ਜਿੱਥੇ ਸਿਰ ਝੁਕਦਾ ਹੈ ਅਤੇ ਮਨ ਵਿੱਚ ਡਰ ਨਹੀਂ

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਹਰ ਸਿੱਖ ਦੇ ਮਨ ਵਿੱਚ ਹੈ। ਇਹ ਉਸ ਦੀ ਅਰਦਾਸ ਦਾ ਹਿੱਸਾ ਹੈ। ਜਦੋਂ ਸਿੱਖ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਾ ਹੈ ਤਾਂ ਉਸ ਦੀ ਹਉਮੈ ਦਾ ਵਿਨਾਸ਼ ਹੁੰਦਾ ਹੈ। ਜਦੋਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਬਾਰੇ ਸੋਚਦੇ ਹਾਂ ਤਾਂ ਸਾਡੇ ਮਨ ਵਿੱਚ ਜੋ ਤਸਵੀਰ ਬਣਦੀ ਹੈ ਉਹ ਦੁਨੀਆਂ ਦੇ ਅਜਿਹੇ ਅਜੂਬੇ ਦੀ ਹੈ ਜੋ ਨਾ ਸਿਰਫ਼ ਦੇਖਣ ਵਿੱਚ ਵਿਲੱਖਣ ਹੈ ਬਲਕਿ ਇੱਥੇ ਜਾ ਕੇ ਨਤਮਸਤਕ ਹੋਣ ਦਾ ਸੁਭਾਗ ਵੱਖਰਾ ਮਾਨਸਿਕ ਅਤੇ ਅਧਿਆਤਮਕ ਸਕੂਨ ਦਿੰਦਾ ਹੈ। ਰਸ-ਭਿੰਨੀ ਗੁਰਬਾਣੀ ਅਤੇ ਰਾਗਾਂ ਵਿੱਚ ਪਰੋਏ ਹੋਏ ਸ਼ਬਦ ਸੱਚੇ ਮਨ ਨਾਲ ਸੁਣਨ ਵਾਲੇ ਦੀ ਬਿਰਤੀ 'ਤੇ ਸਿੱਧਾ ਅਸਰ ਪਾਉਂਦੇ ਹਨ। ਬੀਤੇ ਦਿਨੀਂ ਇਸ ਸ਼ਾਂਤਮਈ ਪਵਿੱਤਰ ਸਥਾਨ ਦਾ ਉਦੋਂ ਨਿਰਾਦਰ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੁਝ ਅਨਸਰਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਨਾਲ ਟਕਰਾਅ ਹੋਇਆ। ਇਸ ਪਾਕ ਸਥਾਨ 'ਤੇ ਨੰਗੀਆਂ ਤਲਵਾਰਾਂ ਲਹਿਰਾਉਂਦੀਆਂ ਦੇਖਣ ਨੂੰ ਮਿਲੀਆਂ। ਮੀਡੀਆ ਖ਼ਾਸ ਤੌਰ 'ਤੇ ਟੈਲੀਵਿਜ਼ਨ ਦੇ ਜ਼ਰੀਏ ਇਹ ਘਟਨਾ ਦੇਸ਼-ਵਿਦੇਸ਼ ਤਕ ਪਹੁੰਚ ਗਈ ਅਤੇ ਸਾਰੇ ਪਾਸਿਓਂ ਇਸ ਦੀ ਨਿੰਦਿਆ ਹੋਈ। ਅਜੋਕੀ ਦੁਨੀਆਂ ਤਸਵੀਰਾਂ ਦੀ ਹੈ ਅਤੇ ਕਈ ਵਾਰੀ ਇਤਿਹਾਸਕ ਮੌਕਿਆਂ ਦਾ ਸੁਮੇਲ ਕੁਝ ਚੋਣਵੀਆਂ ਤਸਵੀਰਾਂ ਵਿੱਚ ਹੋ ਜਾਂਦਾ ਹੈ। ਜੇ ਇਤਿਹਾਸ ਵੱਲ ਨਿਗ੍ਹਾ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸੰਨ 1972 ਦੀ ਵੀਅਤਨਾਮ ਜੰਗ ਸਮੇਂ ਅਮਰੀਕੀ ਬੰਬ ਤੋਂ ਭੱਜ ਰਹੀ ਬੱਚੀ ਕਿਮ ਫੁੱਕ ਦੇ ਕੱਪੜੇ ਅੱਗ ਨਾਲ ਸੁਆਹ ਹੋ ਜਾਣ ਦੀ ਦਿਲ-ਕੰਬਾਊ ਤਸਵੀਰ ਦੀ ਵਿਸ਼ਵ ਪੱਧਰ 'ਤੇ ਚਰਚਾ ਹੋਈ ਸੀ। ਇਸੇ ਤਰ੍ਹਾਂ ਸੰਨ 1989 ਵਿੱਚ ਚੀਨ ਦੇ ਤਿਆਨਾਮਿਨ ਚੌਕ ਵਿੱਚ ਇੱਕ ਅਣਜਾਣ ਵਿਅਕਤੀ ਵੱਲੋਂ ਚੀਨੀ ਫ਼ੌਜ ਦੇ ਟੈਂਕ ਰੋਕ ਦਿੱਤੇ ਜਾਣ ਦੀ ਤਸਵੀਰ ਵੀ ਇਤਿਹਾਸਕ ਹੈ। ਸਾਡੇ ਮਨਾਂ ਵਿੱਚ ਵਸੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸੁਨਹਿਰੀ ਇਮਾਰਤ ਅਤੇ ਸੁੰਦਰ ਸਰੋਵਰ ਦੀ ਹੈ। ਕਈ ਵਾਰੀ ਇਸ ਤਸਵੀਰ ਵਿੱਚ ਹਥਿਆਰਬੰਦ ਵਿਅਕਤੀਆਂ ਤੇ ਉਨ੍ਹਾਂ ਦੇ ਲੀਡਰਾਂ ਦਾ ਅਕਸ ਆਉਂਦਾ ਹੈ। ਫਿਰ ਉਹ ਦਰਦਨਾਕ ਯਾਦ ਆਉਂਦੀ ਹੈ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਗੋਲੀਬਾਰੀ ਹੋਈ। ਇਹ ਨੰਗੀਆਂ ਤਲਵਾਰਾਂ ਦੀ ਝਲਕ ਸਾਨੂੰ ਉਸ ਤੋਂ 30 ਸਾਲ ਬਾਅਦ ਉਸੇ ਦਿਹਾੜੇ ਮੁੜ ਦੇਖਣ ਨੂੰ ਮਿਲੀ। ਸਿੱਖਾਂ ਦਾ ਇਤਿਹਾਸ, ਸੇਵਾ, ਦ੍ਰਿੜ੍ਹਤਾ ਅਤੇ ਨਿਮਰਤਾ ਦਾ ਹੈ। ਗੁਰਦੁਆਰਾ ਸੁਧਾਰ ਲਹਿਰ ਵਿੱਚ ਸਿੱਖਾਂ ਨੇ ਬਹੁਤ ਔਖੇ ਹੋ ਕੇ ਬੜੀ ਮਾਰ ਸਹਿ ਕੇ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਮੁਕਤ ਕਰਵਾਇਆ। ਆਮ ਤੌਰ 'ਤੇ ਮਹੰਤਾਂ ਨੂੰ ਅੰਗਰੇਜ਼ ਸਰਕਾਰ ਦੀ ਸ਼ਹਿ ਪ੍ਰਾਪਤ ਸੀ ਜਿਸ ਕਰਕੇ ਅਕਾਲੀ ਕਾਰਕੁਨਾਂ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ। ਜਦੋਂ ਅਸੀਂ ਵਰਤਮਾਨ ਦੀ ਇਸ ਅਫ਼ਸੋਸਨਾਕ ਘਟਨਾ ਬਾਰੇ ਸੋਚਦੇ ਹਾਂ ਤਾਂ ਸੁਤੇ-ਸਿੱਧ ਹੀ ਮਨ ਵਿੱਚ ਇੱਕ ਸੁਆਲ ਆਉਂਦਾ ਹੈ ਕਿ ਉਨ੍ਹਾਂ ਸਿੱਖਾਂ ਦਾ ਕੀ ਰਵੱਈਆ ਤੇ ਦ੍ਰਿਸ਼ਟੀਕੋਣ ਸੀ, ਜਿਨ੍ਹਾਂ ਨੇ ਮਹੰਤਾਂ ਨਾਲ ਟੱਕਰ ਲਈ? ਇਹ ਸਮਝਣ ਲਈ ਸਾਨੂੰ ਸੰਨ 1922 ਦੇ ਗੁਰੂ ਕਾ ਬਾਗ਼ ਮੋਰਚੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਸਾਹਿਬ ਦੇ ਮਹੰਤ ਨੇ ਇਹ ਤਾਂ ਮੰਨ ਲਿਆ ਸੀ ਕਿ ਗੁਰਦੁਆਰਾ ਸਾਹਿਬ ਤਾਂ ਹੁਣ ਸੰਗਤਾਂ ਦੇ ਹਨ ਪਰ ਉਹ ਨਾਲ ਦੇ ਬਾਗ਼ ਨੂੰ ਆਪਣੀ ਜੱਦੀ ਜਾਇਦਾਦ ਮੰਨਦਾ ਸੀ। ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤਾਂ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਵਿੱਚ ਵੀ ਅੰਗਰੇਜ਼ ਸਰਕਾਰ ਅਤੇ ਪੁਲੀਸ ਨੇ ਮਹੰਤਾਂ ਦਾ ਪੱਖ ਲਿਆ। ਮੋਰਚਾ ਲੱਗਿਆ ਅਤੇ ਹਰ ਰੋਜ਼ ਸਿੰਘਾਂ ਦੇ ਜਥੇ ਜਾ ਕੇ ਗ੍ਰਿਫ਼ਤਾਰੀਆਂ ਦਿੰਦੇ ਰਹੇ। ਸਿੰਘ ਇਹ ਅਰਦਾਸ ਕਰਕੇ ਜਾਂਦੇ ਸਨ ਕਿ ਉਹ ਪੂਰੀ ਤਰ੍ਹਾਂ ਸ਼ਾਂਤ ਰਹਿਣਗੇ ਅਤੇ ਜਦੋਂ ਉਨ੍ਹਾਂ ਉੱਤੇ ਲਾਠੀਆਂ ਵਰ੍ਹਦੀਆਂ ਤਾਂ ਵੀ ਉਹ ਆਪਣੇ ਇਰਾਦੇ ਤੋਂ ਨਾ ਥਿਰਕਦੇ। ਅੰਗਰੇਜ਼ਾਂ ਨੇ ਇਸ ਗੱਲ ਨੂੰ ਢਕਣ ਦਾ ਕਾਫ਼ੀ ਉਪਰਾਲਾ ਕੀਤਾ ਪਰ ਸਿੰਘਾਂ ਦੇ ਕੁਰਬਾਨੀ ਦੇ ਜਜ਼ਬੇ ਦੀ ਗੱਲ ਦੂਰ-ਦੂਰ ਤਕ ਫੈਲ ਗਈ। ਟ੍ਰਿਬਿਊਨ ਅਖ਼ਬਾਰ ਨੇ ਵੀ ਇਸ ਬਾਰੇ ਲਿਖਿਆ ਅਤੇ ਜਦੋਂ ਅੰਗਰੇਜ਼ ਸਰਕਾਰ ਨੇ ਕੁਝ ਨੁਕਤਾਚੀਨੀ ਕੀਤੀ ਤਾਂ ਟ੍ਰਿਬਿਊਨ ਨੇ ਆਪਣੀ ਰਿਪੋਰਟ ਬਾਰੇ ਦ੍ਰਿੜ੍ਹਤਾ ਨਾਲ ਪੱਖ ਪੇਸ਼ ਕੀਤਾ। ਮਹਾਤਮਾ ਗਾਂਧੀ ਦੇ ਦੋਸਤ ਸੀ.ਐਫ.ਐਂਡਰੂਜ਼, ਜੋ ਕਿ ਇੱਕ ਪਾਦਰੀ ਵੀ ਸੀ, ਨੇ ਗੁਰੂ ਕਾ ਬਾਗ਼ ਆ ਕੇ ਅੱਖੀਂ ਡਿੱਠਾ ਹਾਲ ਦੁਨੀਆਂ ਸਾਹਮਣੇ ਪੇਸ਼ ਕੀਤਾ। ਉਸ ਦਾ ਬਿਆਨ ਵਿਦੇਸ਼ਾਂ ਵਿੱਚ ਛਪਿਆ ਅਤੇ ਇਸ ਨਾਲ ਇਸ ਸ਼ਾਂਤਮਈ ਪਰ ਦ੍ਰਿੜ੍ਹ ਮੋਰਚੇ ਬਾਰੇ ਕਾਫ਼ੀ ਚਰਚਾ ਹੋਈ। ਹੋਰ ਬਦਨਾਮੀ ਤੋਂ ਡਰਦੇ ਅੰਗਰੇਜ਼ਾਂ ਨੇ ਸਰ ਗੰਗਾ ਰਾਮ, ਜੋ ਇੱਕ ਅਮੀਰ ਇੰਜੀਨੀਅਰ ਸਨ, ਨੂੰ ਵਿੱਚ ਪਾਇਆ। ਉਨ੍ਹਾਂ ਨੇ ਮਹੰਤ ਤੋਂ ਬਾਗ਼ ਲਿਆ ਤਾਂ ਕਿ ਸਿੰਘ ਉੱਥੋਂ ਲੰਗਰ ਲਈ ਲੱਕੜ ਲੈ ਸਕਣ। ਇੰਜ ਇਹ ਗੱਲ ਤਾਂ ਖ਼ਤਮ ਹੋ ਗਈ ਪਰ ਅੱਜ ਤਕ ਉਨ੍ਹਾਂ 5,000 ਸਿੰਘਾਂ ਨੂੰ ਦੁਨੀਆਂ ਯਾਦ ਕਰਦੀ ਹੈ ਜਿਨ੍ਹਾਂ ਨੇ ਲਾਠੀਆਂ ਅਤੇ ਹੋਰ ਕਈ ਕਿਸਮ ਦਾ ਤਸ਼ੱਦਦ ਝੱਲਿਆ। ਪਿੱਛੇ ਜਿਹੇ ਇਸ ਮੋਰਚੇ ਦੀਆਂ ਤਸਵੀਰਾਂ ਇੰਟਰਨੈੱਟ ਜ਼ਰੀਏ ਦੁਨੀਆਂ ਨੂੰ ਦੇਖਣ ਨੂੰ ਮਿਲੀਆਂ। ਸੀ.ਐਫ.ਐਂਡਰੂਜ਼ ਦੇ ਸ਼ਬਦਾਂ ਨਾਲ ਇਹ ਚਿੱਤਰਾਂ ਦਾ ਸੁਮੇਲ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ਗੱਲ ਹੁਣ ਨਿਰੀ ਇਤਿਹਾਸਕ ਨਹੀਂ ਲੱਗਦੀ, ਉਹ ਤਾਂ ਪ੍ਰਤੱਖ ਸਾਹਮਣੇ ਆ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੇ ਸੇਵਾਦਾਰ, ਗੁਰੂ ਕਾ ਬਾਗ਼ ਅਤੇ ਹੋਰ ਗੁਰਦੁਆਰਾ ਸੁਧਾਰ ਲਹਿਰ ਦੇ ਮੋਰਚਿਆਂ ਵਿੱਚ ਸ਼ਿਰਕਤ ਕਰਨ ਵਾਲੇ ਸਿੰਘਾਂ ਦੇ ਵਾਰਿਸ ਹਨ। ਕਾਸ਼! ਉਨ੍ਹਾਂ ਵਿੱਚ ਇੰਨੀ ਸਹਿਣ ਸ਼ਕਤੀ ਹੁੰਦੀ ਕਿ ਉਹ ਸਾਹਮਣੇ ਆਏ ਹਥਿਆਰਬੰਦ ਸ਼ਰਾਰਤੀ ਅਨਸਰਾਂ ਨੂੰ ਸ਼ਾਂਤਮਈ ਤਰੀਕੇ ਅਤੇ ਦ੍ਰਿੜ੍ਹਤਾ ਨਾਲ ਰੋਕ ਪਾਉਂਦੇ। ਜਦੋਂ ਅਸੀਂ ਇਤਿਹਾਸ ਅਤੇ ਵਰਤਮਾਨ ਨੂੰ ਤੁਲਨਾਉਂਦੇ ਹਾਂ ਤਾਂ ਵਰਤਮਾਨ ਫਿੱਕਾ ਪੈ ਜਾਂਦਾ ਹੈ। ਗੁਰਦੁਆਰਾ ਸੁਧਾਰ ਲਹਿਰ ਵਿੱਚ ਸ਼ਿਰਕਤ ਕਰਦੇ ਸਿੰਘਾਂ ਦੀਆਂ ਕਿਰਪਾਨਾਂ ਮਿਆਨਾਂ ਵਿੱਚ ਰਹੀਆਂ। ਉਨ੍ਹਾਂ ਆਪਾ ਵਾਰ ਕੇ ਅੰਗਰੇਜ਼ਾਂ ਦੀ ਨਿਰਪੱਖਤਾ ਦਾ ਖੋਖਲਾਪਣ ਦੁਨੀਆਂ ਸਾਹਮਣੇ ਲਿਆਂਦਾ। ਜਿਨ੍ਹਾਂ ਸ਼ਰਾਰਤੀ ਅਨਸਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਨੰਗੀਆਂ ਤਲਵਾਰਾਂ ਲਹਿਰਾਈਆਂ, ਉਨ੍ਹਾਂ ਦਾ ਅਧਿਆਤਮਕ ਹੌਲਾਪਣ ਵੀ ਪ੍ਰਤੱਖ ਹੋ ਗਿਆ ਹੈ। ਇਹ ਤਲਵਾਰਾਂ ਹਉਮੈ ਦਾ ਪ੍ਰਗਟਾਵਾ ਸਨ। ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਇਨਸਾਨ ਨੂੰ ਨਿਡਰਤਾ ਅਤੇ ਨਿਮਰਤਾ ਨਾਲ ਜਾਣਾ ਚਾਹੀਦਾ ਹੈ। ਥੋੜ੍ਹੇ ਸਮੇਂ ਲਈ ਇੱਥੋਂ ਦੀ ਮਰਿਆਦਾ ਭੰਗ ਹੋਈ। ਬਹੁਤੇ ਸਮੇਂ ਲਈ ਕੌਮ ਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਸਭ ਰਲ ਕੇ ਅਜਿਹੀਆਂ ਘਟਨਾਵਾਂ ਮੁੜ ਵਾਪਰਨ ਤੋਂ ਕਿਵੇਂ ਰੋਕ ਸਕਦੇ ਹਾਂ?

- ਰੁਪਿੰਦਰ ਸਿੰਘ ਸੰਪਰਕ: 98141-35938

ਜਦੋਂ ਅਸੀਂ ਇਤਿਹਾਸ ਅਤੇ ਵਰਤਮਾਨ ਦੀ ਤੁਲਨਾ ਕਰਦੇ ਹਾਂ ਤਾਂ ਵਰਤਮਾਨ ਫਿੱਕਾ ਪੈ ਜਾਂਦਾ ਹੈ। ਗੁਰਦੁਆਰਾ ਸੁਧਾਰ ਲਹਿਰ ਵਿੱਚ ਸ਼ਿਰਕਤ ਕਰਦੇ ਸਿੰਘਾਂ ਦੀਆਂ ਕਿਰਪਾਨਾਂ ਮਿਆਨਾਂ ਵਿੱਚ ਰਹੀਆਂ। ਉਨ੍ਹਾਂ ਆਪਾ ਵਾਰ ਕੇ ਅੰਗਰੇਜ਼ਾਂ ਦੀ ਨਿਰਪੱਖਤਾ ਦਾ ਖੋਖਲਾਪਣ ਦੁਨੀਆਂ ਸਾਹਮਣੇ ਲਿਆਂਦਾ। ਜਿਨ੍ਹਾਂ ਸ਼ਰਾਰਤੀ ਅਨਸਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਨੰਗੀਆਂ ਤਲਵਾਰਾਂ ਲਹਿਰਾਈਆਂ, ਉਨ੍ਹਾਂ ਦਾ ਅਧਿਆਤਮਕ ਹੌਲਾਪਣ ਵੀ ਪ੍ਰਤੱਖ ਹੋ ਗਿਆ ਹੈ। ਇਹ ਤਲਵਾਰਾਂ ਹਉਮੈ ਦਾ ਪ੍ਰਗਟਾਵਾ ਸਨ। ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਇਨਸਾਨ ਨੂੰ ਨਿਡਰਤਾ ਅਤੇ ਨਿਮਰਤਾ ਨਾਲ ਜਾਣਾ ਚਾਹੀਦਾ ਹੈ। ਥੋੜ੍ਹੇ ਸਮੇਂ ਲਈ ਇੱਥੋਂ ਦੀ ਮਰਿਆਦਾ ਭੰਗ ਹੋਈ। ਬਹੁਤੇ ਸਮੇਂ ਲਈ ਕੌਮ ਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਸਭ ਰਲ ਕੇ ਅਜਿਹੀਆਂ ਘਟਨਾਵਾਂ ਮੁੜ ਵਾਪਰਨ ਤੋਂ ਕਿਵੇਂ ਰੋਕ ਸਕਦੇ ਹਾਂ?

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All