ਜੁੰਮੇ ਦੀ ਸੰਗਤ ਤੇ ਨਜਮ ਹੁਸੈਨ ਸੱਯਦ

ਤਲਵਿੰਦਰ ਸਿੰਘ

ਮੈਂ ਪਾਕਿਸਤਾਨ ਵਿੱਚ ਹੋਵਾਂ ਤਾਂ ਇਹ ਕਦੇ ਨਹੀਂ ਹੋ ਸਕਦਾ ਕਿ 15 ਜੇਲ੍ਹ ਰੋਡ, ਲਾਹੌਰ ਵਾਲੀ ਖੁੱਲ੍ਹੇ ਅਹਾਤੇ ਵਾਲੀ ਕੋਠੀ ਨਾ ਜਾਵਾਂ। ਜੇ ਦਿਨ ਜੁੰਮਾ (ਸ਼ੁੱਕਰਵਾਰ) ਹੋਵੇ ਤੇ ਵੇਲਾ ਸ਼ਾਮ ਦਾ ਤਾਂ ਇਥੇ ਲੱਗਣ ਵਾਲੀ ਸੰਗਤ ਤੁਹਾਨੂੰ ਅਸਲੋਂ ਨਵਾਂ ਅਨੁਭਵ ਦੇਵੇਗੀ। ਇਸ ਕੋਠੀ ਵਿੱਚ ਪਾਕਿਸਤਾਨੀ ਪੰਜਾਬ ਦੀ ਉਹ ਕੱਦਾਵਰ ਸ਼ਖਸੀਅਤ ਦਾ ਨਿਵਾਸ ਹੈ ਜਿਸ ਨੂੰ ਸਿਰਫ ਲਹਿੰਦੇ ਪੰਜਾਬ ਵਿੱਚ ਹੀ ਮਾਣ-ਇੱਜ਼ਤ ਹਾਸਲ ਨਹੀਂ, ਬਲਕਿ ਭਾਰਤੀ ਪੰਜਾਬ ਦੇ ਅਦੀਬ ਚਿੰਤਕ ਬੜਾ ਸਤਿਕਾਰ ਤੇ ਮਹੱਤਵ ਦਿੰਦੇ ਨੇ। ਸਾਂਝੀ ਪੰਜਾਬੀ ਵਿਰਾਸਤ ਨੂੰ ਨਜਮ ਸਾਹਿਬ ਸਿਰਫ ਉਭਾਰਦੇ ਹੀ ਨਹੀਂ, ਸਗੋਂ ਆਪਣੇ ਸਮਕਾਲੀਆਂ ਤੇ ਨਵੇਂ ਲੇਖਕਾਂ ਨੂੰ ਇਸ ਨਾਲ ਜੋੜਦੇ ਤੇ ਉਨ੍ਹਾਂ ਵਿੱਚ ਪੰਜਾਬੀਅਤ ਪ੍ਰਤੀ ਉਤਸ਼ਾਹ ਤੇ ਸ਼ਰਧਾ ਭਰਦੇ ਹਨ। ਪਿਛਲੇ ਕਈ ਸਾਲਾਂ ਤੋਂ ਸਾਂਝੀ ਪੰਜਾਬੀਅਤ ਨੂੰ ਸਮਰਪਤ ਜੁੰਮੇ ਦੀ ਸ਼ਾਮ ਨੂੰ ਸੰਗਤ ਜੁੜ ਬੈਠਦੀ ਹੈ ਤੇ ਸੰਗਤ ਦੀ ਇਸ ਲਗਾਤਾਰਤਾ ਨੇ ਕਈ ਪ੍ਰੋਢ ਲੇਖਕ ਪੈਦਾ ਕੀਤੇ ਹਨ। ਉਨ੍ਹਾਂ ਨੂੰ ਵਿਰਸੇ ਨਾਲ ਜੁੜਨ ਦੀ ਗੰਭੀਰ ਸਮਝ ਦਿੱਤੀ ਹੈ। ਮਕਸੂਦ ਸਾਕਿਬ, ਜ਼ੁਬੈਰ ਅਹਿਮਦ, ਨਾਦਰ ਅਲੀ, ਇਕਬਾਲ ਕੈਸਰ ਤੇ ਹੋਰ ਲੇਖਕ ਬੜੇ ਮਾਣ ਨਾਲ ਆਪਣੇ ਆਪ ਨੂੰ ਨਜਮ ਹੋਰਾਂ ਦੀ ਸੰਗਤ ਵਿੱਚੋਂ ਨਿਖਰ ਕੇ ਨਿਕਲੇ ਹੋਏ ਮੰਨਦੇ ਹਨ। ਸੰਗਤ ਦਾ ਮਾਹੌਲ ਆਮ ਸਾਹਿਤਕ ਮਹਿਫਲਾਂ ਦੇ ਰੰਗ ਦਾ ਨਹੀਂ ਹੁੰਦਾ ਬਲਕਿ ਇਕ ਆਸਥਾ ਵਿੱਚ ਜੁੜੀ ਕਲਾਸ ਵਰਗਾ ਹੁੰਦਾ ਹੈ, ਜਿੱਥੇ ਸ਼ਾਮਲ ਲੋਕ ਗਹਿਰ, ਗੰਭੀਰ ਤੇ ਸ਼ਾਂਤ ਚਿੱਤ ਮੁਦਰਾ ਵਿੱਚ ਬੈਠ ਕੇ ਕੁਝ ਸੁਣਦੇ, ਕੁਝ ਕਹਿੰਦੇ ਹਨ। ਬੇਸ਼ੱਕ ਉਥੇ ਨਜਮ ਸਾਹਿਬ ਦੀ ਮੌਜੂਦਗੀ ਇਕ ਪੈਗੰਬਰੀ ਕਿਸਮ ਦੀ ਲੱਗਦੀ ਹੈ, ਪਰ ਅਸਲ ਵਿੱਚ ਉਹ ਸਾਰੇ ਹਾਜ਼ਰੀਨ ਨਾਲ ਬੜੀ ਸ਼ਾਇਸਤਗੀ ਨਾਲ ਪੇਸ਼ ਆਉਂਦੇ ਹਨ ਤੇ ਕਦੇ ਵੀ ਅਹਿਸਾਸ ਨਹੀਂ ਹੋਣ ਦਿੰਦੇ ਕਿ ਉਹ ਹੋਰਾਂ ਨਾਲੋਂ ਕਿਸੇ ਵਿਸ਼ੇ ਉਤੇ ਵੱਧ ਜਾਣਦੇ ਹਨ। ਇਹ ਉਨ੍ਹਾਂ ਦਾ ਅੰਦਾਜ਼ੇ ਬਿਆਨ ਹੈ ਕਿ ਉਹ ਗੱਲਾਂ-ਗੱਲਾਂ ਵਿੱਚ ਕੁਝ ਅਜਿਹੇ ਨੁਕਤਿਆਂ ਨੂੰ ਦੱਸੀ ਜਾਂਦੇ ਹਨ ਜਿਨ੍ਹਾਂ ਬਾਰੇ ਸੁਣਨ ਵਾਲੇ ਸੱਚੀ-ਮੁੱਚੀ ਅਣਭਿੱਜ ਹੁੰਦੇ ਹਨ। ਉਥੇ ਇਕ ਵਿਸ਼ੇ ਉਪਰ ਕਈ-ਕਈ ਬੈਠਕਾਂ ਲੱਗ ਜਾਂਦੀਆਂ ਹਨ। ਮਸਲਨ ਪਿਛਲੀ ਵਾਰ ਉਥੇ ਭਾਈ ਗੁਰਦਾਸ ਦੀਆਂ ਵਾਰਾਂ ਉਪਰ ਚਰਚਾ ਚੱਲ ਰਹੀ ਸੀ। ਮੈਂ ਉਸ ਵਿਸ਼ੇ ਉਪਰ ਬੇਸ਼ੱਕ ਉਹੀ ਇਕ ਹਾਜ਼ਰੀ ਭਰੀ, ਪਰ ਇਹ ਗੱਲ ਮੈਂ ਸ਼ਿੱਦਤ ਨਾਲ ਮਹਿਸੂਸ ਕੀਤੀ ਕਿ ਉਹ ਸਹਿਜ ਚਰਚਾ ਕਿਤੇ ਮੁੱਲਵਾਨ ਸੀ ਤੇ ਉਥੇ ਬੈਠ ਕੇ ਸੁਣੇ ਵਿਚਾਰ ਬਿਲਕੁਲ ਨਵੇਂ ਤੇ ਅਛੋਹ ਸਨ। ਮੈਨੂੰ ਮੇਰੇ ਮਿੱਤਰ ਆਸ਼ਿਲ ਰਹੀਲ ਨੇ ਦੱਸਿਆ ਕਿ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਸਾਰੀਆਂ ਬੈਠਕਾਂ ਅਟੈਂਡ ਕੀਤੀਆਂ ਤੇ ਸਿੱਖ ਧਰਮ ਦੇ ਇਸ ਗ੍ਰੰਥ ਬਾਰੇ ਪਹਿਲੀ ਵਾਰ ਏਨੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਨਜਮ ਸਾਹਿਬ ਨੂੰ ਬਹੁਤ ਸਾਰੀ ਬਾਣੀ ਜ਼ੁਬਾਨ ਯਾਦ ਹੈ। ਉਨ੍ਹਾਂ ਦਾ ਮੱਤ ਹੈ ਕਿ ਪੀਰ ਨਾਨਕ ਦਾ ਸੰਦੇਸ਼ ਘਰ ਪਹੁੰਚਣਾ ਚਾਹੀਦਾ ਹੈ। ਇਵੇਂ ਹੀ ਇਸ ਵਾਰ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਦਾ ਗਾਇਨ ਚੱਲਿਆ। ਜਿਸ ਅਕੀਦਤ ਨਾਲ ਉਥੇ ਮੌਜੂਦ ਨੌਜਵਾਨ ਮੁੰਡਿਆਂ ਨੇ ਰਲ ਕੇ ਕਾਫੀਆਂ ਗਾਈਆਂ ਉਨ੍ਹਾਂ ਵਿੱਚੋਂ ਬੁੱਲ੍ਹੇ ਸ਼ਾਹ ਦੀ ਰਚਨਾ ਦੀ ਸੂਫੀ ਸੰਗਤ ਬਹੁਤ ਗੂੜ੍ਹੀ ਹੋ ਕੇ ਉੱਭਰੀ। ਨਜਮ ਹੁਸੈਨ ਹੋਰਾਂ ਦੀ ਦੋਹਾਂ ਪੰਜਾਬਾਂ ਵਿੱਚ ਪਛਾਣ ਇਕ ਪ੍ਰਬੁੱਧ ਗਲਪਕਾਰ, ਤਨਕੀਦ-ਕਰਤਾ (ਆਲੋਚਕ), ਇਕ ਹੱਸਾਸ ਸ਼ਾਇਰ, ਸਮਰੱਥ ਨਾਟਕਕਾਰ ਤੇ ਇਕ ਪ੍ਰਭਾਵਸ਼ਾਲੀ ਬੁਲਾਰੇ ਦੀ ਹੈ। ਉਹ ਕਿਸੇ ਤੁੱਕ, ਸ਼ਬਦ, ਰਚਨਾ ਦੀ ਵਿਆਖਿਆ ਕਦੇ ਨਾ ਭੁੱਲਣ ਵਾਲੇ ਅੰਦਾਜ਼ ਵਿੱਚ ਕਰਦੇ ਸਰੋਤੇ ਨੂੰ ਕਈ ਗੁੱਝੀਆਂ ਰਮਜ਼ਾਂ ਦੀ ਜਾਣਕਾਰੀ ਦੇ ਜਾਂਦੇ ਹਨ। ਉਨ੍ਹਾਂ ਦੀਆਂ ਕਿਤਾਂਬਾਂ ‘ਸੇਧਾਂ’, ‘ਸਾਰਾਂ’, ‘ਸੱਚ ਸਦਾ ਅਬਾਦੀ ਕਰਨਾ’, ‘ਅਕੱਥ ਕਹਾਣੀ’, ‘ਖਾਕ ਜੇਡ ਨਾ ਕੋਈ’, ‘ਆਹੀਆਂ ਵਿੱਚੋਂ ਨਾਹੀਆਂ’ ਆਦਿ ਆਲੋਚਨਾ ਦੇ ਨਵੇਂ ਕੀਰਤੀਮਾਨ ਸਥਾਪਤ ਕਰਦੀਆਂ ਹਨ। ‘ਬਾਰ ਦੀ ਵਾਰ’, ‘ਖੱਪੇ’, ‘ਆਮ ਦਿਨਾਂ ਦੇ ਨਾਂ’, ‘ਕਾਲ ਥਾਲ’ ਆਦਿ ਸ਼ਾਇਰੀ ਦੀ ਉੱਚੀ ਮਿਸਾਲ ਹਨ ਤੇ ‘ਜੰਗਲ ਦਾ ਰਾਖਾ’, ‘ਤਖ਼ਤ ਲਾਹੌਰ’, ‘ਹਾੜ ਦੇ ਫੁੱਲ’ ਤੇ ‘ਇਕ ਰਾਤ ਰਾਵੀ’ ਨਾਟਕ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸੰਗ੍ਰਹਿ ਪੰਜਾਬੀ (ਗੁਰਮੁਖੀ) ਲਿੱਪੀ ਵਿੱਚ ਛਪ ਗਏ ਹਨ। ਸੱਯਦ ਸਾਹਿਬ ਪਾਕਿਸਤਾਨ ਦੀ ਮਿਲਟਰੀ ਸਰਵਿਸਿਜ਼ ਵਿੱਚ ਚੀਫ ਅਕਾਊਂਟੈਂਟ ਦੇ ਅਹੁਦੇ ’ਤੇ ਤਾਇਨਾਤ ਰਹੇ ਤੇ ਬਾਅਦ ਵਿੱਚ ਉਨ੍ਹਾਂ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਈਆਂ। ਉਹ ਇਕ ਰਸਾਲੇ ਦੀ ਸੰਪਾਦਨਾ ਵੀ ਕਰਦੇ ਰਹੇ ਹਨ। ਉਨ੍ਹਾਂ ਦੀ ਰਚਨਾ ਭਾਵੇਂ ਸ਼ਾਇਰੀ ਹੋਵੇ ਨਾਟਕ ਜਾਂ ਆਲੋਚਨਾ, ਸੱਯਦ ਆਮ ਬੋਲਚਾਲ ਦੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਦੀ ਭਾਸ਼ਾ ਵਿੱਚ ਕੋਈ ਉਚੇਚੇ ਨਜ਼ਰੀਂ ਨਹੀਂ ਪੈਂਦਾ। ਏਧਰਲੀ (ਚੜ੍ਹਦੇ ਪੰਜਾਬ ਦੀ) ਆਲੋਚਨਾ ਦੇ ਮੁਕਾਬਲੇ ਨਜਮ ਕਿਤੇ ਜ਼ਿਆਦਾ ਸਰਲ  ਨਜ਼ਰ ਆਉਂਦੇ ਹਨ। ਨਿਰਸੰਦੇਹ ਇਸ ਦਾ ਇਕ ਕਾਰਨ ਲਹਿੰਦੇ ਪੰਜਾਬ ਵਿੱਚ ਪੰਜਾਬੀ ਆਲੋਚਨਾ ਪਰੰਪਰਾ ਦਾ ਬਹੁਤ ਸੀਮਤ ਹੋਣਾ ਕਿਹਾ ਜਾ ਸਕਦਾ ਹੈ, ਪਰ ਬੋਝਲ ਤੇ ਸੰਸਕ੍ਰਿਤ ਆਧਾਰਤ ਸ਼ਬਦਾਂ ਦੀ ਥਾਂ ਆਮ ਵਰਤੋਂ ਵਿਹਾਰ ਦੇ ਸ਼ਬਦ ਪੜ੍ਹਦਿਆਂ ਸੁਖਾਵਾਂ ਮਹਿਸੂਸ ਜ਼ਰੂਰ ਹੁੰਦਾ ਹੈ। ਮਿੱਠੇ ਤੇ ਨਿਮਰ ਸੁਭਾਅ ਨਜਮ ਸਾਹਿਬ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀਆਂ ਰਗਾਂ ਵਿੱਚ ਚੱਲ ਰਹੇ ਇਕ ਸਿਹਤਮੰਦ ਲਹੂ ਦੀ ਤਰ੍ਹਾਂ ਹਨ, ਜੋ ਇਲਾਕੇ, ਮਜ਼੍ਹਬ, ਫਿਰਕਿਆਂ ਤੋਂ ਉੱਚੇ ਉੱਠ ਕੇ ਆਪਣੇ ਮਿਸ਼ਨ ਵਿੱਚ ਜੀਅ-ਜਾਨ ਨਾਲ ਲੱਗੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੱਧ ਪ੍ਰਦੇਸ਼ ’ਚ ਤਕੜੇ ਦਾ ਸੱਤੀਂ ਵੀਹੀਂ ਸੌ: ਵਿਧਾਇਕ ਬਣੇ ਬਗ਼ੈਰ ਹੀ ਬਣਗੇ 12 ਜਣੇ ਮੰਤਰੀ

