੰਦਗੀ ਦਾ ਧੁਰਾ

ਪ੍ਰੋ. ਵੀਰਪਾਲ ਕੌਰ ਕਮਲ

12906965cd _boyਇਨਸਾਨ ਦੀ ਪੂਰੀ ਉਮਰ ਵਿੱਚ ਸਭ ਤੋਂ ਮਹੱਤਵਪੂਰਨ ਸਮਾਂ ਜਵਾਨੀ ਦਾ ਹੀ ਹੁੰਦਾ ਹੈ। ਇਹ ਸਮਾਂ ਕੁਦਰਤ ਵੱਲੋਂ ਬਖ਼ਸ਼ਿਆ ਹੋਇਆ ਵੱਡਾ ਵਰਦਾਨ ਹੈ। ਜਵਾਨੀ ਵਿੱਚ ਕੀਤੇ ਕੰਮਾਂ ਦਾ ਲੇਖਾ ਪੂਰੀ ਉਮਰ ਭੁਗਤਣਾ ਪੈਂਦਾ ਹੈ। ਜ਼ਿੰਦਗੀ ਨੂੰ ਬਚਾਉਣ ਅਤੇ ਵਿਗਾੜਨ ਵਿੱਚ ਜੋਬਨ ਰੁੱਤ ਦਾ ਮਹੱਤਵਪੂਰਨ ਰੋਲ ਹੁੰਦਾ ਹੈ। ਇਹ ਉਹ ਸਮਾਂ ਹੈ, ਜਿਸਦਾ ਲਾਭ ਉਠਾ ਲਓ ਜਾਂ ਗਵਾ ਲਓ। ਜਿਨ੍ਹਾਂ ਨੇ ਜਵਾਨੀ ਵੇਲੇ ਅਨੁਸ਼ਾਸਨ ਭਰਭੂਰ, ਜ਼ਿੰਮੇਵਾਰੀ, ਮਿਹਨਤੀ, ਆਗਿਆਕਾਰੀ, ਸ਼ੁੱਧ-ਅਚਾਰ, ਅਮਨ-ਪਸੰਦ, ਲੋਕ-ਸੇਵਾ, ਪਰ-ਸੁਆਰਥੀ ਜੀਵਨ ਸ਼ੈਲੀ ਅਪਣਾਈ ਹੁੰਦੀ ਹੈ। ਇਹੋ ਜਿਹੇ ਨੌਜੁਆਨਾਂ ਦਾ ਭਵਿੱਖ ਜ਼ਰੂਰ ਸੰਵਰਦਾ ਹੈ। ਜਿਹੜੇ ਜੋਬਨ ਰੁੱਤੇ ਵਿਵਸਥਿਤ ਜੀਵਨ ਜਿਊਂਦੇ ਹਨ, ਉਨ੍ਹਾਂ ਦੇ ਵੱਡੀ ਉਮਰ ਵਿੱਚ ਸਥਿਰ ਵਿਚਾਰ, ਸਪੱਸ਼ਟ ਦ੍ਰਿਸ਼ਟੀਕੋਣ, ਸਪੱਸ਼ਟ ਤੇ ਸ਼ਾਂਤਮਈ ਜੀਵਨ ਹੁੰਦਾ ਹੈ। ਉਹ ਨੌਜੁਆਨ ਜੋ ਜਵਾਨੀ ਦੇ ਇਸ ਵਡਮੁੱਲੇ ਸਮੇਂ ਨੂੰ ਬਰਬਾਦ ਕਰ ਗਏ, ਉਹ ਆਪਣੇ ਭਵਿੱਖ ਦੇ ਆਪ ਹੀ ਦੁਸ਼ਮਣ ਬਣ ਗਏ। ਅਜਿਹੇ ਨੌਜੁਆਨ ਆਪਣਾ ਕਰੀਅਰ ਤਾਂ ਦਾਅ ’ਤੇ ਲਾ ਹੀ ਗਏ ਨਾਲ ਹੀ ਸਮਾਜ ਲਈ ਵੀ ਸਮੱਸਿਆ ਬਣਦੇ ਹਨ। ਇਨ੍ਹਾਂ ਦੀ ਪੂਰੀ ਜ਼ਿੰਦਗੀ ਵਿੱਚ ਹੀ ਵਿਗਾੜ ਆ ਜਾਂਦਾ ਹੈ। ਜਵਾਨੀ ਨੂੰ ਬਰਬਾਦ ਕਰਨ ਵਾਲੇ ਲੋਕ ਬਿਮਾਰ, ਅਵਿਵਸਥਿਤ, ਸੁਸਤ ਤਾਂ ਰਹਿੰਦੇ ਹੀ ਹਨ, ਨਾਲ ਹੀ ਸਾਰੀ ਉਮਰ ਸ਼ਿਕਵੇ ਹੀ ਕਰਦੇ ਰਹਿੰਦੇ ਹਨ। ਜੋਬਨ ਰੁੱਤ ਜ਼ਿੰਦਗੀ ਦੀ ਅਜਿਹੀ ਸਟੇਜ ਹੁੰਦੀ ਹੈ, ਜਦੋਂ ਸੰਤੁਲਿਤ ਜੀਵਨ ਜਿਊਣ ਦੀ ਲੋੜ ਹੁੰਦੀ ਹੈ ਤਾਂ ਹੀ ਉੱਜਲ ਭਵਿੱਖ ਸੰਭਵ ਹੈ। ਜ਼ਿੰਦਗੀ ਦੇ ਕਿਸੇ ਵੀ ਪਹਿਲੂ ਦਾ ਇੱਧਰ-ਉੱਧਰ ਹੋ ਜਾਣਾ ਜ਼ਿੰਦਗੀ ’ਚ ਵਿਗਾੜ ਪੈਦਾ ਕਰਦਾ ਹੈ। ਜਵਾਨੀ ਦਾ ਅਰਥ ਹੀ ਜੋਸ਼ ਅਤੇ ਧੜਕਣਾ ਹੈ। ਨੌਜੁਆਨ ਕਿਸੇ ਵੀ ਮਸਲੇ ਨੂੰ ਲੈ ਕੇ ਜਲਦੀ ਉਤੇਜਿਤ ਹੁੰਦੇ ਹਨ, ਪਰ ਇਸ ਸਮੇਂ ਮਿਲੀ ਹੋਈ ਪ੍ਰੇਰਨਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਜ਼ਿੰਦਗੀ ਦਾ ਬਣਨਾ, ਵਿਗੜਨਾ, ਸੰਵਰਨਾ ਇਸ ਰੁੱਤੇ ਹੀ ਸੰਭਵ ਹੁੰਦਾ ਹੈ। ਪਰ, ਅਫ਼ਸੋਸ ਕਿ ਸਾਡੀ ਨੌਜੁਆਨ ਪੀੜ੍ਹੀ ਅੱਜਕੱਲ੍ਹ ਆਪਣੇ ਜੀਵਨ ਦੇ ਮਕਸਦ ਤੇ  ਆਦਰਸ਼ ਭੁੱਲਕੇ ਬਿੱਖਰੀਆਂ ਰਾਹਾਂ ਦੀ ਪਾਂਧੀ ਬਣ ਰਹੀ ਹੈ। ਨੌਜੁਆਨ ਪੜ੍ਹਾਈ, ਕਰਤੱਵ ਇੱਥੋਂ ਤਕ ਕਿ ਸਿਹਤ ਪ੍ਰਤੀ ਵੀ ਅਵੇਸਲੇ ਹੋ ਗਏ ਹਨ। ਤਕਦੀਰ ਦੀ ਸਿਰਜਣਹਾਰ ਕਹੀ ਜਾਣ ਵਾਲੀ ਜਵਾਨੀ ਹੀ ਅੱਜ ਤਕਦੀਰ ਨੂੰ ਵਿਗਾੜ ਰਹੀ ਹੈ। ਜਿਸ ਜਵਾਨੀ ਨੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰ ਦਿੱਤੀਆਂ, ਅੱਜ ਉਹੀ ਜਵਾਨੀ ਹੱਥਾਂ ਵਿੱਚ ਹਥਿਆਰ ਲੈ ਕੇ ਆਪਣਾ ਕੀਮਤੀ ਵਕਤ ਲੜਾਈ-ਝਗੜਿਆਂ ਵਿੱਚ ਬਿਤਾ ਰਹੀ ਹੈ। ਪੜ੍ਹਾਈ ਤੋਂ ਬੇਮੁੱਖ ਹੋਈ ਇਹ ਨੌਜੁਆਨ ਪੀੜ੍ਹੀ ਆਪਣਾ, ਆਪਣੇ ਪਰਿਵਾਰ ਅਤੇ ਦੇਸ਼-ਸਮਾਜ ਦਾ ਭਵਿੱਖ ਖ਼ਰਾਬ ਕਰ ਰਹੀ ਹੈ। ਇਸ ਸਮੇਂ ਜਦੋਂ ਨੌਜੁਆਨਾਂ ਨੇ ਚਾਰੋ ਤਰਫ਼ ਖ਼ੁਸ਼ੀ ਤੇ ਖੇੜੇ ਵੰਡਣੇ ਹੁੰਦੇ ਹਨ, ਇਨ੍ਹਾਂ ਫੁੱਲਾਂ ਨੇ ਖਿੜ ਕੇ ਮਹਿਕਾਂ ਵੰਡਣੀਆਂ ਹੁੰਦੀਆਂ ਹਨ। ਬੜੇ ਚਾਵਾਂ ਤੇ ਲਾਡਾਂ ਨਾਲ ਪਾਲ -ਪਲੋਸ ਕੇ ਸੱਧਰਾਂ ਦਾ ਪਾਣੀ ਦੇ ਕੇ ਜਵਾਨ ਕੀਤੇ ਇਨ੍ਹਾਂ ਫੁੱਲਾਂ ਨੂੰ ਦੇਖਕੇ ਸੱਧਰਾਂ ਦਾ ਪਾਣੀ ਸੰਪੂਰਨ ਅਤੇ ਖ਼ੁਸ਼ੀ ਮਹਿਸੂਸ ਕਰਨਾ ਹੁੰਦਾ ਹੈ, ਪਰ ਜਦੋਂ ਇਹ ਮਹਿਕਾਂ ਕਿਧਰੇ ਉੱਡ- ਪੁੱਡ ਜਾਣ ਤਾਂ ਅਫ਼ਸੋਸ ਹੁੰਦਾ ਹੈ। ਜਿਨ੍ਹਾਂ ’ਤੇ ਸਮਾਜ ਨੇ ਮਾਣ ਕਰਨਾ ਹੈ ਉਨ੍ਹਾਂ ਤੋਂ ਹੀ ਸਮਾਜ ਨੂੰ ਖ਼ਤਰਾ ਪੈਦਾ ਹੋ ਜਾਵੇ।

ਪ੍ਰੋ. ਵੀਰਪਾਲ ਕੌਰ ਕਮਲ ਪ੍ਰੋ. ਵੀਰਪਾਲ ਕੌਰ ਕਮਲ

ਅੱਜ ਜ਼ਮਾਨੇ ਦੀ ਹਵਾ ਦਾ ਰੁਖ਼ ਹੀ ਅਜਿਹਾ ਹੋ ਗਿਆ ਹੈ ਕਿ ਨੌਜੁਆਨ ਸੰਸਕਾਰ ਅਤੇ ਸੱਭਿਆਚਾਰ ਤੋਂ ਦੂਰ ਹੋ ਰਹੇ ਹਨ। ਕੰਮ ਕਰਨ ਦੀ ਸ਼ਰਮ ਮਹਿਸੂਸ ਕਰਨ ਲੱਗੇ ਹਨ। ਖਾਲੀ ਸਮਾਂ ਹੋਣ ਕਰਕੇ ਉਹ ਕੁਰਾਹੇ ਪੈ ਰਹੇ ਹਨ। ਅੱਜ ਲੜਾਈ-ਝਗੜੇ, ਫਜ਼ੂਲ ਖ਼ਰਚੀ ਤੇ ਬੇਢੰਗਾ ਪਹਿਰਾਵਾ ਨੌਜੁਆਨਾਂ ਦੀ ਸ਼ਾਨ ਦਾ ਕੇਂਦਰ ਬਣਿਆ ਹੋਇਆ ਹੈ। ਮਾਂ-ਬਾਪ ਦੀ ਗੱਲ ਨੂੰ ਨਾ ਮੰਨਣਾ, ਵੱਡਿਆ ਦਾ ਸਤਿਕਾਰ ਨਾ ਕਰਨਾ ਅੱਜ ਦੇ ਨੌਜੁਆਨਾਂ ਦਾ ਸੱਭਿਆਚਾਰ ਬਣ ਗਿਆ ਹੈ। ਵਧ ਰਹੀ ਤਕਨਾਲੋਜੀ ਦੀ ਵਰਤੋਂ ਨਾਲ ਜਿੱਥੇ ਕੁਝ ਸੁੱਘੜ ਨੌਜੁਆਨ ਲਾਹਾ ਲੈ ਕੇ ਪ੍ਰਾਪਤੀਆਂ ਵੀ ਕਰ ਰਹੇ ਹਨ, ਉੱਥੇ ਬਹੁਤ ਸਾਰੇ ਨੌਜੁਆਨ ਇਸਦੀ ਗ਼ਲਤ ਵਰਤੋਂ ਵੀ ਕਰ ਰਹੇ ਹਨ। ਸੋਸ਼ਲ ਮੀਡੀਆ ਦੀ ਗ਼ਲਤ ਵਰਤੋਂ ਕਰਕੇ ਆਪਣਾ ਸਮਾਂ ਬਰਬਾਦ ਕਰ ਰਹੇ ਹਨ। ਚੰਗਾ ਸਹਿਤ ਪੜ੍ਹਨ ਦੀ ਰੁਚੀ ਨੌਜੁਆਨ ਵਰਗ ਵਿੱਚ ਖ਼ਤਮ ਹੀ ਹੋ ਰਹੀ ਹੈ। ਜਿਸ ਕਰਕੇ ਉਹ ਮਹਾਨ ਲੋਕਾਂ ਦੇ ਜੀਵਨ ’ਚ ਕੀਤੇ ਕਾਰਜਾਂ ਦੀ ਪ੍ਰੇਰਨਾ ਤੋਂ ਵਾਂਝੇ ਰਹਿ ਰਹੇ ਹਨ। ਪੜ੍ਹਨ ਵਿੱਚ ਰੁਚੀ ਨਾ ਦਿਖਾਉਣਾ ਤੇ ਅਧਿਆਪਕਾਂ ਦਾ ਆਦਰ ਨਾ ਕਰਨਾ ਨੌਜੁਆਨਾਂ ਨੂੰ ਨਿਘਾਰ ਵੱਲ ਲਿਜਾ ਰਿਹਾ ਹੈ। ਉਹ ਸੁਆਰਥੀ ਹੋ ਰਹੇ ਹਨ। ਜਿੱਥੇ ਅਜੌਕੀ ਨੌਜੁਆਨੀ ਦਾ ਆਪਹੁਦਰਾ ਹੋਣਾ ਮਾਂ-ਬਾਪ ਦੇ ਦੁੱਖਾਂ ਦਾ ਕਾਰਨ ਬਣ ਰਿਹਾ ਹੈ, ਉੱਥੇ ਵਿੱਦਿਅਕ ਸੰਸਥਾਵਾਂ ਵੀ ਇਸ ਅੱਗ ਦੇ ਸੇਕ ਤੋਂ ਝੁਲਸ ਰਹੀਆਂ ਹਨ। ਖ਼ੁਦ ਹੀ ਭਟਕਿਆ ਹੋਇਆ ਨੌਜੁਆਨ ਸਮਾਜ ਨੂੰ ਵੀ ਪਤਨ ਵੱਲ ਲਿਜਾ ਰਿਹਾ ਹੈ। ਜੇਕਰ ਅਸੀਂ ਨੌਜੁਆਨਾਂ ਨੂੰ ਸਹੀ ਰਸਤੇ ਪਾਉਣ ਲਈ ਯਤਨ ਨਹੀਂ ਕਰਾਂਗੇ ਤਾਂ ਸਾਨੂੰ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ। ਅਜਿਹੀ ਜ਼ਹਿਰੀਲੀ ਹਵਾ ਦੇ ਰੁਖ਼ ਤੋਂ ਕੋਈ ਵੀ ਵਾਂਝਾ ਨਹੀਂ ਰਹਿ ਸਕੇਗਾ। ਸੋ ਜ਼ਰੂਰਤ ਹੈ ਇਨ੍ਹਾਂ ਜਵਾਨੀਆਂ ਨੂੰ ਸੰਭਾਲਣ ਤੇ ਸਹੀ ਰਸਤਾ ਦਿਖਾਉਣ ਦੀ। ਇਸ ਸਬੰਧੀ ਅਹਿਮ ਭੂਮਿਕਾ ਟੀ.ਵੀ. ਚੈਨਲ ਅਤੇ ਅਖ਼ਬਾਰ ਨਿਭਾ ਸਕਦੇ ਹਨ। ਸਾਰਿਆਂ ਦੇ ਸਾਂਝੇ ਉਪਰਾਲਿਆਂ ਨਾਲ ਅਸੀਂ ਕੁਝ ਹਾਸਲ ਜ਼ਰੂਰ ਕਰ ਸਕਦੇ ਹਾਂ। ਨੌਜੁਆਨਾਂ ਨੂੰ ਖ਼ੁਦ ਹੰਭਲਾ ਮਾਰਨ ਦੀ ਲੋੜ ਹੈ। ਬੈਠ ਕੇ ਸੋਚਣ ਦੀ ਲੋੜ ਹੈ, ਬਜ਼ੁਰਗਾਂ ਦਾ ਸਾਥ ਮਾਣਨ ਦੀ ਲੋੜ ਹੈ। ਇਸ ਉਮਰੇ ਚੰਗੇ ਆਦਰਸ਼ ਬਣਾਉਣ ਅਤੇ ਉਨ੍ਹਾਂ ’ਤੇ ਚੱਲਣ ਨਾਲ ਸਹੀ ਸੇਧ ਪ੍ਰਾਪਤ ਕਰ ਸਕਦੇ ਹਨ। ਅੱਜ ਦੀ ਜ਼ਰੂਰਤ ਦੇਸ਼ ਤੇ ਸਮਾਜ ਦੇ ਭਵਿੱਖ ਨੂੰ ਸਹੀ ਰਸਤੇ ਪੈਣ ਦੀ ਤੇ ਇਨ੍ਹਾਂ ਨੂੰ ਕੁਰਾਹੇ ਪੈਣ ਤੋਂ ਰੋਕਣ ਦੀ ਹੈ।

ਸੰਪਰਕ : 85690-01590

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All