ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ

ਲਕਸ਼ਮੀਕਾਂਤਾ ਚਾਵਲਾ

ਲਕਸ਼ਮੀਕਾਂਤਾ ਚਾਵਲਾ

ਸੂਰਬੀਰਾਂ ਅਤੇ ਸੰਤਾਂ ਭਗਤਾਂ ਦੀ ਧਰਤੀ ਭਾਰਤ ਵਿਚ ਇਕ ਭਾਗਾਂ ਭਰੇ ਦਿਨ ਬੰਗਾਲ ਦੇ ਕਲਕੱਤਾ ਮਹਾਂਨਗਰ ਵਿਚ ਪਿਤਾ ਵਿਸ਼ਵਨਾਥ ਅਤੇ ਮਾਂ ਭੁਵਨੇਸ਼ਵਰੀ ਦੇ ਘਰ ਇਕ ਅਸਾਧਾਰਨ ਬੱਚਾ ਜਨਮਿਆ ਜੋ ਭਾਰਤੀ ਸੱਭਿਆਚਾਰ ਦਾ ਪਰਚਮ ਲਹਿਰਾਉਣ ਲਈ ਧਰਮ ਸੰਸਦ ਵਿਚ ਅਮਰੀਕਾ ਪਹੁੰਚਿਆ ਤਾਂ ਉੱਥੇ ਉਸ ਨੂੰ ਜੇਤੂ ਦੇ ਰੂਪ ਵਿਚ ਵੇਖਿਆ ਗਿਆ। ਇਹ ਭਾਰਤ ਲਈ ਭਾਗਾਂ ਭਰਿਆ ਦਿਨ ਸੀ। ਦਸੰੰਬਰ 1881 ਇਤਿਹਾਸਕ ਸਿੱਧ ਹੋਇਆ। ਜਦੋਂ ਨਰਿੰਦਰ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਦੇ ਕਮਰੇ ਵਿਚ ਗਏ ਅਤੇ ਇਕ ਨਵੇਂ ਪਹੁ ਫੁਟਾਲੇ ਦੀ ਤਿਆਰੀ ਹੋ ਗਈ। ਇਸ ਮਗਰੋਂ 11 ਸਤੰਬਰ 1893 ਦਾ ਦਿਨ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਜੋ ਪੂਰਬ ਅਤੇ ਪੱਛਮ ਦੋਵਾਂ ਲਈ ਕਦੇ ਧੁੰਦਲਾ ਨਹੀਂ ਹੋ ਸਕਦਾ। ਇਸ ਦਿਨ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਦੀ ਧਰਮ ਸੰਸਦ ਵਿਚ ਵੇਦਾਂਤ ਧਰਮ ਵਿਚ ਜੇਤੂ ਹੋ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਪ੍ਰਸਿੱਧ ਵਿਦਵਾਨ ਰੋਮਾ ਰੋਲਾਂ ਨੇ ਇਸ ਬਾਰੇ ਲਿਖਿਆ ਹੈ: ਇਹੀ ਸ਼੍ਰੀ ਰਾਮਕ੍ਰਿਸ਼ਨ ਦਾ ਮਤ ਸੀ ਜੋ ਸਾਰੀਆਂ ਔਕੜਾਂ ਨੂੰ ਪਾਰ ਕਰ ਉਨ੍ਹਾਂ ਦੇ ਮਹਾਨ ਸ਼ਾਗਿਰਦ ਦੇ ਮੂੰਹੋਂ ਨਿਕਲਿਆ। ਉਨ੍ਹਾਂ ਦੇ ਭਾਸ਼ਣ ਵਿਚ ਸਦੀਵੀ ਪ੍ਰੇਮ ਦੀ ਬਾਣੀ ਗੂੰਜ ਰਹੀ ਸੀ। 11 ਸਤੰਬਰ ਤੋਂ 27 ਸਤੰਬਰ ਤੱਕ ਚੱਲੀ ਇਸ ਧਰਮ ਸਭਾ ਵਿਚ ਸਵਾਮੀ ਵਿਵੇਕਾਨੰਦ ਦਾ ਪ੍ਰਵਚਨ ਕਈ ਵਾਰ ਹੋਇਆ। ਉਸ ਸਮੇਂ ਦੇ ਚਸ਼ਮਦੀਦ ਗਵਾਹਾਂ ਵਜੋਂ ਲੇਖਕ ਲਿਖਦੇ ਹਨ ਕਿ ਵਿਵੇਕਾਨੰਦ ਦੀ ਬਾਣੀ ਅਤੇ ਗਿਆਨ ਦੇ ਜਾਦੂ ਨਾਲ ਬੱਝੇ ਸੱਤ ਹਜ਼ਾਰ ਸਰੋਤੇ ਮੰਤਰਮੁਗਧ ਹੋਏ ਬੈਠੇ ਰਹਿੰਦੇ। ਬੋਸਟਨ ਤੋਂ ਸ਼ਿਕਾਗੋ ਜਾਣ ਤੋਂ ਪਹਿਲਾਂ ਜਿਸ ਪ੍ਰੋਫ਼ੈਸਰ ਰਾਈਟ ਨੇ ਵਿਵੇਕਾਨੰਦ ਨੂੰ ਪਛਾਣ ਪੱਤਰ ਦਿੱਤਾ, ਉਸ ਨੇ ਲਿਖਿਆ- ਇਹ ਅਜਿਹਾ ਆਦਮੀ ਹੈ ਜਿਸ ਵਿਚ ਸਾਡੇ ਸਾਰੇ ਵਿਦਵਾਨ ਪ੍ਰੋਫ਼ੈਸਰਾਂ ਦੀ ਸਮੂਹਿਕ ਵਿਦਵਤਾ ਤੋਂ ਵੀ ਜ਼ਿਆਦਾ ਵਿਦਵਤਾ ਹੈ। ਸਵਾਮੀ ਵਿਵੇਕਾਨੰਦ ਸ਼ਿਕਾਗੋ ਲਈ ਤੁਰ ਪਏ, ਪਰ ਉਹ ਪਛਾਣ ਪੱਤਰ ਅਤੇ ਸਭਾ ਦੇ ਪ੍ਰਮੁੱਖ ਪ੍ਰਬੰਧਕ ਬੈਰੋਜ ਦਾ ਪਤਾ ਗੁਆਚ ਗਿਆ। ਸੰਘਰਸ਼ ਕਰਦੇ, ਭੁੱਖ-ਤ੍ਰੇਹ ਨਾਲ ਲੜਦੇ ਵਿਵੇਕਾਨੰਦ ਨੂੰ ਸ੍ਰੀਮਤੀ ਹੇਗ ਅਤੇ ਉਨ੍ਹਾਂ ਦਾ ਪਰਿਵਾਰ ਮਿਲਿਆ ਜੋ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ, ਪ੍ਰਾਹੁਣਚਾਰੀ ਕੀਤੀ ਅਤੇ ਫਿਰ ਬੈਰੋਜ ਨਾਲ ਮਿਲਵਾਇਆ। ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਹਾੜੇ ਮੌਕੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਦੁਨੀਆ ਨੂੰ ਕੀ ਸੁਨੇਹਾ ਦਿੱਤਾ ਸੀ। ਅਮਰੀਕਾ ਦੀ ਧਰਮ ਸੰਸਦ ਵਿਚ ਉਨ੍ਹਾਂ ਨੇ ਜਿਉਂ ਹੀ ਮੰਚ ਉੱਤੇ ਖੜ੍ਹ ਕੇ ‘‘ਅਮਰੀਕਾ ਦੇ ਭਰਾਵੋ ਅਤੇ ਭੈਣੋ’’ ਕਿਹਾ, ਹੈਰਾਨੀ ਨਾਲ ਭਰੇ ਸਰੋਤੇ ਕਈ ਮਿੰਟ ਤਾੜੀਆਂ ਵਜਾਉਂਦੇ, ਖੜ੍ਹ ਕੇ ਸਨਮਾਨ ਪ੍ਰਗਟਾਉਂਦੇ ਰਹੇ। ਕਿਸੇ ਦਾ ਸਾਰਿਆਂ ਨੂੰ ਭਰਾ-ਭੈਣ ਸਮਝਣਾ ਅਮਰੀਕਾ ਵਾਲਿਆਂ ਲਈ ਨਵੀਂ, ਸੁਖਦਾਈ ਅਤੇ ਹੈਰਾਨੀਜਨਕ ਘਟਨਾ ਸੀ। ਵਿਵੇਕਾਨੰਦ ਜੀ ਨੇ ਕਿਹਾ, ‘‘ਮੈਂ ਅਜਿਹੇ ਧਰਮ ਦਾ ਪੈਰੋਕਾਰ ਹੋਣ ਵਿਚ ਮਾਣ ਮਹਿਸੂਸ ਕਰਦਾ ਹਾਂ ਜਿਸ ਨੇ ਦੁਨੀਆਂ ਨੂੰ ਸਹਿਣਸ਼ੀਲਤਾ ਅਤੇ ਸਵੀਕ੍ਰਿਤੀ ਦੋਵਾਂ ਦੀ ਹੀ ਸਿੱਖਿਆ ਦਿੱਤੀ। ਮੈਨੂੰ ਇਹ ਕਹਿੰਦਿਆਂ ਵੀ ਮਾਣ ਹੁੰਦਾ ਹੈ ਕਿ ਮੈਂ ਅਜਿਹੇ ਧਰਮ ਦਾ ਪੈਰੋਕਾਰ ਹਾਂ ਜਿਸ ਦੀ ਪਵਿੱਤਰ ਭਾਸ਼ਾ ਸੰਸਕ੍ਰਿਤ ਵਿਚ ਐਕਸਕਲੂਜਨ ਸ਼ਬਦ ਦਾ ਅਨੁਵਾਦ ਹੀ ਨਹੀਂ। ਮੈਨੂੰ ਅਜਿਹੇ ਮੁਲਕ ਦਾ ਨਾਗਰਿਕ ਹੋਣ ਦਾ ਮਾਣ ਹੈ ਜਿਸ ਨੇ ਇਸ ਧਰਤੀ ਦੇ ਸਾਰੇ ਧਰਮਾਂ ਅਤੇ ਮੁਲਕਾਂ ਦੇ ਪੀੜਤਾਂ ਅਤੇ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ ਹੈ। ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਜਿਸ ਸਾਲ ਯਹੂਦੀਆਂ ਦਾ ਮੰਦਿਰ ਰੋਮਨ ਜਾਤੀ ਦੇ ਜ਼ੁਲਮ ਨਾਲ ਮਿੱਟੀ ਵਿਚ ਮਿਲਾ ਦਿੱਤਾ ਗਿਆ ਸੀ, ਉਸੇ ਸਾਲ ਵਿਸ਼ੁੱਧਤਮ ਯਹੂਦੀਆਂ ਦਾ ਇਕ ਹਿੱਸਾ ਦੱਖਣੀ ਭਾਰਤ ਵਿਚ ਸ਼ਰਨ ਲੈਣ ਆਇਆ ਜਿਸ ਨੂੰ ਭਾਰਤ ਨੇ ਆਪਣੇ ਹਿਰਦੇ ਵਿਚ ਸਥਾਨ ਦਿੱਤਾ। ਮੈਨੂੰ ਉਸ ਧਰਮ ਦਾ ਪੈਰੋਕਾਰ ਹੋਣ ਦਾ ਮਾਣ ਹੈ ਜਿਸ ਨੇ ਮਹਾਨ ਜਰਥੁਸ਼ਟਰ ਜਾਤੀ ਦੇ ਬਾਕੀ ਬਚੇ ਹਿੱਸੇ ਨੂੰ ਸ਼ਰਨ ਦਿੱਤੀ ਅਤੇ ਜਿਸ ਦਾ ਪਾਲਣ ਅੱਜ ਵੀ ਕਰ ਰਿਹਾ ਹੈ। ਅਸੀਂ ਭਾਰਤੀ ਜਿਸ ਮੰਤਰ ਦਾ ਨਿੱਤ ਉਚਾਰਣ ਕਰਦੇ ਹਾਂ ਉਹ ਇਹ ਹੈ: ਜਿਵੇਂ ਵਿਭਿੰਨ ਨਦੀਆਂ ਵੱਖੋ-ਵੱਖਰੇ ਸਰੋਤਾਂ ਤੋਂ ਨਿਕਲ ਕੇ ਸਮੁੰਦਰ ਵਿਚ ਮਿਲ ਜਾਂਦੀਆਂ ਹਨ ਉਸੇ ਤਰ੍ਹਾਂ ਹੇ ਪ੍ਰਭੂ! ਵੱਖ-ਵੱਖ ਰੁਚੀ ਅਨੁਸਾਰ ਅਪਣਾਏ ਗਏ ਵੱਖਰੇ ਵਿੰਗੇ-ਟੇਢੇ ਅਤੇ ਸਿੱਧੇ ਰਸਤੇ ਅੰਤ ਵਿਚ ਤੇਰੇ ਤਕ ਹੀ ਆ ਪਹੁੰਚਦੇ ਹਨ। ਸਵਾਮੀ ਵਿਵੇਕਾਨੰਦ ਜੀ ਨੇ ਦੁਨੀਆਂ ਦੇ ਸਾਰੇ ਧਰਮਾਂ ਨੂੰ ਬਰਾਬਰ ਸਨਮਾਨ ਦੇਣ ਦੀ ਗੱਲ ਆਖੀ। ਉਨ੍ਹਾਂ ਨੇ ਇਸਾਈ ਧਰਮ ਦੇ ਪ੍ਰਚਾਰਕਾਂ ਨੂੰ ਕਿਹਾ ਕਿ ਭਾਰਤ ਵਿਚ ਬਹੁਤ ਧਰਮ ਹਨ, ਸਾਨੂੰ ਤੁਹਾਡੇ ਧਰਮ ਦੀ ਲੋੜ ਨਹੀਂ। ਇਸ ਤੋਂ ਵੱਡੀ ਬੇਇਨਸਾਫ਼ੀ ਕੀ ਹੋਵੇਗੀ ਕਿ ਤੁਹਾਡੇ ਭੇਜੇ ਗਏ ਅਧਪੜ੍ਹ, ਅਸਿੱਖਿਅਤ ਮਿਸ਼ਨਰੀ ਸਾਡੇ ਲੋਕਾਂ ਨੂੰ ਰੋਟੀ ਨਹੀਂ, ਧਰਮ ਦਾ ਗਿਆਨ ਦਿੰਦੇ ਹਨ। ਭਾਰਤ ਵਿਚ ਧਰਮ ਹੈ। ਸਾਨੂੰ ਭੁੱਖੇ ਢਿੱਡ ਲਈ ਰੋਟੀ ਦੀ ਲੋੜ ਹੈ। ਸਾਡੇ ਦੇਸ਼ ਨੂੰ ਲੁੱਟਣ ਵਾਲੇ ਹੀ ਹੁਣ ਭੁੱਖੇ ਢਿੱਡਾਂ ਨੂੰ ਧਰਮ ਦੀ ਸਿੱਖਿਆ ਦੇਣ ਦਾ ਕੰਮ ਕਰਦੇ ਹਨ। ਇਹ ਮਨੁੱਖ ਪ੍ਰਤੀ ਸਭ ਤੋਂ ਵੱਡੀ ਬੇਇਨਸਾਫ਼ੀ ਹੈ। ਸਵਾਮੀ ਵਿਵੇਕਾਨੰਦ ਦਾ ਭਾਸ਼ਣ ਪ੍ਰਵਾਹ ਚੱਲਦਾ ਰਹਿੰਦਾ ਅਤੇ ਉਸ ਦਾ ਪ੍ਰਭਾਵ ਅਮਰੀਕਾ, ਯੂਰੋਪ ਅਤੇ ਹੋਰ ਮੁਲਕਾਂ ਨੂੰ ਪਾਰ ਕਰਕੇ ਭਾਰਤ ਤੱਕ ਪੁੱਜਣ ਲੱਗਾ। ਇਸ ਭਾਸ਼ਣ ਮਗਰੋਂ ਨਿਊਯਾਰਕ ਹੈਰਲਡ ਸਮੇਤ ਕਈ ਅਖ਼ਬਾਰਾਂ ਨੇ ਲਿਖਿਆ: ਉਹ ਨਿਰਸੰਦੇਹ ਸਰਵ ਧਰਮ ਸੰਮੇਲਨ ਵਿਚ ਸਭ ਤੋਂ ਮਹਾਨ ਸ਼ਖ਼ਸੀਅਤ ਸਨ। ਸਵਾਮੀ ਵਿਵੇਕਾਨੰਦ ਦੇ ਇਨ੍ਹਾਂ ਭਾਸ਼ਣਾਂ ਮਗਰੋਂ ਅਮਰੀਕਾ ਵਿਚ ਮਿਸ਼ਨਰੀਆਂ ਦੀ ਆਮਦਨ ਸਾਲਾਨਾ ਦਸ ਲੱਖ ਡਾਲਰ ਤੋਂ ਵੀ ਘਟ ਗਈ। ਸਾਲਾਂ ਦੇ ਪਰਵਾਸ ਮਗਰੋਂ ਸਵਾਮੀ ਵਿਵੇਕਾਨੰਦ ਭਾਰਤ ਪਰਤਣ ਲੱਗੇ ਤਾਂ ਕਿਸੇ ਵਿਦੇਸ਼ੀ ਵਿਦਵਾਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਇੰਨੇ ਦਿਨ ਬਾਹਰ ਰਹਿਣ ਮਗਰੋਂ ਭਾਰਤ ਤੁਹਾਨੂੰ ਕਿਵੇਂ ਲੱਗੇਗਾ? ਉਨ੍ਹਾਂ ਦਾ ਜਵਾਬ ਸੀ- ਆਉਣ ਤੋਂ ਪਹਿਲਾਂ ਮੈਨੂੰ ਭਾਰਤ ਪਿਆਰਾ ਲੱਗਦਾ ਸੀ, ਹੁਣ ਭਾਰਤ ਦੀ ਧੂੜ ਵੀ ਮੇਰੇ ਲਈ ਪਵਿੱਤਰ ਹੋ ਗਈ। ਉਸ ਦੀ ਹਵਾ ਵੀ ਮੈਨੂੰ ਪਵਿੱਤਰ ਲੱਗਦੀ ਹੈ। ਭਾਰਤ ਹੁਣ ਇੱਕ ਪਵਿੱਤਰ ਭੂਮੀ ਅਰਥਾਤ ਤੀਰਥ ਸਥਾਨ ਹੈ। ਇਹੀ ਭਾਵ ਉਦੋਂ ਦੇਖਣ ਨੂੰ ਮਿਲਿਆ ਜਦੋਂ ਉਹ ਜਹਾਜ਼ ਤੋਂ ਦੱਖਣੀ ਭਾਰਤ ਦੇ ਸਾਗਰ ਕੰਢੇ ਉਤਰੇ ਤਾਂ ਉੱਥੇ ਦੀ ਮਿੱਟੀ ਵਿਚ ਇਉਂ ਲੋਟਪੋਟ ਹੋ ਗਏ ਜਿਵੇਂ ਬੱਚਾ ਮਾਂ ਦੀ ਗੋਦੀ ਵਿਚ ਮਚਲਦਾ ਹੈ, ਮਾਂ ਨੂੰ ਮਿਲਦਾ ਹੈ। ਸਵਾਮੀ ਵਿਵੇਕਾਨੰਦ ਦੇਸ਼ ਪ੍ਰੇਮ ਨਾਲ ਭਰੇ ਹੋਏ ਸਨ। ਉਹ ਔਰਤਾਂ ਨੂੰ ਸਿੱਖਿਅਤ ਬਣਾਉਣਾ ਚਾਹੁੰਦੇ ਸਨ ਅਤੇ ਇਹ ਚਾਹੁੰਦੇ ਸਨ ਕਿ ਭਾਰਤੀ ਮਰਿਆਦਾ ਵਿਚ ਰਹਿ ਕੇ ਭਾਰਤ ਦੀਆਂ ਔਰਤਾਂ ਅਮਰੀਕੀ ਔਰਤਾਂ ਵਾਂਗ ਅੱਗੇ ਵਧਣ। ਉਹ ਮੰਨਦੇ ਸਨ ਕਿ ਕਿਸੇ ਵੀ ਮੁਲਕ ਦੀ ਤਰੱਕੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਔਰਤਾਂ ਨਾਲ ਕਿਹੋ ਜਿਹਾ ਵਰਤਾਉ ਕਰਦਾ ਹੈ। ਕੀ ਅਜੋਕੇ ਸਮੇਂ ਵਿਚ ਅਸ਼ਲੀਲ ਇਸ਼ਤਿਹਾਰ ਅਤੇ ਔਰਤਾਂ ਦਾ ਸ਼ੋਸ਼ਣ ਵਿਵੇਕਾਨੰਦ ਦੀ ਵਿਚਾਰਧਾਰਾ ਮੁਤਾਬਿਕ ਸਹੀ ਹੈ? ਨੇਤਾਵਾਂ ਲਈ ਉਹ ਉੱਚਾ ਚਰਿੱਤਰ ਅਤੇ ਪੱਖਪਾਤ ਰਹਿਤ ਸੁਭਾਅ ਜ਼ਰੂਰੀ ਮੰਨਦੇ ਸਨ। ਲਾਹੌਰ ਵਿਚ ਨੌਜਵਾਨਾਂ ਦੀ ਇਕ ਸਭਾ ਵਿਚ ਉਨ੍ਹਾਂ ਨੇ ਕਿਹਾ ਕਿ ਉੱਠੋ ਜਾਗੋ ਅਤੇ ਵਧਦੇ ਜਾਓ, ਜਦੋਂ ਤੱਕ ਮੰਜ਼ਿਲ ਉੱਤੇ ਪੁੱਜ ਨਹੀਂ ਜਾਂਦੇ। ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰੇਮ ਦਾ ਪਰਚਮ ਲਹਿਰਾਓ ਅਤੇ ਸਾਰੀ ਦੁਨੀਆ ਨੂੰ ਪ੍ਰੇਮ ਅਤੇ ਸਹਿਣਸ਼ੀਲਤਾ ਦੇ ਧਾਗੇ ਵਿਚ ਪਰੋਈ ਰੱਖੋ। ਸਵਾਮੀ ਵਿਵੇਕਾਨੰਦ ਸਿਰਫ਼ 39 ਸਾਲ, ਪੰਜ ਮਹੀਨੇ ਅਤੇ 24 ਦਿਨ ਜੀਵੇ, ਪਰ ਉਨ੍ਹਾਂ ਦੀ ਯਾਦ ਸਦੀਵੀ ਰਹੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All