ਮੱਧ ਪ੍ਰਦੇਸ਼ ’ਚ ਤਕੜੇ ਦਾ ਸੱਤੀਂ ਵੀਹੀਂ ਸੌ: ਵਿਧਾਇਕ ਬਣੇ ਬਗ਼ੈਰ ਹੀ ਬਣਗੇ 12 ਜਣੇ ਮੰਤਰੀ

ਸਿੰਧੀਆ ਸਮਰਥਕਾਂ ਵਿੱਚੋਂ ਕੋਈ ਵੀ ਨਹੀਂ ਹੈ ਵਿਧਾਨ ਸਭਾ ਦਾ ਮੈਂਬਰ

ਨੀਟ ਤੇ ਜੇਈਈ ਬਾਰੇ ਬੇਯਕੀਨੀ ਬਰਕਰਾਰ

ਨੀਟ ਤੇ ਜੇਈਈ ਬਾਰੇ ਬੇਯਕੀਨੀ ਬਰਕਰਾਰ

ਪ੍ਰੀਖਿਆਵਾਂ ਲੈਣ ਜਾਂ ਨਾ ਲੈਣ ਬਾਰੇ ਪੈਨਲ 3 ਨੂੰ ਦੇਵੇਗਾ ਰਿਪੋਰਟ

ਸ਼ਹਿਰ

View All