ਜ਼ਿੰਦਗੀ ਸੋਚਾਂ ’ਚ ਈ ਲੰਘ ਚੱਲੀ

ਕਿਰਤੀ

ਚੱਠੇ ਨੰਨ੍ਹਹੇੜੇ (ਸੰਗਰੂਰ) ਦੀ ਭੱਪੀ ਕੌਰ ਦਾ ਜੀਵਨ ਸੰਘਰਸ਼।

ਮੇਰਾ ਪਿੰਡ ਬਕੋਰਾ ਆ, ਲਹਿਰੇ ਕੋਲ। ਵਿਆਹ ਤੋਂ ਪਹਿਲਾਂ ਵੀ ਮੈਂ ਜੱਟਾਂ ਦੇ ਘਰ ਕੰਮ ਕਰਦੀ ਸੀ। ਘਰਦਿਆਂ ਨੇ ਮੈਨੂੰ ਛੋਟੀ ਹੁੰਦੀ ਨੂੰ ਈ ਆਪਣੇ ਨਾਲ ਇਹ ਕੰਮ ਕਰਨ ਲਾ ਲਿਆ ਸੀ। ਮੈਨੂੰ ਸੀ ਵਿਆਹ ਤੋਂ ਬਾਅਦ ਜ਼ਿੰਦਗੀ ਸੌਖੀ ਹੋ ਜੂ, ਪਰ ਪਤੀ ਦੇ ਬਿਮਾਰ ਹੋਣ ਨਾਲ ਮੈਂ ਫੇਰ ਗੋਹੇ ਕੂੜੇ ’ਚ ਆ ਗਈ। 12-13 ਸਾਲ ਬਿਮਾਰੀ ਨਾਲ ਜੂਝਦਾ ਕੁਝ ਦਿਨ ਪਹਿਲਾਂ ਪੂਰਾ ਹੋ ਗਿਆ। ਇਲਾਜ ਕਰਾਉਣ ਲਈ ਮੈਨੂੰ ਕਦੇ ਪੂਰੇ ਪੈਸੇ ਈ ਨ੍ਹੀਂ ਜੁੜੇ। ਪਹਿਲਾਂ ਉਹ ਮਾੜਾ ਮੋਟੀ ਦਿਹਾੜੀ ’ਤੇ ਜਾਂ ਨਰੇਗਾ ਵਾਲਿਆਂ ਨਾਲ ਕੰਮ ਕਰ ਲੈਂਦਾ ਸੀ, ਪਰ ਬਿਮਾਰੀ ਤੋਂ ਬਾਅਦ ਤਾਂ ਸਾਰੀ ਕਬੀਲਦਾਰੀ ਮੇਰੇ ’ਤੇ ਈ ਆ ਗਈ। ਬਸ! ਹੁਣ ਸਾਰਾ ਦਿਨ ਕੰਮ ’ਤੇ ਈ ਲੱਗੀ ਰਹਿੰਦੀ ਹਾਂ, ਤੜਕੇ 5 ਵਜੇ ਉੱਠ ਕੇ ਆਥਣੇ ਘਰੇ ਵੜਦੀ ਆਂ। 9-10 ਘਰਾਂ ਦਾ ਗੋਹਾ ਕੂੜਾ ਕਰ ਕੇ ਰੋਟੀ ਖਾਣ ਨੂੰ ਮਿਲਦੀ ਆ। ਫੇਰ ਗੁਰਦੁਆਰੇ ਤੇ ਸਕੂਲ ’ਚ ਸਫ਼ਾਈ ਦੀ ਸੇਵਾ ਕਰ ਲੈਨੀ ਆਂ। ਲੋਕ ਗੋਹਾ ਕੂੜਾ ਕਰਨ ਦਾ 300-400 ਰੁਪਇਆ ਦੇ ਦਿੰਦੇ ਆ, ਕੁਝ ਪੈਸੇ ਸਕੂਲ ਵਾਲੇ ਵੀ ਦਿੰਦੇ ਆ। ਬਸ! ਇਨ੍ਹਾਂ ਪੈਸਿਆਂ ਨਾਲ ਈ ਜੁਆਕ ਪਾਲੇ ਆ ਤੇ ਘਰਵਾਲੇ ਦਾ ਇਲਾਜ ਕਰਾਇਆ। ਸਾਰੀ ਜ਼ਿੰਦਗੀ ਸੋਚਾਂ ਵਿਚ ਈ ਗੁਜ਼ਰ ਚੱਲੀ ਆ। ਕਦੇ ਮਰਜ਼ੀ ਦਾ ਕੱਪੜਾ ਨ੍ਹੀਂ ਪਾ ਕੇ ਦੇਖਿਆ। ਆਮਦਨ ਤਾਂ ਢਿੱਡ ਭਰਨ ਲਈ ਵੀ ਪੂਰੀ ਨ੍ਹੀਂ ਪੈਂਦੀ, ਪਰ ਇੰਨੀ ਤਸੱਲੀ ਜ਼ਰੂਰ ਆ ਕਿ ਜੇ ਆਪਣਾ ਕੁਝ ਜੁੜਿਆ ਨ੍ਹੀਂ ਤਾਂ ਦੇਣਾ ਵੀ ਕਿਸੇ ਦਾ ਨ੍ਹੀਂ। ਮੇਰੇ ਤਾਂ ਭੈਣ ਭਾਈ ਵੀ ਆਉਣੋਂ ਹਟ ਗਏ। ਕਹਿੰਦੇ ਘਰ ਤਾਂ ਬਹਿੰਦੀ ਨ੍ਹੀਂ, ਸਾਰਾ ਦਿਨ ਪਿੰਡ ’ਚ ਗੋਹਾ ਸਿੱਟਦੀ ਫਿਰਦੀ ਆ, ਮਿਲ ਕੇ ਕਿਸਨੂੰ ਜਾਈਏ। ਮੈਥੋਂ ਵੀ ਨ੍ਹੀਂ ਕਿਧਰੇ ਜਾਇਆ ਜਾਂਦਾ, ਬੈਠਣ ਦਾ ਤਾਂ ਸਮਾਂ ਨੀਂ ਲੱਗਦਾ। ਮੇਰੇ ਦੋ ਮੁੰਡੇ ਤੇ ਦੋ ਕੁੜੀਆਂ ਨੇ। ਇਕ ਕੁੜੀ ਤਾਂ ਵਿਆਹ ਦਿੱਤੀ ਤੇ ਮੁੰਡੇ ਦੁਕਾਨਾਂ ’ਤੇ ਕੰਮ ਸਿੱਖਦੇ ਆ। ਜਦੋਂ ਉਹ ਕੰਮ ਕਰਨ ਲੱਗਣਗੇ ਤਾਂ ਕਿਧਰੇ ਮੈਨੂੰ ਥੋੜ੍ਹਾ ਸੁਖ ਦਾ ਸਾਹ ਆਏਗਾ।

ਗੁਰਦੀਪ ਧਾਲੀਵਾਲ (ਸੰਪਰਕ: 82838-54127)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All